ਸਿੱਖਿਆਰਥੀਆਂ ਲਈ ਵਿਸ਼ੇਸ਼ : ਪੋਸਟ ਗ੍ਰੈਜੂਏਸ਼ਨ ਕਰਨ ਉਪਰੰਤ ਕੀ ਪੜ੍ਹੀਏ, ਕੀ ਕਰੀਏ ?

06/11/2020 10:53:23 AM

ਪ੍ਰੋ.ਜਸਵੀਰ ਸਿੰਘ
(917743029901)

ਸਿੱਖਣ ਸਿਖਾਉਣ ਦੀ ਪ੍ਰਕਿਰਿਆ ਦੋ ਮਕਸਦਾ ਨੂੰ ਮੁੱਖ ਰੱਖਕੇ ਵਿਚਾਰੀ ਜਾਣੀ ਚਾਹੀਦੀ ਹੈ। ਸਾਡਾ ਪਹਿਲਾ ਮਕਸਦ ਹੁੰਦਾ ਹੈ ਕਿ 'ਸਿੱਖਿਆ ਦੇ ਕੇ ਵਿਦਿਆਰਥੀਆਂ ਅੰਦਰ ਮਾਨਵੀ ਸਰੋਕਾਰਾਂ ਨੂੰ ਜਿਉਂਦੇ ਰੱਖਣਾ' ਅਤੇ ਦੂਜਾ ਮਕਸਦ ਰੁਜ਼ਗਾਰ ਦੀ ਪ੍ਰਾਪਤੀ। ਇੱਥੇ ਗ਼ੌਰਤਲਬ ਹੈ ਕਿ ਸਿੱਖਿਆ ਪ੍ਰਾਪਤ ਕਰਕੇ ਕਿਸੇ ਨਾ ਕਿਸੇ ਫੀਲਡ ਵਿਚ ਮੁਹਾਰਤ ਹਾਸਲ ਕਰਨੀ, ਕਿਉਂਕਿ ਅਜੋਕੀ ਜੀਵਨ ਸ਼ੈਲੀ ਵਿਚ ਵਧੀਆ ਕਾਰਗੁਜ਼ਾਰੀ ਨੂੰ ਪਹਿਲ ਦਿੱਤੀ ਜਾਂਦੀ ਹੈ। ਜਿਸ ਦਾ ਆਧਾਰ ਤੁਹਾਡੀ ਮਿਹਨਤ, ਲਗਨ ਅਤੇ ਆਪਣੇ ਕੰਮ ਪ੍ਰਤੀ ਦਿਆਨਤਦਾਰੀ ਦਾ ਸਿੱਟਾ ਹੁੰਦਾ ਹੈ। ਰੋਜ਼ੀ ਰੋਟੀ ਲਈ ਵਿਹਾਰਕ ਸਿੱਖਿਆ (ਪ੍ਰੋਫ਼ੈਸ਼ਨਲ ਸਟੱਡੀ) ਨੂੰ ਪਹਿਲ ਦਿੱਤੀ ਜਾਂਦੀ ਰਹੀ ਹੈ। 

ਆਮ ਵਿਚਾਰ ਹੈ ਕਿ ਸਿੱਖਿਆ ਤਿੰਨ ਕਿਸਮਾਂ ਦੀ ਹੁੰਦੀ ਹੈ। ਪਹਿਲੀ ਰਸਮੀ, ਦੂਜੀ ਅਣ-ਰਸਮੀ ਤੇ ਤੀਜੀ ਗ਼ੈਰ-ਰਸਮੀ। ਹਰ ਵਿਦਿਆਰਥੀ ਪਹਿਲੀ ਤੋਂ ਦਸਵੀਂ ਤੱਕ ਪਹਿਲਾ ਪੜਾਅ,11ਵੀਂ ਤੇ 12ਵੀਂ ਦੂਜਾ ਪੜਾਅ, ਬੀ.ਏ.,ਬੀ.ਸੀ.ਏ.,ਬੀ.ਕਾਮ ਆਦਿ (ਗਰੈਜੂਏਸ਼ਨ) ਦਾ ਤੀਜਾ ਸਿੱਖਣ ਪੜਾਅ ਤਹਿ ਕਰਕੇ ਹੀ ਐੱਮ.ਏ., ਐੱਮ.ਸੀ.ਏ., ਐੱਮ.ਕਾਮ (ਪੋਸਟ ਗ੍ਰੈਜੂਏਸ਼ਨ) ਦੀ ਪੜ੍ਹਾਈ ਕਰਨ ਦੇ ਕਾਬਲ ਹੁੰਦਾ ਹੈ। 

