ਬ੍ਰਿਸਬੇਨ ''ਚ ਮਨਾਇਆ ਗਿਆ ''ਸਿੱਖ ਜਾਗਰੂਕਤਾ ਦਿਵਸ'', ਸੰਸਦ ਮੈਂਬਰਾਂ ਨੇ ਦਸਤਾਰਾਂ ਸਜਾਈਆਂ

10/17/2017 5:41:34 PM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)— ਬ੍ਰਿਸਬੇਨ ਸਿੱਖ ਟੈਂਪਲ ਲੋਗਨ ਰੋਡ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਦੀ ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸੰਸਥਾਪਕ ਸਿੱਖਾਂ ਦੇ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਪਾਵਨ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦੇ ਸ੍ਰੀ ਅਖੰਠ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ। ਜਿਸ 'ਚ ਭਾਈ ਜਸਵੀਰ ਸਿੰਘ ਜਮਾਲਪੁਰੀ, ਭਾਈ ਜਗਜੀਤ ਸਿੰਘ, ਭਾਈ ਸਿਮਰਨਜੀਤ ਸਿੰਘ ਦਾ ਰਾਗੀ ਜਥਾ, ਭਾਈ ਨਿਰਮਲ ਸਿੰਘ ਭੌਰ ਦੇ ਢਾਡੀ ਜਥੇ ਤੇ ਕਥਾ ਵਾਚਕ ਗਿਆਨੀ ਸੁਰਿੰਦਰ ਸਿੰਘ ਆਦਿ ਦੇ ਪੰਥ ਪ੍ਰਸਿੱਧ ਜੱਥਿਆਂ ਵੱਲੋਂ ਗੁਰਬਾਣੀ ਦੇ ਰਸਭਿੰਨੇ ਕੀਰਤਨ, ਵੀਰ ਰਸੀ ਵਾਰਾਂ ਤੇ ਕਥਾ ਵਿਚਾਰਾਂ ਨਾਲ ਗੁਰੂ ਸਹਿਬਾਨ ਜੀ ਦੇ ਜੀਵਨ ਫਲਸਫੇ ਬਾਰੇ ਚਾਨਣਾ ਪਾਉਂਦਿਆਂ ਸੰਗਤਾਂ ਨੂੰ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਜੀ ਨੇ ਮਨੁੱਖਤਾ ਨੂੰ ਬਾਣੀ ਦੇ ਰੂਪ ਵਿਚ ਅਮੁੱਲ ਗਿਆਨ ਦਾ ਵਡਮੁੱਲਾ ਖਜ਼ਾਨਾ ਦਿੱਤਾ ਹੈ, ਜੋ ਕਿ ਹਮੇਸ਼ਾ ਹੀ ਜੀਵਨ ਵਿਚ ਮਾਰਗਦਰਸ਼ਨ ਦਾ ਕਾਰਜ ਕਰਦਾ ਹੈ। ਇਸ ਮੌਕੇ 'ਤੇ 'ਸਿੱਖ ਜਾਗਰੂਕਤਾ ਦਿਵਸ' ਵੀ ਮਨਾਇਆ ਗਿਆ, ਜਿਸ ਵਿਚ ਵੱਖ-ਵੱਖ ਧਰਮਾਂ ਤੇ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਜਿਨ੍ਹਾਂ 'ਚ ਬ੍ਰਿਸਬੇਨ ਦੇ ਲਾਰਡ ਮੇਅਰ ਗ੍ਰੈਹਮ ਕੁਰਿਕ, ਵਿਰੋਧੀ ਧਿਰ ਦੇ ਨੇਤਾ ਟਿਮ ਨਿਕੋਲਸ, ਸੰਸਦ ਮੈਬਰ ਡੰਕਨ ਪਿਗ, ਸੰਸਦ ਮੈਂਬਰ ਸਟੀਵ, ਕੌਂਸਲਰ, ਪੁਲਸ ਅਧਿਕਾਰੀਆਂ ਤੇ ਹੋਰ ਵੀ ਪਤਵੰਤਿਆਂ ਦੇ ਦਸਤਾਰਾਂ ਸਜਾ ਕੇ ਉਨ੍ਹਾਂ ਨੂੰ ਸਿੱਖ ਰਹਿਤ ਮਰਿਆਦਾ ਬਾਰੇ ਜਾਗਰੂਕ ਕਰਦਿਆਂ ਦੱਸਿਆਂ ਗਿਆ ਕਿ ਦਸਤਾਰ ਦੀ ਸਿੱਖ ਧਰਮ ਵਿਚ ਬਹੁਤ ਹੀ ਮਹੱਤਤਾ ਹੈ, ਜਿਸ ਲਈ ਸਿੱਖਾਂ ਨੂੰ ਬਹੁਤ ਹੀ ਕੁਰਬਾਨੀਆਂ ਦੇਣੀਆਂ ਪਈਆਂ ਸਨ। ਸਮਾਗਮ ਦੇ ਅੰਤ 'ਚ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਸਜੋਤ ਸਿੰਘ ਨੇ ਸੰਗਤਾਂ ਤੇ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਸੇਵਾ ਸੁਖਰਾਜਵਿੰਦਰ ਸਿੰਘ ਤੇ ਮਨਦੀਪ ਸਿੰਘ ਵੱਲੋਂ ਨਿਭਾਈ ਗਈ। ਇਸ ਮੌਕੇ 'ਤੇ ਅਵਨਿੰਦਰ ਸਿੰਘ ਲਾਲੀ,  ਵੈੱਲਫੇਅਰ ਐਸੋਸੀਏਸ਼ਨ ਤੋਂ ਨੈਸ਼ ਦੁਸਾਂਝ, ਮਨਮੋਹਣ ਸਿੰਘ, ਜਗਦੀਪ ਸਿੰਘ, ਪਿੰਕੀ ਸਿੰਘ, ਪ੍ਰਣਾਮ ਸਿੰਘ ਸਮੇਤ ਸਮੂਹ ਕਮੇਟੀ ਮੈਂਬਰ ਤੇ ਭਾਰੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।


Related News