ਇਟਲੀ ''ਚ ਕਥਾਵਾਚਕ ਭਾਈ ਹਰਜੀਤ ਸਿੰਘ ਢਪਾਲੀ ਦੇ ਤਿੰਨ ਰੋਜ਼ਾ ਦੀਵਾਨਾਂ ਦੀ ਹੋਈ ਸਮਾਪਤੀ

06/21/2017 7:44:59 AM

ਰੋਮ,(ਵਿੱਕੀ ਬਟਾਲਾ)— ਯੂਰਪ ਟੂਰ ਤਹਿਤ ਇਟਲੀ ਪਹੁੰਚੇ ਪੰਥਕ ਪ੍ਰਚਾਰਕ ਭਾਈ ਹਰਜੀਤ ਸਿੰਘ ਢਪਾਲੀ ਦੁਆਰਾ ਵਿਰੋਨਾ ਜ਼ਿਲੇ ਵਿੱਚ ਸਥਿਤ ਗੁਰਦੁਆਰਾ 'ਸ਼੍ਰੀ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਸਨਬੋਨੀਫਾਚੋ' ਵਿਖੇ ਸਜਾਏ ਗਏ ਤਿੰਨ ਦਿਨਾਂ ਦੀਵਾਨਾਂ ਦੀ ਲੜੀ ਸਮਾਪਤ ਹੋ ਗਈ ਹੈ।ਇਨ੍ਹਾਂ ਦੀਵਾਨਾਂ ਦੌਰਾਨ ਭਾਈ ਢਪਾਲੀ ਵੱਲੋਂ ਵਡਮੁੱਲੀਆਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਦਿਆਂ ਸੰਗਤ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦਾ ਸਿਮਰਨ ਕਰਨ ਦੇ ਨਾਲ-ਨਾਲ ਗੁਰਬਾਣੀ ਸ਼ਬਦਾਂ ਦੇ ਅਰਥਾਂ ਤੇ ਅਸਲ ਰੂਪ ਵਿੱਚ ਅਮਲ ਕਰਨ,ਵਹਿਮਾਂ-ਭਰਮਾਂ ਦਾ ਤਿਆਗ ਕਰਨ ਅਤੇ ਫਜ਼ੂਲ ਦੇ ਦਿਖਾਵੇ ਵਾਲੇ ਜੀਵਨ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ ਗਈ।

PunjabKesari

ਭਾਈ ਢਪਾਲੀ ਨੇ ਕਿਹਾ ਕਿ ਗੁਰੂਆਂ ਦੇ ਦਰਸਾਏ ਮਾਰਗ ਤੇ ਚੱਲਣਾ ਹੀ ਇਕ ਸਿੱਖ ਦਾ ਅਸਲ ਤੇ ਸੱਚਾ-ਸੁੱਚਾ ਧਰਮ ਹੈ।ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਨਬੋਨੀਫਾਚੋ ਦੁਆਰਾ ਭਾਈ ਢਪਾਲੀ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸਿਰੋਪਾਓ ਸਾਹਿਬ ਦੀ ਬਖਸ਼ਿਸ਼ ਭੇਟ ਕਰਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ। ਵੱਡੀ ਗਿਣਤੀ ਵਿੱਚ ਸੰਗਤ ਨੇ ਇਨ੍ਹਾਂ ਦੀਵਾਨਾਂ ਵਿੱਚ ਉਤਸ਼ਾਹਪੂਰਵਕ ਹਾਜਰੀ ਭਰੀ।


Related News