ਵਰਤਮਾਨ ਸਮੇਂ 'ਚ ਪੰਜਾਬੀ ਮਾਂ ਬੋਲੀ ਦਾ ਰੁਤਬਾ ਸੰਭਾਲਣ ਦੀ ਲੋੜ

02/21/2021 5:20:00 PM

ਦੁਨੀਆਂ ਵਿਚ ਵੱਖ-ਵੱਖ ਵੰਨਗੀਆਂ ਦੇ ਲੋਕ ਰਹਿੰਦੇ ਹਨ, ਜੋ ਵੱਖੋ-ਵੱਖਰੇ ਸੱਭਿਆਚਾਰ ਤੇ ਬੋਲੀ ਨਾਲ ਸੰਬੰਧ ਰੱਖਦੇ ਹਨ। ਹਰੇਕ ਵਿਅਕਤੀ ਨੂੰ ਆਪਣੀ ਬੋਲੀ ਤੇ ਮਾਣ ਹੁੰਦਾ ਹੈ। ਬੋਲੀ ਸਾਡੀ ਪਹਿਚਾਣ ਤੇ ਵਿਅਕਤਿਤਵ ਨੂੰ ਪ੍ਰਤੱਖ ਕਰਨ ਵਿੱਚ ਅਹਿਮ ਭੂਮਿਕਾ ਅਦਾ ਕਰਦੀ ਹੈ। ਸੰਸਾਰ ਦੀਆਂ ਅਣਗਿਣਤ ਭਾਸ਼ਾਵਾਂ ਵਿਚੋਂ ਕੁਝ ਕੁ ਹੀ ਚੋਣਵੀਆਂ ਭਾਸ਼ਾਵਾਂ ਹਨ ਜੋ ਆਪਣੀ ਵਿਲੱਖਣਤਾ ਕਰਕੇ ਪੂਰੀ ਦੁਨੀਆਂ ਵਿੱਚ ਜਾਣੀਆਂ ਜਾਂਦੀਆਂ ਹਨ। ਪੰਜਾਬੀ ਬੋਲੀ ਅਜਿਹੀਆਂ ਹੀ ਭਾਸ਼ਾਵਾਂ ਵਿਚੋਂ ਇੱਕ ਹੈ ਜਿਸ ਨੂੰ ਆਪਣੇ ਮਾਣਮੱਤੇ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਪੰਜਾਬੀ ਬੋਲੀ ਦਾ ਇਤਿਹਾਸ ਸਦੀਆਂ ਪੁਰਾਣਾ ਹੈ। ਸਿੱਖ ਗੁਰੂ ਸਾਹਿਬਾਨ ਨੇ ਇਸ ਨੂੰ ਬਣਦੀ ਥਾਂ ਦੁਆਈ ਅਤੇ ਗੁਰੂਆਂ ਦੇ ਮੁੱਖ ਤੋਂ ਗੁਰਮੁਖੀ ਦਾ ਸਫ਼ਰ ਸ਼ੁਰੂ ਹੋਇਆ। ਜਿਸ ਨੂੰ ਬਾਅਦ ਵਿਚ ਪੜ੍ਹਿਆ ਤੇ ਲਿਖਿਆ ਜਾਣ ਲੱਗਾ। ਅਨੇਕਾਂ ਧਾਰਮਿਕ ਤੇ ਇਤਿਹਾਸਿਕ ਪੁਸਤਕਾਂ ਇਸ ਵਿਚ ਲਿਖੀਆਂ ਗਈਆਂ। ਇਸ ਤੋਂ ਇਲਾਵਾ ਸਾਹਿਤ ਦੀਆਂ ਅਨੇਕਾਂ ਵੰਨਗੀਆਂ ਦੀ ਰਚਨਾ ਵੀ ਪੰਜਾਬੀ ਵਿਚ ਹੋਈ ਜਿਸ ਨੇ ਇਸਦਾ ਧੁਰਾ ਹੋਰ ਮਜ਼ਬੂਤ ਕੀਤਾ। ਅਜੋਕੇ ਸਮੇਂ ਪੰਜਾਬੀ ਬੋਲੀ ਦਾ ਰੁਤਬਾ ਪਹਿਲਾਂ ਵਰਗਾ ਨਹੀਂ ਰਿਹਾ ਕੋਈ ਸਮਾਂ ਸੀ ਜਦੋਂ ਪੰਜਾਬੀ ਦਾ ਨਾਮ ਸੁਣ ਕੇ ਅਪਣੱਤ ਤੇ ਮੋਹ ਦਾ ਅਹਿਸਾਸ ਹੁੰਦਾ ਸੀ ਪਰ ਹੁਣ ਅਸੀਂ ਖੁਦ ਇਸ ਵਿਚ ਹਿੰਦੀ ਤੇ ਅੰਗਰੇਜ਼ੀ ਦਾ ਰਲੇਵਾਂ ਕਰਕੇ ਆਪਣੀ ਮਾਂ ਬੋਲੀ ਦਾ ਰੂਪ ਵਿਗਾੜਨ ਤੇ ਲੱਗੇ ਹੋਏ ਹਾਂ। ਇਥੋਂ ਤੱਕ ਕਿ ਹੋਰਨਾਂ ਭਾਸ਼ਾਵਾਂ ਦੇ ਕਈ ਸ਼ਬਦ ਜ਼ਬਰਦਸਤੀ ਸਾਡੀ ਬੋਲੀ ਵਿੱਚ ਥਾਂ ਬਣਾ ਰਹੇ ਹਨ ਜਿਸ ਕਾਰਨ ਮੂਲ ਪੰਜਾਬੀ ਸ਼ਬਦ ਅਲੋਪ ਹੋ ਰਹੇ ਹਨ, ਜਿਵੇਂ ਪੰਜਾਬੀ ਸ਼ਬਦ ਜਿੰਦਰੇ ਦੀ ਜਗ੍ਹਾ ਤਾਲਾ ਜਾਂ ਲੌਕ ਬੋਲਿਆ ਜਾਣ ਲੱਗਾ ਹੈ ਜਿਸ ਕਾਰਨ ਇਸ ਸ਼ਬਦ ਦੀ ਵਰਤੋਂ ਘਟ ਗਈ ਹੈ। ਅਜਿਹੇ ਹੋਰ ਵੀ ਅਨੇਕਾਂ ਸ਼ਬਦ ਹਨ ਜੋ ਹੌਲੀ-ਹੌਲੀ ਸਾਡੀ ਬੋਲਚਾਲ ਵਿਚ ਆਪ ਮੁਹਾਰੇ ਸ਼ਾਮਿਲ ਹੋ ਰਹੇ ਹਨ ਤੇ ਦੁੱਖ ਦੀ ਗੱਲ ਇਹ ਹੈ ਇਸ ਬਾਰੇ ਬਹੁਤ ਥੋੜੇ ਲੋਕ ਸੁਚੇਤ ਹਨ।
ਅਜੱ ਕਲ ਬੱਚਿਆਂ ਨੂੰ ਪੰਜਾਬੀ ਨਾਲ਼ੋਂ ਅੰਗਰੇਜ਼ੀ ਸ਼ਬਦ ਬੋਲਣੇ ਵਧੇਰੇ ਸਿਖਾਏ ਜਾ ਰਹੇ ਹਨ ਅਤੇ ਕਿਸੇ ਸਾਕ ਸੰਬੰਧੀ ਦੇ ਆਉਣ ਤੇ ਉਹਨਾਂ ਸ਼ਬਦਾਂ ਦੀ ਬੱਚੇ ਦੁਆਰਾ ਪੇਸ਼ਕਾਰੀ ਕਰਾ ਕੇ ਵਾਹ-ਵਾਹ ਖੱਟਣ ਦੀ ਰੀਤ ਬਣਦੀ ਜਾ ਰਹੀ ਹੈ। ਹਾਲਤ ਅਜਿਹੇ ਬਣ ਰਹੇ ਹਨ ਕਿ ਆਮ ਵਰਤੇ ਜਾਣ ਵਾਲੇ ਪੰਜਾਬੀ ਦੇ ਬਹੁਤੇ ਸ਼ਬਦਾਂ ਦਾ ਨਵੀਂ ਪਨੀਰੀ ਨੂੰ ਗਿਆਨ ਹੀ ਨਹੀਂ ਹੈ, ਜਿਵੇਂ ਕਮਰੇ ਦੀ ਥਾਂ ਰੂਮ, ਪੱਖੇ ਦੀ ਥਾਂ ਫੈਨ ਆਦਿ ਸ਼ਬਦ ਸੁਣਨ ਨੂੰ ਮਿਲਦੇ ਹਨ ਜੋ ਕਿ ਸਾਡੀ ਮਾਂ ਬੋਲੀ ਲਈ ਖ਼ਤਰੇ ਦੀ ਘੰਟੀ ਹਨ। ਜੇਕਰ ਵੇਖਿਆ ਜਾਵੇ ਤਾਂ ਪੰਜਾਬੀ ਦਾ ਘਾਣ ਕਰਨ ਲਈ ਅਸੀਂ ਆਪ ਹੀ ਜ਼ਿੰਮੇਵਾਰ ਹਾਂ ਹੋਰਨਾਂ ਭਾਸ਼ਾਵਾਂ ਨੂੰ ਸਿੱਖਣਾ ਮਾੜਾ ਨਹੀਂ ਪਰ ਆਪਣੀ ਮਾਂ ਬੋਲੀ ਨੂੰ ਖੂੰਜੇ ਲਾ ਦੇਣਾ ਵੀ ਸਿਆਣਪ ਨਹੀਂ ਹੈ। ਅਸੀਂ ਵਿਆਹਾਂ ਦੇ ਕਾਰਡ ਆਪਣੀ ਮਾਂ ਬੋਲੀ ਵਿੱਚ ਛਪਾਉਣ ਤੋਂ ਗੁਰੇਜ਼ ਕਰਦੇ ਹਾਂ। ਦੁਕਾਨਾਂ ਦੇ ਬਾਹਰ ਨਾਮ, ਇਸ਼ਤਿਹਾਰ, ਸੜਕਾਂ ਤੇ ਟਰੈਫਿਕ ਬੋਰਡ ਤੇ ਮੀਲ ਪੱਥਰ ਓਪਰੀਆਂ ਭਾਸ਼ਾਵਾਂ ਵਿਚ ਹੀ ਵਧੇਰੇ ਵੇਖਣ ਨੂੰ ਮਿਲਦੇ ਹਨ। ਇਸ ਦਾ ਇਕ ਕਾਰਨ ਇਹ ਵੀ ਹੈ ਕਿ ਕੁਝ ਲੋਕਾਂ ਦੀ ਸਮਝ ਮੁਤਾਬਿਕ ਪੰਜਾਬੀ ਕੇਵਲ ਤੇ ਕੇਵਲ ਅਨਪੜਾਂ ਤੇ ਪੇਂਡੂਆਂ ਦੀ ਬੋਲੀ ਹੈ। ਜਿਸ ਦਾ ਕੋਈ ਜਿਆਦਾ ਮਹੱਤਵ ਨਹੀਂ ਹੈ ਪਰ ਇਤਿਹਾਸ ਗਵਾਹ ਹੈ ਕਿ ਜੋ ਕੌਮ ਆਪਣੀ ਬੋਲੀ ਦੀ ਬੇਕਦਰੀ ਹੁੰਦੀ ਵੇਖ ਕੇ ਚੁੱਪ ਰਹਿੰਦੀ ਹੈ। ਅਸਲ ਵਿਚ ਉਹ ਆਪ ਹੀ ਆਪਣੀਆਂ ਜੜ੍ਹਾਂ ਵੱਢ ਰਹੀ ਹੁੰਦੀ ਹੈ। ਇਕ ਖੋਜ ਮੁਤਾਬਿਕ ਪਿਛਲੇ ਕੁਝ ਸਾਲਾਂ ਵਿਚ ਅਨੇਕਾਂ ਅਜਿਹੀਆਂ ਬੋਲੀਆਂ ਅਲੋਪ ਹੋ ਚੁੱਕੀਆਂ ਹਾਂ ਜਿਹਨਾਂ ਨੂੰ ਉਹਨਾਂ ਦੇ ਆਪਣੇ ਲੋਕ ਸਾਂਭਣ ਵਿਚ ਅਸਮਰਥ ਰਹੇ ਹਨ।
ਪੰਜਾਬ ਵਿਚ ਰਹਿੰਦੇ ਹੋਏ ਵੀ ਪੰਜਾਬ ਵਿਚ ਕਈ ਅਜਿਹੀਆਂ ਸਿੱਖਿਆ ਸੰਸਥਾਵਾਂ ਹਨ , ਜਿੱਥੇ ਪੰਜਾਬੀ ਦੀ ਹੋਂਦ ਨੂੰ ਬਿਲਕੁਲ ਮਨਫ਼ੀ ਕਰ ਦਿੱਤਾ ਗਿਆ ਹੈ। ਅਜਿਹੀਆਂ ਸੰਸਥਾਵਾਂ ਵਿਚ ਪੰਜਾਬੀ ਪੜ੍ਹਾਉਣੀ ਤਾਂ ਬਹੁਤ ਦੂਰ ਦੀ ਗੱਲ ਹੈ ਸਗੋਂ ਪੰਜਾਬੀ ਬੋਲਣ ਤੇ ਵੀ ਜ਼ੁਰਮਾਨਾ ਲਗਾਇਆ ਜਾਂਦਾ ਹੈ। ਅਜਿਹਾ ਹੀ ਹਾਲ ਕੁਝ ਦਫ਼ਤਰਾਂ ਦਾ ਹੈ ਜਿੱਥੇ ਫਾਰਮ ਵੀ ਅੰਗਰੇਜ਼ੀ ਵਿਚ ਹੀ ਭਰਨ ਨੂੰ ਕਿਹਾ ਜਾਂਦਾ ਹੈ। ਦੁਨੀਆਂ ਵਿਚ ਅਜਿਹੇ ਕਈ ਦੇਸ਼ ਹਨ ਜਿਹਨਾਂ ਨੇ ਆਪਣੀ ਬੋਲੀ ਨੂੰ ਹੀ ਦਫ਼ਤਰੀ ਤੇ ਸਰਕਾਰੀ ਭਾਸ਼ਾ ਦਾ ਦਰਜ ਦਿੱਤਾ ਹੈ ਅਤੇ ਅੰਤਰਰਾਸ਼ਟਰੀ ਭਾਸ਼ਾ ਦੇ ਚਲਨ ਨੂੰ ਸਿਰੇ ਤੋਂ ਨਕਾਰਦੇ ਹੋਏ ਆਪਣੀ ਬੋਲੀ ਨੂੰ ਪਹਿਲ ਦਿੱਤੀ ਹੈ। ਪੰਜਾਬੀ ਬੋਲੀ ਨੂੰ ਬਣਦਾ ਰੁਤਬਾ ਨਾ ਮਿਲਣ ਦੇ ਅਨੇਕਾਂ ਕਾਰਨ ਹਨ ਜਿਹਨਾਂ ਵਿਚ ਮੁਖ ਤੌਰ ਤੇ ਵਾਰ-ਵਾਰ ਹੋਈ ਪੰਜਾਬ ਦੀ ਵੰਡ ਹੈ। ਦੇਸ਼ ਦੀ ਵੰਡ ਤੋਂ ਪਹਿਲਾਂ ਪੰਜਾਬੀ ਦਾ ਘੇਰਾ ਬਹੁਤ ਵਿਸ਼ਾਲ ਸੀ ਜੋ ਕਿ ਦੋ ਹਿੱਸਿਆਂ ਵਿਚ ਵੰਡਿਆ ਗਿਆ। ਫਿਰ ਨਵੇਂ ਪੰਜਾਬ ਦੇ ਨਾਮ ਤੇ ਦੁਬਾਰਾ ਹੋਈ ਵੰਡ ਨੇ ਪੰਜਾਬੀ ਬੋਲਦੇ ਕਈ ਇਲਾਕੇ ਪੰਜਾਬ ਤੋਂ ਵੱਖ ਕਰ ਦਿੱਤੇ ਅਤੇ ਉਹਨਾਂ ਦੀ ਭਾਸ਼ਾ ਹਿੰਦੀ ਬਣਾ ਦਿੱਤੀ ਗਈ। ਇਸ ਨਾਲ ਪੰਜਾਬੀ ਬੋਲਦੇ ਇਲਾਕੇ ਹੋਰ ਸਿਮਟ ਗਏ ਹੁਣ ਤਾਂ ਹਾਲਤ ਇਹ ਹਨ ਕਿ ਪੰਜਾਬ ਦੀ ਰਾਜਧਾਨੀ ਵਿੱਚ ਵੀ ਪੰਜਾਬੀ ਬਸ ਕੁਝ ਗਿਣਵੇਂ ਦਫ਼ਤਰਾਂ ਤੱਕ ਹੀ ਸੀਮਤ ਰਹਿ ਗਈ ਹੈ। ਵਿਦੇਸ਼ਾਂ ਵਿਚ ਵੱਸਦੇ ਪੰਜਾਬੀ ਭਾਈਚਾਰੇ ਵਿਚ ਪੰਜਾਬੀ ਬੋਲੀ ਪ੍ਰਤੀ ਪਿਆਰ ਤੇ ਸਤਿਕਾਰ ਪੰਜਾਬ ਵੱਸਦੇ ਪੰਜਾਬੀਆਂ ਨਾਲੋਂ ਵਧੇਰੇ ਵੇਖਣ ਨੂੰ ਮਿਲਦਾ ਹੈ ਕਿਉਂਕਿ ਆਪਣੀ ਮਿੱਟੀ ਤੇ ਬੋਲੀ ਤੋਂ ਦੂਰ ਰਹਿ ਕੇ ਉਸ ਪ੍ਰਤੀ ਖਿੱਚ ਹੋਣੀ ਸੁਭਾਵਿਕ ਹੈ। ਪਿਛਲੇ ਕੁਝ ਸਮੇ ਤੋਂ ਪ੍ਰਵਾਸੀ ਪੰਜਾਬੀਆਂ ਦਾ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਉਣ ਤੇ ਉਹਨਾਂ ਦੇ ਨਾਮ ਠੇਠ ਭਾਸ਼ਾ ਵਿਚ ਰੱਖਣ ਦਾ ਰੁਝਾਨ ਵੀ ਵਧਿਆ ਹੈ ਜੋ ਕਿ ਇਕ ਹਾਂ-ਪੱਖੀ ਪੱਖ ਹੈ। ਕੈਨੇਡਾ ਵਿਚ ਪੰਜਾਬੀ ਨੂੰ ਦੇਸ਼ ਦੀ ਤੀਸਰੀ ਭਾਸ਼ਾ ਦਾ ਦਰਜ਼ਾ ਹਾਸਿਲ ਹੈ ਜੋ ਕਿ ਹਰ ਪੰਜਾਬੀ ਲਈ ਮਾਣ ਵਾਲੀ ਗੱਲ ਹੈ। ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਬਾਹਰ ਵੱਸਦੇ ਪੰਜਾਬੀ ਵੀ ਆਪਣੀ ਬੋਲੀ ਪ੍ਰਤੀ ਗੰਭੀਰ ਹਨ ਅਤੇ ਇਸ ਦੀ ਹੋਂਦ ਲਈ ਪੂਰੀ ਜਦੋ-ਜਹਿਦ ਕਰ ਰਹੇ ਹਨ।
ਸਾਹਿਤਕਾਰਾਂ ਨੇ ਪੰਜਾਬੀ ਨੂੰ ਜਿਉਂਦੇ ਰੱਖਣ ਵਿਚ ਅਹਿਮ ਯੋਗਦਾਨ ਪਾਇਆ ਹੈ। ਬੇਸ਼ੱਕ ਲੋਕਾਂ ਦਾ ਰੁਝਾਨ ਸਾਹਿਤ ਵੱਲ ਪਹਿਲਾਂ ਵਰਗਾ ਨਹੀਂ ਰਿਹਾ ਪਰ ਫਿਰ ਵੀ ਅਨੇਕਾਂ ਪਾਠਕ ਅਜਿਹੇ ਹਨ ਜੋ ਚੰਗੇ ਸਾਹਿਤ ਦੀ ਹਮੇਸ਼ਾਂ ਭਾਲ ਵਿਚ ਰਹਿੰਦੇ ਹਨ। ਪਿੱਛੇ ਜਿਹੇ " ਰਾਣੀ ਤੱਤ '' ਨਾਮਕ ਕਿਤਾਬ ਸਾਹਿਤ ਦੀ ਝੋਲੀ ਪਈ। ਜਿਸ ਦੇ ਰਚੇਤਾ ਹਰਮਨਜੀਤ ਨੇ ਬਾਕਮਾਲ ਸ਼ਬਦਾਂ ਦੀ ਪੇਸ਼ਕਾਰੀ ਕੀਤੀ ਜੋ ਸਾਡੇ ਮਨਾਂ ਤੇ ਬੋਲਾਂ ਵਿਚੋਂ ਕਦੋਂ ਦੇ ਵਿਸਰ ਚੁੱਕੇ ਸਨ। ਇਹ ਕਿਤਾਬ ਪੜ੍ਹ ਕੇ ਲੱਗਦਾ ਹੈ ਕਿ ਵਾਕਿਆ ਹੀ ਪੰਜਾਬੀ ਦੀ ਕਿਤਾਬ ਪੜ੍ਹੀ ਹੈ। ਅਲੰਕਾਰਾਂ ਨਾਲ ਭਰਪੂਰ ਰਚਨਾਵਾਂ ਹਰੇਕ ਪਾਠਕ ਦਾ ਦਿਲ ਟੁੰਬ ਲੈਂਦੀਆਂ ਹਨ। ਇਸ ਤੋਂ ਇਲਾਵਾ ਹੋਰ ਵੀ ਚੰਗੀਆਂ ਪੁਸਤਕਾਂ ਸਮੇਂ-ਸਮੇਂ ਆਪਣਾ ਬਣਦਾ ਯੋਗਦਾਨ ਪੰਜਾਬੀ ਨੂੰ ਪ੍ਰਫੁਲਿਤ ਕਰਨ ਵਿਚ ਪਾ ਰਹੀਆਂ ਹਨ। ਅਸਲ ਵਿਚ ਅਜਿਹਾ ਸਾਹਿਤ ਅਜੋਕੇ ਸਮੇਂ ਦੀ ਲੋੜ ਹੈ। 