ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ‘ਮੁਲਤਾਨ ਫ਼ਤਿਹ ਦੀ ਗਾਥਾ’

06/02/2020 2:44:11 PM

ਬਲਦੀਪ ਸਿੰਘ ਰਾਮੂੰਵਾਲੀਆ

ਚਹਾਰ ਚੀਜ਼, ਮਸਤ ਤੋਹਫ਼-ਏ-ਮੁਲਤਾਨ
ਗਰਦ, ਗਰਮਾ, ਗਦਾ-ਵ-ਗੋਰਿਸਤਾਨ।

ਫ਼ਾਰਸੀ ਦੇ ਇਸ ਸ਼ੇਅਰ ਦੇ ਮਾਇਨੇ ਹਨ ਕਿ ਮੁਲਤਾਨ ਦਾ ਤੋਹਫ਼ਾ ਇਹ ਚਾਰ ਚੀਜ਼ਾਂ ਹਨ- ਧੂੜ, ਗਰਮੀ, ਪੀਰ ਤੇ ਕਬਰਸਤਾਨ। ਮੁਲਤਾਨ ਇਸ ਬਰੇਸਗੀਰ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿਚੋਂ ਇੱਕ ਹੈ। ਕਿਸੇ ਸਮੇਂ ਮੁਲਤਾਨ ਦਾ ਨਾਮ ਕਸ਼ਯਪ ਗੋਤ ਦੇ ਰਾਜਿਆਂ ਦੇ ਨਾਂ ਤੇ ਕਸ਼ਯਪਪੁਰ ਵੀ ਸੀ। ਪ੍ਰਹਿਲਾਦ ਦਾ ਪਿਉ ਰਾਜਾ ਹਰਨਕਸ਼ਯਪ (ਹਰਨਾਕਸ਼) ਇਥੋਂ ਦਾ ਰਾਜਾ ਸੀ। ਫਿਰ ਇਸ ਦਾ ਨਾਮ ਪ੍ਰਹਲਾਦਪੁਰਾ ਵੀ ਰਿਹਾ। ਸੂਰਜ ਦੇਵਤੇ ਦਾ ਸਭ ਤੋਂ ਪੁਰਾਣਾ ਮੰਦਰ ਇਸ ਸ਼ਹਿਰ ਵਿੱਚ ਹੀ ਸੀ (ਹੈ)। ਮਾਲੀ ਕਬੀਲੇ ਦੇ ਨਾਮ ’ਤੇ ਇਸ ਦਾ ਨਾਮ 'ਮਾਲਿਸਥਾਨ' ਪਿਆ। ਇਥੇ ਬ੍ਰਾਹਮਣਾਂ ਦੀ ਵੀ ਚੋਖੀ ਵੱਸੋਂ ਸੀ। ਮਾਲਿਸਥਾਨ ਤੋਂ ਇਸਦਾ ਨਾਮ ਬਦਲਦਾ ਬਦਲਦਾ ਮੁਲਤਾਨ ਪੈ ਗਿਆ। ਆਪਣੀ ਭੂਗੋਲਿਕ ਸਥਿਤੀ ਕਰਕੇ ਮੁਲਤਾਨ ਨੂੰ ਇਸ ਬਰੇਸਗੀਰ ਤੇ ਪੱਛਮ ਵਾਲੇ ਪਾਸੇ ਤੋਂ ਆਇ ਹਰ ਹਮਲਾਵਰ ਨਾਲ ਸਭ ਤੋਂ ਪਹਿਲਾਂ ਜੂਝਣਾ ਪਿਆ। ਇਸ ਨੂੰ 'ਵਾਟਰ ਗੇਟ' ਵੀ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ। ਸਿਕੰਦਰ ਤੋਂ ਲੈ ਕੇ ਈਰਾਨੀ, ਮੌਰੀਆ, ਕੁਸ਼ਾਨ, ਹੂਨ, ਨਾਗਾ ਆਦਿ ਕਬੀਲਿਆਂ ਤੋਂ ਬਾਅਦ ਇਹ ਮੁਸਲਿਮ ਸ਼ਾਸ਼ਕਾਂ ਦੇ ਅਧੀਨ ਕਈ ਸਦੀਆਂ ਵਧਿਆ ਫ਼ੁਲਿਆ। ਮੁਗਲਾਂ ਨੇ ਇਸ ਦੀ ਸਿਆਸੀ ਮਹਤੱਤਾ ਨੂੰ ਸਮਝਦੇ ਹੋਏ, ਇਸ ਨੂੰ ਇਕ ਵੱਖ ਸੂਬਾ ਬਣਾਇਆ ਹੋਇਆ ਸੀ।

