ਆਲਮੀ ਡਾਕ ਦਿਹਾੜਾ: ਜਨਜੀਵਨ ਦਾ ਡਾਕ ਮਹਿਕਮੇ ਨਾਲ ਵਾਹ-ਵਾਸਤਾ

10/09/2020 6:15:44 PM

ਵਿਸ਼ਵ ਡਾਕ ਦਿਹਾੜਾ ਹਰ ਸਾਲ 9 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਦਰਅਸਲ ਸਮੂਹ ਦੇਸ਼ਾਂ ਦੇ ਵਿਚਕਾਰ ਚਿੱਠੀ ਪੱਤਰ ਦਾ ਆਦਾਨ-ਪ੍ਰਦਾਨ ਸਹਿਜ ਰੂਪ ਵਿੱਚ ਹੋ ਸਕੇ, ਇਸ ਉਦੇਸ਼ ਨੂੰ ਮੁੱਖ ਰੱਖਦੇ ਹੋਏ 9 ਅਕਤੂਬਰ 1874 ਨੂੰ ਜਨਰਲ ਪੋਸਟਲ ਯੂਨੀਅਨ ਦੇ ਗਠਨ ਲਈ ਬਰਨ, ਸਵਿਟਜ਼ਰਲੈਂਡ ਵਿੱਚ 22 ਦੇਸ਼ਾਂ ਨੇ ਇੱਕ ਸਮਝੌਤੇ 'ਤੇ ਦਸਤਖ਼ਤ ਕੀਤੇ। ਇਹ ਸਮਝੌਤਾ 1 ਜੁਲਾਈ 1875 ਨੂੰ ਅਮਲ ਵਿੱਚ ਲਿਆਂਦਾ ਗਿਆ ਅਤੇ 1 ਅਪ੍ਰੈਲ 1879 ਨੂੰ ਜਨਰਲ ਪੋਸਟਲ ਯੂਨੀਅਨ ਦਾ ਨਾਮ ਬਦਲ ਕੇ ਯੂਨੀਵਰਸਲ ਪੋਸਟਲ ਯੂਨੀਅਨ (UPU) ਕਰ ਦਿੱਤਾ ਗਿਆ। ਯੂ.ਪੀ.ਯੂ. ਦੀ ਸਥਾਪਨਾ ਵਿਸ਼ਵ ਸੰਚਾਰ ਕ੍ਰਾਂਤੀ ਦੀ ਸ਼ੁਰੂਆਤ ਮੰਨੀ ਜਾਂਦੀ ਹੈ। ਸਾਲ 1969 ਵਿੱਚ ਜਪਾਨ ਦੇ ਟੋਕੀਓ ਵਿੱਚ 9 ਅਕਤੂਬਰ ਨੂੰ ਵਿਸ਼ਵ ਡਾਕਘਰ ਦਿਹਾੜਾ ਐਲਾਨਿਆ ਗਿਆ। ਵਿਸ਼ਵ ਭਰ ਦੀਆਂ ਡਾਕ ਸੇਵਾਵਾਂ ਦੇ ਯੋਗਦਾਨ ਨੂੰ ਪ੍ਰਫੁਲਿਤ ਕਰਨ ਲਈ ਹਰ ਸਾਲ ਇਸ ਦਿਨ ਵਿਸ਼ਵ ਡਾਕਘਰ ਦਿਹਾੜਾ ਮਨਾਇਆ ਜਾਂਦਾ ਹੈ। 

