ਚੀਨ ਦੇ ਉੱਪ ਪ੍ਰਧਾਨ ਮੰਤਰੀ ਨੇ ਕਿਹਾ— ਪਾਕਿਸਤਾਨ ਨਾਲ ਸਾਡੀ ਦੋਸਤੀ ਸਟੀਲ ਤੋਂ ਵੀ ਵਧ ਮਜ਼ਬੂਤ

08/14/2017 6:43:36 PM

ਇਸਲਾਮਾਬਾਦ— ਪਾਕਿਸਤਾਨ 'ਚ ਆਜ਼ਾਦੀ ਦਿਹਾੜੇ ਦੇ ਮੌਕੇ 'ਤੇ ਚੀਨ ਦੇ ਉੱਪ ਪ੍ਰਧਾਨ ਮੰਤਰੀ ਵਾਂਗ ਯਾਂਗ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਹਮੇਸ਼ਾ ਤੋਂ ਇਕ-ਦੂਜੇ ਨਾਲ ਖੜ੍ਹੇ ਰਹੇ ਹਨ ਅਤੇ ਖੜ੍ਹੇ ਰਹਿਣਗੇ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਪਾਕਿਸਤਾਨ-ਚੀਨ ਦੀ ਦੋਸਤੀ ਸਟੀਲ ਤੋਂ ਵੀ ਵਧ ਮਜ਼ਬੂਤ ਹੈ। ਵਾਂਗ ਯਾਂਗ ਦੋ ਦਿਨ ਦੀ ਯਾਤਰਾ 'ਤੇ ਕੱਲ ਭਾਵ ਐਤਵਾਰ ਨੂੰ ਇਸਲਾਮਾਬਾਦ ਪਹੁੰਚੇ। ਇਸਲਾਮਾਬਾਦ ਵਿਚ ਆਜ਼ਾਦੀ ਦਿਹਾੜੇ ਦੇ ਮੌਕੇ 'ਤੇ ਉਨ੍ਹਾਂ ਨੇ ਕਿਹਾ ਕਿ ਚੀਨ ਤਰੱਕੀ ਅਤੇ ਵਿਕਾਸ ਦੀ ਦਿਸ਼ਾ ਵਿਚ ਪਾਕਿਸਤਾਨ ਦੇ ਨਾਲ ਹੈ। ਪਾਕਿਸਤਾਨ ਦੇ ਰਾਸ਼ਟਰਪਤੀ ਮਮਨੂੰਨ ਹੁਸੈਨ ਅਤੇ ਪ੍ਰਧਾਨ ਮੰਤਰੀ ਸ਼ਾਹਿਦ ਖਕਾਨ ਅੱਬਾਸੀ ਨਾਲ ਮੁਲਾਕਾਤ ਦੌਰਾਨ ਵਾਂਗ ਨੇ ਕਿਹਾ, ''ਮੁਸ਼ਕਲ ਹਲਾਤਾਂ 'ਚ ਚੀਨ ਅਤੇ ਪਾਕਿਸਤਾਨ ਹਮੇਸ਼ਾ ਇਕ-ਦੂਜੇ ਨਾਲ ਖੜ੍ਹੇ ਰਹੇ ਹਨ ਅਤੇ ਉਨ੍ਹਾਂ ਦੀ ਦੋਸਤੀ ਬਣੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਸਾਡੀ ਦੋਸਤੀ ਸਟੀਲ ਤੋਂ ਵੀ ਵਧ ਮਜ਼ਬੂਤ ਹੈ ਅਤੇ ਸ਼ਹਿਦ ਤੋਂ ਵੀ ਵਧ ਮਿੱਠੀ ਹੈ। ਇਥੇ ਦੱਸ ਦੇਈਏ ਕਿ ਵਾਂਗ ਨਾਲ ਉੱਚ ਪੱਧਰੀ ਚੀਨੀ ਵਫਦ ਵੀ ਪਾਕਿਸਤਾਨ ਆਇਆ ਹੈ ਅਤੇ ਉਨ੍ਹਾਂ ਦੇ ਕੁਝ ਦੋ-ਪੱਖੀ ਸਮਝੌਤਿਆਂ 'ਤੇ ਦਸਤਖਤ ਕਰਨ ਦੀ ਸੰਭਾਵਨਾ ਹੈ। ਉਨ੍ਹਾਂ ਦੇ 50 ਅਰਬ ਡਾਲਰ ਦੇ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਨਾਲ ਜੁੜੇ ਪ੍ਰਾਜੈਕਟ ਦੇ ਉਦਘਾਟਨ ਦੀ ਸੰਭਾਵਨਾ ਹੈ। ਇਹ ਆਰਥਿਕ ਗਲਿਆਰਾ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚੋਂ ਹੋ ਕੇ ਲੰਘਦਾ ਹੈ। ਵਾਂਗ ਨੇ ਇਹ ਵੀ ਕਿਹਾ ਕਿ ਚੀਨ ਅੱਤਵਾਦ ਵਿਰੁੱਧ ਲੜਾਈ ਵਿਚ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰੇਗਾ।


Related News