ਮੁਲਤਾਨ ਦਾ ਇਤਿਹਾਸਕ ਕਿਲ੍ਹਾ 1640 ਈਸਵੀ ਵਿੱਚ ਸ਼ਾਹਜਹਾਂ ਦੇ ਪੁੱਤ ਸ਼ਾਹਜ਼ਾਦਾਆ ਮੁਰਾਦ ਬਖ਼ਸ਼ ਨੇ ਬਣਵਾਇਆ ਸੀ। ਇਹ ਜ਼ਮੀਨ ਤੋਂ 12 ਫੁਟ ਉੱਚਾ ਬਣਾਇਆ ਗਿਆ। ਇਸਦੀ ਲੰਬਾਈ 1200 ਫੁੱਟ ਤੇ ਸਾਰਾ ਚੌਗਿਰਦਾ 6600 ਫੁੱਟ ਹੈ। ਇਸ ਦੀਆਂ ਬਾਹਰੀਂ ਦੀਵਾਰਾਂ 40 ਫੁੱਟ ਉੱਚੀਆਂ ਅਤੇ 6 ਫੁੱਟ ਚੌੜੀਆਂ ਸਨ। ਇਸਦੇ ਚਾਰ ਦਰਵਾਜ਼ੇ ਸਨ। ਇਸ ਕਿਲ੍ਹੇ ਨੂੰ ਉਸ ਵਕਤ ਦੇ ਸਭ ਤੋਂ ਮਜਬੂਤ ਤੇ ਔਖੇ ਹੀ ਸਰ ਕੀਤੇ ਜਾ ਸਕਣ ਵਾਲੇ ਕਿਲ੍ਹਿਆਂ ਵਿੱਚੋਂ ਇਕ ਮੰਨਿਆ ਜਾਂਦਾ ਸੀ। ਇਸ ਇਲਾਕੇ ਦੀ ਜਿੱਥੇ ਸਿਆਸੀ ਮਹੱਤਤਾ ਬਹੁਤ ਸੀ, ਉਥੇ ਹੀ ਇਸ ਦੀ ਧਾਰਮਿਕ ਅਤੇ ਸੱਭਿਆਚਾਰਕ ਮਹੱਤਤਾ ਅਹਿਮ ਰਹੀ ਹੈ। ਹਿੰਦੂ ਰਾਜ ਕਾਲ ਵਿੱਚ ਇਸਦਾ ਸੰਸਕ੍ਰਿਤ ਦੀ ਵਿੱਦਿਆ ਦੇਣ ਵਾਲੇ ਪ੍ਰਮੁੱਖ ਕੇਂਦਰਾਂ ਵਿਚੋਂ ਇਕ ਸੀ। ਅਸ਼ੋਕ ਦੇ ਵਕਤ ਇਥੇ ਬੁਧ ਦੀਆਂ ਸਿੱਖਿਆਵਾਂ ਦਾ ਵੀ ਪ੍ਰਵਾਹ ਚਲਿਆ ਪਰ ਸਭ ਤੋਂ ਵੱਡਾ ਪ੍ਰਭਾਵ ਇਸਲਾਮ ਦਾ ਪਿਆ। ਸੂਫ਼ੀ ਦਰਵੇਸ਼ਾਂ ਨੇ ਇਸ ਧਰਤੀ ਨੂੰ ਭਾਗ ਲਾਏ। ਸ੍ਰੀ ਗੁਰੂ ਨਾਨਕ ਸਾਹਿਬ ਜੀ ਵੀ ਅਚੱਲ ਵਟਾਲੇ ਦੀ ਗੋਸ਼ਟੀ ਤੋਂ ਬਾਅਦ ਇਸ ਜਗ੍ਹਾ ਆਏ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰ ਦੇ ਪਾਤਰ ਭਾਈ ਨੰਦ ਲਾਲ ਵੀ ਗਜ਼ਨੀ ਤੋਂ ਸਰਕਾਰੀ ਨੌਕਰੀ ਛੱਡ ਕੇ ਮੁਲਤਾਨ ਆ ਕੇ ਆਬਾਦ ਹੋਏ ਸਨ। ਉਨ੍ਹਾਂ ਦੇ ਨਾਮ ’ਤੇ ਮੁਲਕ ਦੀ ਤਕਸੀਮ ਤੋਂ ਪਹਿਲਾਂ ਇੱਕ ਪੂਰਾ ਮੁਹੱਲਾ ਆਬਾਦ ਸੀ।