ਅਜੋਕਾ ਯੁੱਗ ਤਕਨਾਲੋਜੀ ਦਾ ਯੁੱਗ
ਭਾਂਵੇਂ ਅੱਜਕਲ੍ਹ ਤਕਨਾਲੋਜੀ ਦੇ ਯੁੱਗ ਵਿੱਚ ਜ਼ਿਆਦਾਤਰ ਲੋਕਾਂ ਦਾ ਵਾਹ-ਵਾਸਤਾ ਡਾਕਘਰਾਂ ਜਾਂ ਚਿੱਠੀਆਂ ਨਾਲ ਬਹੁਤ ਸੀਮਤ ਹੋ ਗਿਆ ਹੈ ਪਰ ਕਿਸੇ ਸਮੇਂ ਇਹ ਸੂਚਨਾ ਆਦਾਨ-ਪ੍ਰਦਾਨ ਕਰਨ ਦਾ ਸਭ ਤੋਂ ਅਹਿਮ ਅੰਗ ਸੀ। ਭਾਸ਼ਾ ਦੇ ਵਿਕਾਸ ਤੋਂ ਬਾਅਦ ਆਪਣੀ ਗੱਲਬਾਤ ਦੂਜਿਆਂ ਤੱਕ ਪਹੁੰਚਾਉਣ ਲਈ ਮਨੁੱਖ ਨੇ ਅਨੇਕਾਂ ਸਾਧਨ ਈਜਾਦ ਕੀਤੇ ਅਤੇ ਸਮੇਂ ਦੇ ਨਾਲ ਉਨ੍ਹਾਂ ਦਾ ਰੂਪ ਬਦਲਦਾ ਰਿਹਾ। ਪੁਰਾਣੇ ਸਾਧਨਾਂ ਦੀ ਥਾਂ ਨਵੇਂ ਸਾਧਨਾਂ ਨੇ ਲੈ ਲਈ। ਸ਼ੁਰੂ-ਸ਼ੁਰੂ ਵਿੱਚ ਆਵਾਜਾਈ ਦੇ ਸਾਧਨਾਂ ਦੀ ਅਣਹੋਂਦ ਕਰਕੇ ਮਨੁੱਖ ਨੇ ਦੂਰ ਦੁਰੇਡੇ ਸੁਨੇਹੇ ਭੇਜਣ ਲਈ ਪੰਛੀਆਂ ਅਤੇ ਜਾਨਵਰਾਂ ਦਾ ਸਹਾਰਾ ਲਿਆ, ਜਿਨ੍ਹਾਂ ਦਾ ਜ਼ਿਕਰ ਸਾਡੇ ਸਭਿਆਚਾਰ ਦੀਆਂ ਅਨੇਕਾਂ ਵੰਨਗੀਆਂ ਵਿੱਚ ਦੇਖਣ ਨੂੰ ਮਿਲਦਾ ਹੈ। ਆਵਾਜਾਈ ਦੇ ਸਾਧਨ ਵਿਕਸਿਤ ਹੋਣ ਨਾਲ ਸੁਨੇਹੇ ਲੈ ਕੇ ਜਾਣ ਦਾ ਕੰਮ ਮਨੁੱਖ ਆਪ ਕਰਨ ਲੱਗਾ। ਕਾਸਦ ਨੇ ਹੌਲੀ-ਹੌਲੀ ਡਾਕੀਏ ਦਾ ਰੂਪ ਲੈ ਲਿਆ। 