ਇੱਥੇ ਵਿਚਾਰਨ ਯੋਗ ਹੈ ਕਿ ਪੋਸਟ ਗ੍ਰੈਜੂਏਸ਼ਨ ਰੈਗੂਲਰ ਵੀ ਕੀਤੀ ਜਾ ਸਕਦੀ ਹੈ ਅਤੇ ਪੱਤਰ ਵਿਹਾਰਕ ਵੀ। ਪੋਸਟ ਗ੍ਰੈਜੂਏਸ਼ਨ ਤੁਹਾਡੇ ਵਲੋਂ ਗ੍ਰੈਜੂਏਸ਼ਨ ਵਿਚ ਪੜ੍ਹੇ ਹੋਏ ਕਿਸੇ ਇਕ ਵਿਸ਼ੇ ਨੂੰ ਆਧਾਰ ਬਣਾਕੇ ਕੀਤੀ ਜਾਂਦੀ ਹੈ। ਜਿਸ ਵਿਚ ਚੁਣੇ ਵਿਸ਼ੇ ਵਿਚ ਪੂਰੀ ਜਾਣਕਾਰੀ ਜਾਂ ਕਹਿ ਸਕਦੇ ਹੋ ਕਿ ਮੁਹਾਰਤ ਹਾਸਲ ਕਰਨ ਤੱਕ ਦੀ ਪੜ੍ਹਾਈ ਹੁੰਦੀ ਹੈ। ਜਿਸ ਤੋਂ ਅਗਾਂਹ ਰਸਮੀ ਸਿੱਖਿਆ ਸਮਾਪਤ ਸਮਝੀ ਜਾਂਦੀ ਹੈ ਅਤੇ ਸਿਖਿਆਰਥੀ ਅੱਗੇ ਖੋਜ ਕਰਦਾ ਹੈ ਤੇ ਇਉਂ ਖੋਜਾਰਥੀ ਬਣ ਜਾਂਦਾ ਹੈ। 

ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਤੁਹਾਡੇ ਸਾਹਮਣੇ ਦੋ ਰਾਹ ਹੁੰਦੇ ਹਨ ਇਕ ਰੁਜ਼ਗਾਰ ਦਾ ਅਤੇ ਦੂਜਾ ਪੜ੍ਹਾਈ ( ਐੱਮ.ਫਿੱਲ ਅਤੇ ਪੀ.ਐੱਚ.ਡੀ.) ਨੂੰ ਲਗਾਤਾਰ ਜਾਰੀ ਰੱਖਣ ਦਾ ਪਰ ਅਜੋਕੇ ਵੇਲੇ ਰੁਜ਼ਗਾਰ ਕਰਨ ਦੇ ਨਾਲ-ਨਾਲ ਵੀ ਖੋਜ-ਕਾਰਜ ਭਾਵ ਅਗਲੀ ਪੜ੍ਹਾਈ ਨੂੰ ਜਾਰੀ ਰੱਖਿਆ ਜਾ ਸਕਦਾ ਹੈ। ਜਿਉਂ ਜਿਉਂ ਜਮਾਤਾਂ ਵੱਡੀਆਂ ਹੁੰਦੀਆਂ ਜਾਂਦੀਆਂ ਹਨ, ਤਿਉਂ ਤਿਉਂ ਜ਼ਿੰਮੇਵਾਰੀ ਦੇ ਅਹੁੱਦਿਆਂ ਨੂੰ ਸੰਭਾਲਣ ਦਾ ਮੌਕੇ ਵੱਧ ਮਿਲਦੇ ਹਨ।

ਅੱਜ ਆਪਾਂ ਪੋਸਟ ਗ੍ਰੈਜੂਏਸ਼ਨ ਕਰਨ ਉਪਰੰਤ ਭਾਵ ਮਗਰੋਂ ਅਗਲੇਰੀ ਸਿੱਖਿਆ ਅਤੇ ਕਿੱਤਿਆਂ ਬਾਬਤ ਵਿਚਾਰ ਕਰਾਂਗੇ।

U.G.C 
ਪੋਸਟ ਗ੍ਰੈਜੂਏਸ਼ਨ ਕਰਨ ਉਪਰੰਤ ਵਿਦਿਆਰਥੀ ਯੂ.ਜੀ.ਸੀ. ( University Grants Commission ) ਨੈੱਟ (National Eligibility Test - NET) ਦਾ ਇਮਤਿਹਾਨ ਦੇ ਸਕਦੇ ਹਨ। ਜੋ ਕਿ ਐੱਨ.ਟੀ.ਏ. ( National Testing Agency - NTA) ਵਲੋਂ ਲਿਆ ਜਾਂਦਾ ਹੈ। ਇਹ ਇਮਤਿਹਾਨ ਪੋਸਟ ਗ੍ਰੈਜੂਏਸ਼ਨ ਦੇ ਵਿਸ਼ੇ ਦੇ ਆਧਾਰ 'ਤੇ ਹੀ ਦਿੱਤਾ ਜਾ ਸਕਦਾ ਹੈ ਪਰ ਯਾਦ ਰੱਖਣ ਯੋਗ ਨੁਕਤਾ ਇਹ ਹੈ ਕਿ ਨੈੱਟ ਅਧੀਨ ਇਸ ਪ੍ਰੀਖਿਆ ਨੂੰ ਦੋ ਭਾਗਾਂ/ਪੇਪਰਾਂ ਵਿਚ ਵੰਡ ਲਿਆ ਜਾਂਦਾ ਹੈ। ਪਹਿਲਾ ਪੇਪਰ ਸਾਧਾਰਨ/ਜੀ.ਕੇ./ਗਣਿਤ, ਭਾਸ਼ਾ, ਮਾਨਸਿਕ ਪੱਧਰ ਭਾਵ ਸਕੈਨਿੰਗ ਟੈਸਟ ਵਜੋਂ ਲਿਆ ਜਾਂਦਾ ਹੈ। ਇਸ ਤੋਂ ਬਾਅਦ ਵਕਫ਼ੇ ਦੀ ਦੇਰੀ ਨਾਲ ਹੀ ਤੁਹਾਡੇ ਵਲੋਂ ਚੁਣੇ ਵਿਸ਼ੇ ਦਾ ਪੇਪਰ ਲਿਆ ਜਾਂਦਾ ਹੈ। ਪਹਿਲਾਂ ਪਹਿਲ ਦੋ ਦੀ ਥਾਂ ਤਿੰਨ ਪੇਪਰ ਹੁੰਦੇ ਸੀ ਇਸੇ ਨਾਲ ਜ਼ਿਕਰਯੋਗ ਹੈ ਕਿ ਪਹਿਲਾ ਸਕੈਨਿੰਗ ਟੈਸਟ 'ਚੋਂ ਪਾਸ ਹੋਣ ਵਾਲੇ ਵਿਦਿਆਰਥੀਆਂ ਦਾ ਹੀ ਦੂਜਾ ਪੇਪਰ ਚੈੱਕ ਕੀਤਾ ਜਾਂਦਾ ਸੀ ਪਰ ਹੁਣ ਪਹਿਲੇ ਪੇਪਰ ਤੇ ਦੂਜਾ ਪੇਪਰ ਰਲਾ ਕੇ ਦੋਹਾਂ ਦੇ ਆਧਾਰ 'ਤੇ ਰਿਜ਼ਲਟ ਤਿਆਰ ਕੀਤਾ ਜਾਂਦਾ ਹੈ। ਇਸ ਨਾਲ ਅੱਜ - ਕੱਲ ਇਹ ਪੇਪਰ ਆਨ-ਲਾਈਨ ਕਰਵਾਇਆ ਜਾਣ ਲੱਗ ਪਿਆ ਹੈ, ਜੋ ਸਾਲ ਵਿਚ ਅਕਸਰ ਦੋ ਵਾਰ ਭਾਵ ਜੂਨ ਤੇ ਦਸੰਬਰ ਵਿਚ ਲਿਆ ਜਾਂਦਾ ਹੈ। ਯੂ.ਜੀ.ਸੀ. ਦੀ ਵੈਬਸਾਈਟ www.ugc.ac.in 'ਤੇ ਲਾਗਿਨ ਕਰਕੇ ਅਪਡੇਟਡ ਨੋਟੀਫਿਕੇਸ਼ਨ ਵੇਖੇ ਜਾ ਸਕਦੇ ਹਨ। 