ਅਹਿਮਦ ਸ਼ਾਹ ਅਬਦਾਲੀ ਨੇ ਮੁਗਲੀਆ ਸਲਤਨਤ ਦੀ ਚੂਲ ਢਿੱਲੀ ਕਰਦਿਆਂ ਸਭ ਤੋਂ ਪਹਿਲਾਂ ਮੁਲਤਾਨ ਦਾ ਸੂਬਾ ਪੰਜਾਬ ਨਾਲੋਂ ਤੋੜ ਕੇ ਆਪਣੇ ਅਫ਼ਗਾਨੀ ਰਾਜ ਦਾ ਹਿੱਸਾ ਬਣਾਇਆ ਅਤੇ ਸ਼ੁਜਾਅ ਖ਼ਾਨ ਸਾਦੋਜ਼ਈ ਨੂੰ ਇਥੋਂ ਦਾ ਸੂਬੇਦਾਰ ਲਾਇਆ। ਜਦ ਪੰਜਾਬ ਵਿਚ ਸਿੱਖ ਮਿਸਲਾਂ ਨੇ ਤਾਕਤ ਫੜ੍ਹੀ ਤਾਂ ਭੰਗੀ ਸਰਦਾਰਾਂ ਨੇ ਮੁਲਤਾਨ ’ਤੇ ਜਾ ਕਬਜ਼ਾ ਕੀਤਾ। ਥੋੜੇ ਸਮੇਂ ਬਾਅਦ ਅਬਦਾਲੀ ਦੇ ਪੁਤਤੈਮੂਰ ਸ਼ਾਹ ਨੇ ਦੁਬਾਰਾ ਮੁਲਤਾਨ ’ਤੇ ਕਬਜ਼ਾ ਕਰਕੇ ਸ਼ੁਜਾਅ ਖ਼ਾਨ ਦੇ ਪੁੱਤਰ ਮੁਜ਼ਫ਼ਰ ਖ਼ਾਨ ਨੂੰ ਇਥੇ ਦਾ ਸੂਬੇਦਾਰ ਬਣਾਇਆ। ਅਬਦਾਲੀ ਦੇ ਪੋਤਿਆਂ ਦੀ ਆਪਸੀ ਖਾਨਾਜੰਗੀ ਕਰਕੇ ਕਈ ਇਲਾਕੇ ਖ਼ੁਦ ਮੁਖ਼ਤਾਰ ਹੋ ਗਏ। ਮੁਲਤਾਨ ਦਾ ਇਹ ਨਵਾਬ ਵੀ ਆਪਣੇ ਆਪ ਨੂੰ ਖ਼ੁਦ ਮੁਖਤਾਰ ਸਮਝਣ ਲੱਗਾ ਪਰ ਫਿਰ ਵੀ ਇਹਦੇ ਅੰਦਰ ਅਫ਼ਗਾਨੀ ਰਾਜ ਦੀ ਵਫ਼ਾਦਾਰੀ ਬਰਕਰਾਰ ਰਹੀ, ਜਿਸਦਾ ਸਬੂਤ ਇਸ ਦੁਆਰਾ ਕਾਬਲ ਨੂੰ ਭੇਜਿਆ ਜਾਂਦਾ ਖਿਰਾਜ ਹੈ।

PunjabKesari

ਮਹਾਰਾਜਾ ਰਣਜੀਤ ਸਿੰਘ ਇਸ ਗੱਲ ਤੋਂ ਜਾਣੂ ਸੀ ਕਿ ਉਸਦੇ ਰਾਜ ਦੀ ਅਡੋਲ ਸਥਾਪਤੀ ਲਈ ਉਸ ਹਰ ਰਾਹ ਨੂੰ ਬੰਦ ਕਰਨਾ ਜ਼ਰੂਰੀ ਹੈ, ਜੋ ਉਹਦੇ ਰਾਹ 'ਚ ਕਦੇ ਵੀ ਰੁਕਾਵਟ ਪਾ ਸਕਦਾ ਹੈ। ਇਹ ਬਹੁਤਾ ਮੁਸਲਮਾਨ ਵਸੋਂ ਦਾ ਇਲਾਕਾ ਸੀ। ਮਹਾਰਾਜਾ ਰਣਜੀਤ ਸਿੰਘ ਇਸ ਗੱਲ ਨੂੰ ਬੜੇ ਸੁਚੱਜੇ ਢੰਗ ਨਾਲ ਸਮਝਦੇ ਸਨ ਕਿ ਅਜੇ ਇਸ ਇਲਾਕੇ ਨੂੰ ਆਪਣੀ ਰਿਆਸਤ ਦਾ ਹਿੱਸਾ ਨਹੀਂ ਬਣਾਇਆ ਜਾ ਸਕਦਾ ਪਰ ਹੌਲੀ-ਹੌਲੀ ਇਸਦੇ ਖੰਭ ਝਾੜ ਕੇ ਇਸ ਹਾਕਮ ਦੀ ਧੋਣ ਮਰੋੜਨੀ ਸੌਖੀ ਰਹੇਗੀ। ਇਸੇ ਲਈ 1803, 1805-6, 1810, 1812, 1815, 1817 ਵਿੱਚ ਸਰਕਾਰ-ਏ-ਖਾਲਸਾ ਦੀਆਂ ਫ਼ੌਜਾਂ ਮੁਲਤਾਨ 'ਤੇ ਚੜ੍ਹਾਈ ਕਰਕੇ ਗਈਆਂ। ਹਰ ਵਾਰ ਇਹ ਹੱਥ ਖੜ੍ਹੇ ਕਰਕੇ ਕੁੱਝ ਨਜ਼ਰਾਨਾ ’ਤੇ ਜ਼ੁਰਮਾਨਾ ਦੇ ਕੇ, ਬਾਕੀ ਖਿਰਾਜ ਸਮੇਂ ਸਿਰ ਪਹੁੰਚ ਦਾ ਕਰਨ ਦਾ ਵਾਅਦਾ ਕਰਦਾ ਅਤੇ ਫਿਰ ਲੱਤ ਚੁੱਕ ਜਾਂਦਾ।

