ਕੋਰੋਨਾ ਦਾ ਪਸਾਰ ਜਾਨਣ ਲਈ ਹੁਣ ਭਾਰਤ ਅਤੇ ਅਮਰੀਕਾ ਕਰਾਉਣਗੇ Sero Survey (ਵੀਡੀਓ)
Tuesday, Jun 02, 2020 - 04:30 PM (IST)
ਜਲੰਧਰ (ਬਿਊਰੋ) - ਭਾਰਤ ਅਤੇ ਅਮਰੀਕਾ ਹੁਣ ਆਪਣੇ ਦੇਸ਼ਾਂ ਵਿੱਚ ਜੰਗੀ ਪੱਧਰ 'ਤੇ Sero Survey ਕਰਵਾਉਣ ਜਾ ਰਿਹਾ ਹੈ। ਇਹ ਸਰਵੇਖਣ ਕੋਰੋਨਾ ਵਾਇਰਸ ਲਾਗ (ਮਹਾਮਾਰੀ) ਨਾਲ ਹੀ ਸਬੰਧਤ ਹੈ। ਇਸ ਵਿੱਚ ਬੰਦੇ ਦੇ ਸਰੀਰ ’ਚੋਂ ਖੂਨ ਲੈ ਕੇ ਉਹਦਾ ਨਿਰੀਖਣ ਕੀਤਾ ਜਾਂਦਾ ਹੈ ਕਿ ਉਸ 'ਚ ਕੋਰੋਨਾ ਵਾਇਰਸ ਦੀਆਂ ਐਂਟੀਬਾਡੀਜ਼ ਹਨ ਜਾਂ ਨਹੀਂ। ਇਹਦੇ ਨਾਲ ਇਹ ਵੀ ਪਤਾ ਲੱਗਦਾ ਹੈ ਕਿ ਕੋਰੋਨਾ ਦੀ ਲਾਗ ਲੱਗਿਆ ਬੰਦਾ ਠੀਕ ਹੋ ਰਿਹਾ ਹੈ ਜਾਂ ਫਿਰ ਨਹੀਂ। ਕੋਰੋਨਾ ਵਾਇਰਸ ਦੀਆਂ ਐਂਟੀ ਬਾਡੀਜ਼ ਲਾਗ ਲੱਗਣ ਤੋਂ ਦੋ ਹਫਤੇ ਬਾਅਦ ਬਣਨੀਆਂ ਸ਼ੁਰੂ ਹੋ ਜਾਂਦੀਆਂ ਹਨ, ਜੋ ਕਈ ਮਹੀਨੇ ਤਾਂ ਇੱਕ ਖ਼ੂਨ ਵਿੱਚ ਮੌਜੂਦ ਰਹਿੰਦੀਆਂ ਹਨ।
ਇਸ ਸਰਵੇਖਣ ਨਾਲ ਇਹ ਵੀ ਪਤਾ ਲੱਗੇਗਾ ਕਿ ਮਰੀਜ਼ ਨੂੰ ਪਹਿਲਾਂ ਕੋਰੋਨਾ ਵਾਇਰਸ ਹੋਇਆ ਸੀ ਜਾਂ ਨਹੀਂ। ਇਸ ਤਰ੍ਹਾਂ ਸਹਿਜੇ ਹੀ ਪਤਾ ਲਗਾਇਆ ਜਾ ਸਕਦਾ ਹੈ ਕਿ ਕਿੰਨੀ ਆਬਾਦੀ ਕੋਰੋਨਾ ਪ੍ਰਭਾਵਿਤ ਹੋਈ ਹੈ, ਨਾਲ ਹੀ ਇਹ ਵੀ ਪਤਾ ਲੱਗੇਗਾ ਕਿ ਮਰੀਜ਼ਾਂ ਦਾ ਵੱਧ ਰਿਹਾ ਅੰਕੜਾ ਹੁਣ ਕਿੱਥੇ ਜਾ ਕੇ ਰੁਕੇਗਾ। ਦੱਸ ਦੇਈਏ ਕਿ ਇਸ ਦੀ ਵਰਤੋਂ ਸਪੇਨ ਕਰ ਰਿਹਾ ਹੈ ਅਤੇ ਉੱਥੇ ਨਤੀਜੇ ਵੀ ਬਹੁਤ ਚੰਗੇ ਆ ਰਹੇ ਹਨ। ਉਕਤ ਨਤੀਜਿਆਂ ਨੂੰ ਦੇਖਦੇ ਹੋਏ ਹੁਣ ਭਾਰਤ ਵੀ ਇਸ ਨੂੰ ਅਪਣਾਉਣ ਜਾ ਰਿਹਾ ਹੈ। ਸਪੇਨ ’ਚ ਹੋਏ ਸਰਵੇਖਣ ਨੂੰ ਜਨਤਕ ਕਰ ਦਿੱਤਾ ਗਿਆ ਹੈ। ਇਸ ਮੁਤਾਬਕ ਉਥੇ 60,000 ਬੰਦਿਆਂ ਦਾ ਐਂਟੀਬਾਡੀ ਪ੍ਰੀਖਣ ਕੀਤਾ ਗਿਆ ਸੀ, ਜਿਸ ਨਾਲ ਪਤਾ ਲੱਗਾ ਹੈ ਕਿ ਸਪੇਨ ਦੀ 5 ਫ਼ੀਸਦੀ ਆਬਾਦੀ ਨੂੰ ਕੋਰੋਨਾ ਦੀ ਲਾਗ ਲੱਗ ਚੁੱਕੀ ਹੈ।
