ਮਰਹੂਮ ਰਾਹਤ ਇੰਦੋਰੀ ਜੀ ਦੀ ਯਾਦ ’ਚ ਵਿਸ਼ੇਸ਼ : ਜਾਣੋ ਕਲਾ ਅਤੇ ਸ਼ਖਸੀਅਤ ਬਾਰੇ
Sunday, Aug 16, 2020 - 12:53 PM (IST)
ਲੇਖਕ :ਅੱਬਾਸ ਧਾਲੀਵਾਲ,
ਮਲੇਰਕੋਟਲਾ ।
ਸੰਪਰਕ :9855259650
Abbasdhaliwal72@gmail.com
"ਜਨਾਜ਼ੇ ਪਰ ਮੇਰੇ ਲਿੱਖ ਦੇਣਾ ਯਾਰੋ।
ਮੁਹੱਬਤ ਕਰਨੇ ਵਾਲਾ ਜਾ ਰਹਾ ਹੈ..! "
ਬੀਤੇ ਮੰਗਲਵਾਰ ਅਰਥਾਤ 11 ਅਗਸਤ 2020 ਨੂੰ ਭਾਰਤ ਦੇ ਪ੍ਰਸਿੱਧ ਉਰਦੂ ਸ਼ਾਇਰ ਅਤੇ ਹਿੰਦੀ ਫਿਲਮਾਂ ਦੇ ਗੀਤਕਾਰ ਅਰਥਾਤ ਇਸ ਦੌਰ ਦੇ ਬੇਬਾਕ ਅਤੇ ਦਬੰਗ ਕਵੀ ਰਾਹਤ ਇੰਦੋਰੀ ਦਾ ਦਿਹਾਂਤ ਹੋ ਗਿਆ। ਜਿਵੇਂ ਉਨ੍ਹਾਂ ਦੀ ਮੌਤ ਦੀ ਖਬਰ ਲੱਗੀ ਤਾਂ ਉਨ੍ਹਾਂ ਦੇ ਚਾਹੁਣ ਵਾਲੇ ਲੱਖਾਂ ਲੋਕ ਸਦਮੇ ’ਚ ਆ ਗਏ।
ਪਿਛਲੇ ਕਰੀਬ ਚਾਰ ਦਹਾਕਿਆਂ ਤੋਂ ਲੋਕਾਂ ਦੇ ਦਿਲਾਂ ਰਾਜ ਕਰਨ ਵਾਲੇ ਸ਼ਾਇਰ ਦਾ ਇਸ ਤਰ੍ਹਾਂ ਅਚਾਨਕ ਚਲੇ ਜਾਣਾ ਯਕੀਨਨ ਇਕ ਅਕਿਹ ਅਤੇ ਕਦੀ ਨਾ ਪੂਰਿਆ ਜਾਣ ਵਾਲੇ ਘਾਟੇ ਸਮਾਨ ਹੈ। ਜੇਕਰ ਇਹ ਕਿਹਾ ਜਾਵੇ ਕਿ ਰਾਹਤ ਇੰਦੋਰੀ ਦੀ ਮੌਤ ਨਾਲ ਮੰਚੀਆ ਸ਼ਾਇਰੀ ਦੇ ਇੱਕ ਯੁੱਗ ਸਮਾਪਤੀ ਹੋ ਗਈ ਹੈ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ।
ਰਾਹਤ ਜਿਨ੍ਹਾਂ ਦਾ ਜਨਮ ਇੱਕ ਜਨਵਰੀ 1950 ਨੂੰ ਇੰਦੋਰ ਵਿਖੇ ਇਕ ਸਾਧਾਰਨ ਪਰਿਵਾਰ ’ਚ ਮਾਤਾ ਮਕਬੂਲ-ਉਲ-ਨਿਸਾ ਬੇਗਮ ਦੀ ਕੁੱਖੋਂ ਹੋਇਆ। ਉਹ ਆਪਣੇ ਮਾਤਾ-ਪਿਤਾ ਦੀ ਚੌਥੀ ਔਲਾਦ ਸਨ। ਉਨ੍ਹਾਂ ਦੇ ਪਿਤਾ ਰਿਫਤ-ਉੱਲਾਹ ਕੁਰੈਸ਼ੀ ਇਕ ਟੈਕਸਟਾਇਲ ਮਿਲ ਚ' ਮੁਲਾਜ਼ਮ ਸਨ। ਰਾਹਤ ਨੇ ਆਪਣੀ ਸ਼ੁਰੂਆਤੀ ਤਾਅਲੀਮ ਨੂਤਨ ਸਕੂਲ ਇੰਦੋਰ ਤੋਂ ਹਾਸਲ ਕੀਤੀ ਅਤੇ 1973 ਵਿੱਚ ਆਪਣੀ ਬੈਚਲਰ ਦੀ ਪੜ੍ਹਾਈ ਇਸਲਾਮੀਆ ਕਰੀਮੀਆ ਕਾਲਜ ਇੰਦੋਰ ਤੋਂ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਉਰਦੂ ਸਾਹਿਤ ਵਿੱਚ ਬਰਕਤ-ਉੱਲਾਹ ਯੂਨੀਵਰਸਿਟੀ ’ਚੋਂ ਐੱਮ.ਏ ਕੀਤੀ। ਇਸ ਉਪਰੰਤ ਉਨ੍ਹਾਂ 1985 ਵਿੱਚ ਮੱਧ ਪ੍ਰਦੇਸ਼ ਦੀ ਭੋਜ ਓਪਨ ਯੂਨੀਵਰਸਿਟੀ ਤੋਂ ਉਰਦੂ ਅਦਬ ਚ' ਹੀ ਡਾਕਟਰੇਟ ਕੀਤੀ।