ਇਸ ਸਮੇਂ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਖੁਫੀਆ ਤੰਤਰ ਦੁਆਰਾ ਇਹ ਵੀ ਪਤਾ ਲੱਗਾ ਕਿ ਮੁਲਤਾਨ ਦਾ ਨਵਾਬ ਮੁਜ਼ਫ਼ਰ ਖ਼ਾਨ, ਲਗਾਤਾਰ ਕਾਬਲ ਨੂੰ ਖਿਰਾਜ ਵੀ ਭਰ ਰਿਹਾ ਹੈ ਤੇ ਨਾਲ ਹੀ ਅੰਗਰੇਜ਼ ’ਤੇ ਕਾਬਲੀ ਜਲਾਵਤਨ ਬਾਦਸਾਹ ਸ਼ਾਹ ਸ਼ੁਜਾਅ ਨਾਲ ਖ਼ਤੋਖ਼ਤਾਬਤ ਕਰ ਰਿਹਾ ਹੈ। ਹੁਣ ਤੱਕ ਮਹਾਰਾਜਾ ਉਸਦੇ ਸੱਜੇ ਖੱਬੇ ਦੇ ਸਾਰੇ ਖੰਭ ਝਾੜ ਚੁੱਕਾ ਸੀ, ਭਾਵ ਉਸਦੇ ਸੂਬੇ ਦੇ ਬਹੁਤੇ ਪਰਗਣਿਆਂ ’ਤੇ ਕਬਜ਼ਾ ਕਰ ਚੁੱਕਾ ਸੀ। ਸੋ ਮੌਕੇ ਦੀ ਨਜ਼ਾਕਤ ਨੂੰ ਭਾਂਪਦਿਆਂ ਮਹਾਰਾਜਾ ਸਾਹਿਬ ਜੀ ਨੇ ਅਖ਼ੀਰ 'ਮੁਲਤਾਨ' ਨੂੰ ਖ਼ਾਲਸਾ ਰਾਜ ਦਾ ਪੱਕਾ ਹਿੱਸਾ ਬਣਾਉਣ ਦਾ ਫੈਸਲਾ ਕੀਤਾ। ਇਹ ਘਟਨਾ 1818 ਈਸਵੀ ਦੀ ਹੈ।