ਚਿੱਠੀ ਲਿਖਣੀ ਤੇ ਲਿਖਾਉਣੀ ਵੱਡਾ ਕੰਮ
ਕੋਈ ਸਮਾਂ ਸੀ ਜਦੋਂ ਚਿੱਠੀ ਲਿਖਣੀ ਤੇ ਲਿਖਾਉਣੀ ਕਾਫੀ ਵੱਡਾ ਕੰਮ ਸਮਝਿਆ ਜਾਂਦਾ ਸੀ ਕਿਉਂਕਿ ਪੁਰਾਣੇ ਸਮਿਆਂ ਵਿੱਚ ਬਹੁਗਿਣਤੀ ਲੋਕ ਅਨਪੜ੍ਹ ਹੁੰਦੇ ਸਨ। ਸੋ ਚਿੱਠੀ ਲਿਖਾਉਣ ਲਈ ਅਜਿਹੇ ਵਿਅਕਤੀ ਨੂੰ ਲੱਭਿਆ ਜਾਂਦਾ ਸੀ, ਜੋ ਪੜ੍ਹਿਆ ਲਿਖਿਆ ਹੁੰਦਾ ਅਤੇ ਸੁਨੇਹੇ ਨੂੰ ਠੀਕ ਢੰਗ ਨਾਲ ਸਰਲ ਭਾਸ਼ਾ ਵਿੱਚ ਲਿਖਣ ਦਾ ਹੁਨਰ ਜਾਣਦਾ ਹੁੰਦਾ। ਚਿੱਠੀ ਲਿਖਣ ਵਾਲੇ ਨੇ ਵੀ ਵਿਹਲ ਕੱਢ ਕੇ ਚਿੱਠੀ ਲਿਖਣੀ ਅਤੇ ਲਿਖਾਉਣ ਵਾਲੇ ਕੋਲੋਂ ਪੁੱਛ-ਪੁੱਛ ਕੇ ਆਪਣੀ ਸਮਝ ਮੁਤਾਬਿਕ ਲਿਖਣਾ। ਅਸਲ ਵਿੱਚ ਚਿੱਠੀ ਲਿਖਣਾ ਵੀ ਇੱਕ ਕਲਾ ਸਮਝਿਆ ਜਾਂਦਾ ਸੀ। ਕਿਸੇ ਦੇ ਦੁੱਖ ਸੁਖ ਦੀ ਖ਼ਬਰ ਪਹੁੰਚਾਉਣ ਦਾ ਮੁੱਖ ਜ਼ਰੀਆ ਇਹੀ ਸੀ। ਚਿੱਠੀ ਲਿਖ ਕੇ ਪਾਉਣੀ, ਫਿਰ ਉਸਦੇ ਜਵਾਬ ਦੀ ਉਡੀਕ ਆਪਣੇ ਆਪ ਵਿੱਚ ਇੱਕ ਬਹੁਤ ਵਧੀਆ ਅਹਿਸਾਸ ਹੁੰਦਾ ਸੀ। ਕਈ ਵਾਰ ਕਿੰਨੀ-ਕਿੰਨੀ ਦੇਰ ਜੇਕਰ ਕਿਸੇ ਦਾ ਸੁਖ-ਸੁਨੇਹਾ ਨਾ ਆਉਣਾ ਤਾਂ ਗਿਲੇ ਸ਼ਿਕਵੇ ਵੀ ਚਿੱਠੀ ਰਾਹੀਂ ਹੀ ਕੀਤੇ ਜਾਂਦੇ ਤੇ ਦੇਰ ਨਾਲ ਜਵਾਬ ਦੇਣ ਦੀਆਂ ਕਈ ਵਜ੍ਹਾ ਦੱਸੀਆਂ ਜਾਂਦੀਆਂ। ਰਿਸ਼ਤਿਆਂ ਦੀ ਸਾਂਝ ਕਾਇਮ ਰੱਖਣ ਵਿੱਚ ਚਿੱਠੀਆਂ ਦਾ ਅਹਿਮ ਯੋਗਦਾਨ ਸੀ। ਜਦੋਂ ਕਦੇ ਡਾਕੀਏ ਨੇ ਚਿੱਠੀਆਂ ਵੰਡਣ ਆਉਣਾ ਤਾਂ ਅਕਸਰ ਲੋਕ ਉਸ ਦੇ ਦੁਆਲੇ ਇਕੱਠੇ ਹੋ ਜਾਂਦੇ ਤੇ ਆਪਣੇ ਸਕੇ-ਸੰਬੰਧੀਆਂ ਦੀਆਂ ਚਿੱਠੀਆਂ ਬਾਰੇ ਪੁੱਛਦੇ। 

PunjabKesari

ਟੈਲੀਗ੍ਰਾਮ ਨਾਮ ਦੀ ਸੇਵਾ ਦੀ ਸ਼ੁਰੂਆਤ
ਜਦੋਂ ਕਈ ਵਾਰ ਕਿਸੇ ਨੇ ਕੋਈ ਵਿਆਹ-ਸ਼ਾਦੀ ਜਾਂ ਜਨਮ-ਮਰਨ ਦੀ ਖ਼ਬਰ ਭੇਜਣੀ ਪਰ ਚਿੱਠੀ ਸਮੇਂ ਸਿਰ ਨਾ ਮਿਲਣੀ ਜਾਂ ਮਿਲਣੀ ਹੀ ਨਾ, ਤਾਂ ਉਸ ਸਮੇਂ ਬੜੀ ਨਿਰਾਸ਼ਾ ਹੋਣੀ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਡਾਕ ਮਹਿਕਮੇ ਦੁਆਰਾ ਜ਼ਰੂਰੀ ਸੁਨੇਹੇ ਜਲਦੀ ਪਹੁੰਚਾਉਣ ਲਈ ਤਾਰ (ਟੈਲੀਗ੍ਰਾਮ) ਨਾਮ ਦੀ ਸੇਵਾ ਸ਼ੁਰੂ ਕੀਤੀ ਗਈ। ਤਾਰ ਵਿੱਚ ਸਿਰਫ਼ ਜ਼ਰੂਰੀ ਸੁਨੇਹਾ ਬਹੁਤ ਥੋੜੇ ਸ਼ਬਦਾਂ ਵਿੱਚ ਲਿਖਿਆ ਜਾਂਦਾ ਸੀ। ਤਾਰ ਦਾ ਆਉਣਾ ਆਮ ਤੌਰ ’ਤੇ ਅਸ਼ੁੱਭ ਮੰਨਿਆ ਜਾਂਦਾ ਸੀ, ਕਿਉਂਕਿ ਇਸ ਵਿੱਚ ਜ਼ਿਆਦਾਤਰ ਕਿਸੇ ਦੀ ਮੌਤ ਜਾਂ ਢਿੱਲ-ਮੱਠ ਦੀ ਖ਼ਬਰ ਹੀ ਹੁੰਦੀ ਸੀ।

ਡਾਕ ਭੇਜਣ ਅਤੇ ਪਹੁੰਚਾਉਣ ਦੇ ਕੰਮ ’ਚ ਆਈਆਂ ਤਬਦੀਲੀਆਂ 
ਸਮੇਂ ਦੇ ਬਦਲਣ ਨਾਲ ਡਾਕ ਭੇਜਣ ਅਤੇ ਪਹੁੰਚਾਉਣ ਦੇ ਕੰਮ ਵਿੱਚ ਵੱਡੀ ਪੱਧਰ ’ਤੇ ਤਬਦੀਲੀਆਂ ਆਈਆਂ। ਜਿਸ ਤਹਿਤ ਲੋਕਾਂ ਦੀ ਸਹੂਲੀਅਤ ਲਈ ਕਈ ਤਰ੍ਹਾਂ ਦੀਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ। ਜਿਵੇਂ ਇੱਕ ਥਾਂ ਤੋਂ ਦੂਜੀ ਥਾਂ ਪੈਸੇ ਭੇਜਣ ਲਈ ਮਨੀਆਰਡਰ ਸੇਵਾ ਸ਼ੁਰੂ ਕੀਤੀ ਗਈ। ਇਸ ਤੋਂ ਇਲਾਵਾ ਸਪੀਡ ਪੋਸਟ, ਰਜਿਸਟਰਡ ਡਾਕ, ਕੋਰੀਅਰ ਸੇਵਾ, ਪੈਸੇ ਜਮ੍ਹਾਂ ਕਰਵਾਉਣ ਦੀ ਸਹੂਲਤ ਆਦਿ ਅਨੇਕਾਂ ਸੇਵਾਵਾਂ ਆਰੰਭੀਆਂ ਗਈਆਂ। ਜਿਨ੍ਹਾਂ ਦਾ ਆਮ ਲੋਕਾਂ ਨੂੰ ਕਾਫ਼ੀ ਫਾਇਦਾ ਹੋਇਆ। ਡਾਕ ਮਹਿਕਮੇ ਦੁਆਰਾ ਵੱਖ-ਵੱਖ ਸਮੇਂ ਮਹੱਤਵਪੂਰਨ ਦਿਨਾਂ ਨੂੰ ਯਾਦਗਾਰੀ ਬਣਾਉਣ ਲਈ ਕਈ ਤਰ੍ਹਾਂ ਦੀਆਂ ਡਾਕ ਟਿਕਟਾਂ ਵੀ ਜਾਰੀ ਕੀਤੀਆਂ ਗਈਆਂ, ਜਿਸ ਵਿੱਚ ਵਿਸ਼ੇਸ਼ ਦਿਨ ਦੇ ਇਤਿਹਾਸ ਦੀ ਝਲਕ ਨਜ਼ਰ ਆਉਂਦੀ।