ਰਾਹਤ ਇੰਦੋਰੀ ਦੀ ਮੌਤ ਅਤੇ ਮਸ਼ਹੂਰ ਨੌਜਵਾਨ ਸ਼ਾਇਰ ਇਮਰਾਨ ਪ੍ਰਤਪਗੜੀ ਨੇ ਕਿਹਾ ਕਿ ਉਨ੍ਹਾਂ ਆਪਣੀ ਜ਼ਿੰਦਗੀ ਦਾ ਪਹਿਲਾ ਮੁਸ਼ਾਇਰਾ ਰਾਹਤ ਇੰਦੋਰੀ ਦੀ ਸਦਾਰਤ ਵਿੱਚ ਪੜ੍ਹਿਆ ਸੀ ਰਾਹਤ ਇੰਦੋਰੀ ਹੁਰਾਂ ਨੇ 35 ਸਾਲਾਂ ਤੱਕ ਕਵੀ ਦਰਬਾਰਾਂ ਤੇ ਆਪਣੀ ਬਾਦਸ਼ਾਹਤ ਕਾਇਮ ਰੱਖੀ। ਉਨ੍ਹਾਂ ਕਿਹਾ ਕਿ ਸਓਦੀ ਅਰਬ ਦੇ ਇੱਕ ਮੁਸ਼ਾਇਰੇ ਵਿੱਚ ਉਹ ਰਾਹਤ ਹੁਰਾਂ ਦੇ ਨਾਲ ਸਨ ਅਤੇ ਮੁਸ਼ਾਇਰੇ ਦੇ ਖਤਮ ਹੋਣ ਤੋਂ ਬਾਅਦ ਉਨ੍ਹਾਂ ਦੋਵਾਂ ਨੇ ਇਕੱਠੇ ਉਮਰਾ (ਭਾਵ ਛੋਟਾ ਹੱਜ) ਕੀਤਾ। ਉਨ੍ਹਾਂ ਕਿਹਾ ਜਿੱਥੇ ਉਹ (ਰਾਹਤ) ਇਕ ਬਿਹਤਰੀਨ ਸ਼ਾਇਰ ਸਨ, ਉਥੇ ਹੀ ਉਹ ਇਕ ਬਿਹਤਰੀਨ ਇਨਸਾਨ ਸਨ।
ਜਦੋਂ ਸ਼ਾਇਰਾ ਡਾ. ਮੀਨਾ ਨੇ ਕਿਹਾ ਕਿ ਰਾਹਤ ਇੰਦੋਰੀ ਸਭ ਦੇ ਹਰਮਨ ਪਿਆਰੇ ਸ਼ਾਇਰ ਸਨ। ਉਹ ਜਨਤਾ ਦੇ ਕਵੀ ਸਨ ਅਤੇ ਮਾਨਵਤਾ ਨੂੰ ਸਮਝਣ ਵਾਲੇ ਸਨ ਅਤੇ ਉਨ੍ਹਾਂ ਦੀ ਆਵਾਜ਼ ਵਿੱਚ ਜੋ ਲਲਕਾਰ ਸੀ, ਉਹ ਕਿਸੇ ਦੂਜੇ ਸ਼ਾਇਰ ਵਿੱਚ ਵੇਖਣ ਨੂੰ ਨਹੀਂ ਮਿਲਦੀ।
ਦਰਅਸਲ ਰਾਹਤ ਇੰਦੋਰੀ ਸਮਕਾਲੀਨ ਸਮਾਜਿਕ ਜੀਵਨ ਦੇ ਸ਼ਾਇਰ ਸਨ। ਜਿਨ੍ਹਾਂ ਦੀਆਂ ਰਚਨਾਵਾਂ ਵਿੱਚ ਕੌੜੀ ਗੱਲ ਵੀ ਮਿੱਠੇ ਢੰਗ ਨਾਲ ਕਹੀ ਜਾਂਦੀ ਹੈ। ਅਰਥਾਤ ਕੜਵਾਹਟ ਭਰੇ ਵਿਚਾਰਾਂ ਨੂੰ ਮਿਠਾਸ ਦੀ ਚਾਸ਼ਨੀ ਵਿੱਚ ਲਪੇਟ ਕੇ ਪੇਸ਼ ਕਰਨ ਦੀ, ਜੋ ਵਿਲੱਖਣ ਕਲਾ ਉਨ੍ਹਾਂ ਵਿਚ ਸੀ। ਉਸ ਦਾ ਕੋਈ ਸਾਨੀ ਨਹੀਂ। ਰਾਹਤ ਦੀ ਸ਼ਾਇਰੀ ਵਿੱਚ ਸੱਚਾਈ ਬੋਲਦੀ ਹੈ। ਉਨ੍ਹਾਂ ਦੇ ਜਜ਼ਬਾਤ ਦਿਲੋਂ ਨਿਕਲਦੇ ਹਨ ਅਤੇ ਸਿੱਧੇ ਦਿਲਾਂ ਤੇ ਅਸਰ ਕਰਦੇ ਹਨ।
