ਕਹਾਣੀ ਵਿਸ਼ੇਸ਼: ਸਮੇਂ ਦੀ ਸਿਆਸਤ 'ਤੇ ਕਰਾਰਾ ਵਿਅੰਗ ਕਰਦੀਆਂ ਪੜ੍ਹੋ 2 ਮਿੰਨੀ ਕਹਾਣੀਆਂ

10/03/2020 4:22:05 PM

   ਚਲਾਣ

ਮੈਂ ਆਪਣੇ ਸਾਲ ਕੁ ਪੁਰਾਣੇ ਮੋਟਰਸਾਇਕਲ 'ਤੇ ਕਿਸੇ ਕੰਮ ਵਾਸਤੇ ਸ਼ਹਿਰ ਜਾ ਰਿਹਾ ਸਾਂ। ਰਾਹ 'ਚ ਪੁਲਸ ਨੇ ਵਾਹਨਾਂ ਦੇ ਕਾਗ਼ਜ਼ ਚੈੱਕ ਕਰਨ ਲਈ ਨਾਕਾ ਲਾਇਆ ਹੋਇਆ ਸੀ। ਸੜਕ 'ਚ ਖੜ੍ਹੇ ਸਿਪਾਹੀ ਨੇ ਮੈਨੂੰ ਵੀ ਹੱਥ ਦੇ ਕੇ ਰੋਕ ਲਿਆ ਅਤੇ ਸਾਈਡ 'ਤੇ ਜਿਪਸੀ ਦੇ ਬੋਨਟ 'ਤੇ ਚਲਾਣ ਬੁੱਕ ਲੈ ਕੇ ਖੜ੍ਹੇ ਅਫ਼ਸਰ ਕੋਲੋਂ ਕਾਗ਼ਜ਼ ਚੈੱਕ ਕਰਵਾਉਣ ਲਈ ਕਿਹਾ। ਮੈਂ ਵੀ ਬਾਕੀ ਲੋਕਾਂ ਦੇ ਨਾਲ਼ ਕਤਾਰ 'ਚ ਖਲੋ ਗਿਆ। ਵਾਰੀ ਆਉਣ 'ਤੇ ਮੈਂ ਆਪਣੇ ਸਾਰੇ ਦਸਤਾਵੇਜ਼ ਅਫ਼ਸਰ ਨੂੰ ਚੈੱਕ ਕਰਵਾਉਣ ਲਈ ਫੜਾ ਦਿੱਤੇ। ਉਸ ਨੇ ਸਾਰੇ ਦਸਤਾਵੇਜ਼ ਧਿਆਨ ਨਾਲ਼ ਦੇਖਦਿਆਂ ਕਿਹਾ, “ਨੌਜਵਾਨ ਤੇਰੇ ਪਲੂਸ਼ਨ ਦੀ ਤਾਰੀਖ ਲੰਘ ਗਈ ਏ, ਇਸ ਲਈ ਪਲੂਸ਼ਨ ਦਾ ਚਲਾਣ  ਕੱਟਾਂਗੇ। “ਇੰਨੇ ਨੂੰ ਨਾਲ਼ ਦੇ ਖੇਤ 'ਚ ਝੋਨੇ ਦੀ ਪਰਾਲ਼ੀ ਨੂੰ ਲੱਗੀ ਅੱਗ ਦਾ ਧੂੰਆਂ ਪੂਰੀ ਸੜਕ 'ਤੇ ਫੈਲ ਗਿਆ ਤੇ ਸਮੇਤ ਪੁਲਸ ਪਾਰਟੀ ਉਥੇ ਹਾਜ਼ਰ ਸਾਰੇ ਲੋਕ ਪਾਸੇ ਨੂੰ ਦੌੜੇ ਤੇ ਪਲੂਸ਼ਨ ਦਾ ਚਲਾਣ ਕੱਟ ਰਹੇ ਅਫ਼ਸਰ ਨੂੰ ਵੀ ਹੁਥੂ ਆ ਗਿਆ। ਉਸ ਨੇ ਜਲਦੀ ਨਾਲ਼ ਹੱਥ 'ਚ ਫੜ੍ਹੀ ਬੋਤਲ 'ਚੋਂ ਦੋ ਘੁੱਟ ਪਾਣੀ ਦੇ ਪੀਤੇ ਤੇ ਅਗਲੇ ਬੰਦੇ ਤੋਂ ਪਲੂਸ਼ਨ ਦਾ ਸਰਟੀਫਿਕੇਟ ਮੰਗਣ ਲੱਗ ਪਿਆ। ਮੈਂ ਹੈਰਾਨ ਹੁੰਦਿਆਂ ਪਲੂਸ਼ਨ ਸਰਟੀਫਿਕੇਟ ਉਸ ਦੇ ਹੱਥੋਂ ਫੜ੍ਹ ਕੇ ਦੇਖਿਆ ਤਾਂ ਹਾਲੇ ਕੱਲ੍ਹ ਹੀ ਮਿਆਦ ਖ਼ਤਮ ਹੋਈ ਸੀ। ਮੈਂ ਉਸ ਨੂੰ ਕਿਹਾ ਕਿ ਮੇਰਾ ਮੋਟਰਸਾਇਕਲ ਨਵਿਆਂ ਵਰਗਾ ਹੈ ਅਤੇ ਪਲੂਸ਼ਨ ਨਹੀਂ ਛੱਡਦਾ ਤੇ ਮੈਂ ਸ਼ਹਿਰ ਪਹੁੰਚ ਕੇ ਨਵਾਂ ਸਰਟੀਫਿਕੇਟ ਬਣਵਾ ਲਵਾਂਗਾ ਪਰ ਜਦ ਨੂੰ ਉਸ ਨੇ ਆਪਣਾ ਕੰਮ ਕਰ ਦਿੱਤਾ ਸੀ।

