ਕੈਲਗਰੀ 'ਚ ਪਹਿਲੀ ਵਾਰ ਸਿਟੀ ਕੌਂਸਲਰ ਚੁਣਿਆ ਗਿਆ ਪੰਜਾਬੀ ਨੌਜਵਾਨ, ਪਾਏ ਭੰਗੜੇ

10/18/2017 3:25:35 PM

ਕੈਲਗਰੀ, (ਬਿਊਰੋ)— ਕੈਨੇਡਾ ਦੇ ਸ਼ਹਿਰ ਕੈਲਗਰੀ ਵਿਚ ਸਿਟੀ ਕੌਂਸਲ ਦੀਆਂ ਚੋਣਾਂ ਦਾ ਨਤੀਜਾ ਆਉਂਦੇ ਹੀ ਪੰਜਾਬੀ ਭਾਈਚਾਰੇ 'ਚ ਖੁਸ਼ੀ ਦੀ ਲਹਿਰ ਉੱਠ ਗਈ। ਇਸ ਦਾ ਕਾਰਨ ਹੈ ਕਿ ਪੰਜਾਬੀ ਮੂਲ ਦੇ ਉਮੀਦਵਾਰ ਜੌਰਜ ਚਾਹਲ ਨੇ ਵਾਰਡ ਨੰਬਰ 5 ਤੋਂ ਚੋਣ ਜਿੱਤ ਕੇ ਇਤਿਹਾਸ ਸਿਰਜਿਆ ਹੈ। ਸਿਟੀ ਕੌਂਸਲ ਦੇ ਹੋਂਦ (1823) 'ਚ ਆਉਣ ਤੋਂ ਬਾਅਦ ਕੈਲਗਰੀ ਸਿਟੀ ਹਾਲ ਵਿਚ ਪੁੱਜਣ ਵਾਲੇ ਉਹ ਪਹਿਲੇ ਪੰਜਾਬੀ ਕੌਂਸਲਰ ਬਣ ਗਏ ਹਨ। ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਢੋਲ ਵਜਾ ਕੇ ਚਾਹਲ ਨੂੰ ਮੋਢਿਆਂ 'ਤੇ ਚੁੱਕ ਕੇ ਖੁਸ਼ੀ ਪ੍ਰਗਟ ਕੀਤੀ। ਢੋਲ ਦੇ ਡਗੇ 'ਤੇ ਪੰਜਾਬੀਆਂ ਨੇ ਭੰਗੜਾ ਵੀ ਪਾਇਆ। 
ਇਸ ਇਲਾਕੇ 'ਚ ਪੰਜਾਬੀ ਭਾਈਚਾਰਾ ਵੱਡੀ ਗਿਣਤੀ 'ਚ ਹੈ ਅਤੇ ਚੋਣ ਰੈਲੀ ਵੀ ਪੰਜਾਬੀ ਭਾਸ਼ਾ 'ਚ ਕੀਤੀ ਗਈ ਸੀ। ਵਾਰਡ 'ਚ ਪੰਜਾਬੀ ਭਾਸ਼ਾ 'ਚ ਸਾਈਨ ਬੋਰਡ ਲੱਗੇ ਹਨ ਅਤੇ ਚੋਣ ਰੈਲੀਆਂ ਕਰਕੇ ਇਹ ਵਾਰਡ ਪੂਰੇ ਸ਼ਹਿਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਰਿਹਾ। ਕੌਂਸਲਰ ਜਿਮ ਸਟੀਵਸਨ ਵੱਲੋਂ ਇਸ ਵਾਰ ਚੋਣ ਨਾ ਲੜਨ ਦੇ ਫੈਸਲੇ ਅਤੇ ਵਾਰਡਾਂ ਦੀ ਨਵੀਂ ਹੱਦਬੰਦੀ ਤੋਂ ਬਾਅਦ ਚੋਣ ਦਿਲਚਸਪ ਬਣ ਗਈ ਸੀ।
ਅਲਬਰਟਾ ਸੂਬੇ ਦੀਆਂ ਮਿਊਂਸੀਪਲ ਚੋਣਾਂ ਦੇ ਨਤੀਜਿਆਂ 'ਚ ਐਡਮਿੰਟਨ ਸ਼ਹਿਰ ਦੇ ਵਾਰਡ ਨੰਬਰ-12 ਤੋਂ ਪੰਜਾਬੀ ਮੂਲ ਦੇ ਉਮੀਦਵਾਰ ਮਹਿੰਦਰ (ਮੋਅ) ਬੰਗਾ ਦੋਬਾਰਾ ਚੋਣ ਜਿੱਤ ਗਏ ਹਨ। ਇਸੇ ਤਰ੍ਹਾਂ ਕੈਲਗਰੀ ਤੋਂ ਨਾਹਿਦ ਨੈਨਸ਼ੀ ਅਤੇ ਐਡਮਿੰਟਨ ਤੋਂ ਡੌਨ ਇਵਾਨਸਨ ਦੋਬਾਰਾ ਮੇਅਰ ਚੁਣੇ ਗਏ ਹਨ। ਕੈਲਗਰੀ ਦੇ ਵਾਰਡ ਨੰਬਰ-5 ਦਾ ਚੋਣ ਦੰਗਲ ਪਿਛਲੇ ਕਈ ਦਿਨਾਂ ਤੋਂ ਭਖਿਆ ਹੋਇਆ ਸੀ। 
ਤੁਹਾਨੂੰ ਦੱਸ ਦਈਏ ਕਿ ਜੌਰਜ ਚਾਹਲ ਨੂੰ 6608, ਆਰੀਅਨ ਸਦਾਤ ਨੂੰ 3759, ਪ੍ਰੀਤ ਬੈਦਵਾਨ ਨੂੰ 2332 ਅਤੇ ਬਲਰਾਜ ਨਿੱਝਰ ਨੂੰ 1698 ਵੋਟਾਂ ਪਈਆਂ। ਚਾਹਲ 1975 'ਚ ਕੈਲਗਰੀ 'ਚ ਜੰਮੇ ਅਤੇ ਪਲੇ। ਉਨ੍ਹਾਂ ਦਾ ਪਰਿਵਾਰ 1972 'ਚ ਪੰਜਾਬ ਤੋਂ ਕੈਨੇਡਾ ਆ ਗਿਆ ਸੀ। ਜੌਰਜ ਚਾਹਲ ਨੇ ਸਿਟੀ ਪਲੈਨਿੰਗ ਵਿੱਚ ਮਾਸਟਰ ਦੀ ਡਿਗਰੀ ਕੀਤੀ ਹੈ ਅਤੇ ਉਨ੍ਹਾਂ ਦਾ ਖੇਡਾਂ ਨਾਲ ਖਾਸ ਲਗਾਅ ਹੈ। ਇੱਥੇ ਸਕੂਲ ਟਰੱਸਟੀਆਂ ਲਈ ਵੀ ਵੋਟਾਂ ਪਈਆਂ ਪਰ ਉਸ 'ਚ ਡਾ. ਰਮਨ ਗਿੱਲ ਤੀਜੇ ਸਥਾਨ 'ਤੇ ਰਹੇ। ਜੌਰਜ ਚਾਹਲ ਨੇ ਉਨ੍ਹਾਂ ਨੂੰ ਜਿਤਾਉਣ ਲਈ ਸਭ ਦਾ ਧੰਨਵਾਦ ਕੀਤਾ ਹੈ।


Related News