ਡਾਕ ਵਿਭਾਗ ਦਾ ਕਾਇਆ ਕਲਪ
ਕਹਿੰਦੇ ਹਨ ਬਦਲਾਅ ਕੁਦਰਤ ਦਾ ਨਿਯਮ ਹੈ ਅਤੇ ਇੱਕ ਅਟਲ ਸੱਚਾਈ ਵੀ ਹੈ। ਜਿਉਂ-ਜਿਉਂ ਤਕਨਾਲੋਜੀ ਦਾ ਵਿਕਾਸ ਹੋਇਆ, ਤਿਓ-ਤਿਓਂ ਡਾਕ ਵਿਭਾਗ ਦਾ ਵੀ ਕਾਇਆ ਕਲਪ ਹੋਇਆ। ਕੁਝ ਸੇਵਾਵਾਂ ਦਾ ਤਾਂ ਰੂਪ ਬਦਲਿਆ ਪਰ ਕੁਝ ਸੇਵਾਵਾਂ ਸਮੇਂ ਦੇ ਮੇਚ ਦੀਆਂ ਨਾ ਹੋਣ ਕਰਕੇ ਖਤਮ ਹੋ ਗਈਆਂ। ਜੇਕਰ ਮੁੱਖ ਤੌਰ ’ਤੇ ਵੇਖਿਆ ਜਾਵੇ ਤਾਂ ਹੱਥੀਂ ਚਿੱਠੀ ਲਿਖਣ ਦਾ ਰਿਵਾਜ ਬਿਲਕੁਲ ਖਤਮ ਹੋ ਚੁੱਕਾ ਹੈ। ਸੁਖ-ਸੁਨੇਹੇ ਭੇਜਣਾ ਤੇ ਇੱਕ ਦੂਜੇ ਦੀ ਰਾਜੀ ਖੁਸ਼ੀ ਪਤਾ ਕਰਨਾ ਚਿੱਠੀ ਦਾ ਮੂਲ ਉਦੇਸ਼ ਸੀ, ਜੋ ਕਿ ਮੋਬਾਈਲ ਇੰਟਰਨੈਟ ਦੀ ਵਰਤੋਂ ਕਰਕੇ ਬਿਲਕੁਲ ਲੁਪਤ ਹੋ ਗਿਆ ਹੈ। ਮੋਬਾਈਲ ਦਾ ਸਭ ਤੋਂ ਵਧੇਰੇ ਅਸਰ ਡਾਕ ਵਿਭਾਗ 'ਤੇ ਪਿਆ ਪ੍ਰਤੀਤ ਹੁੰਦਾ ਹੈ, ਕਿਉਂਕਿ ਜਿੱਥੇ ਚਿੱਠੀਆਂ ਦਾ ਆਦਾਨ ਪ੍ਰਦਾਨ ਖਤਮ ਹੋਇਆ ਹੈ, ਉੱਥੇ ਨਾਲ ਦੀ ਨਾਲ ਮਨੀਆਰਡਰ ਸੇਵਾ ਵੀ ਵੱਡੇ ਪੱਧਰ 'ਤੇ ਪ੍ਰਭਾਵਿਤ ਹੋਈ ਹੈ। 