                ਮੈਂ ਸਮੇਤ ਚਲਾਣ ਫਾਰਮ ਹਾਲੇ ਆਪਣੇ ਕਾਗ਼ਜ਼ ਸੰਭਾਲ਼ ਹੀ ਰਿਹਾ ਸਾਂ ਕਿ ਇਕ ਚਿੱਟਾ ਧੂੰਆਂ ਮਾਰਦਾ ਮੋਟਰਸਾਈਕਲ ਮੇਰੇ ਕੋਲ ਰੁਕਿਆ ਤਾਂ ਉਸਦੇ ਮਾਲਕ ਨੂੰ ਮੈਂ ਪੁੱਛਿਆ, “ਪਲੂਸ਼ਨ ਸਰਟੀਫਿਕੇਟ ਹੈਗਾ?'' ਤਾਂ ਉੁਹ ਘੜੇ ਜਿੱਡਾ ਸਿਰ ਹਾਂ 'ਚ ਹਿਲਾਂਉਂਦਿਆਂ,“ਸਾਰੇ ਹੈਗੇ! “ ਕਹਿੰਦਿਆਂ ਆਪਣੇ ਕਾਗ਼ਜ਼ ਚੈੱਕ ਕਰਵਾਉਣ ਚਲਾ ਗਿਆ। ਕਾਗ਼ਜ਼ ਚੈੱਕ ਕਰਵਾ ਕੇ ਉਹ ਛੇਤੀ ਨਾਲ ਪੁਲਸ ਪਾਰਟੀ ਨੂੰ ਮੋਟਰਸਾਇਕਲ ਦੇ ਚਿੱਟੇ ਧੂੰਏਂ ਦੀ ਚਾਦਰ ਵਿਚ ਲਪੇਟਦਾ ਹੋਇਆ ਆਪਣੀ ਮੰਜ਼ਿਲ ਵੱਲ ਵਧ ਗਿਆ। ਮੋਟਰਸਾਇਕਲ ਸਟਾਰਟ ਕਰਕੇ ਮੈਂ ਚੱਲਣ ਹੀ ਲੱਗਾ ਸੀ ਕਿ ਮੇਰੀ ਨਿਗਾ ਪਟੜੀ 'ਤੇ ਖੜ੍ਹੇ ਸਿਪਾਹੀ 'ਤੇ ਜਾ ਪਈ ਜੋ ਹੁਣੇ ਹੁਣੇ ਸੜਕ ਤੋਂ ਲੰਘੀਆਂ ਮੱਝਾਂ ਦੇ ਵੱਗ ਵਲੋਂ ਕੀਤੇ ਗੋਹੇ ਨਾਲ਼ ਲਿਬੜ ਗਏ ਆਪਣੇ ਬੂਟ ਘਾਹ 'ਤੇ ਰਗੜ੍ਹ-ਰਗੜ੍ਹ ਸਾਫ਼ ਕਰ ਰਿਹਾ ਸੀ।