ਅਪਲਾਈ ਕਰਨ ਦੀ ਯੋਗਤਾ 
ਜਦੋਂ ਤੁਸੀਂ ਯੂ.ਜੀ.ਸੀ./ਨੈੱਟ ਦੇ ਪੇਪਰ ਲਈ ਅਪਲਾਈ ਕਰਦੇ ਹੋ ਤਾਂ ਤੁਹਾਡੀ ਯੋਗਤਾ ਪੋਸਟ ਗ੍ਰੈਜੂਏਸ਼ਨ ਹੋਣੀ ਲਾਜ਼ਮੀ ਹੋਣ ਦੇ ਨਾਲ ਨਾਲ 55% ਅੰਕ ਹੋਣੇ ਜ਼ਰੂਰੀ ਸ਼ਰਤ ਹੈ। ਇਸੇ ਤਰ੍ਹਾਂ ਅਨੁਸੂਚਿਤ ਜਾਤੀਆਂ, ਜਨਜਾਤੀਆਂ ਅਤੇ ਪੱਛੜੀ ਜਾਤੀਆਂ ਲਈ 50% ਅੰਕ ਹੋਣੇ ਲਾਜ਼ਮੀ ਹੁੰਦੇ ਹਨ। 

J.R.F
ਇਸ ਤੋਂ ਅਗਲੇਰਾ ਨੁਕਤੇ ਬੜਾ ਅਹਿਮ ਹੈ ਕਿ ਯੂ.ਜੀ.ਸੀ. ਦਾ ਫਾਰਮ ਭਰਦਿਆਂ ਨਾਲ ਹੀ ਜੇ.ਆਰ.ਐੱਫ਼. (Junior Research Fellowship - JRF) ਲਈ ਵੀ ਅਪਲਾਈ ਕੀਤਾ ਜਾ ਸਕਦਾ ਹੈ। ਜੋ ਕਿ ਵਿਦਿਆਰਥੀਆਂ ਲਈ ਅਗਾਂਹ ਦੀ ਪੜ੍ਹਾਈ ਲਈ ਸਕਾਲਰਸ਼ਿਪ ਮਿਲਦੀ ਹੈ। ਜੇ.ਆਰ.ਐੱਫ਼. ਲਈ ਅਪਲਾਈ ਕਰਨ ਦੀ ਉਮਰ ਹੱਦ 30 ਸਾਲ ਸੁਨਿਸ਼ਚਿਤ ਕੀਤੀ ਗਈ ਹੈ। ਜੇ.ਆਰ.ਐੱਫ. ਕੁਆਲੀਫਾਈ ਕਰਨ ਵਾਲੇ ਵਿਦਿਆਰਥੀਆਂ ਨੇ ਛੇ ਮਹੀਨੇ ਦੇ ਅੰਦਰ ਅੰਦਰ ਦਾਖ਼ਲਾ ਲੈਣ ਹੁੰਦਾ ਹੈ। ਆਮ ਕਰਕੇ ਜੇ.ਆਰ.