ਸੰਯੁਕਤ ਰਾਸ਼ਟਰ ਸੰਘ ਨਾਲ ਜੁੜੀ ਸ਼ਰਨਾਰਥੀ ਮਾਮਲਿਆਂ ਦੀ ਸੰਸਥਾ ਦੀ ਸਾਲਾਨਾ ਰਿਪੋਰਟ ''ਚ ਹੋਇਆ ਖੁਲਾਸਾ

06/22/2017 6:55:39 PM

ਰੋਮ/ਇਟਲੀ (ਕੈਂਥ)— ਸੰਯੁਕਤ ਰਾਸ਼ਟਰ ਸੰਘ ਨਾਲ ਜੁੜੀ ਸ਼ਰਨਾਰਥੀ ਮਾਮਲਿਆਂ ਦੀ ਸੰਸਥਾ ਦੀ ਸਾਲਾਨਾ ਰਿਪੋਰਟ ਨੇ ਅਜਿਹਾ ਖੁਲਾਸਾ ਕੀਤਾ ਹੈ, ਜਿਸ ਨੂੰ ਜਾਣ ਪਾਠਕਾਂ ਦੇ ਹੋਸ਼ ਉੱਡ ਜਾਣਗੇ ।ਰਿਪੋਰਟ ਅਨੁਸਾਰ ਸੰਸਥਾ ਨੇ ਕਿਹਾ ਹੈ ਕਿ, ਇਸ ਸਮੇਂ ਪੂਰੀ ਦੁਨੀਆ ਵਿੱਚ 65 ਕਰੋੜ ਬੇਘਰ ਲੋਕ ਸ਼ਰਣ ਮੰਗਣ ਨੂੰ ਮਜਬੂਰ ਹਨ। ਸੰਯੁਕਤ ਰਾਸ਼ਟਰ ਦੀ ਸਾਲਾਨਾ ਰਿਪੋਰਟ 'ਚ ਸਾਲ 2016 'ਚ ਸ਼ਰਨਾਰਥੀਆਂ ਦੀ ਅਨੁਮਾਨਿਤ ਗਿਣਤੀ ਸਾਲ 2015 ਦੇ ਮੁਕਾਬਲੇ ਤਿੰਨ ਲੱਖ ਤੋਂ ਜ਼ਿਆਦਾ ਹੈ। ਹਾਲਾਂਕਿ, ਸਾਲ 2014-15 ਦੇ ਅੰਕੜਿਆਂ ਮੁਕਾਬਲੇ ਇਹ ਗਿਣਤੀ ਘੱਟ ਹੈ। 2014 ਤੋਂ 2015 'ਚ ਇਸ ਗਿਣਤੀ 'ਚ ਪੰਜ ਲੱਖ ਦਾ ਵਾਧਾ ਸੀ।
ਯੂ. ਐਨ. ਨਾਲ ਜੁੜੀ ਸ਼ਰਨਾਰਥੀ ਮਾਮਲਿਆਂ ਦੀ ਸੰਸਥਾ ਦਾ ਕਹਿਣਾ ਹੈ ਕਿ ਕੌਮਾਂਤਰੀ ਕੂਟਨੀਤੀ ਦੇ ਲਿਹਾਜ਼ ਨਾਲ ਇਹ ਹੁਣ ਵੀ ਦਿਲ ਦੁਖਾਉਣ ਵਾਲੀ ਅਸਫਲਤਾ ਹੈ। ਸੰਸਥਾ ਦਾ ਕਹਿਣਾ ਹੈ ਕਿ ਅਜਿਹਾ ਲੱਗਦਾ ਹੈ ਕਿ ਇਹ ਦੁਨੀਆ ਸ਼ਾਂਤੀ ਕਾਇਮ ਕਰਨ 'ਚ ਅਸਫਲ ਹੈ। ਪੁਰਾਣੇ ਅਤੇ ਨਵੇਂ ਸੰਘਰਸ਼ ਦੋਵੇਂ ਹੀ ਲੋਕਾਂ ਨੂੰ ਬੇਘਰ ਬਣਾਉਂਦੇ ਹਨ ਅਤੇ ਲੋਕਾਂ ਦਾ ਜਬਰਨ ਘਰ ਛੱਡਣ ਲਈ ਮਜਬੂਰ ਹੋਣਾ ਉਨ੍ਹਾਂ ਯੁੱਧਾਂ ਦਾ ਪ੍ਰਤੀਕ ਹੈ, ਜੋ ਕਦੇ ਖਤਮ ਨਹੀਂ ਹੁੰਦੇ।