ਇਥੇ ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਜਦੋਂ ਪੂਰੇ ਦੇਸ਼ ਅੰਦਰ ਸੀ.ਏ.ਏ ਅਤੇ ਐਨ.ਆਰ.ਸੀ ਦੇ ਵਿਰੁੱਧ ਪ੍ਰਦਰਸ਼ਨ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਆਪਣੀ ਚਰਮ ਸੀਮਾ ਤੇ ਸੀ ਉਸ ਦੌਰਾਨ ਉਨ੍ਹਾਂ ਦਾ ਇਕ ਸ਼ੇਅਰ ਲੱਗਭਗ ਹਰ ਇੱਕ ਪ੍ਰਦਰਸ਼ਨੀ ਦੇ ਮੂੰਹ ਚੜਿਆ ਹੋਇਆ ਸੀ। ਉਹ ਸ਼ੇਅਰ ਅਕਸਰ ਧਰਨਾਕਾਰੀਆਂ ਦੇ ਹੱਥਾਂ ਵਿੱਚ ਫੜੇ ਹੋਰਡਿੰਗ ਤੇ ਵੀ ਲਿਖਿਆ ਮਿਲਦਾ ਸੀ ਉਹ ਸ਼ੇਅਰ ਸੀ ਕਿ :
ਸਭੀ ਕਾ ਖੂਨ ਹੈ ਸ਼ਾਮਲ ਯਹਾਂ ਕੀ ਮਿੱਟੀ ਮੇਂ।
ਕਿਸੀ ਕੇ ਬਾਪ ਕਾ ਹਿੰਦੂਸਤਾਨ ਥੋੜ੍ਹੀ ਹੈ।
ਦਰਅਸਲ ਇਹ ਸ਼ੇਅਰ ਰਾਹਤ ਦੀ ਇਕ ਮਸ਼ਹੂਰ ਗਜ਼ਲ ਦਾ ਹਿੱਸਾ ਹੈ। ਇਸ ਗਜ਼ਲ ਦੇ ਦੂਜੇ ਸ਼ੇਅਰ ਵੀ ਅਵਾਮ ਨੂੰ ਜਾਗਰੂਕ ਕਰਨ ਵਿੱਚ ਆਪਣੀ ਖਾਸ ਭੂਮਿਕਾ ਨਿਭਾਉਂਦੇ ਨਜ਼ਰ ਆਉਂਦੇ ਹਨ, ਜਿਵੇਂ ਲੱਗੇਗੀ ਆਗ ਤੋਂ ਆਏਂਗੇ ਕਈ ਘਰ ਜਦ ਮੈਂ।
ਯਹਾਂ ਪੇ ਅਕੇਲੇ ਹਮਾਰਾ ਮਕਾਨ ਥੋੜ੍ਹੀ ਹੈ।
ਇਸੇ ਪ੍ਰਕਾਰ ਸੱਤਾ ਦੀ ਕੁਰਸੀ ’ਤੇ ਬੈਠੇ ਹਾਕਮਾਂ ਨੂੰ ਨਸੀਹਤ ਦਿੰਦਿਆਂ ਆਖਦੇ ਹਨ ਕਿ ਕੋਈ ਹਾਕਮ ਸਦੀਵੀ ਨਹੀਂ ਹੈ :
ਜੋ ਆਜ ਸਾਹਿਬ ਏ ਮਸਨਦ ਹੈਂ ਕਲ ਨਹੀਂ ਹੋਂਗੇ।
ਕਿਰਾਏਦਾਰ ਹੈ ਜਾਤੀ ਮਕਾਨ ਥੋੜ੍ਹੀ ਹੈ।
ਇਕ ਹੋਰ ਸ਼ੇਅਰ ਜੋ ਅੱਜ ਦੇ ਬਿਕਾਊ ਅਤੇ ਚਾਟੂਕਾਰ ਮੀਡੀਆ ਦੇ ਮੂੰਹ ’ਤੇ ਮੈਂ ਸਮਝਦਾ ਹਾਂ ਕਿ ਕਰਾਰੀ ਚਪੇੜ ਮਾਰਦਾ ਮਹਿਸੂਸ ਹੁੰਦਾ ਹੈ ਉਹ ਇਹ ਕਿ :
ਹਮਾਰੇ ਮੂੰਹ ਸੇ ਜੋ ਨਿਕਲੇ ਵਹੀ ਸਦਾਕਤ ਹੈ।
ਹਮਾਰੇ ਮੂੰਹ ਮੇਂ ਤੁਮਹਾਰੀ ਜ਼ਬਾਨ ਥੋੜ੍ਹੀ ਹੈ।
ਇਸੇ ਪ੍ਰਕਾਰ ਇਕ ਸ਼ੇਅਰ ਵਿੱਚ ਜਾਂਬਾਜਾ ਦੀ ਦਲੇਰੀ ਨੂੰ ਬਿਆਨ ਕਰਦਿਆਂ ਆਖਦੇ ਹਨ ਕਿ :
ਮੈਂ ਜਾਣਤਾ ਹੂੰ ਕਿ ਦੁਸ਼ਮਣ ਭੀ ਕੰਮ ਨਹੀਂ ਲੇਕਿਨ।
ਹਮਾਰੀ ਤਰ੍ਹਾਂ ਹਥੇਲੀ ਪੇ ਜਾਨ ਥੋੜ੍ਹੀ ਹੈ।
ਰਾਹਤ ਦੀ ਕਲਮ ਵਿਚ ਜਾਦੂਈ ਅਸਰ ਸੀ। ਉਹ ਸਿੱਧੇ ਸਾਦੇ ਸ਼ਬਦਾਂ ਵਿਚ ਹੀ ਵੱਡੇ-ਵੱਡੇ ਕਟਾਸ਼ ਕਰ ਜਾਇਆ ਕਰਦੇ ਸਨ। ਉਨ੍ਹਾਂ ਵਿਚ ਸੱਤਾ ਵਿਵਸਥਾ ਵਿੱਚ ਪਾਈਆਂ ਜਾਣ ਵਾਲੀਆਂ ਊਣਤਾਈਆਂ ਨੂੰ, ਜੋ ਉਜਾਗਰ ਕਰਨ ਦੀ ਵਿਲੱਖਣ ਕਲਾ ਸੀ, ਉਸ ਦੀ ਉਦਾਹਰਣ ਨਹੀਂ ਮਿਲਦੀ। ਦਰਅਸਲ ਉਨ੍ਹਾਂ ਦੀ ਸ਼ਾਇਰੀ ਸਿਸਟਮ ਦੁਆਰਾ ਹੋਈ ਬੇਇਨਸਾਫੀ ਦੀ ਸਜ਼ਾ ਭੁਗਤ ਰਹੇ ਮਜਲੂਮਾ ਅਤੇ ਦੱਬੇ ਕੁਚਲੇ ਲੋਕਾਂ ਦੀ ਪੀੜਾ ਦੀ ਨੁਮਾਇੰਦਗੀ ਕਰਦੀ ਹੈ। ਜਦੋਂ ਉਸ ਨੂੰ ਇਕ ਆਮ ਸਾਧਾਰਨ ਆਦਮੀ ਜੋ ਸਿਸਟਮ ਦਾ ਸਤਾਇਆ ਹੋਇਆ ਹੈ ਸੁਣਦਾ ਜਾਂ ਪੜਦਾ ਹੈ ਤਾਂ ਉਹ ਨੂੰ ਉਸ ’ਚੋਂ ਆਪਣੇ ਖੁਦ ਤੇ ਬੀਤ ਰਹੇ ਹਾਲਾਤਾਂ ਆਭਾਸ ਹੁੰਦਾ ਹੈ ਜਾਂ ਇੰਝ ਕਹਿ ਲਵੋ ਕਿ ਸਤੇ ਹੋਏ ਨੂੰ ਆਪਣੇ ਦੁੱਖ ਦਰਦ ਨਾਲ ਹੂ-ਬਾ-ਹੂ ਮਿਲਦੀ ਜੁਲਦੀ ਪੀੜਾ ਮਹਿਸੂਸ ਹੁੰਦੀ ਹੈ।
ਇਹੋ ਵਜ੍ਹਾ ਹੈ ਕਿ ਰਾਹਤ ਨੂੰ ਪੜਦਿਆਂ ਜਾਂ ਸੁਣਦਿਆਂ ਕਈ ਵਾਰ ਉਨ੍ਹਾਂ ਦੀਆਂ ਰਚਨਾਵਾਂ ਵਿੱਚੋਂ ਪਾਕਿਸਤਾਨੀ ਸ਼ਾਇਰ ਹਬੀਬ ਜਾਲਿਬ ਅਤੇ ਭਾਰਤ ਦੇ ਦੁਸ਼ਯੰਤ ਕੁਮਾਰ ਦੇ ਕਲਾਮ ਦੀ ਝਲਕ ਪੈਂਦੀ ਮਹਿਸੂਸ ਹੁੰਦੀ ਹੈ।
ਇਕ ਥਾਂ ਰਾਹਤ ਸੱਤਾ ਦੀ ਵਾਗਡੋਰ ਸੰਭਾਲਣ ਵਾਲੇ ਅਖੌਤੀ ਕਿਸਮ ਦੇ ਝੂਠੇ ਆਗੂਆਂ ਦੇ ਕਿਰਦਾਰ ਤੋਂ ਪਰਦਾ ਚੁੱਕਦਿਆਂ ਆਖਦੇ ਹਨ ਕਿ :
ਝੂਠੋਂ ਨੇ ਝੂਠੋਂ ਸੇ ਕਹਾ ਹੈ ਸੱਚ ਬੋਲੋ।
ਸਰਕਾਰੀ ਐਲਾਨ ਹੂਆ ਹੈ ਸਚ ਬੋਲੋ।
ਇਸੇ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਚੌਣਾਂ ਦੇ ਮੌਸਮ ਵਿੱਚ ਅਕਸਰ ਭਾਰਤ ਪਾਕਿਸਤਾਨ ਸਰਹੱਦ ਤੇ ਤਣਾਅ ਵੇਖਣ ਨੂੰ ਮਿਲਦਾ ਹੈ ਉਸ ਸੰਦਰਭ ਚੁਟਕੀ ਲੈਂਦਿਆਂ ਰਾਹਤ ਆਖਦੇ ਹਨ ਕਿ
ਸਰਹਦੋਂ ਪਰ ਬਹੁਤ ਤਨਾਓ ਹੈ ਕਿਆ।
ਕੁਛ ਪਤਾ ਤੋ ਕਰੋ ਚੁਣਾਓ ਹੈ ਕਿਆ।
ਅਜੋਕੇ ਸਮਾਜ ਵਿੱਚ ਜ਼ਮੀਨਾਂ ਜਾਇਦਾਦਾਂ ਨੂੰ ਹਥਿਆਉਣ ਲਈ ਜਿਸ ਪ੍ਰਕਾਰ ਭਾਈਆਂ ਭਾਈਆਂ ਦੇ ਰਿਸ਼ਤਿਆਂ ਕਈ ਵਾਰ ਤਲਖੀਆਂ ਵੇਖਣ ਨੂੰ ਮਿਲਦੀਆਂ ਹਨ। ਉਨ੍ਹਾਂ ਦਾ ਨਕਸ਼ਾ ਰਾਹਤ ਆਪਣੇ ਸ਼ਬਦਾਂ ਵਿਚ ਚਿਤਵਦਿਆਂ ਅਜਿਹੇ ਹਾਲਾਤ ਵਿਚ ਸਬਰ ਅਤੇ ਸ਼ਹਿਨਸ਼ੀਲਤਾ ਦੀ ਤਲਕੀਨ ਕਰਦਿਆਂ ਆਖਦੇ ਹਨ ਕਿ :
ਮੇਰੀ ਖਵਾਹਿਸ਼ ਹੈ ਕਿ ਆਂਗਣ ਮੇਂ ਨਾ ਦੀਵਾਰ ਉਠੇ।
ਮੇਰੇ ਭਾਈ ਮੇਰੇ ਹਿੱਸੇ ਕੀ ਜ਼ਮੀਂ ਤੂ ਰੱਖ ਲੈ ਲੇ।