ਐੱਫ਼. ਕੁਆਲੀਫਾਈ ਕਰਨ ਵਾਲੇ ਵਿਦਿਆਰਥੀਆਂ ਨੂੰ 25000/- ਸਕਾਲਰਸ਼ਿਪ ਦੇ ਨਾਲ ਕਿਤਾਬਾਂ ਖਰੀਦਣ ਲਈ ਲਗਭਗ ਪੰਜ ਹਜ਼ਾਰ ਅਤੇ ਰੂਮ ਰੈਂਟ ਮਹੀਨੇ ਦਾ ਕਰੀਬ ਸੱਤ ਹਜ਼ਾਰ ਮਿਲਦਾ ਹੈ।ਇਉਂ ਵਿਦਿਆਰਥੀ ਘਰ ਤੋਂ ਬਾਹਰ ਰਹਿ ਕੇ ਵੀ ਪੜ੍ਹ ਸਕਦਾ ਹੈ। ਇਸ ਮਗਰੋਂ ਐੱਸ.ਆਰ.ਐੱਫ਼. ਭਾਵ ਸੀਨੀਅਰ ਰਿਸਰਚ ਫੈਲੋਸ਼ਿਪ ਮਿਲਣ ਨਾਲ ਪੰਜ ਸਾਲ ਤੱਕ ਖੋਜਾਰਥੀ ਸਰਕਾਰੀ ਵਲੋਂ ਦਿੱਤੀ ਜਾਂਦੀ ਸਕਾਲਰਸ਼ਿਪ 'ਤੇ ਪੜ੍ਹ ਸਕਦਾ ਹੈ। ਯੂ.ਜੀ.ਸੀ. ਨੈੱਟ ਕਰਨ ਮਗਰੋਂ ਵਿਦਿਆਰਥੀਆਂ ਕੋਲ ਪੀ.ਐਂਚ.ਡੀ. (Doctor of Philosophy) ਤੱਕ ਪੜ੍ਹ ਸਕਦਾ ਹੈ। 

ਨੌਕਰੀ - 
ਇਸ ਤੋਂ ਇਲਾਵਾ ਕਿਸੇ ਪੋਸਟ ਗ੍ਰੈਜੂਏਸ਼ਨ ਕਰਨ ਮਗਰੋਂ ਨੈੱਟ ਤੋਂ ਬਿੰਨ੍ਹਾਂ ਸਕੂਲ ਵਿਚ ਲੈਕਚਰਾਰ, ਨੈੱਟ ਪਾਸ ਕਰਕੇ ਕਾਲਜ ਵਿਚ ਅਸਿਸਟੈਂਟ ਪ੍ਰੋਫ਼ੈਸਰ ਜਾਂ ਨੈੱਟ ਮਗਰੋਂ ਪੀ.ਐੱਚ.ਡੀ. ਕਰਨ ਮਗਰੋਂ ਯੂਨੀਵਰਸਿਟੀ ਵਿਚ ਐਸੋਸੀਏਟ ਪ੍ਰੋਫ਼ੈਸਰ ਲੱਗਿਆ ਜਾ ਸਕਦਾ ਹੈ। 