PunjabKesari
 

 

ਨੀਂਦ ਦਾ ਮੁੱਲ 
ਉਨੀਂਦਰੇ ਦਾ ਸ਼ਿਕਾਰ ਇਕ ਰਿਟਾੲਰਿਡ ਅਫ਼ਸਰ ਮੇਰੇ ਕੋਲ ਦਵਾਈ ਲੈਣ ਵਾਸਤੇ ਆਇਆ। ਉਸ ਨੇ ਮੈਨੂੰ ਦੱਸਿਆ ਕਿ ਉਹ ਪਿਛਲੇ ਦੋ ਸਾਲ ਤੋਂ ਚੱਜ ਸੁਆਦ ਦੀ ਨੀਂਦਰ ਨਹੀਂ ਸੁੱਤਾ। ਇਸ ਤੋਂ ਪਹਿਲਾਂ ਉਹ ਕਿਸੇ ਮਨੋ ਚਿਕਿਤਸਕ ਕੋਲੋਂ ਇਲਾਜ ਕਰਵਾ ਚੁੱਕਾ ਸੀ ਅਤੇ ਉਸ ਦੀ ਸ਼ਿਕਾਇਤ ਸੀ ਕਿ ਉਸ ਡਾਕਟਰ ਨੇ ਉਸ ਨੂੰ ਨੀਂਦ ਦੀ ਗੋਲੀ ਲਗਾ ਦਿੱਤੀ ਸੀ ਜਿਸ ਨਾਲ ਉਸ ਨੂੰ ਛੇ ਕੁ ਮਹੀਨੇ ਤਾਂ ਚੰਗੀ ਨੀਂਦ ਆਈ ਪਰ ਹੌਲੀ ਹੌਲੀ ਉਹ ਗੋਲੀ ਵੀ ਅਸਰ ਕਰਨਾ ਛੱਡ ਗਈ। ਫਿਰ ਉਸ ਨੂੰ ਅਹਿਸਾਸ ਹੋਇਆ ਕਿ ਉਹ ਗੋਲੀ ਦੇ ਚੁੰਗਲ ਵਿਚ ਫਸ ਗਿਆ ਹੈ ਤੇ ਹੁਣ ਉਹ ਗੋਲੀ ਛੱਡਣਾ ਚਾਹੁੰਦਾ ਹੈ। ਇੰਨਾ ਆਖ ਕੇ ਉਹ ਚੁੱਪ ਕਰ ਗਿਆ।

    ਮੈਂ ਉਸ ਨੂੰ ਉਸ ਦੇ ਕੰਮ ਧੰਦੇ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਇਕ ਸਰਕਾਰੀ ਵਿਭਾਗ ਵਿੱਚੋਂ ਅਫ਼ਸਰ ਰਿਟਾਇਰ ਹੋਇਆ ਹੈ। “ਕਿਹੜੇ ਵਿਭਾਗ ਵਿਚੋਂ? “ ਪੁੱਛਣ 'ਤੇ ਉਸ ਨੇ ਉਸ ਸਰਕਾਰੀ ਵਿਭਾਗ ਦਾ ਨਾਂ ਲਿਆ ਜਿਸ ਵਿਚ ਬਹੁਤ ਜ਼ਿਆਦਾ ਰਿਸ਼ਵਤਖੋਰੀ ਸ਼ਰੇਆਮ ਚਲਦੀ ਹੈ। ਮੈਂ ਉਸ ਨੂੰ ਜਕਦੇ ਜਕਦੇ ਨੇ ਪੁੱਛਿਆ,“ਗੁੱਸਾ ਨਾ ਕਰਿਓ, ਮੈਨੂੰ ਇਕ ਸਵਾਲ ਤੁਹਾਡੇ ਤੋਂ ਪੁੱਛਣਾ ਪੈਣਾ ਹੈ।ਤੁਹਾਡਾ ਇਲਾਜ ਤੁਹਾਡੇ ਈਮਾਨਦਾਰੀ ਨਾਲ ਦਿੱਤੇ ਉੱਤਰ 'ਤੇ ਨਿਰਭਰ ਕਰੇਗਾ! “ ਉਸ ਨੇ ਕਿਹਾ ,“ਪੁੱਛੋ!“ 

