ਸਦੀਵੀ ਗਾਇਕੀ ਦੀ ਮਲਿਕਾ ਸੁਰਿੰਦਰ ਕੌਰ

11/27/2017 2:35:12 PM

ਜਿਵੇ ਗੁਲਾਬ ਦੀ ਕੀਮਤ ਉਸਦੀ ਖੁਸ਼ਬੂ ਲਈ ਹੈ ਠੀਕ ਉਸੇ ਤਰਾਂ ਬੰਦੇ ਦੀ ਕੀਮਤ ਵੀ ਉਸ ਦੀ ਸ਼ਖਸੀਅਤ ਲਈ ਹੁੰਦੀ ਹੈ।ਸ਼ਖਸੀਅਤ ਵਿੱਚ ਸਰਬ ਪੱਖੀ ਗੁਣ ਸਮਾਏ ਹੁੰਦੇ ਹਨ।ਅਜਿਹੇ ਗੁਣਾਂ ਵਿੱਚੋਂ ਉਪਜੀ ਸ਼ਖਸੀਅਤ ਸੀ ਪੰਜਾਬ ਦੀ ਕੋਇਲ ਸੁਰਿੰਦਰ ਕੌਰ।25 ਨਵੰਬਰ 1929 ਨੂੰ ਮਾਰੀ ਪਹਿਲੀ ਕਿਲਾਕਾਰੀ ਸਮੇਂ ਕਿਸੇ ਦੇ ਚਿੱਤ-ਚੇਤਾ ਵੀ ਨੀ ਹੋਣਾ ਕਿ ਇਹ ਕੁੜੀ ਅਜਿਹੀ ਆਤਮਾ ਹੈ ਜਿਸ ਦੀ ਗਾਇਕੀ ਸੱਭਿਆਚਾਰ ਦੀ ਸਦੀਵੀ ਪਹਿਰੇਦਾਰ ਬਣੇਗੀ।
ਪਹਿਲੀ ਕਿਲਾਕਾਰੀ ਤੋਂ 15 ਜੂਨ 2006 ਤੱਕ 77 ਵਰ੍ਹੇ ਇਹ “ਕੋਇਲ“ ਸੱਭਿਆਚਾਰ ਦੇ ਬਾਗਾਂ ਵਿੱਚ ਅਮਿਟ ਛਾਪ ਛੱਡਦੀ ਰਹੀ।ਜਿੱਥੇ ਆਪਣੀ ਗਾਇਕੀ ਨੂੰ ਸਦੀਵੀ ਬਣਾ ਗਈ ਉਥੇ ਸੱਭਿਆਚਾਰ ਦੇ ਅੰਗ ਵੀ ਅਲੋਪ ਹੋਣੋ ਬਚਾ ਗਈ। ਉਸ ਦੀ ਗਾਇਕੀ ਵਿੱਚ ਢੋਲਾ, ਮਾਹੀਆ, ਭਾਬੋ,ਡੋਲੀ ਅਤੇ ਡਾਚੀ ਰੂਹ ਟੁੰਬਦੀ ਸੀ।ਕੁੜੀ ਨੂੰ ਤੋਰਨ ਸਮੇਂ ਪੇਸ਼ ਕੀਤਾ ਨਕਸ਼ਾ ਨਜ਼ਰੀਆ ਪੱਥਰ ਦਿਲਾਂ ਨੂੰ ਅੱਜ ਵੀ ਉਸ ਦੇ ਅਤੀਤ ਵਾਂਗ ਰੁਆ ਦਿੰਦਾ ਹੈ:-
 “ਅੱਜ ਦੀ ਦਿਹਾੜੀ ਰੱਖ ਡੋਲੀ ਨੀ ਮਾਏ,
 ਮੈਨੂੰ ਵਿਦਾ ਕਰਨ ਸਕੇ ਵੀਰ ਨੀ ਮਾਏ“

ਸੱਸ ਦੇ ਰਿਸ਼ਤੇ ਨੂੰ ਮਾਂ ਦੇ ਬਰਾਬਰ ਬਣਾਉਣਾ ਦਾ ਉਪਰਾਲਾ ਵੀ ਸੁਰਿਦਰ ਕੌਰ ਦੀ ਗਾਇਕੀ ਨੂੰ ਨਵੀਂ ਦਿੱਖ ਦਿੰਦਾ ਹੈ  ਇਸ ਵੱਲੋਂ ਸੱਸ ਦਾ ਰਿਸ਼ਤਾ ਵੀ ਨਵੀਂ ਰੂਹ ਨਾਲ ਪੇਸ਼ ਕੀਤਾ:-
 “ਮਾਂਵਾ ਲਾਡ ਲਡਾਉਣ ਧੀਆਂ ਤਾੜਨ ਲਈ ,
 “ਸੱਸਾਂ ਦੇਵਣ ਮੱਤਾਂ ਉਮਰ ਸੰਵਾਰਨ ਲਈ“

ਕਿੱਸਾ ਕਾਵਿ ਦੇ ਮੂਲ ਭਾਵ ਨੂੰ ਆਪਣੀ ਗਾਇਕੀ ਜ਼ਰੀਏ ਅਜਿਹਾ ਰੰਗ ਦਿੱਤਾ ਜੋ ਅੱਜੇ ਤੱਕ ਵੀ ਮੱਧਮ ਨਹੀਂ ਪਿਆ। ਅੱਜ ਵੀ ਸੁਰਿਦਰ ਕੌਰ ਦੀ ਯਾਦ ਨੂੰ ਤਾਜ਼ਾ ਕਰਦੀ ਡਾਚੀ ਦਿਖ ਜਾਵੇ ਤਾਂ ਮੂੰਹੋ ਮੱਲੋ-ਮੱਲੀ ਨਿਕਲ ਆਉਂਦਾ ਹੈ:-
 “ਡਾਢੀ ਵਾਲਿਆ ਮੋੜ ਮੁਹਾਰ ਵੇ,
 ਸੋਹਣੀ ਵਾਲਿਆ ਲੈ ਚੱਲ ਨਾਲ ਵੇ“

ਸੁਰਿਦਰ ਕੌਰ ਦਾ ਗਾਇਆ ਇਕ-ਇਕ ਗਾਣਾ ਅਤੀਤ ਨੂੰ ਤਾਜ਼ਾ ਕਰਕੇ ਵਰਤਮਾਨ ਲਈ ਰਾਹ ਦਸੇਰਾ ਹੈ।ਹੁਣ ਦੇ ਗਾਇਕਾ ਨੂੰ ਇਸ ਤੋਂ ਸਿਖਣ ਦੀ ਲੋੜ ਹੈ।ਜੋ ਗਾਇਕ ਸੁਰਿਦਰ ਕੌਰ ਨੂੰ ਰਾਹ ਦਸੇਰਾ ਮੰਨਣਗੇ ਉਹ ਵੀ ਪਾਰਸ ਸੰਗ ਪਾਰਸ ਬਣਨਗੇ ,ਸਦਾਬਹਾਰ ਬਣਨਗੇ। ਨਹੀਂ ਤਾ ਪਾਣੀ ਦਾ ਬੁਲਬੁਲਾ ਹੀ ਬਣਨਗੇ।ਅੱਜ ਵੀ ਸੁਰਿਦਰ ਕੌਰ ਸਦਾ ਬਹਾਰ ਗਾਇਕੀ ਦੇ ਨਾਲ-ਨਾਲ ਪੰਜਾਬੀ ਸੱਭਿਆਚਾਰ ਦੀ ਰਾਣੀ ਹੈ।ਉਸ ਦੀ ਗਾਇਕੀ ਅਤੀਤ ਤੋਂ ਵਰਤਮਾਨ ਤੱਕ ਸੱਭਿਅਤਾ ਅਤੇ ਸੱਭਿਆਚਾਰ ਦਾ ਮੇਲ ਕਰਾਉਣ ਦੇ ਨਾਲ-ਨਾਲ ਬੁਲਬੁਲੇ ਗਾਇਕਾ ਦੀ ਗਾਇਕੀ ਤੇ ਚੋਟ ਵੀ ਸਮਝੀ ਜਾਂਦੀ ਹੈ।ਸੱਭਿਆਚਾਰ ਦੀ ਇਹ ਮਲਕਾ ਆਪਣੇ ਸੱਭਿਅਤ ਗੀਤਾ ਜ਼ਰੀਏ ਅੱਜ ਵੀ ਜ਼ੀਉਦੀ ਹੈ। 
- ਸੁਖਪਾਲ ਸਿੰਘ ਗਿਲ 
- 9878111445


Related News