''''ਯਾਦਾਂ ਵੀ ਕਿੰਨੀਆਂ ਅਮੀਰ ਹੁੰਦੀਆਂ''''

05/31/2017 4:26:57 PM

ਅੱਜ ਪਰਦੇਸਾਂ ''ਚ ਬੈਠਿਆਂ ਕੋਲ ਯਾਦਾਂ ਹੀ ਤਾਂ ਨੇ । ਉਂਝ ਤਾਂ ਹਫਤਾ ਭਰ ਕੰਮਾਂ ''ਚ ਸੁਰਤ ਰਹਿੰਦੀ ਏ ਪਰ ਕਦੇ-ਕਦੇ ਤਾਂ ਚਿੰਤਾਵਾਂ ਐਨੀਆਂ ਵੱਧ ਜਾਂਦੀਆ ਕਿ ਜੀਅ ਕਰਦਾ ਸਭ ਛੱਡ ਕੇ ਪਿੰਡ ਭੱਜ ਜਾਵਾਂ । ਪਰ ਇਹੀ ਤਾਂ ਪਰਦੇਸ ਆ, ਨਾ ਰਿਹਾ ਜਾਂਦਾ ''ਤੇ ਨਾ ਹੀ ਛੱਡਿਆ ਜਾਂਦਾ । ਕਦੇ-ਕਦੇ ਦਿਲੀ ਕਬੂਤਰ ਜਦ ਉਡਾਰੀ ਮਾਰ ਕੇ ਪਿੰਡ ਵੱਲ ਨੂੰ ਹੋ ਲੈਂਦਾ ਤਾਂ ਅੱਖਾਂ ਭਿੱਜ ਜਾਂਦੀਆਂ । ਸਾਰੇ ਦੋਸਤ ਮਿੱਤਰ ਜਦ ਵੀ ਕਿਤੇ ਇਕੱਠੇ ਬਹਿੰਦੇ ਆ ਤਾਂ ਆਪੋ-ਆਪਣੇ ਪਿੰਡਾਂ, ਆਪਣੇ ਬੇਲੀਆਂ ਦੀ ਗੱਲ ਤੋਰਦੇ ਆ । ਹਰ ਕਿਸੇ ਦੇ ਹਿੱਸੇ ਆਪਣੀਆਂ ਯਾਦਾਂ ਨੇ, ਜਦ ਉਹਨਾਂ ਯਾਦਾਂ ਦੀਆਂ ਪਰਤਾਂ ਨੂੰ ਫੋਲੀਦਾ ਤਾਂ ਅਸਲ ਅਮੀਰੀ ਉੱਥੋਂ ਨਿੱਕਲਦੀ ਆ । ਕਿਸੇ ਨੂੰ ਪੱਠੇ ਵੱਢੇ ਯਾਦ ਆਉਂਦੇ ਨੇ, ਕਿਸੇ ਨੂੰ ਖੁੰਢ ਤੇ ਬਹਿ ਕੇ ਕੀਤੀਆਂ ਮਸ਼ਕਰੀਆਂ । ਫਿਰ ਮਹਿਫਲ ''ਚ ਜੁੜਿਆ ਹਰੇਕ ਮਿੱਤਰ ਆਪੋ-ਆਪਣੇ ਹਿੱਸੇ ਦਾ ਯੋਗਦਾਨ ਪਾਉਂਦਾ । ਪਹਿਲੋਂ-ਪਹਿਲ ਪਰਦੇਸੀ ਪੁੱਤ ਤੋਰ ਕੇ ਮਾਂਵਾਂ ਰਾਹ ਹੀ ਤੱਕਦੀਆਂ ਰਹਿੰਦੀਆਂ ਸੀ, ਪਰ ਹੁਣ ਨੈੱਟ ਨੇ ਕੁਝ ਕੁ ਕੰਮ ਸੁਖਾਲਾ ਕਰ ਦਿੱਤਾ ਏ । ਤਸਵੀਰਾਂ, ਵੀਡਿਓ ਕਾਲ ਨਾਲ ਬੰਦਾ ਆਪਣਿਆਂ ਨੂੰ ਸੁੱਖ-ਸਾਂਦ ਦੱਸਦਾ ਰਹਿੰਦਾ। ਕੱਲ ਸਾਡੇ ਸਾਲੇ ਨੇ ਵਟਸਅੱਪ ਤੇ ਫੋਟੋਆਂ ਭੇਜੀਆਂ । ਮੈਂ ਕੰਮ ਤੋਂ ਘਰ ਆਇਆ ਹੀ ਸੀ, ਫੋਟੋਆਂ ਦੇਖਦੇ ਹੀ ਮੇਰੇ ਚਿਹਰੇ ''ਤੇ ਚਮਕ ਆ ਗਈ ਤੇ ਜਿਉਂ ਹੀ ਮੇਰੀ ਸਾਰੀ ਥਕਾਵਟ ਲੱਥ ਗਈ । ਮਾਮੇ ਵਰਗੇ ਖੇਸੀਆਂ ਦੀ ਬੁੱਕਲ ਮਾਰੀ ਖੜ੍ਹੇ ਸੀ । ਵੱਡਾ ਮਾਮਾ ਸੁਭਾਅ ਮੁਤਾਬਕ ਪੂਰਾ ਖੁੱਲ੍ਹ ਕੇ ਹੱਸ
ਰਿਹਾ ਸੀ । ਬੇਬੇ ਨਾਨਕੀ ਗਈ ਵੀ ਸੀ, ਆਪਣੀ ਮਾਂ ਨੂੰ ਮਿਲਣ । ਮਾਪੇ ਤਾਂ ਸਦਾ ਹੀ ਲੋੜੀਦੇਂ ਨੇ । ਫੋਟੋ ''ਚ ਬੇਬੇ ਛਿਟੀਆਂ ਚੁੱਕੀ 
ਆਉਂਦੀ ਦਿੱਸਦੀ ਆ ''ਤੇ ਮਾਸੀ ਖੋਆ ਮਾਰਣ ਦੀ ਤਿਆਰੀ ਕਰ ਰਹੀ ਸੀ ।
ਮੈਨੂੰ ਵੇਲਾ ਯਾਦ ਆ ਗਿਆ, ਜਦ ਆਹ ਸਿਆਲਾਂ ਵਾਲੀਆ ਛੁੱਟੀਆਂ ਹੁੰਦੀਆ ਸਨ ਤਾਂ ਪਹਿਲੀ ਛੁੱਟੀ ਨੂੰ ਹੀ ਨਾਨਕੀਂ ਚਲੇ ਜਾਣਾ । ਚਾਰ ਵਜੇ ਆਲੀ ਵਿਰਕ ਬੱਸ ਨੂੰ ਮਾਮੀ ਵਰਗੀਆਂ ਨੇ ਉਡੀਕਣਾ ਵੀ ਏਸੇ ''ਤੇ ਆਉਣਗੇ । ਜੇ ਕੋਈ ਅੱਡੇ ਵੱਲੋਂ ਨਾਂ ਆਉਂਦਾ ਦਿੱਸਣਾ ਤਾਂ ਉਹਨਾਂ ਨੇ ਅਗਲੇ ਦਿਨ ''ਤੇ ਆਸ ਰੱਖ ਲੈਣੀ । ਸਾਡੇ ਆਉਣ ਸਾਰ ਸੱਸਰੀਕਾਲ ਦਾ ਦੌਰ ਪਸ਼ੂਆਂ ''ਚ ਫਿਰਦੇ ਮਾਮੇ ਵਰਗਿਆਂ ਤੋਂ
ਲੈ ਕੇ ਸਵਾਤ ''ਚ ਬੈਠੀ ਨਾਨੀ ਕੋਲ ਜਾ ਕੇ ਮੁੱਕਣਾ । ਆਪਾਂ ਪਾਣੀ ਫੇਰ ਪੀਣਾ, ਪਹਿਲਾਂ ਹੱਟੀ ਨੂੰ ਭੱਜ ਲੈਣਾ । ਬੇਬੇ ਦੇ ਕੱਲਕੱਤੇ ਵਾਲੇ ਚਾਚੇ ਦੇ ਦਰਵਾਜੇ ''ਚ ਲਾਲੇ ਦੀ ਹੱਟੀ ਸੀ ।