ਰਿਪੋਰਟ 'ਚ ਖੁਲਾਸਾ ਹੋਣ ਤੋਂ ਬਾਅਦ ਸਪੇਨ ਨੇ ਦੋ ਮਹੀਨਿਆਂ ’ਚ 50 ਲੱਖ ਮਰੀਜ਼ ਹੋਣ ਦੇ ਹਿਸਾਬ ਨਾਲ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸਪੇਨ ਨੇ ਇਸ ਸਰਵੇਖਣ ਦੇ ਤਹਿਤ ਲੱਖਾਂ ਲੋਕਾਂ ਦੀਆਂ ਜਾਨਾਂ ਬਚਾਈਆਂ ਹਨ। ਹੁਣ ਭਾਰਤ 'ਚ ਵੀ ਹਰ ਜ਼ਿਲੇ 'ਚ ਇਸ ਸਰਵੇਖਣ ਨੂੰ ਕਰਵਾਉਣ ਦੀ ਤਿਆਰੀ ਹੈ। ਆਈ. ਸੀ. ਐੱਮ. ਆਰ. ਨੇ ਇਸ ਨੂੰ ਹਰੀ ਝੰਡੀ ਦੇ ਦਿੱਤੀ ਹੈ। ਪਹਿਲੇ ਜ਼ਿਲਿਆਂ 'ਚ ਲੱਛਣ ਨਾ ਹੋਣ ਦੇ ਬਾਵਜੂਦ ਵੀ ਲੋਕਾਂ ਦਾ ਪ੍ਰੀਖਣ ਕੀਤਾ ਗਿਆ ਹੈ, ਜਿਸਦੀ ਰਿਪੋਰਟ ਅਗਲੇ ਹਫਤੇ ਦੇ ਅਖੀਰ ਤੱਕ ਆਵੇਗੀ।
Sero Survey ਨਾਲ ਕੋਰੋਨਾ ਵਾਇਰਸ ਦੇ ਕਮਿਊਨਿਟੀ ਸਪਰੈਡਰ 'ਤੇ ਵੀ ਲਗਾਮ ਲੱਗੇਗੀ। ਇਹ ਭਾਰਤ ਵਿਚ ਇਸ ਲਈ ਵੀ ਜ਼ਰੂਰੀ ਹੈ ਤਾਂ ਕਿ ਇੱਥੇ ਏੇਸਿਮਪਟੋਮੈਟਿਕ ਯਾਨੀ ਕਿ ਬਿਨਾਂ ਲੱਛਣਾਂ ਵਾਲੇ ਮਾਮਲੇ ਵੱਧ ਆ ਰਹੇ ਹਨ। ਜੇਕਰ ਗੱਲ ਅਮਰੀਕਾ ਦੀ ਕੀਤੀ ਜਾਵੇ ਤਾਂ ਅਮਰੀਕਾ ਨੇ ਇਸ ਨਿਰੀਖਣ ਲਈ ਜ਼ਰੂਰੀ ਕਿੱਟਾਂ ਵੀ ਖਰੀਦ ਲਈਆਂ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਇਸ ਮਹੀਨੇ ਦੇ ਅੰਤ ਤੱਕ ਅਮਰੀਕਾ 6 ਤੋਂ 10 ਕਰੋੜ ਐਂਟੀ ਬਾਡੀਜ਼ ਟੈਸਟ ਕਰੇਗਾ। ਇਸ ਸਬੰਧ ’ਚ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਤੁਸੀਂ ਸੁਣ ਸਕਦੇ ਹੋ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