P.H.D
ਯੂ.ਜੀ.ਸੀ./ਨੈੱਟ ਦਾ ਇਮਤਿਹਾਨ ਪਾਸ ਕਰਨ ਉਪਰੰਤ ਪੀ. ਐੱਚ. ਡੀ. ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਵੱਖ-ਵੱਖ ਯੂਨੀਵਰਸਿਟੀਆਂ ਅਧੀਨ ਐਟਰਸ ਟੈਸਟ ਦੇ ਕੇ ਅਤੇ ਚੰਗੇ ਅੰਕ ਲੈ ਕੇ, ਨਾ ਕੇਵਲ ਖੋਜ ਕਾਰਜ ਹੀ ਸਗੋਂ ਲੋੜੀਂਦੀ ਸਕਾਲਰਸ਼ਿਪ ਸਹਿਤ ਪੜ੍ਹਾਈ ਕੀਤੀ ਜਾ ਸਕਦੀ ਹੈ। ਦੱਸਣਯੋਗ ਹੈ ਕਿ ਪੀ.ਐੱਚ.ਡੀ. ਕਰਦਿਆਂ ਹੀ ਪ੍ਰੋਜੈਕਟ ਵਰਕ ਜਾਂ ਸਰਵੇ ਦੇ ਕਾਰਜ ਦੀ ਜ਼ਿੰਮੇਵਾਰੀ ਨਿਭਾਈ ਜਾ ਸਕਦੀ ਹੈ। ਜਿਸ ਦਾ ਸਾਰਾ ਖ਼ਰਚ ਸੰਸਥਾ ਵਲੋਂ ਕੀਤਾ ਜਾਂਦਾ ਹੈ। ਪੀ.ਐੱਚ.ਡੀ. ਕਰਨ ਉਪਰੰਤ ਪੋਸਟ ਡਾਕਟਰ ਸਕਾਲਰਸ਼ਿਪ ਅਧੀਨ ਵਿਦੇਸ਼ ਵਿਚ ਪੜ੍ਹਾਈ/ਖੋਜ ਦੇ ਮੌਕੇ ਮਿਲਣ ਦੇ ਆਸਾਰ ਵੱਧ ਜਾਂਦੇ ਹਨ। 

ਹਰ ਖੇਤਰ
ਐੱਮ.ਏ. ਕਰਨ ਮਗਰੋਂ ਤੁਸੀਂ ਲੇਖਕ, ਸਕ੍ਰਿਪਟ ਲੇਖਕ, ਵਧੀਆ ਉਚਾਰਨ ਹੋਣ 'ਤੇ ਐਂਕਰ ਜਾਂ ਲੈਕਚਰ ਆਦਿ ਦਾ ਅਹੁੱਦਾ ਪ੍ਰਾਪਤ ਕਰ ਸਕਦੇ ਹੋ। ਸਿਵਲ ਸਰਵਿਸਿਜ਼ ਲਈ ਬੇਸ਼ੱਕ ਬੀ.ਏ. ਮਗਰੋਂ ਅਪਲਾਈ ਕੀਤਾ ਜਾ ਸਕਦਾ ਹੈ ਪਰ ਪੋਸਟ ਗ੍ਰੈਜੂਏਸ਼ਨ ਕਰਨ ਉਪਰੰਤ ਗਿਆਨ ਦਾ ਘੇਰਾ ਵਸੀਹ ਹੋਣ ਕਰਕੇ ਚੰਗੇ ਮੌਕਿਆਂ ਨੂੰ ਸੰਭਾਲਿਆ ਜਾ ਸਕਦਾ ਹੈ।ਇਸੇ ਤਰ੍ਹਾਂ ਮਾਸ ਮੀਡੀਆ ਭਾਵ ਜਰਨੇਲਿਜ਼ਮ ਦੀ ਪੜ੍ਹਾਈ ਕਰਕੇ ਕਿਸੇ ਟੀ.ਵੀ. ਐਂਕਰ, ਪੱਤਰਕਾਰ ਦੀ ਭੂਮਿਕਾ ਤੋਂ ਇਲਾਵਾ ਪ੍ਰਿੰਟ ਮੀਡੀਆ ਦੇ ਖੇਤਰ ਵਿਚ ਰੁਜ਼ਗਾਰ ਲਈ ਵਿਚਾਰ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਅਭਿਨੈ ਦੇ ਖੇਤਰ ਵਿਚ ਵੀ ਅੱਗੇ ਵਧਿਆ ਜਾ ਸਕਦਾ ਹੈ ਅਤੇ ਇਸ ਖੇਤਰ ਦੇ ਤਕਨੀਕੀ ਪੱਖ ਕੈਮਰਾਗ੍ਰਾਫ਼ੀ, ਡਿਜ਼ਾਇਨਿੰਗ ਆਦਿ ਵਿਚ ਵੀ ਭਵਿੱਖ ਵੇਖਿਆ ਜਾ ਸਕਦਾ ਹੈ।

