ਹਾਰਦਿਕ ਨੂੰ ਝਟਕਾ, 2 ਹੋਰ ਨੇੜਲੇ ਸਾਥੀ ਭਾਜਪਾ ''ਚ ਸ਼ਾਮਲ

11/19/2017 10:01:23 AM

ਅਹਿਮਦਾਬਾਦ— ਪਾਟੀਦਾਰ ਰਾਖਵਾਂਕਰਨ ਅੰਦੋਲਨ ਸਮਿਤੀ (ਪਾਸ) ਦੇ ਕਨਵੀਨਰ ਹਾਰਦਿਕ ਪਟੇਲ ਨੂੰ ਇਕ ਹੋਰ ਤਕੜਾ ਝਟਕਾ ਦਿੰਦਿਆਂ ਉਨ੍ਹਾਂ ਦੇ 2 ਸਾਬਕਾ ਕਰੀਬੀ ਸਹਿਯੋਗੀਆਂ ਅਤੇ ਰਾਜਧ੍ਰੋਹ ਦੇ ਇਕ ਮਾਮਲੇ 'ਚ ਉਨ੍ਹਾਂ ਨਾਲ ਸਹਿ-ਮੁਲਜ਼ਮ ਅਮਰੀਸ਼ ਪਟੇਲ ਅਤੇ ਸਹਿ-ਮੁਲਜ਼ਮ ਤੋਂ ਸਰਕਾਰੀ ਗਵਾਹ ਬਣੇ ਕੇਤਨ ਪਟੇਲ ਲਗਭਗ 50 ਸਮਰਥਕਾਂ ਨਾਲ ਅੱਜ ਭਾਜਪਾ 'ਚ ਸ਼ਾਮਲ ਹੋ ਗਏ। 
2 ਦਿਨ ਪਹਿਲਾਂ ਵੀ ਹਾਰਦਿਕ ਦੇ ਸਹਿਯੋਗੀ ਤੇ ਰਾਜਧ੍ਰੋਹ ਦੇ ਇਸ ਮਾਮਲੇ 'ਚ ਇਕ ਹੋਰ ਸਹਿ-ਮੁਲਜ਼ਮ ਚਿਰਾਗ ਪਟੇਲ ਵੀ ਭਾਜਪਾ 'ਚ ਸ਼ਾਮਲ ਹੋ ਗਿਆ ਸੀ। ਕੇਤਨ ਅਤੇ ਅਮਰੀਸ਼ ਨੂੰ ਇਥੇ ਭਾਜਪਾ ਦੇ ਮੀਡੀਆ ਦਫਤਰ ਵਿਚ ਕੇਂਦਰੀ ਮੰਤਰੀ ਮਨਸੁਖ ਮਾਂਡਵੀਆ ਨੇ ਪਾਰਟੀ ਦਾ ਸਿਰੋਪਾਓ ਦੇ ਕੇ ਪਾਰਟੀ 'ਚ ਸ਼ਾਮਲ ਕਰ ਲਿਆ।  ਉਨ੍ਹਾਂ ਨਾਲ 'ਪਾਸ' ਦੀ ਸਾਬਕਾ ਮਹਿਲਾ ਆਗੂ ਸ਼ਵੇਤਾ ਪਟੇਲ ਅਤੇ ਲਗਭਗ 50 ਸਮਰਥਕ ਵੀ ਸੱਤਾਧਾਰੀ ਪਾਰਟੀ 'ਚ ਸ਼ਾਮਲ ਹੋ ਗਏ।
'ਪਾਸ' ਆਗੂਆਂ ਦੀ ਕਾਂਗਰਸ ਨੂੰ ਚਿਤਾਵਨੀ
24 ਘੰਟਿਆਂ 'ਚ ਕਲੀਅਰ ਕਰੋ ਸਟੈਂਡ ਨਹੀਂ ਤਾਂ ਕਰ ਦਿਆਂਗੇ ਭਾਜਪਾ ਵਰਗਾ ਹਾਲ
ਪਾਟੀਦਾਰ ਰਾਖਵਾਂਕਰਨ ਅੰਦੋਲਨ ਸਮਿਤੀ (ਪਾਸ) ਨੇ ਸ਼ੁੱਕਰਵਾਰ ਨੂੰ ਰਾਖਵਾਂਕਰਨ ਦੇ ਮੁੱਦੇ 'ਤੇ ਕਾਂਗਰਸ ਨੂੰ 24 ਘੰਟਿਆਂ ਅੰਦਰ ਆਪਣਾ ਸਟੈਂਡ ਕਲੀਅਰ ਕਰਨ ਲਈ ਕਿਹਾ। 'ਪਾਸ' ਨੇ ਕਿਹਾ ਕਿ ਜੇਕਰ ਕਾਂਗਰਸ ਸਾਡੀ ਮੰਗ ਨਹੀਂ ਮੰਨਦੀ ਤਾਂ ਉਸ ਦੀ ਹਾਲਤ ਵੀ ਭਾਜਪਾ ਵਰਗੀ ਹੋ ਸਕਦੀ ਹੈ। ਕਾਂਗਰਸ ਦਾ ਵੀ ਭਾਜਪਾ ਦੇ ਬਰਾਬਰ ਵਿਰੋਧ ਕੀਤਾ ਜਾਵੇਗਾ। 
ਇੰਨਾ ਹੀ ਨਹੀਂ, ਕਾਂਗਰਸ ਦੀ ਟਿਕਟ 'ਤੇ ਚੋਣ ਲੜਨ ਵਾਲੇ ਪਾਟੀਦਾਰ ਉਮੀਦਵਾਰਾਂ ਦਾ ਵੀ ਬਾਈਕਾਟ ਕੀਤਾ ਜਾਵੇਗਾ। ਦੱਸ ਦਈਏ ਕਿ ਕਾਂਗਰਸ ਨੇ ਹਾਰਦਿਕ ਪਟੇਲ ਧੜੇ ਦੀਆਂ 5 ਵਿਚੋਂ 4 ਮੰਗਾਂ ਮੰਨ ਲਈਆਂ ਸਨ ਪਰ ਰਾਖਵੇਂਕਰਨ ਸਬੰਧੀ ਕੋਈ ਪੁਖਤਾ ਭਰੋਸਾ ਨਹੀਂ ਦਿਵਾਇਆ ਸੀ।


Related News