ਇਕ ਵਿਲੱਖਣ ਬੀਮਾਰੀ ਨੇ ਇਸ ਕਿਸ਼ੋਰ ਦਾ 13 ਸਾਲ ਦੀ ਉਮਰ ਵਿਚ ਕੀਤਾ ਅਜਿਹਾ ਹਾਲ

08/16/2017 6:06:02 PM

ਲੰਡਨ— ਦੁਨੀਆ ਭਰ ਦੇ ਕੌਸਮੈਟਿਕ ਬ੍ਰਾਂਡ ਅਤੇ ਡਾਕਟਰ ਅਜਿਹਾ ਤਰੀਕਾ ਲੱਭ ਰਹੇ ਹਨ, ਜਿਸ ਨਾਲ ਲੋਕ ਹਮੇਸ਼ਾ ਜਵਾਨ ਦਿੱਸਣ। ਕੋਈ ਵੀ ਵਿਅਕਤੀ ਪੂਰੀ ਜ਼ਿੰਦਗੀ ਜਵਾਨ ਜਾਂ ਬੱਚਾ ਨਹੀਂ ਰਹਿ ਸਕਦਾ। ਇੰਗਲੈਂਡ ਦਾ ਇਕ ਕਿਸ਼ੋਰ ਇਕ ਵਿਲੱਖਣ ਸਥਿਤੀ ਨਾਲ ਜੂਝ ਰਿਹਾ ਹੈ ਅਤੇ ਇਸ ਲਈ 13 ਸਾਲ ਦੀ ਉਮਰ ਵਿਚ ਵੀ 3 ਸਾਲ ਦੇ ਬੱਚੇ ਦੀ ਤਰ੍ਹਾਂ ਦਿੱਸਦਾ ਅਤੇ ਵਿਹਾਰ ਕਰਦਾ ਹੈ।
ਇਹ ਕਿਸ਼ੋਰ ਹਾਲੇ ਵੀ ਬੋਲ ਨਹੀਂ ਸਕਦਾ ਅਤੇ ਇਸ ਦੇ ਚਿਹਰੇ 'ਤੇ ਬੱਚਿਆਂ ਜਿਹੀ ਮਾਸੂਮੀਅਤ ਹੈ। ਕ੍ਰੋਮਸੋਮ ਅਸਮਾਨਤਾ ਕਾਰਨ 13 ਸਾਲ ਦੇ ਏਗੰਸ ਪਾਮਸ ਦਾ ਵਾਧਾ ਰੁੱਕ ਗਿਆ ਹੈ। ਇਸ ਕਿਸ਼ੋਰ ਨੂੰ ਇਕ ਹਫਤੇ ਵਿਚ 250 ਤਰ੍ਹਾਂ ਦੀਆਂ ਦਵਾਈਆਂ ਲੈਣੀਆਂ ਪੈਂਦੀਆਂ ਹਨ। ਉਸ ਨੂੰ ਹਾਲੇ ਵੀ 3 ਸਾਲ ਦੇ ਬੱਚੇ ਦੀ ਤਰ੍ਹਾਂ ਕੱਪੜੇ ਪੁਆਏ ਜਾਂਦੇ ਹਨ।
ਹਾਲਾਂਕਿ ਉਹ ਆਪਣੇ 6 ਫੁੱਟ ਲੰਬੇ 15 ਸਾਲਾ ਭਰਾ ਤੋਂ ਸਿਰਫ ਦੋ ਸਾਲ ਛੋਟਾ ਹੈ। ਏਗੰਸ ਦਾ ਵਾਧਾ ਤਿੰਨ ਸਾਲ ਦੀ ਉਮਰ ਵਿਚ ਰੁੱਕ ਗਿਆ, ਜਦੋਂ ਉਹ ਹਾਲੇ 3 ਫੁੱਟ ਲੰਬਾ ਸੀ। ਉਸ ਦਾ ਭਾਰ 13 ਕਿਲੋ ਹੈ। ਏਗੰਸ ਇਕੱਲਾ ਅਜਿਹਾ ਵਿਅਕਤੀ ਹੈ ਜੋ ਇਸ ਬੀਮਾਰੀ ਨਾਲ ਜੂਝ ਰਿਹਾ ਹੈ। ਦੋ ਸਾਲ ਦੀ ਉਮਰ ਵਿਚ ਉਹ ਮੈਨਿਨਗਨਾਈਟਿਸ ਦਾ ਸ਼ਿਕਾਰ ਹੋਇਆ ਸੀ ਅਤੇ ਬਾਅਦ ਵਿਚ ਠੀਕ ਹੋ ਗਿਆ ਸੀ। 
ਹਾਲ ਵਿਚ ਹੀ ਏਗੰਸ ਦੀ ਪਾਚਣ ਪ੍ਰਣਾਲੀ ਦੀ ਸਮੱਸਿਆ ਨੂੰ ਲੈ ਕੇ ਸਰਜ਼ਰੀ ਹੋਈ ਹੈ। ਏਗੰਸ ਦੀ ਥੋੜ੍ਹੇ ਮਹੀਨਿਆਂ ਬਾਅਦ ਸਰਜ਼ਰੀ ਕੀਤੀ ਜਾਂਦੀ ਹੈ ਕਿਉਂਕਿ ਉਹ ਹੋਰ ਕਈ ਸਿਹਤ ਸਮੱਸਿਆਵਾਂ ਦਾ ਵੀ ਸਾਹਮਣਾ ਕਰ ਰਿਹਾ ਹੈ। ਉਸ ਦੇ ਪਰਿਵਾਰ ਨੂੰ ਨਹੀਂ ਪਤਾ ਕਿ ਉਸ ਦੀ ਜ਼ਿੰਦਗੀ ਕਿੰਨੀ ਕੁ ਹੈ। ਉਸ ਨਾਲ ਗੱਲਬਾਤ ਕਰਨ ਲਈ ਉਨ੍ਹਾਂ ਨੇ ਸਾਈਨ ਲੈਂਗਵੇਜ (ਇਸ਼ਾਰਿਆਂ ਵਾਲੀ ਭਾਸ਼ਾ) ਬਣਾ ਲਈ ਹੈ।


Related News