ਉਹਨੇ ਮੈਨੂੰ ਦੇਖ ਕੇ ਖੁਸ਼ ਹੋ ਜਾਣਾ ''ਤੇ ਇਕ ਗੱਲ ਪੱਕੀ ਪੁੱਛਣੀ ਹੁੰਦੀ ''''ਕੀਹਦੇ ਨਾਲ ਆਇਆ? ਕਦੋਂ ਆਇਆ?'''' ਮੈਂ ਗੰਜਾ, ਲਾਲ ਜੀਰਾ ''ਤੇ ਚੂਰਣ ਲੈ ਕੇ ਕਹਿਣਾ, ''''ਲਾਲੇ ਪੈਸੇ ਲਿਖਲੀਂ, ਮਾਮਾ ਆਪੇ ਦੇਜੂ'''' । ਅੱਜ ਐਥੇ ਬੈਕਾਂ ''ਚੋਂ ਲੋਨ ਚੱਕੇ ਵੇ ਨੇ, ਪਿੰਡ ਲਿਮਟਾਂ । ਪਰ ਉਹ ਅਮੀਰੀ, ਉਹ ਸਰਦਾਰੀ ਸੀ ਸਾਡੀ ।ਕਰਮਾਂ ਵਾਲੇ ਨੇ ਉਹ ਦੋਹਤੇ, ਭਾਣਜੇ, ਜਿੰਨਾਂ ਦੇ ਮਾਮੇ ਨੇ । ਫੇਰ ਰਾਤ ਨੂੰ ਸਾਰਿਆਂ ਨੇ ਸਵਾਤ ''ਚ ਮੰਜੇ ਡਾਹ ਲੈਣੇ । ਸਾਰਿਆਂ ਨੇ ਰਜਾਈਆਂ ''ਚ ਬਹਿ ਜਾਣਾ । ਦੋਹਤੇ ਦਾ ਤਿਉ ਬਾਹਲਾ ਸੀ । ਮੈਨੂੰ ਸਭ ਨੇ ਵਾਰੋ-ਵਾਰੀ ਕਹਿਣਾ ''''ਪੈਰ ਰਜਾਈ ''ਚ ਕਰਲਾ, ਪੁੱਤ ਠੰਡ ਲੱਗਜੂ''''। ਪਹਿਲੀ ਰਾਤ ਤਾਂ ਮਾਂ ਵਰਗੀਆਂ ਪਿੰਡ ਦੀ ਸੁੱਖ ਸਾਂਦ ਲੈਂਦੀਆਂ । ਅੱਜ-ਕਲ੍ਹ ਗੱਲਾਂ ਹੋਰ ਹੋ ਗਈਆਂ । ਪਰ ਮਾਂ ਵਰਗੀਆਂ ਨੂੰ ਸਭ ਦੀਆ ਸਕੀਰੀਆਂ ਦਾ ਪਤਾ ਹੁੰਦਾ ਸੀ । ਜੇ ਕਿਸੇ ਦੇ ਸੁੱਖ ਦੀ ਖਬਰ ਮਿਲਣੀ ਤਾਂ ਕਹਿਣਾ ''''ਚੱਲ ਨੀ ਚੰਗਾ ਹੋਇਆ, ਬਹੁਤ ਨਰਕ ਭੋਗਿਆ ਸੀ ਉਹਨੇ ਵੀ,
ਸੁਣਲੀ ਮਾਹਰਾਜ ਨੇ'''' । 
ਜੇ ਕਿਸੇ ਦੀ ਮਰਗ ਦਾ ਪਤਾ ਲੱਗਣਾ ਤਾਂ ਬੋਲਾਂ ''ਚ ਈ ਸੋਗ ਦਿੱਸਣਾ “ਹਾਏ ਨੀ! ਉਹਨੂੰ ਕੀ ਹੋ ਗਿਅ। ਉਹ ਤਾਂ ਸੁੱਖ ਨਾਲ ਤਕੜਾ ਪਿਆ ਸੀ'''' । ਮੈਂ ਤਾਂ ਸੁਣਦਾ-ਸੁਣਦਾ ਸੌਂ ਜਾਂਦਾ ਸੀ ।ਅਗਲੇ ਦਿਨ ਤੜਕੇ ਸੇਵੀਆਂ ਬਣਨੀਆਂ । ਰੋਟੀ ਖਾ ਕੇ ਦੂਜੇ ਮਾਮੇ ਕੇ ਘਰ ਨੂੰ ਚਾਲੇ ਪਾ ਦੇਣੇ । ਰਾਹ ''ਚ ਜਿੰਨੇ ਬੰਦੇ ਟੱਕਰਨੇ, ਸਭ ਨੇ ਬੇਬੇ ਦਾ ਸਿਰ ਪਲੋਸਣਾ ''ਤੇ ਸੁੱਖ-ਸਾਂਦ ਪੁੱਛਣੀ । ਮੈਨੂੰ ਕਲਾਵੇ ''ਚ ਲੈਂਦਿਆਂ ਮਾਂ ਨੂੰ ਕਹਿਣਾ, ''''ਕੁੜੇ ਮੁੰਡਾ ਸੁੱਖ ਨਾਲ ਚੋਬਰ ਹੋ ਗਿਆ ਤੇਰਾ''''। ਮੈਂ ਤਿੜ ਜਾਣਾ, ਦੋ ਲਾਘਾਂ ਦੀ ਫੇਰ ਇਕ ਪੱਟਣੀ । ਆਖਣੇ ਜੇ ਕ੍ਰਿਕੇਟ 