21 ਫਰਵਰੀ ਨੂੰ ਅੰਤਰਰਾਸ਼ਟਰੀ ਪੰਜਾਬੀ ਮਾਂ ਬੋਲੀ ਦਿਹਾੜਾ ਮਨਾਇਆ ਜਾ ਰਿਹਾ ਹੈ। ਬਹੁਤੇ ਪੰਜਾਬੀਆਂ ਨੂੰ ਤਾਂ ਇਸ ਦਿਨ ਬਾਰੇ ਵੀ ਪਤਾ ਨਹੀਂ ਹੁੰਦਾ। ਲੋੜ ਹੈ ਅਜਿਹੇ ਦਿਨਾਂ ਨੂੰ ਮਨਾਉਣ ਦੀ ਅਤੇ ਵੱਖ-ਵੱਖ ਮਾਧਿਅਮ ਰਾਹੀਂ ਲੋਕਾਂ ਤੱਕ ਇਸ ਦੀ ਅਹਿਮੀਅਤ ਪਹੁੰਚਾਉਣ ਦੀ। ਹੁਣ ਤਾਂ ਸੋਸ਼ਲ ਮੀਡੀਆ ਹਰੇਕ ਦੀ ਪਹੁੰਚ ਵਿਚ ਹੈ ਜਿਸ ਰਾਹੀਂ ਕੁਝ ਵੀ ਸਾਂਝਾ ਕੀਤਾ ਜਾ ਸਕਦਾ ਹੈ। ਇਹ ਇਕ ਵਧੀਆ ਮੰਚ ਹੈ। ਜਿਸ ਦੁਆਰਾ ਪੰਜਾਬੀ ਬੋਲੀ ਨੂੰ ਪ੍ਰਫੁਲਿਤ ਕਰਨ ਲਈ ਅਨੇਕਾਂ ਬਹਾਨੇ ਲੱਭੇ ਜਾ ਸਕਦੇ ਹਨ।
ਪੰਜਾਬੀ ਦੇ ਮਸ਼ਹੂਰ ਸ਼ਾਇਰ ਬਾਬੂ ਫ਼ਿਰੋਜ਼ਦੀਨ ਸ਼ਰਫ਼ ਲਿਖਦੇ ਹਨ :- 
 ਮੈਂ ਪੰਜਾਬੀ, ਪੰਜਾਬੀ ਦਾ ਸ਼ਰਫ਼ ਸੇਵਕ, 
 ਸਦਾ ਖ਼ੈਰ ਪੰਜਾਬੀ ਦੀ ਮੰਗਦਾ ਹਾਂ।

ਆਓ ਰਲ ਕੇ ਸਾਰੇ ਪੰਜਾਬੀ ਮਾਂ ਬੋਲੀ ਦੀ ਹੋਂਦ ਬਚਾਉਣ ਲਈ ਆਪਣਾ ਬਣਦਾ ਯੋਗਦਾਨ ਪਾਈਏ। ਲੋੜ ਹੈ ਮਾਂ ਬੋਲੀ ਨੂੰ ਸੰਭਾਲਣ ਤੇ ਇਸਦੀ ਖ਼ੈਰ ਮੰਗਣ ਦੀ ਕਿਉਂਕਿ ਵੇਲਾ ਵਿਹਾਜਣ ਤੋਂ ਬਾਅਦ ਲੀਕਾਂ ਪਿੱਟਣ ਦਾ ਕੋਈ ਫਾਇਦਾ ਨਹੀਂ।
ਲੇਖਕ- ਮਨਮੀਤ

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


Aarti dhillon

Content Editor

Related News