ਡੌਂਕਰਾਂ ਕੋਲ ਫਸੇ ਪੰਜਾਬੀ ਮੁੰਡੇ ਦੀ ਹੱਡ ਬੀਤੀ ਸੁਣ ਖੜ੍ਹੇ ਹੋ ਜਾਣਗੇ ਰੌਂਗਟੇ

Friday, May 30, 2025 - 12:16 PM (IST)

ਡੌਂਕਰਾਂ ਕੋਲ ਫਸੇ ਪੰਜਾਬੀ ਮੁੰਡੇ ਦੀ ਹੱਡ ਬੀਤੀ ਸੁਣ ਖੜ੍ਹੇ ਹੋ ਜਾਣਗੇ ਰੌਂਗਟੇ

ਫਿਰੋਜ਼ਪੁਰ (ਸੰਨੀ ਚੋਪੜਾ) : ਪੰਜਾਬ ਦੇ ਨੌਜਵਾਨ ਅਕਸਰ ਰੋਜ਼ੀ-ਰੋਟੀ ਲਈ ਵਿਦੇਸ਼ਾਂ ਦੀ ਉਡਾਰੀ ਮਾਰਦੇ ਹਨ ਪਰ ਮੁਸੀਬਤ ਉਸ ਵੇਲੇ ਖੜ੍ਹੀ ਹੋ ਜਾਂਦੀ ਹੈ, ਜਦੋਂ ਭੋਲੇ-ਭਾਲੇ ਨੌਜਵਾਨ ਡੌਂਕਰਾਂ ਦੇ ਹੱਥੇ ਚੜ੍ਹ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਫਿਰੋਜ਼ਪੁਰ ਦੇ ਕਸਬਾ ਮੱਖੂ ਦੇ ਪਿੰਡ ਮਾਹਲੇ ਵਾਲਾ ਦਾ ਸਾਹਮਣੇ ਆਇਆ ਹੈ। ਇੱਥੇ ਰਵੀ ਨਾਂ ਦੇ ਨੌਜਵਾਨ ਨੇ ਅਮਰੀਕਾ ਜਾਣ ਦੇ ਸੁਫ਼ਨੇ ਦੇਖੇ ਸੀ ਪਰ ਉਹ ਡੌਂਕਰਾਂ ਦੇ ਹੱਥੇ ਚੜ੍ਹ ਗਿਆ। ਜਾਣਕਾਰੀ ਮੁਤਾਬਕ ਰਵੀ ਨੂੰ ਜਾਗੀਰ ਨਾਂ ਦੇ ਏਜੰਟ ਨੇ ਇਕ ਨੰਬਰ 'ਚ ਅਮਰੀਕਾ ਭੇਜਣ ਦਾ ਵਾਅਦਾ ਕੀਤਾ ਸੀ। ਏਜੰਟ ਨੇ ਰਵੀ ਨੂੰ ਮੈਕਸੀਕੋ ਦੇ ਰਸਤੇ ਡੌਂਕੀ ਲਗਵਾ ਕੇ ਅਮਰੀਕਾ ਭੇਜਣਾ ਸੀ ਪਰ ਰਵੀ ਨੂੰ ਮੈਕਸੀਕੋ 'ਚ ਹੀ ਬੰਧਕ ਬਣਾ ਕੇ ਰੱਖਿਆ ਗਿਆ।

ਇਹ ਵੀ ਪੜ੍ਹੋ : ਮੰਡੀਆਂ 'ਚ ਕੰਮ ਕਰਦੇ ਮਜ਼ਦੂਰਾਂ ਲਈ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਦਿੱਤੀ ਰਾਹਤ

ਰਵੀ ਦੇ ਪਰਿਵਾਰ ਨੇ ਦੱਸਿਆ ਕਿ ਏਜੰਟ ਨੇ ਰਵੀ ਨੂੰ ਅਮਰੀਕਾ ਭੇਜਣ ਲਈ 35 ਲੱਖ ਰੁਪਏ ਮੰਗੇ ਸਨ ਅਤੇ ਕਿਹਾ ਸੀ ਕਿ ਉਹ ਇਕ ਨੰਬਰ 'ਚ ਅਤੇ ਸਹੀ ਤਰੀਕੇ ਨਾਲ ਉਸ ਨੂੰ ਅਮਰੀਕਾ ਭੇਜੇਗਾ ਅਤੇ ਜੇਕਰ ਡੌਂਕੀ ਰਾਹੀਂ ਅਮਰੀਕਾ ਜਾਣਾ ਹੈ ਤਾਂ ਫਿਰ 29 ਲੱਖ ਰੁਪਏ ਖ਼ਰਚਾ ਆਵੇਗਾ। ਪਰਿਵਾਰ ਨੇ 35 ਲੱਖ ਰੁਪਏ 'ਚ ਸਹੀ ਤਰੀਕੇ ਨਾਲ ਰਵੀ ਨੂੰ ਅਮਰੀਕਾ ਭੇਜਣ ਲਈ ਹਾਮੀ ਭਰ ਦਿੱਤੀ ਅਤੇ ਏਜੰਟ ਨੂੰ ਇਹ ਪੈਸੇ ਦੇ ਦਿੱਤੇ। ਏਜੰਟ ਵਲੋਂ ਪਹਿਲਾਂ ਰਵੀ ਨੂੰ ਕੋਲੰਬੀਆ ਭੇਜਿਆ ਗਿਆ, ਉੱਥੇ ਕੁੱਝ ਮਹੀਨੇ ਰੱਖਣ ਤੋਂ ਬਾਅਦ ਉਸ ਨੂੰ ਮੈਕਸੀਕੋ ਰਾਹੀਂ ਡੌਂਕੀ ਲਗਵਾ ਕੇ ਅਮਰੀਕਾ ਭੇਜਿਆ ਜਾਣਾ ਸੀ ਪਰ ਮੈਕਸੀਕੋ 'ਚ ਬੈਠੇ ਕੁੱਝ ਏਜੰਟਾਂ ਨੇ ਰਵੀ ਨੂੰ ਉੱਥੇ ਹੀ ਬੰਧਕ ਬਣਾ ਲਿਆ ਅਤੇ ਪਰਿਵਾਰ ਕੋਲੋਂ ਪੈਸਿਆਂ ਦੀ ਮੰਗ ਕੀਤੀ। ਪਰਿਵਾਰ ਵਲੋਂ ਇਕ ਲੱਖ ਰੁਪਿਆ ਹੋਰ ਭੇਜ ਦਿੱਤਾ ਗਿਆ ਪਰ ਉਕਤ ਲੋਕਾਂ ਨੇ ਰਵੀ ਨੂੰ ਨਹੀਂ ਛੱਡਿਆ। ਪਰਿਵਾਰ ਨੇ ਕਈ ਵਾਰ ਏਜੰਟ ਜਾਗੀਰ ਨੂੰ ਵੀ ਇਸ ਬਾਰੇ ਕਿਹਾ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ।

ਇਹ ਵੀ ਪੜ੍ਹੋ : ਪੰਜਾਬ 'ਚ ਜਲਦ ਹੋਵੇਗੀ ਮਾਨਸੂਨ ਦੀ ENTRY! ਮੌਸਮ ਵਿਭਾਗ ਦੀ ਆ ਗਈ ਵੱਡੀ ਅਪਡੇਟ

ਰਵੀ ਨੇ ਵਿਦੇਸ਼ 'ਚ ਬੈਠ ਕੇ ਆਪਣੀਆਂ ਤਸਵੀਰਾਂ ਪਰਿਵਾਰ ਨੂੰ ਭੇਜੀਆਂ, ਜਿਸ 'ਚ ਉਸ ਨਾਲ ਕਾਫੀ ਬੁਰਾ ਵਰਤਾਓ ਹੁੰਦਾ ਦਿਖਾਈ ਦਿੱਤਾ। ਉਸ ਨੂੰ ਡੌਂਕਰਾਂ ਨੇ ਬਾਥਰੂਮ 'ਚ ਬੰਦ ਕਰਕੇ ਰੱਖਿਆ ਹੋਇਆ ਸੀ। ਉੱਥੇ ਉਸ 'ਤੇ ਤਸ਼ੱਦਦ ਢਾਹਿਆ ਜਾ ਰਿਹਾ ਸੀ। ਇਸ ਤੋਂ ਬਾਅਦ ਪਰਿਵਾਰ ਨੇ ਫਿਰੋਜ਼ਪੁਰ ਦੇ ਐੱਸ. ਐੱਸ. ਪੀ. ਭੁਪਿੰਦਰ ਸਿੰਘ ਸਿੱਧੂ ਅੱਗੇ ਰੋਂਦੇ ਹੋਏ ਗੁਹਾਰ ਲਾਈ ਕਿ ਉਨ੍ਹਾਂ ਦੇ ਬੱਚੇ ਨੂੰ ਸਹੀ-ਸਲਾਮਤ ਵਾਪਸ ਲਿਆਂਦਾ ਜਾਵੇ, ਜਿਸ ਨੂੰ ਗੰਭੀਰਤਾ ਨਾਲ ਲੈਂਦਿਆਂ ਐੱਸ. ਐੱਸ. ਪੀ. ਨੇ ਇਕ ਟੀਮ ਦਾ ਗਠਨ ਕੀਤਾ ਅਤੇ ਡੌਂਕਰਾਂ ਦੇ ਕਬਜ਼ੇ 'ਚ ਫਸੇ ਰਵੀ ਨੂੰ ਵਾਪਸ ਲਿਆਉਣ ਲਈ ਕਾਰਵਾਈ ਸ਼ੁਰੂ ਕੀਤੀ। ਉਨ੍ਹਾਂ ਦੇ ਯਤਨਾਂ ਸਦਕਾ ਰਵੀ ਨੂੰ ਵਾਪਸ ਲਿਆਂਦਾ ਗਿਆ ਅਤੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਅੱਜ ਫਿਰੋਜ਼ਪੁਰ ਪੁੱਜੇ ਪਰਿਵਾਰ ਵਲੋਂ ਐੱਸ. ਐੱਸ. ਪੀ. ਭੁਪਿੰਦਰ ਸਿੰਘ ਅਤੇ ਮੀਡੀਆ ਦਾ ਧੰਨਵਾਦ ਕੀਤਾ ਗਿਆ। ਪਰਿਵਾਰ ਨੇ ਕਿਹਾ ਕਿ ਅਜਿਹੇ ਏਜੰਟਾਂ ਖ਼ਿਲਾਫ਼ ਸਰਕਾਰ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਜੋ ਕੁੱਝ ਉਨ੍ਹਾਂ ਦੇ ਬੱਚੇ ਨਾਲ ਹੋਇਆ ਹੈ, ਉਹ ਕਿਸੇ ਹੋਰ ਦੇ ਬੱਚੇ ਨਾਲ ਨਾ ਹੋਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


author

Babita

Content Editor

Related News