“ਤੁਸੀਂ ਕਦੇ ਰਿਸ਼ਵਤ ਲਈ ਕਿ ਨਹੀਂ? “ ਮੈਂ ਜਕਦੇ ਜਕਦੇ ਨੇ ਪੁੱਛਿਆ। 
ਮੇਰਾ ਇਸ ਤਰ੍ਹਾਂ ਦਾ ਅਟਪਟਾ ਜਿਹਾ ਸਵਾਲ ਸੁਣ ਕੇ ਉਹ ਹੈਰਾਨ ਰਹਿ ਗਿਆ ਅਤੇ ਕਹਿਣ ਲੱਗਾ,“ਤੁਸੀਂ ਠੀਕ ਸਵਾਲ ਪੁੱਛਿਆ ਡਾਕਟਰ ਸਾਹਿਬ! ਅਸਲ ਵਿਚ ਦੋ ਸਾਲ ਪਹਿਲਾਂ ਮੈਂ ਇਕ ਸਰਕਾਰੀ ਪ੍ਰਾਜੈਕਟ 'ਚੋਂ ਦੋ ਲੱਖ ਰੁਪਿਆ ਇਕ ਦਿਨ 'ਚ ਹੀ ਡਕਾਰ ਲਿਆ ਸੀ। ਇਸ ਘਟਨਾ ਤੋਂ ਤੁਰੰਤ ਬਾਅਦ ਇਕ ਬੜਾ ਸਖ਼ਤ ਮਿਜਾਜ਼ ਸੀਨੀਅਰ ਅਫ਼ਸਰ ਬਦਲ ਕੇ ਆ ਗਿਆ। ਜਿਸ ਅਫ਼ਸਰ ਨਾਲ ਰਲ਼ ਕੇ ਮੈਂ ਪੈਸੇ ਖਾਧੇ ਸੀ ਉਹ ਬਦਲੀ ਕਰਵਾ ਕੇ ਵੱਡੇ ਸ਼ਹਿਰ ਚਲਾ ਗਿਆ ਜਿਸ ਨਾਲ ਮੈਂ ਅਸੁਰੱਖਿਅਤ ਮਹਿਸੂਸ ਕਰਨ ਲੱਗ ਪਿਆ। ਮੈਨੂੰ ਦਿਨ ਰਾਤ ਇਹੋ ਡਰ ਸਤਾਉਣ ਲੱਗ ਪਿਆ ਕਿ ਕਿਤੇ ਮੇਰੀ ਚੋਰੀ ਜੇ ਫੜੀ ਗਈ ਤਾਂ ਮੈਨੂੰ ਇਸ ਅਫਸਰ ਨੇ ਨੌਕਰੀਉਂ ਕੱਢ ਦੇਣਾ ਹੈ! ਬੱਸ ਇਸੇ ਉਧੇੜ ਬੁਣ ਵਿੱਚ ਰਾਤਾਂ ਗੁਜਰਣ ਲੱਗੀਆਂ ਤੇ ਮੈਨੂੰ ਨੀਂਦਰ ਪੈਣੋਂ ਹਟ ਗਈ। ਮੈਂ ਬੜਾ ਦੁਖੀ ਹਾਂ ਡਾਕਟਰ ਸਾਹਿਬ....ਮੈਂ ਮਰ ਜਾਵਾਂਗਾ...ਮੇਰਾ ਇਲਾਜ ਕਰ ਦਿਉ....ਪਲੀਜ਼! “ ਇੰਨਾ ਆਖ ਕੇ ਉਹ ਫੁੱਟ ਫੁੱਟ ਕੇ ਰੋਣ ਲੱਗ ਪਿਆ।