ਸਾਲ 2016 'ਚ ਦੱਖਣ ਸੂਡਾਨ 'ਚ ਹਿੰਸਾ ਭੜਕਣ ਤੋਂ ਬਾਅਦ ਕੁਝ 3,40,000 ਲੋਕ ਗੁਆਂਢੀ ਦੇਸ਼ ਯੁਗਾਂਡਾ 'ਚ ਚਲੇ ਗਏ ਸਨ। ਇਹ ਕਿਸੇ ਵੀ ਦੇਸ਼ ਤੋਂ ਬੇਘਰ ਹੋਣ ਵਾਲੇ ਲੋਕਾਂ ਦੀ ਗਿਣਤੀ ਤੋਂ ਕਿਤੇ ਜ਼ਿਆਦਾ ਸੀ। ਸੀਰੀਆ ਤੋਂ ਭੱਜਣ ਵਾਲਿਆਂ ਦੀ ਗਿਣਤੀ ਵੀ ਦੋ ਲੱਖ ਸੀ।
ਯੁਗਾਂਡਾ ਪੁੱਜਣ ਦੇ 36 ਘੰਟਿਆਂ ਅੰਦਰ ਸ਼ਰਨਾਰਥੀਆਂ ਨੂੰ ਜ਼ਮੀਨ ਦਾ ਛੋਟਾ ਜਿਹਾ ਟੁਕੜਾ ਅਤੇ ਖੇਤੀ ਕਰਨ ਲਈ ਜ਼ਰੂਰੀ ਸਾਮਾਨ ਮਿਲਦਾ ਹੈ।
ਇੱਕ ਸਾਲ ਪਹਿਲਾਂ ਬੀਡੀ-ਬੀਡੀ ਪਿੰਡ ਇੱਕ ਸਧਾਰਨ ਜਗ੍ਹਾ ਸੀ, ਪ੍ਰੰਤੂ ਹੁਣ ਇਹ ਦੁਨੀਆ ਦੇ ਸਭ ਤੋਂ ਵੱਡੇ ਸ਼ਰਨਾਰਥੀ ਕੈਂਪਾਂ 'ਚੋਂ ਇੱਕ ਹੈ, ਜੋ 250 ਵਰਗ ਕਿਲੋਮੀਟਰ ਖੇਤਰ 'ਚ ਫੈਲਿਆ ਹੈ। ਇੱਥੇ 25 ਲੱਖ ਲੋਕ ਸ਼ਰਨਾਰਥੀਆਂ ਦੇ ਰੂਪ 'ਚ ਰਹਿੰਦੇ ਹਨ।
ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਉਮੀਦ ਹੈ ਕਿ ਰਿਕਾਰਡ ਤੋੜ ਬੇਘਰਾਂ ਦੀ ਗਿਣਤੀ ਵਿਕਾਸਸ਼ੀਲ ਦੇਸ਼ਾਂ ਨੂੰ ਇੱਕ ਵਾਰ ਫਿਰ ਸ਼ਰਨਾਰਥੀਆਂ ਨੂੰ ਸਵੀਕਾਰ ਕਰਨ ਅਤੇ ਸ਼ਾਂਤੀ ਕਾਇਮ ਕਰਨ ਦੇ ਉਪਾਅ ਸੋਚਣ ਲਈ ਪ੍ਰੇਰਿਤ ਕਰੇਗੀ ਕਿਉਂਕਿ ਵਿਕਾਸਸ਼ੀਲ ਦੇਸ਼ ਸ਼ਰਨਾਰਥੀਆਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਰਹੇ ਹਨ। ਦੁਨੀਆ ਭਰ 'ਚ 66 ਕਰੋੜ ਲੋਕਾਂ 'ਚ 2 ਕਰੋੜ ਲੋਕ ਸ਼ਰਨਾਰਥੀ ਅਤੇ 4 ਕਰੋੜ ਲੋਕ ਆਪਣੇ ਦੇਸ਼ਾਂ 'ਚ ਬੇਘਰ ਹਨ, ਉੱਥੇ ਹੀ 28 ਲੱਖ ਲੋਕ ਸ਼ਰਣ ਦੀ ਮੰਗ ਕਰ ਰਹੇ ਹਨ।


Related News