ਕੁੱਟਣੀ । ਬਹੁਤ ਕ੍ਰਿਕੇਟ ਖੇਡੇ ਆਂ ਨਾਨਕੀ । ਤਕਰੀਬਨ ਦੂਜੇ ਤੀਜੇ ਦਿਨ ਖੋਏ ਦੀ ਸਲਾਹ ਬਣ ਜਾਣੀ । ਉਸ ਦਿਨ ਨੂੰ ਮਾਸੀ ਵਰਗੀਆਂ ਵੀ ਆ ਜਾਂਦੀਆਂ । ਸਾਡੀ ਬੱਚਾ ਪਾਰਟੀ ਦੀ ਟੋਲੀ ਵੀ ਵੱਧ ਜਾਣੀ । ਬਰਫ-ਪਾਣੀ ਖੇਡੀ ਜਾਣਾ । ਨਾ ਚੰਦਰੀ ਉਦੋ ਠੰਡ ਲੱਗਦੀ ਸੀ । ਫੇਰ ਆਪਾਂ ਬੇਬੇ ਵਰਗੀਆਂ ਦੇ ਨੇੜੇ ਉਦੋ ਈ ਜਾਂਦੇ ਸੀ, ਜਦੋਂ ਦੁੱਧ ਕੜ-ਕੜ ਕੇ ਮਹਿਕਾਂ ਮਾਰਣ ਲੱਗ ਜਾਂਦਾ । ਮਿੱਠਾ ਰਲਾਉਣ ਤੋਂ ਪਹਿਲਾਂ ਬਾਬੇ ਦਾ ਭੋਗ ਲੱਗਣ ਸਾਰ ਅਗਲਾ ਭੋਗ ਆਪਾਂ ਲਾ ਦੇਣਾ । ਹਫਤੇ ਕੁ ਦੀਆਂ ਛੁੱਟੀਆਂ ਝੱਟ ਮੁੱਕ ਜਾਣੀਆਂ । ਪਰ ਪਿੰਡ ਆ ਕੇ ਜਦ ਖੋਆ ਖਾਂਦੇ ਤਾਂ ਗੱਲਾਂ ਨਾਨਕਿਆਂ ਦੀਆ ਈ ਕਰਨੀਆਂ।
ਅੱਜ ਵੀ ਜਦ ਦਿਲ ਭਰ ਆਉਂਦਾ ਤਾਂ ਦਿਲ ਦੇ ਸੰਦੂਕ ''ਚੋਂ ਉਹ ਯਾਦਾਂ ਕੱਢ ਕੇ ਬਹਿ ਜਾਨਾ । ਯਾਦਾਂ, ਯਾਦਾਂ ਵੀ ਕਿੰਨੀਆਂ ਅਮੀਰ 
ਹੁੰਦੀਆਂ ਨੇ, ਹਰ ਕਿਸੇ ਦੇ ਹਿੱਸੇ ਨਹੀ ਆਉਦੀਆਂ । ਨਾ ਉਹ ਦਿਨ ਕਿਸੇ ਮੁੱਲ ਮਿਲਣੇ ਆ ਹੁਣ । ਮਾਮਿਆਂ ਨਾਲ ਇੱਦਾਂ ਹੀ ਮੋਹ ਬਣਿਆ ਰਹੇ । ਮਾਸੀਆਂ ਨਾਲ ਪਿਆਰ ਬਣਿਆ ਰਹੇ । ਨਾਨੀ ਸਾਡੀ ਜਿਉਂਦੀ-ਵੱਸਦੀ ਰਹੇ । ਚੜ੍ਹਦੀ ਕਲਾ।~|
 
ਲੇਖਕ-ਜਸ਼ਨਦੀਪ ਸਿੰਘ ਬਰਾੜ। 
ਸੰਪਰਕ ਨੰ:+1 778 798 1994

Related News