ਰਾਹਤ ਦੀ ਇੱਕ ਛੋਟੀ ਬਹਿਰ ਦੀ ਗਜ਼ਲ ਦਾ ਅੰਦਾਜ਼ ਯਕੀਨਨ ਪੜਨਣਯੋਗ ਹੈ ਕਿਸ ਤਰ੍ਹਾਂ ਉਨ੍ਹਾਂ ਹਿੰਦੀ ਸ਼ਬਦਾਂ ਨੂੰ ਗਹਿਣਿਆਂ ਵਿੱਚ ਜੜੇ ਮੋਤੀਆਂ ਵਾਂਗ ਜੜਿਆ ਹੈ ਤੁਸੀਂ ਵੀ ਵੇਖੋ :
ਤੂ ਸ਼ਬਦੋਂ ਕਾ ਦਾਸ ਰੇ ਜੋਗੀ।
ਤੇਰਾ ਕਹਾਂ ਵਿਸ਼ਵਾਸ ਰੇ ਜੋਗੀ।
ਇੱਕ ਦਿਨ ਵਿਸ਼ ਪਿਆਲਾ ਪੀ ਜਾ।
ਫਿਰ ਨਾ ਲੱਗੇਗੀ ਪਿਆਸ ਰੇ ਜੋਗੀ।
ਯੇਹ ਸਾਂਸੋਂ ਕਾ ਬੰਦੀ ਜੀਵਨ।
ਕਿਸ ਕੋ ਆਇਆ ਰਾਸ ਰੇ ਜੋਗੀ।
ਵਿਧਵਾ ਹੋ ਗਈ ਸਾਰੀ ਨਗਰੀ
ਕੌਣ ਚਲਾ ਬਣਵਾਸ ਰੇ ਜੋਗੀ।
ਪੁਰ ਆਈ ਥੀ ਮੰਨ ਕੀ ਨਦੀਆ
ਬਹਿ ਗਏ ਸਬ ਅਹਿਸਾਸ ਰੇ ਜੋਗੀ।
ਇਕ ਪਲ ਕੇ ਸੁੱਖ ਕੀ ਕਿਆ ਕੀਮਤ
ਦੁੱਖ ਹੈ ਬਾਰਹ ਮਾਸ ਰੇ ਜੋਗੀ।
ਬਸਤੀ ਪੀਛਾ ਕਬ ਛੋੜੇਗੀ।
ਲਾਖ ਧਰੇ ਸਨਿਆਸ ਰੇ ਜੋਗੀ।
ਰਾਹਤ ਇੰਦੋਰੀ ਦੀ ਵਧੇਰੇ ਸ਼ਾਇਰੀ ਭਾਵੇਂ ਇਨਕਲਾਬੀ ਤੇਵਰਾਂ ਦੀ ਨੁਮਾਇੰਦਗੀ ਕਰਦੀ ਹੈ ਪਰ ਕਿਤੇ ਕਿਤੇ ਉਨ੍ਹਾਂ ਦੇ ਕਲਾਮ ਵਿਚ ਰੂਮਾਨੀਅਤ ਦੀ ਝਲਕ ਵੀ ਵੇਖਣ ਨੂੰ ਮਿਲਦੀ ਹੈ। ਜਿਸ ਤੋਂ ਪਤਾ ਲੱਗਦਾ ਹੈ ਕਿ ਇੱਕ ਬਾਗੀ ਸ਼ਾਇਰ ਦੇ ਦਿਲ ਦੇ ਕਿਸੇ ਕੋਨੇ ਵਿੱਚ ਮੁਹੱਬਤ ਭਰੇ ਜਜ਼ਬਾਤ ਆਪਣਾ ਇਕ ਖੂਬਸੂਰਤ ਆਸ਼ਿਆਨਾ ਬਣਾਈ ਬੈਠੇ ਸਨ। ਤੁਸੀਂ ਵੀ ਵੇਖੋ ਰਾਹਤ ਦੇ ਇਸ ਅੰਦਾਜ਼ ਨੂੰ :
ਕਿਸ ਨੇ ਦਸਤਕ ਦੀ ਹੈ ਦਿਲ ਪਰ ਕੌਣ ਹੈ।
ਆਪ ਤੋ ਅੰਦਰ ਹੈਂ ਬਾਹਰ ਕੌਣ ਹੈ।
ਉਸ ਕੀ ਯਾਦ ਆਈ ਹੈ ਸਾਂਸੋ ਜਰਾ ਧੀਰੇ ਚਲੋ।
ਧੜਕਣੋਂ ਸੇ ਭੀ ਇਬਾਦਤ ਮੇਂ ਖਲਲ ਪੜਤਾ ਹੈ।
ਨਾ-ਤਾਅਰੁਫ ਨਾ ਤਾਅਲੁਕ ਹੈ ਮਗਰ ਦਿਲ ਅਕਸਰ
ਨਾਮ ਸੁਣਤਾ ਹੈ ਤੁਮਹਾਰਾ ਤੋ ਉਛਲ ਪੜਤਾ ਹੈ।
ਇਕ ਹੋਰ ਵੱਖਰੇ ਅੰਦਾਜ਼ ਨਵੇਂ ਅੰਦਾਜ਼ ਵਿੱਚ ਪੇਸ਼ ਕੀਤਾ ਉਨ੍ਹਾਂ ਦਾ ਸ਼ੇਅਰ ਵੇਖੋ ਕਿ ਉਹ ਆਖਦੇ ਹਨ ਕਿ :
ਮੈਂ ਪਰਬਤੋਂ ਸੇ ਲੜਤਾ ਰਹਾ ਔਰ ਚੰਦ ਲੋਗ।
ਗੀਲੀ ਜ਼ਮੀਨ ਖੋਦ ਕਰ ਫਰਹਾਦ ਬਣ ਗਏ।
ਇੱਕ ਥਾਂ ਕਿਸੇ ਗਰੀਬ ਦੀ ਗਰੀਬੀ ਅਤੇ ਖੁੱਦਾਰੀ ਦਾ ਜ਼ਿਕਰ ਕਰਦਿਆਂ ਆਖਦੇ ਹਨ ਕਿ :