PunjabKesari

ਮਹਾਰਾਜਾ ਰਣਜੀਤ ਸਿੰਘ ਜੀ ਨੇ ਕੰਵਰ ਖੜਕ ਸਿੰਘ, ਜੋ ਇਸ ਸਮੇਂ ਜ਼ਿੰਦਗੀ ਦੇ 16 ਸਿਆਲ ਹੰਢਾ ਚੁੱਕਾ ਸੀ, ਦੀ ਅਗਵਾਈ ਥੱਲੇ ਮੁਲਤਾਨ ਫ਼ਤਿਹ ਕਰਨ ਲਈ ਖਾਲਸਾ ਫ਼ੌਜ ਨੂੰ ਕੂਚ ਕਰਨ ਦਾ ਹੁਕਮ ਦਿੱਤਾ। ਇਸ ਮੁਹਿੰਮ ਵਿੱਚ ਆਪਣੇ ਪੁੱਤ ਦੀ ਹੌਂਸਲਾ ਅਫਜਾਈ ਲਈ ਮਾਈ ਨਕੈਣ ਵੀ ਨਾਲ ਗਈ। ਫੌਜ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਇਕ ਹਿੱਸਾ ਕੰਵਰ ਖੜਕ ਸਿੰਘ ਤੇ ਦੀਵਾਨ ਚੰਦ ਅਧੀਨ, ਦੂਜਾ ਸਰਦਾਰ ਹਰੀ ਸਿੰਘ ਨਲਵੇ ਦੀ ਸਰਪ੍ਰਸਤੀ ਥੱਲੇ ’ਤੇ ਤੀਜਾ ਹਿੱਸਾ ਸਰਦਾਰ ਫ਼ਤਹ ਸਿੰਘ ਆਹਲੂਵਾਲੀਆ, ਸਰਦਾਰ ਧੰਨਾ ਸਿੰਘ ਮਲਵਈ, ਸਰਦਾਰ ਸ਼ਾਮ ਸਿੰਘ ਅਟਾਰੀਵਾਲੇ ਦੀ ਕਮਾਂਡ ਥੱਲੇ ਸੀ। ਇਸ ਤੋਂ ਬਿਨਾਂ ਸਰਦਾਰ ਜੋਧ ਸਿੰਘ ਕਲਸੀਆਂ, ਦੀਵਾਨ ਰਾਮ ਦਿਆਲ, ਦੀਵਾਨ ਮੋਤੀ ਰਾਮ ਆਦਿ ਸਿਰ ਕੱਢਵੇਂ ਜਰਨੈਲ ਇਸ ਮੁਹਿੰਮ ਦਾ ਹਿੱਸਾ ਸਨ। ਪੰਜ ਸੌ ਬੇਲਦਾਰ ਵੀ ਇਸ ਲਸ਼ਕਰ ਦਾ ਹਿੱਸਾ ਸਨ ਤਾਂਕਿ ਲੋੜ ਪੈਣ ’ਤੇ ਇਹ ਕਿਲ੍ਹੇ ਦੀਆਂ ਨੀਹਾਂ ਵਿੱਚ ਸੁਰੰਗਾਂ ਪੁਟ ਕੇ ਬਰੂਦ ਭਰ ਸਕਣ। ਲਾਹੌਰ ਤੋਂ ਮੁਲਤਾਨ ਤੱਕ ਖਾਲਸਾ ਫੌਜ ਤੱਕ ਹਰ ਤਰ੍ਹਾਂ ਦੀ ਮਦਦ ਲਈ ਸਰਕਾਰ-ਏ-ਖਾਲਸਾ (ਲਾਹੌਰ ਦਰਬਾਰ) ਵੱਲੋਂ ਹਰ ਪੁਖ਼ਤਾ ਪ੍ਰਬੰਧ ਕੀਤੇ ਗਏ।

ਉਧਰ ਨਵਾਬ ਮੁਜ਼ੱਫ਼ਰ ਖ਼ਾਨ ਨੂੰ ਵੀ ਇਸ ਮੁਹਿੰਮ ਦੀ ਕੰਨਸੋਅ ਮਿਲ ਗਈ ਸੀ। ਉਸ ਨੇ ਮੁਲਤਾਨ ਦੇ ਇਲਾਕੇ ਵਿੱਚ ਹੈਦਰੀ ਝੰਡਾ ਚੁੱਕ ਜਹਾਦ ਦੇ ਨਾਮ ਥੱਲੇ ਵਾਹਵਾ ਮੁਲਖਈਆ 'ਕੱਠਾ ਕਰ ਲਿਆ ਸੀ। ਕਿਲ੍ਹੇ ਅੰਦਰ ਚੰਗਾ ਰਾਸ਼ਨ/ਪੱਠਾ ਸੰਭਾਲ ਲਿਆ ਸੀ। ਸਰਦਾਰ ਫ਼ਤਿਹ ਸਿੰਘ ਹੁਣਾ ਦੇ ਦਸਤੇ ਨੇ ਮੁਲਤਾਨ ਦੇ ਰਾਹ ਵਿਚਲੇ 'ਖ਼ਾਨਗੜ੍ਹ' ਕਿਲ੍ਹੇ ’ਤੇ ਕਬਜ਼ਾ ਕਰ ਲਿਆ ਤਾਂ ਦੂਜੇ ਬੰਨ੍ਹੇ ਸਰਦਾਰ ਹਰੀ ਸਿੰਘ ਨਲਵਾਹੁਣਾ ਨੇ 'ਮੁਜ਼ੱਫ਼ਰ ਗੜ੍ਹ' ਕਿਲ੍ਹੇ ਨੂੰ ਜਾ ਫ਼ਤਿਹ ਕੀਤਾ। ਹੁਣ ਮੁਲਤਾਨ ਸ਼ਹਿਰ ਦੇ ਬਾਹਰ ਦਾ ਸਾਰਾ ਇਲਾਕਾ ਸਰਕਾਰ-ਏ-ਖਾਲਸਾ ਅਧੀਨ ਹੋ ਚੁੱਕਾ ਸੀ। ਮੁਲਤਾਨ ਸ਼ਹਿਰ ਦੇ ਬਾਹਰ ਬੋਲੇ ਸੋ ਨਿਹਾਲ ਦੇ ਜੈਕਾਰੇ ਗੂੰਜ ਰਹੇ ਸਨ ਅਤੇ ਅੰਦਰ ਯਾ ਅਲੀ ਦੀ ਹੀ ਗੂੰਜ ਸੁਣਾਈ ਦਿੰਦੀ ਸੀ। ਇਹ 4 ਫਰਵਰੀ ਦੀ ਗੱਲ ਹੈ।