ਜਿਹੜੇ ਵਿਦਿਆਰਥੀਆਂ ਨੂੰ ਵਪਾਰ, ਲੇਖਾਕਾਰੀ ਤੇ ਹਿਸਾਬ ਆਦਿਕ ਦੇ ਖੇਤਰ ਵਿਚ ਰੁਚੀ ਹੋਵੇ ਓਹ ਐੱਮ.ਕਾਮ ਕਰ ਸਕਦੇ ਹਨ। ਇਸ ਤੋਂ ਇਲਾਵਾ ਪੋਸਟ ਗ੍ਰੈਜੂਏਸ਼ਨ ਕਰਨ ਵਾਲੇ ਵਿਦਿਆਰਥੀਆਂ ਲਈ ਵੱਖ-ਵੱਖ ਯੋਗਤਾ ਇਮਤਿਹਾਨ ਦੇਣ ਮਗਰੋਂ ਜਿਵੇ ਯੂਨੀਅਨ ਪਬਲਿਕ ਕਮਿਸ਼ਨ ਦੇ ਸਲਾਨਾ ਟੈਸਟ ਕਰਕੇ 'ਇੰਡੀਅਨ ਇੰਜੀਨੀਅਰਿੰਗ ਸਰਵਿਸਿਜ਼' ਨਾਲ ਸੰਬੰਧਿਤ ਨੌਕਰੀਆਂ ਲਈ ਅਪਲਾਈ ਕਰ ਸਕਦੇ ਹਨ। ਇਸ ਤਰ੍ਹਾਂ ਸਰਕਾਰੀ ਰੇਲਵੇ ਵਿਚ ਨੌਕਰੀਆਂ ਲਈ ਅਪਲਾਈ ਕਰਨ ਦਾ ਵਿਕਲਪ ਵੀ ਚੁਣਿਆ ਜਾ ਸਕਦਾ ਹੈ।

ਐੱਮ.ਟੈਕ ਤੋਂ ਬਾਅਦ
ਐੱਮ.ਟੈਕ ਮਗਰੋਂ, ਜਿੱਥੇ ਨੌਕਰੀ ਲਈ ਜਦੋਜਹਿਦ ਕੀਤੀ ਜਾ ਸਕਦੀ ਹੈ ਉੱਥੇ ਅਗਲੇ ਪੜਾਅ ਦੀ ਪੜ੍ਹਾਈ ਕਰਕੇ ਇੰਜੀਨੀਅਰਿੰਗ ਕੋਰਸ ਦੇ ਕਾਲਜਾਂ ਵਿਚ ਸਥਾਈ ਪ੍ਰੋਫ਼ੈਸਰ ਵੀ ਲੱਗ ਸਕਦੇ ਹੋ।ਅਜਿਹੇ ਵਿਚ ਹੀ ਕੰਪਿਊਟਰ, ਇਲੈਕਟ੍ਰਾਨਿਕ, ਸਿਵਲ, ਭਵਨ-ਨਿਰਮਾਣਤਾ, ਪ੍ਰੋਡਕਸ਼ਨ ਅਤੇ ਟੈਕਸਟਾਈਲ ਆਦਿ ਵਿਸ਼ਿਆਂ ਦੀ ਤਕਨੀਕੀ ਪੜ੍ਹਾਈ ਰੁਜ਼ਗਾਰ ਲਈ ਲਾਹੇਵੰਦ ਸਾਬਤ ਹੁੰਦੀ ਹੈ।