ਵੋਹ ਚਾਹਤਾ ਥਾ ਕਿ ਕਾਸਾ ਖਰੀਦ ਲੇ ਮੇਰਾ।
ਮੈਂ ਉਸ ਕੇ ਤਾਜ ਕੀ ਕੀਮਤ ਲਗਾ ਕੇ ਲੌਟਾ ਆਇਆ।
ਇੱਕ ਹੋਰ ਖੂਬਸੂਰਤ ਸ਼ੇਅਰ ਚ ਕਹਿੰਦੇ ਹਨ ਕਿ :
ਹਮ ਸੇ ਪਹਿਲੇ ਭੀ ਮੁਸਾਫਿਰ ਕਈ ਗੁਜਰੇ ਹੋਂਗੇ।
ਕਮ ਸੇ ਕਮ ਰਾਹ ਕੇ ਪੱਥਰ ਤੋ ਹਟਾਤੇ ਜਾਤੇ।
ਇਕ ਹੋਰ ਸ਼ੇਅਰ ਵਿਚ ਉਨ੍ਹਾਂ ਮੁਗਲਾਂ ਦੇ ਇਤਿਹਾਸਕ ਨੂੰ ਦੋ ਲਾਇਨਾਂ ਵਿੱਚ ਸਮੇਟਣ ਦੀ ਇਕ ਕਾਮਯਾਬ ਕੋਸ਼ਿਸ਼ ਕੀਤੀ ਹੈ ਕਿ :
ਫੈਸਲੇ ਲਮਹਾਤ ਕੇ ਨਸਲੋਂ ਪੇ ਭਾਰੀ ਹੋ ਗਏ।
ਬਾਪ ਹਾਕਮ ਥਾ ਮਗਰ ਬੇਟੇ ਭਿਖਾਰੀ ਹੋ ਗਏ।
ਇਕ ਥਾਂ ਹੋਰ ਰਾਹਤ ਆਖਦੇ ਹਨ ਕਿ :
ਹਮੀ ਬੁਨਿਆਦ ਕਾ ਪੱਥਰ ਹੈਂ ਲੇਕਿਨ
ਹਮੇਂ ਘਰ ਸੇ ਨਿਕਾਲਾ ਜਾ ਰਹਾ ਹੈ।
ਅਕਸਰ ਮੁਸ਼ਾਇਰਿਆਂ ਨੂੰ ਆਪਣੇ ਸ਼ਬਦਾਂ ਦੀ ਅਦਾਇਗੀ ਦੇ ਵਿਲੱਖਣ ਅੰਦਾਜ਼ ਨਾਲ ਲੁੱਟਣ ਵਾਲੇ ਰਾਹਤ ਇੰਦੋਰੀ ਨੇ ਆਪਣੇ ਲਿਖੇ ਗੀਤਾਂ ਰਾਹੀਂ ਹਿੰਦੀ ਫਿਲਮਾਂ ਵਿਚ ਵੀ ਇਕ ਅਲੱਗ ਪਛਾਣ ਬਣਾਈ ਜਿਵੇਂ ਉਨ੍ਹਾਂ ਦੇ ਇਕ ਗੀਤ ਦੇ ਬੋਲ ਸਨ "ਨੀਂਦ ਚੁਰਾਈ ਮੇਰੀ, ਕਿਸ ਨੇ ਓ ਸਨਮ, ਤੂਨੇ" ਇਸੇ ਪ੍ਰਕਾਰ ਮੁੰਨਾ ਭਾਈ ਐਮ ਬੀ ਬੀ ਐੱਸ ਦੇ ਲਿੱਖੇ ਉਨ੍ਹਾਂ ਦੇ ਅਲੱਗ ਅਲੱਗ ਗੀਤਾਂ ਦਾ ਜਾਦੂ ਵੀ ਸਰੋਤਿਆਂ ਦੇ ਸਿਰ ਚੜ੍ਹ ਕੇ ਬੋਲਿਆ ਜਿਵੇਂ ਫਿਲਮ ਦਾ ਗੀਤ "ਐਮ ਬੋਲੇ ਤੋ ਮੁੰਨਾ" ਅਤੇ "ਚੰਦਾ ਮਾਮੂ ਸੋ ਗਏ, ਸੂਰਜ ਚਾਚੂ ਜਾਗੇ" ਆਦਿ ਅੱਜ ਵੀ ਰਾਹਤ ਦੀਆਂ ਯਾਦਾਂ ਤਾਜ਼ਾ ਕਰ ਜਾਂਦੇ ਹਨ।
ਫਿਰਕਾਪ੍ਰਸਤੀ ਦੇ ਖਿਲਾਫ ਲਿਖਣ ਵਾਲੇ ਰਾਹਤ ਨੂੰ ਸੋਸ਼ਲ ਮੀਡੀਆ ਤੇ ਕੱਟੜਪੰਥੀਆਂ ਦੇ ਕਾਫੀ ਭੱਦੇ ਕਮੈਂਟਾ ਦਾ ਸਾਹਮਣਾ ਕਰਨਾ ਪਿਆ। ਲੇਕਿਨ ਉਹ ਬਗੈਰ ਕਿਸੇ ਦੀ ਪ੍ਰਵਾਹ ਕੀਤਿਆਂ ਬੇਬਾਕ ਅਤੇ ਦਬੰਗ ਅੰਦਾਜ਼ ਵਿੱਚ ਆਪਣੀ ਗੱਲ ਪੂਰੀ ਨਿਡਰਤਾ ਨਾਲ ਕਹਿੰਦੇ ਰਹੇ। ਇੱਕ ਥਾਂ ਉਨ੍ਹਾਂ ਕਿਹਾ ਕਿ :
ਮੈਂ ਮਰ ਜਾਊਂ ਤੋ ਮੇਰੀ ਇੱਕ ਅਲੱਗ ਪਹਿਚਾਣ ਲਿਖ ਦੇਣਾ
ਲਹੂ ਸੇ ਮੇਰੀ ਪੈਸ਼ਾਨੀ ਪੇ ਹਿੰਦੂਸਤਾਨ ਲਿੱਖ ਦੇਣਾ!