     ਮੈਂ ਉਸ ਨੂੰ ਦਿਲਾਸਾ ਦਿੰਦਿਆ ਕਿਹਾ,“ਰੋਵੋ ਨਾ ਭਾਈ ਸਾਹਿਬ...ਤੁਸੀਂ ਬਹੁਤ ਜਲਦ ਠੀਕ ਹੋ ਜਾਵੋਗੇ...ਪਹਿਲਾਂ ਮੈਨੂੰ ਇਹ ਦੱਸੋ ਕਿ ਤੁਸੀਂ ਆਪਣੇ ਇਲਾਜ ਲਈ ਕਿੰਨਾ ਕੁ ਪੈਸਾ ਖਰਚ ਸਕਦੇ ਹੋ? ਕਿਉਂਕਿ ਇਲਾਜ ਥੋੜ੍ਹਾ ਮਹਿੰਗਾ ਏ!“
“ਦੱਸੋ ਡਾਕਟਰ ਸਾਹਿਬ! ਮੈਂ ਕੁਝ ਵੀ ਕਰਨ ਨੂੰ ਤਿਆਰ ਹਾਂ, ਬਸ ਨੀਂਦ ਪਿਆਰੀ ਜਿਹੀ ਆਉਣੀ ਚਾਹੀਦੀ ਏ...ਦੱਸੋ ਕਿੰਨੇ ਪੈਸੇ?“ ਉਸ ਨੇ ਅੱਖਾਂ ਪੂੰਝਦਿਆਂ ਪੁੱਛਿਆ।
 “ਢਾਈ ਲੱਖ ਰੁਪਿਆ ਲੱਗੇਗਾ...ਤਿਆਰ ਹੋ?“ ਮੈਂ ਉਸ ਨੂੰ ਚੈਲੇਂਜ ਕੀਤਾ।