ਡਿਜੀਟਲ ਟ੍ਰਾਂਜੈਕਸ਼ਨ
ਜਲਦੀ ਪੈਸੇ ਭੇਜਣ ਲਈ ਅੱਜਕਲ੍ਹ ਹਰ ਕੋਈ ਡਿਜੀਟਲ ਟ੍ਰਾਂਜੈਕਸ਼ਨ ਕਰਦਾ ਹੈ। ਪੈਸਿਆਂ ਦੇ ਲੈਣ ਦੇਣ ਸੰਬੰਧੀ ਮੋਬਾਈਲਾਂ ਵਿੱਚ ਕਈ ਤਰ੍ਹਾਂ ਦੇ ਸਾਫਟਵੇਅਰ ਤੇ ਐਪਲੀਕੇਸ਼ਨਜ਼ ਮੌਜੂਦ ਹਨ, ਜੋ ਮਿੰਟਾਂ ਸਕਿੰਟਾਂ ਵਿੱਚ ਪੈਸਿਆਂ ਦਾ ਲੈਣ ਦੇਣ ਕਰਦੇ ਹਨ ਇਸ ਤੋਂ ਬਿਨਾਂ ਆਡੀਓ ਵੀਡੀਓ ਕਾਲਾਂ ਨੇ ਚਿੱਠੀ ਪੱਤਰ ਨੂੰ ਬੀਤੇ ਦੀ ਕਹਾਣੀ ਬਣਾ ਦਿੱਤਾ ਹੈ। ਹੁਣ ਤਾਂ ਸਿਰਫ ਬੈਂਕ ਦੀਆਂ ਜਾਂ ਸਰਕਾਰੀ ਚਿੱਠੀਆਂ ਆਉਂਦੀਆਂ ਹਨ। ਡਾਕ ਵਿਭਾਗ ਵੱਲੋਂ ਵਕਤ ਦੀ ਨਜ਼ਾਕਤ ਨੂੰ ਦੇਖਦੇ ਹੋਏ ਕਈ ਕਦਮ ਚੁੱਕੇ ਗਏ ਹਨ। ਪਹਿਲਾਂ ਸਾਰਾ ਕੰਮ ਹੱਥੀਂ ਕੀਤਾ ਜਾਂਦਾ ਸੀ, ਪਰ ਅੱਜਕਲ੍ਹ ਕੰਪਿਊਟਰ ਤੇ ਇੰਟਰਨੈਟ ਦਾ ਪੂਰਾ ਲਾਹਾ ਲਿਆ ਜਾਂਦਾ ਹੈ। ਡਾਕਖਾਨਿਆਂ ਵਿੱਚ ਵੱਖ-ਵੱਖ ਸਕੀਮਾਂ ਤਹਿਤ ਖਾਤੇ ਖੋਲ੍ਹੇ ਜਾਂਦੇ ਹਨ, ਜੋ ਬੈਂਕਾਂ ਨਾਲੋਂ ਵਧੇਰੇ ਵਿਆਜ਼ ਦਰ ਦਿੰਦੇ ਹਨ ਅਤੇ ਇਨ੍ਹਾਂ ਖਾਤਿਆਂ ਦਾ ਸੰਚਾਲਨ ਵੀ ਡਿਜ਼ੀਟਲ ਕਰ ਦਿੱਤਾ ਗਿਆ ਹੈ। ਮਤਲਬ ਘਰ ਬੈਠੇ ਖਾਤਿਆਂ ਵਿੱਚ ਪੈਸੇ ਪਾਏ ਅਤੇ ਕਢਵਾਏ ਜਾ ਸਕਦੇ ਹਨ। ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਕਈ ਸੇਵਾਵਾਂ ਡਿਜੀਟਲਾਈਜ਼ ਕੀਤੀਆਂ ਗਈਆਂ ਹਨ।

ਅਖ਼ੀਰ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਬੇਸ਼ੱਕ ਚਿੱਠੀਆਂ ਦਾ ਦੌਰ ਖ਼ਤਮ ਹੋ ਚੁੱਕਾ ਹੈ ਪਰ ਡਾਕ ਮਹਿਕਮੇ ਨੇ ਆਪਣੇ ਆਪ ਨੂੰ ਸਮੇਂ ਦਾ ਹਾਣੀ ਬਣਾਉਣ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ। ਭਾਂਵੇਂ ਅੱਜਕਲ੍ਹ ਡਾਕੀਏ ਦੇ ਆਉਣ ਨਾਲ ਉਸਦੇ ਦੁਆਲੇ ਆਪੋ ਆਪਣੀਆਂ ਚਿੱਠੀਆਂ ਲੱਭਣ ਲਈ ਝੁਰਮਟ ਨਹੀਂ ਪੈਂਦਾ ਪਰ ਚਿੱਠੀਆਂ ਵਿੱਚ ਜੋ ਆਪਣਾਪਨ ਸੀ ਉਸਦੀ ਥਾਂ ਕੋਈ ਹੋਰ ਨਹੀਂ ਲੈ ਸਕਦਾ। ਅੱਜ ਵਿਸ਼ਵ ਡਾਕਘਰ ਦਿਹਾੜੇ ਮੌਕੇ ਡਾਕ ਵਿਭਾਗ ਦੇ ਸਮੂਹ ਕਾਮਿਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਾਮਨਾ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਹ ਇਸੇ ਤਰਾਂ ਆਪਣੀਆਂ ਹੋਰ ਬਿਹਤਰ ਸੇਵਾਵਾਂ ਦਿੰਦੇ ਰਹਿਣ।

ਮਨਮੀਤ


rajwinder kaur

Content Editor

Related News