ਇੱਕ ਹੋਰ ਥਾਂ ਰਾਹਤ ਆਖਦੇ ਹਨ ਕਿ :
ਜਨਾਜ਼ੇ ਪਰ ਮੇਰੇ ਲਿੱਖ ਦੇਣਾ ਯਾਰੋ
ਮੁਹੱਬਤ ਕਰਨੇ ਵਾਲਾ ਜਾ ਰਹਾ ਹੈ।
ਮੈਨੂੰ ਯਾਦ ਹੈ ਕਿ ਮੈਂ ਰਾਹਤ ਸਾਹਿਬ ਨੂੰ ਦੋ ਮੁਸ਼ਾਇਰਿਆਂ ਵਿੱਚ ਮਿਲਿਆ ਸਾਂ ਦੋਵੇਂ ਵਾਰ ਬਹੁਤ ਗਰਮਜੋਸ਼ੀ ਨਾਲ ਮਿਲੇ ਸਨ ਉਹ। ਮੈਨੂੰ ਯਾਦ ਹੈ ਪਟਿਆਲਾ ਦੇ ਇਕ ਮੁਸ਼ਾਇਰੇ ਵਿੱਚ ਜਦੋਂ ਰਾਹਤ ਇੰਦੋਰੀ ਆਪਣਾ ਕਲਾਮ ਸੁਣਾਉਣ ਲਈ ਖੜ੍ਹੇ ਹੋਏ ਤਾਂ ਇਕ ਵੀਡੀਓ ਗਰਾਫਰ ਜਦੋਂ ਉਨ੍ਹਾਂ ਦੀ ਮੂਵੀ ਬਨਾਉਣ ਲੱਗਿਆ ਤਾਂ ਉਨ੍ਹਾਂ ਮੰਚ ਤੋਂ ਹੀ ਉਸ ਨੂੰ ਮੁਖਾਤਿਬ ਹੁੰਦਿਆਂ ਆਖਿਆ ਕਿ "ਆਪ ਖਾਹਮਖਾਹ ਮੁਝੇ ਇਸ ਕੈਮਰੇ ਮੇਂ ਕੈਦ ਕਰਨੇ ਕੀ ਕੋਸ਼ਿਸ਼ ਕਰ ਰਹੇ ਹੈਂ ਹਾਲਾਂਕਿ ਇਸ ਮੈਂ ਕੈਦ ਹੋਣੇ ਵਾਲਾ ਨਹੀਂ ਹੂੰ। (ਦਰਅਸਲ ਉਨ੍ਹਾਂ ਇਸ਼ਾਰਾ ਆਪਣੇ ਕਾਲੇ ਰੰਗ ਵੱਲ ਸੀ) ਇਸੇ ਤਰ੍ਹਾਂ ਰਾਹਤ ਦੇ ਅਕਸਰ ਮੁਸ਼ਾਇਰਿਆਂ ਦੌਰਾਨ ਜਦੋਂ ਉਹ ਕਲਾਮ ਸੁਣਾਉਂਦੇ ਸੁਣਾਉਂਦੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਾ ਤਾਂ ਅਕਸਰ ਉਨ੍ਹਾਂ ਦੀ ਜਿੰਦਾਦਿਲੀ ਦੇ ਲੋਕੀ ਕਾਇਲ ਹੋ ਜਾਂਦੇ।
ਇਸ ਤੋਂ ਪਹਿਲਾਂ ਜਦੋਂ ਬੀ ਏ ਵਿੱਚ ਪੜਦਾ ਸਾਂ ਤਾਂ ਇਕ ਮੁਸ਼ਾਇਰੇ ਦੀ ਸਮਾਪਤੀ ਤੇ ਮੈਂ ਆਪਣੀ ਇਕ ਡਾਇਰੀ ਰਾਹਤ ਸਾਹਿਬ ਮੂਹਰੇ ਕਰਦਿਆਂ ਆਟੋਗ੍ਰਾਫ ਦੇਣ ਦੀ ਗੁਜਾਰਿਸ਼ ਕੀਤੀ ਤਾਂ ਉਨ੍ਹਾਂ ਓਸ ਡਾਇਰੀ ਤੇ ਜੋ ਸ਼ੇਅਰ ਲਿਖਿਆ ਸੀ ਉਹ ਇਹ ਸੀ ਕਿ :
ਬਣ ਕੇ ਇੱਕ ਹਾਦਸਾ ਅਖਬਾਰ ਮੇਂ ਆ ਜਾਏਗਾ।
ਜੋ ਨਹੀਂ ਹੋਗਾ ਵੋਹ ਅਖਬਾਰ ਮੇਂ ਆ ਜਾਏਗਾ।।
ਇਸੇ ਗਜ਼ਲ ਦਾ ਇਕ ਹੋਰ ਸ਼ੇਅਰ ਬਹੁਤ ਮਸ਼ਹੂਰ ਹੋਇਆ ਸੀ ਜਿਸ ਚ ਉਨ੍ਹਾਂ ਅਜੌਕੀ ਰਾਜਨੀਤੀ ਦੀ ਵਿਡੰਬਣਾ ਕਰਦਿਆਂ ਕਿਹਾ ਸੀ ਕਿ :