ਆਈ.ਟੀ. ਦੇ ਖੇਤਰ ਵਿਚ ਰੁਜ਼ਗਾਰ ਦੇ ਬੇਸ਼ੁਮਾਰ ਮੌਕੇ ਹਨ। ਜਿਸ ਨੂੰ ਕੰਪਿਊਟਰ ਦੀ ਸਮਝ ਹੈ, ਇਸ ਵਿਚ ਚੰਗੀ ਪੜ੍ਹਾਈ ਹੈ ਉਹ ਕਿਸੇ ਸੰਸਥਾ ਵਿਚ ਲੈਕਚਰਾਰ ਬਣ ਸਕਦਾ ਹੈ। ਉਸ ਕੋਲ ਵੈਬ-ਡਿਵੈਲਪਰ ਦੀ ਆਪਸ਼ਨ ਵੀ ਹੈ ਤੇ ਪ੍ਰੋਗਰਾਮਰ ਹੋਣ ਦੇ ਨਾਲ-ਨਾਲ ਸ਼ੋਸਲ ਮੀਡੀਆਈ ਖੇਤਰ ਵਿਚ ਆਪਣੀਆਂ ਸੰਭਾਵਨਾਵਾਂ ਵੇਖਣ ਲਈ ਅਨੇਕਾਂ ਰਾਹ ਖੁੱਲ੍ਹੇ ਹੁੰਦੇ ਹਨ। ਇਲੈਕਟ੍ਰਾਨਿਕ ਜਾਂ ਸਿਵਲ ਦੀ ਲਾਈਨ ਵਾਲੇ ਪੜ੍ਹਨ ਦੇ ਨਾਲ ਨਾਲ ਸਰਕਾਰੀ, ਗ਼ੈਰ ਸਰਕਾਰੀ ਜਾਂ ਨਿੱਜੀ ਅਦਾਰਿਆਂ ਵਿਚ ਨੌਕਰੀਆਂ ਲਈ ਅਪਲਾਈ ਕਰ ਸਕਦੇ ਹਨ। ਅਜਿਹਾ ਕਰਨ ਮਗਰੋਂ ਜਾਂ ਕਹਿ ਲਵੋ ਕਿ ਚੰਗੇ ਤਜ਼ੁਰਬੇ ਪ੍ਰਾਪਤ ਕਰਨ ਮਗਰੋਂ ਸ੍ਵੈ ਰੁਜ਼ਗਾਰ ਭਾਵ ਆਪਣਾ ਕਿੱਤਾ/ਕੰਮ ਵੀ ਸ਼ੁਰੂ ਕੀਤਾ ਜਾ ਸਕਦਾ ਹੈ।

PunjabKesari

ਤੁਸੀਂ ਬੇਸ਼ੱਕ ਕਿਸੇ ਵੀ ਖੇਤਰ ਪੋਸਟ ਗ੍ਰੈਜੂਏਸ਼ਨ ਕੀਤੀ ਹੋਵੇ ਇਹੀ ਚੰਗਾ ਹੋਵੇਗਾ ਕਿ ਕਿਸੇ ਰੁਜ਼ਗਾਰ ਨੂੰ ਪਹਿਲ ਦੇਣ ਦੇ ਨਾਲ-ਨਾਲ ਆਪਣੀ ਆਗਲੀ ਸਿੱਖਿਆ ਨੂੰ ਜਾਰੀ ਰੱਖਿਆ ਜਾਵੇ। ਭਵਿੱਖ ਵਿਚਲੀਆਂ ਸੰਭਾਵਨਾ ਨੂੰ ਸਾਰਥਿਕ ਬਣਾਇਆ ਜਾਵੇ ਕਿਉਂਕਿ ਮਿਹਨਤ, ਲਗਨ ਤੇ ਅਗਾਂਹਵਧੂ ਸੋਚ ਹੀ ਵੱਡੀਆਂ ਮੰਜ਼ਿਲਾਂ ਸਰ ਕਰਨ ਦਾ ਹੀਆ ਕਰ ਸਕਦੀ ਹੈ। ਆਖ਼ਰ ਵਿਚ ਆਪਣਾ ਖੇਤਰ ਵੇਖੋ, ਵਿਚਾਰੋ ਤੇ ਅਗਾਂਹ ਵਧੋ।


rajwinder kaur

Content Editor

Related News