PunjabKesari

ਮਹਾਰਾਜਾ ਰਣਜੀਤ ਸਿੰਘ ਦੇ ਹੁਕਮ ਅਨੁਸਾਰ ਰਾਤ ਨੂੰ ਨਵਾਬ ਮੁਜ਼ੱਫ਼ਰ ਖ਼ਾਨ ਵੱਲ ਖ਼ਲੀਫ਼ਾ ਨੂਰਦੀਨ, ਮੁਲਾਣਾ ਮਿਰਜ਼ਾ ਹੁਸੈਨ ਅਤੇ ਦੀਵਾਨ ਮੋਤੀ ਰਾਮ ਗੱਲਬਾਤ ਕਰਨ ਲਈ ਭੇਜੇ ਗਏ। ਇਨ੍ਹਾਂ ਨੇ ਦੱਸਿਆ ਕਿ ਮਹਾਰਾਜਾ ਸਾਹਿਬ ਮੁਲਤਾਨ ਨੂੰ ਸਰਕਾਰ-ਏ-ਖਾਲਸਾ  ਦਾ ਪੱਕਾ ਹਿੱਸਾ ਬਣਾਉਣਾ ਚਾਹੁੰਦੇ ਹਨ। ਬਦਲੇ ਵਿਚ ਨਵਾਬ ਨੂੰ ਇੱਕ ਵੱਡੀ ਜਾਗੀਰ ਦਿੱਤੀ ਜਾਵੇਗੀ, ਜਿੱਥੇ ਉਹ ਆਪਣੇ ਪਰਿਵਾਰ ਨਾਲ ਸਕੂਨ ਭਰਿਆ ਜੀਵਨ ਗੁਜਰ ਬਸਰ ਕਰ ਸਕਦਾ ਹੈ। ਪਰ ਨਵਾਬ ਨੇ ਇਹ ਪੇਸ਼ਕਸ਼ ਠੁਕਰਾ ਦਿੱਤੀ। ਉਸਨੇ ਨੇ 'ਕੱਠੇ ਕੀਤੇ ਮੁਲਖਈਏ ਅਤੇ ਅਜਿੱਤ ਸਮਝੇ ਜਾਂਦੇ ਆਪਣੇ ਕਿਲ੍ਹੇ ਦੇ ਹੰਕਾਰ ਵੱਸ, ਉਲਟਾ ਕੰਵਰ ਖੜਕ ਸਿੰਘ ਨੂੰ ਸੁਨੇਹਾ ਕਹਿ ਭੇਜਿਆ ਕਿ 'ਹੁਣ ਫੈਸਲਾ ਮੈਦਾਨ ਵਿਚ ਤਲਵਾਰ ਹੀ ਕਰੇਗੀ।

5 ਫਰਵਰੀ ਦੀ ਪਹੁ ਫੁਟਣ ਤੋਂ ਪਹਿਲਾਂ ਹੀ ਖਾਲਸਾ ਫੌਜਾਂ ਦੇ ਤੋਪਖਾਨੇ ਦੇ ਗੋਲੇ, ਮੁਲਤਾਨ ਸ਼ਹਿਰ ਦੀ ਫਸੀਲ ’ਤੇ ਫੱਟਣ ਲੱਗੇ। ਦੂਜੇ ਬੰਨ੍ਹੇ ਬੁੱਢੇ ਬਹਾਦਰ ਨਵਾਬ ਮੁਜ਼ੱਫ਼ਰ ਖ਼ਾਨ ਨੇ ਵੀ ਆਪਣੇ ਤੋਪਖਾਨੇ ਦਾ ਮੂੰਹ ਖਾਲਸਾ ਫੌਜਾਂ ਦੇ ਮੋਰਚੇ ਵੱਲ ਖੋਲ੍ਹ ਦਿੱਤਾ। ਗੋਲਾਬਾਰੀ ਨੇ ਧਰਤ ਅਕਾਸ਼ ਨੂੰ ਕਾਂਬਾ ਚੜ੍ਹਾਇਆ ਹੋਇਆ ਸੀ। ਰਾਤ ਪੈਣ ਤੱਕ ਲਾਹੌਰ ਦਰਬਾਰ ਦੀਆਂ ਤੋਪਾਂ ਨੇ ਫ਼ਸੀਲ ਵਿੱਚ ਦੋ ਥਾਂਵਾਂ ’ਤੇ ਪਾੜ ਪਾਇਆ ਪਰ ਨਵਾਬ ਦੇ ਬਹਾਦਰ ਮੁੰਡਿਆਂ ਨੇ ਜੋਸ਼ੀਲੇ ਗਾਜ਼ੀਆਂ ਦੀ ਮਦਦ ਨਾਲ ਰੇਤ ਦੀਆਂ ਬੋਰੀਆਂ ਨਾਲ ਪਾੜ ਦਬਾ ਦਬ ਭਰ ਦਿੱਤੇ। ਤਿੰਨ ਦਿਨ ਤੱਕ ਇਹ ਗੋਲਾਬਾਰੀ ਹੁੰਦੀ ਰਹੀ। ਅਖ਼ੀਰ ਗੋਲੇ ਵੱਜਣ ਕਰਕੇ ਸ਼ਹਿਰ ਦਾ ਲਾਹੌਰੀ ਦਰਵਾਜ਼ਾ ਟੁੱਟ ਗਿਆ।