ਚੋਰ ਉੱਚਕੋਂ ਕੀ ਕਰੋ ਕਦਰ ਕਿ ਮਾਲੂਮ ਨਹੀਂ।
ਕੌਣ ਕਬ ਕੋਨਸੀ ਸਰਕਾਰ ਮੇਂ ਆ ਜਾਏਗਾ।।
ਆਪਣੇ ਮਰਨ ਤੋਂ ਕੁਝ ਘੰਟੇ ਪਹਿਲਾਂ ਉਨ੍ਹਾਂ ਸੋਸ਼ਲ ਮੀਡੀਆ ਤੇ ਆਪਣੇ ਚਾਹੁਣ ਵਾਲਿਆਂ ਨੂੰ ਕਿਹਾ ਕਿ "ਕੋਵਿਡ ਦੇ ਸ਼ੁਰੂਆਤੀ ਲੱਛਣ ਵਿਖਾਈ ਦੇਣ ਉਪਰੰਤ ਕਲ ਮੇਰਾ ਕਰੋਨਾ ਟੈਸਟ ਕੀਤਾ ਗਿਆ ਜਿਸ ਦੀ ਰਿਪੋਰਟ ਪੋਜਟਿਵ ਆਈ ਹੈ। ਜਿਸ ਦੇ ਚਲਦਿਆਂ ਅਰਬਿੰਦੋ ਹਸਪਤਾਲ ਵਿੱਚ ਭਰਤੀ ਹਾਂ, ਦੁਆ ਕਰਨਾ ਕਿ ਜਲਦੀ ਤੋਂ ਜਲਦੀ ਬੀਮਾਰੀ ਨੂੰ ਮਾਤ ਦੇ ਦੇਵਾਂ।
ਇਸ ਦੇ ਨਾਲ ਹੀ ਉਨ੍ਹਾਂ ਇੱਕ ਹੋਰ ਬੇਨਤੀ ਕੀਤੀ ਕਿ ਮੈਨੂੰ ਜਾਂ ਘਰ ਦੇ ਲੋਕਾਂ ਨੂੰ ਫੋਨ ਨਹੀਂ ਕਰਨਾ। ਮੇਰੀ ਖੈਰੀਅਤ (ਸਿਹਤ ਸੰਬੰਧੀ ਜਾਣਕਾਰੀ) ਟਵਿਟਰ ਅਤੇ ਫੇਸਬੁੱਕ ਤੇ ਆਪ ਨੂੰ ਮਿਲਦੀ ਰਹੇਗੀ " ਪ੍ਰੰਤੂ ਕੁਦਰਤ ਨੂੰ ਕੁਝ ਹੋਰ ਹੀ ਮਨਜੂਰ ਸੀ ਅਰਥਾਤ ਉਸੇ ਸ਼ਾਮ ਨੂੰ ਕਰੀਬ ਪੰਜ ਵਜੇ ਡਾਕਟਰ ਅਨੁਸਾਰ ਉਨ੍ਹਾਂ ਨੂੰ ਦਿਲ ਦੇ ਦੋ ਦੌਰੇ ਪਏ ਅਤੇ ਉਹਨਾਂ ਮੌਤ ਹੋ ਗਈ । ਜਿਵੇਂ ਹੀ ਉਨ੍ਹਾਂ ਮੌਤ ਹੋਈ ਤਾਂ ਇਹ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਅਤੇ ਦੇਸ਼ ਭਰ ਵਿਚ ਉਨ੍ਹਾਂ ਦੇ ਚਾਹੁਣ ਵਾਲਿਆਂ ਦੇ ਦਿਲਾਂ ਅੰਦਰ ਇਕ ਮਾਤਮ ਪਸਰ ਗਿਆ।11 ਅਗਸਤ ਦੀ ਰਾਤ ਨੂੰ ਹੀ ਸਾਢੇ ਨੌਂ ਵਜੇ ਦੇ ਕਰੀਬ ਰਾਹਤ ਸਾਹਿਬ ਦੇ ਜਿਸਮ ਨੂੰ ਛੋਟੀ ਖਜਰਾਨੀ (ਇੰਦੋਰ) ਦੇ ਇੱਕ ਕਬਰਿਸਤਾਨ ਵਿਖੇ ਸਪੁਰਦ-ਏ-ਖਾਕ ਕਰ ਦਿੱਤਾ ਗਿਆ। ਉਨ੍ਹਾਂ ਦੇ ਦਫਨਾਉਣ ਦੀ ਖਬਰ ਪੜਦਿਆਂ ਇਕ ਸ਼ੇਅਰ ਸਹਿਜੇ ਹੀ ਦਿਮਾਗ ਵਿੱਚ ਘੁੰਮ ਗਿਆ ਕਿ :
ਦੋ ਗਜ਼ ਸਹੀ ਮਗਰ ਯੇਹ ਮੇਰੀ ਮਲਕੀਅਤ ਤੋਂ ਹੈ।
ਐ ਮੌਤ ਤੂਨੇ ਮੁਝ ਕੋ ਜ਼ਿਮੀਂਦਾਰ ਕਰ ਦੀਆ।।