 “ਢਾਈ ਲੱਖ ਰਪਿਆ? “ ਉਸ ਨੇ ਹੈਰਾਨ ਹੁੰਦੇ ਨੇ ਪੁੱਛਿਆ।“ਹਾਂ ਜੀ! ਢਾਈ ਲੱਖ ਰੁਪਿਆ..ਇਹ ਪੈਸਾ ਕੋਰੋਨਾ ਵਿੱਚ ਸਰਕਾਰ ਦੀ ਮਦਦ ਕਰਨ ਲਈ ਤੁਸੀਂ ਮੁੱਖ ਮੰਤਰੀ ਰਾਹਤ ਕੋਸ਼ ਵਿੱਚ ਜਮ੍ਹਾਂ ਕਰਵਾ ਦੇਵੋ...ਸੂਦ ਸਮੇਤ ਕਰਜ਼ ਉਤਾਰ ਦਿਓ...ਦੇਖਣਾ ਤੁਹਾਨੂੰ ਬੜੀ ਗਹਿਰੀ ਨੀਂਦਰ ਆਵੇਗੀ...ਅਸਲ ਵਿੱਚ ਤੁਹਾਨੂੰ ਕਿਸੇ ਦਵਾਈ ਦੀ ਕੋਈ ਜ਼ਰੂਰਤ ਨਹੀਂ ਹੈ...ਸੁੱਖ ਭਰੀ ਨੀਂਦਰ ਲੈਣ ਲਈ ਤੁਹਾਨੂੰ ਇਹ ਕੀਮਤ ਤਾਰਨੀ ਹੀ ਪੈਣੀ ਹੈ...ਨਹੀਂ ਤਾਂ ਪਾਗ਼ਲ ਹੋ ਕੇ ਜਲਦੀ ਹੀ ਮਰ ਜਾਓਗੇ!“   ਮੇਰੀ ਇੰਨੀ ਗੱਲ ਸੁਣਦਿਆਂ ਹੀ ਉਹ ਗੁੱਸੇ ਜਿਹੇ ਨਾਲ ਬਿਨਾਂ ਕੁਝ ਬੋਲੇ ਇਕਦਮ ਉੱਠ ਕੇ ਚਲਾ ਗਿਆ। ਚਾਰ ਦਿਨ ਬਾਅਦ ਉਹ ਮੇਰੇ ਕੋਲ ਕਲੀਨਿਕ 'ਤੇ ਫਿਰ ਆਇਆ ਤੇ ਆਉਂਦਿਆ ਸਾਰ ਉਸ ਨੇ  ਅਪਣੇ ਮੋਬਾਇਲ ਫੋਨ ਦੀ ਸਕਰੀਨ ਮੈਨੂੰ ਦਿਖਾਈ ਜਿਸ 'ਤੇ ਮੁੱਖ ਮੰਤਰੀ ਰਾਹਤ ਕੋਸ਼ ਵਿੱਚ ਢਾਈ ਲੱਖ ਰੁਪਿਆ ਜਮ੍ਹਾਂ ਕਰਵਾਉਣ ਬਦਲੇ ਧੰਨਵਾਦ ਦਾ ਮੈਸੇਜ ਆਇਆ ਹੋਇਆ ਸੀ। ਉਸ ਨੇ ਕੁਰਸੀ 'ਤੇ ਬੈਠਦਿਆਂ ਕਿਹਾ, “ਡਾਕਟਰ ਸਾਹਿਬ ਤੁਹਾਡੀ ਸਲਾਹ ਨੇ ਤਾਂ ਨੀਂਦਰ ਦੀ ਗੋਲ਼ੀ ਤੋਂ ਵੀ ਉੱਪਰ ਦਾ ਕੰਮ ਕੀਤਾ ਏ...ਪਿਛਲੇ ਦੋ ਦਿਨ ਤੋਂ ਮੈਂ ਬੜੀ ਚੰਗੀ ਨੀਂਦਰ ਦੀ ਪੀਂਘ ਝੂਟੀ ਏ...ਤੁਹਾਡਾ ਸ਼ੁਕਰੀਆ, ਆਪਣੀ ਫੀਸ ਦੱਸੋ?“ 
“ਫੀਸ ਕਾਹਦੀ ਬਈ? ਮੈਂ ਕਿਹੜਾ ਤੁਹਾਨੂੰ ਕੋਈ ਦਵਾਈ ਦਿੱਤੀ ਏ....ਸਲਾਹ ਈ ਦਿੱਤੀ ਸੀ,ਤੁਸੀਂ ਮੰਨ ਲਈ ਤੁਹਾਡਾ ਸ਼ੁਕਰੀਆ!“

“ਨਈਂ ਡਾਕਟਰ ਸਾਹਿਬ! ਜੇ ਮੈਂ ਤੁਹਾਨੂੰ ਫੀਸ ਨਾ ਦਿੱਤੀ ਤਾਂ ਮੈਨੂੰ ਨੀਂਦਰ ਫਿਰ ਨਹੀਂ ਆਉਣੀ...ਹੁਣ ਮੈਨੂੰ ਇਸ ਦਾ ਰਾਜ਼ ਪਤਾ ਲੱਗ ਗਿਆ ਏ....ਤੁਸੀ ਮੇਰੇ ਲਈ ਰੱਬ ਬਣ ਕੇ ਬਹੁੜੇ ਓ, ਹੁਣ ਮੱਥਾ ਤਾਂ ਮੈਂ ਟੇਕਣਾ ਹੀ ਟੇਕਣਾ! “ ਕਹਿੰਦਿਆਂ ਉਸ ਨੇ ਪੰਜ ਸੌ ਦਾ ਨੋਟ ਤਰਲੇ ਜਿਹੇ ਨਾਲ਼ ਮੇਰੀ ਮੇਜ਼ 'ਤੇ ਰੱਖਿਆ ਤੇ ਅਹੁ ਗਿਆ ਅਹੁ ਗਿਆ ਹੋ ਗਿਆ! 

ਡਾ.ਰਾਮ ਮੂਰਤੀ
ਫ਼ੋਨ ਨੰਬਰ:+91 94174 49665

 


Baljeet Kaur

Content Editor

Related News