ਦਰਵਾਜ਼ਾ ਟੁਟਦਿਆਂ ਸਾਰ ਖਾਲਸਾ ਫੌਜ ਨੇ ਸਰਦਾਰ ਹਰੀ ਸਿੰਘ ਨਲਵੇ ਤਹਿਤ ਇੰਨੀ ਤੇਜੀ ਨਾਲ ਸ਼ਹਿਰ 'ਚ ਦਾਖਲ ਹੋ ਨਵਾਬ ਉੱਤੇ ਹੱਲਾ ਕੀਤਾ ਕਿ ਉਸਨੂੰ ਸੰਭਲਣ ਦਾ ਮੌਕਾ ਹੀ ਨਾ ਮਿਲਿਆ। ਨਵਾਬ ਦੇ ਪੈਰ ਉਖੜ ਰਹੇ ਸਨ। ਬਹੁਤਾ ਮੁਲਖਈਆ ਤਾਂ ਤਿੱਤਰ ਬਿੱਤਰ ਹੋ ਚੁੱਕਾ ਸੀ। ਸ਼ਹਿਰ ਅੰਦਰ ਦੋਨੋਂ ਪਾਸਿਆਂ ਤੋਂ ਖ਼ੂਬ ਲੋਹਾ ਖੜਕ ਰਿਹਾ ਸੀ। ਨਵਾਬ ਸਮਝ ਚੁੱਕਾ ਸੀ ਕਿ ਹੁਣ ਉਹ ਬਹੁਤਾ ਸਮਾਂ ਅੜ ਨਹੀਂ ਸਕੇਗਾ। ਉਸਨੇ ਆਪਣੇ ਪੁਤਰਾਂ ਸਮੇਤ ਆਪਣੇ ਆਪ ਨੂੰ ਮੁਲਤਾਨ ਦੇ ਮਜਬੂਤ ਕਿਲ੍ਹੇ ਵਿੱਚ ਬੰਦ ਕਰ ਲਿਆ। ਸਾਰੇ ਮੁਲਤਾਨ ਸ਼ਹਿਰ ’ਤੇ ਖਾਲਸਾਈ ਫੌਜ ਦਾ ਕਬਜ਼ਾ ਹੋ ਚੁੱਕਾ ਸੀ। ਸਭ ਨੂੰ ਇਹ ਹਦਾਇਤ ਸੀ ਕਿ ਕੋਈ ਵੀ ਕਿਸੇ ਸ਼ਹਿਰੀ ਬਾਸ਼ਿੰਦੇ ਨਾਲ ਬਦਸਲੂਕੀ ਨਹੀਂ ਕਰੇਗਾ ਕੋਈ ਲੁੱਟ ਖੋਹ ਨਹੀਂ ਕਰੇਗਾ। ਇਹ ਘਟਨਾ 8 ਫਰਵਰੀ ਦੀ ਹੈ।

PunjabKesari

ਪਰ ਸਰਦਾਰਾਂ ਲਈ ਫ਼ਤਿਹ ਉਸ ਵਕਤ ਹੀ ਮੁਕਮਲ ਹੋਣੀ ਸੀ, ਜਦੋਂ ਮੁਲਤਾਨ ਦਾ ਕਿਲ੍ਹਾ ਅਤੇ ਨਵਾਬ ਉਨ੍ਹਾਂ ਦੀ ਮੁਠ ਵਿਚ ਹੁੰਦੇ। ਹੁਣ ਸਭ ਤੋਂ ਵੱਡੀ ਸਿਰਦਰਦੀ ਸੀ। ਇਸ ਅਜਿੱਤ ਕਿਲ੍ਹੇ ਨੂੰ ਜਿੱਤਣਾ! ਲਾਹੌਰ ਦਰਬਾਰ ਦੀਆਂ ਫੌਜਾਂ ਨੇ ਕਿਲ੍ਹੇ ਦਾ ਮੁਹਾਸਰਾ ਕਰਨਾ ਸ਼ੁਰੂ ਕੀਤਾ। ਇਸ ਘੇਰੇ ਨੂੰ ਇਨ੍ਹਾਂ ਤੰਗ ਕਰ ਲਿਆ ਗਿਆ ਕਿ ਕਿਲ੍ਹੇ ਦਾ ਸੰਪਰਕ ਬਾਹਰ ਦੀ ਲੁਕਾਈ ਨਾਲੋਂ ਬਿਲਕੁਲ ਤੋੜ ਦਿੱਤਾ ਗਿਆ। ਨਵਾਬ ਨੇ ਵੀ ਅੰਦਰ ਪੂਰੀ ਤਿਆਰੀ ਕਰ ਰੱਖੀ ਸੀ। ਅੰਦਰ ਜਿੱਥੇ ਗੋਲੀ ਸਿੱਕੇ ਦੀ ਕੋਈ ਕਮੀ ਨਹੀਂ। ਉਥੇ ਅੰਨ ਦੇ ਵੀ ਭੰਡਾਰ ਭਰੇ ਪਏ ਸਨ। ਸਮੇਂ ਦੀ ਮੰਗ ਅਨੁਸਾਰ ਪਾਣੀ ਦੀ ਘਾਟ ਪੂਰੀ ਕਰਨ ਲਈ ਕਿਲ੍ਹੇ ਵਿੱਚ ਨਵੇਂ ਖੂਹ ਵੀ ਪੁਟ ਲਏ ਗਏ ਸਨ। ਨਵਾਬ ਸੋਚ ਰਿਹਾ ਸੀ ਕਿ ਹੋਰ ਦੋ ਮਹੀਨੇ ਤੱਕ ਗਰਮੀ ਉੱਤਰ ਆਉਗੀ, ਉਸ ਸਮੇਂ ਖਾਲਸਾ ਫੌਜਾਂ ਨੂੰ ਇਹ ਮੁਹਾਸਰਾ ਚੁਕਣਾ ਪਵੇਗਾ, ਕਿਉਂਕਿ ਮੁਲਤਾਨ ਦੀ ਗਰਮੀ ਬਰਦਾਸ਼ਤ ਕਰਨਾ ਹਾਰੀ ਸਾਰੀ ਦਾ ਕੰਮ ਨਹੀਂ।

ਕਿਲ੍ਹੇ ਨੂੰ ਘੇਰਾ ਪਇਆਂ ਦੋ ਢਾਈ ਮਹੀਨੇ ਹੋ ਚੁੱਕੇ ਸਨ। ਉਧਰ ਮਹਾਰਾਜਾ ਸਾਹਿਬ ਨੇ ਜਰਨੈਲਾਂ ਨੂੰ ਫਿਰ ਤੋਂ ਹਦਾਇਤ ਭੇਜੀ ਕਿ ਨਵਾਬ ਮੁਜ਼ੱਫ਼ਰ ਖ਼ਾਨ ਨਾਲ ਫਿਰ ਤੋਂ ਗੱਲਬਾਤ ਸ਼ੁਰੂ ਕੀਤੀ ਜਾਵੇ ਤਾਂ ਕਿ ਹੋਰ ਰੱਤ ਨ ਡੁੱਲ੍ਹੇ। ਨਵਾਬ ਨੂੰ ਕਿਹਾ ਜਾਵੇ ਕਿ ਉਹ ਮੁਲਤਾਨ ਦਾ ਕਿਲ੍ਹਾ ਛੱਡ ਦੇਵੇ ਅਤੇ ਬਦਲੇ ਵਿਚ ਸੋਹਣੀ ਜਗੀਰ ਲੈ ਕੇ ਸ਼ੁਜਾਅਬਾਦ ਦੇ ਕਿਲ੍ਹੇ 'ਚ ਆਰਾਮਦਾਇਕ ਜ਼ਿੰਦਗੀ ਹੰਢਾਏ। 

ਸਬ ਸਿੰਘਨ ਪਤ ਸਿੰਘ ਨੇ ਲਿਖ ਪਾਤੀ ਸੁ ਪਠਾਇ।
ਕੋਊ ਵਕੀਲ ਸੋ ਭੇਜ ਕੇ ਕਿਲ੍ਹਾ ਸੁ ਲਓ ਮਿਲਾਇ।

ਇਸ ਮਿਲੇ ਹੁਕਮ ਅਨੁਸਾਰ ਨਵਾਬ ਨਾਲ ਖਾਲਸਾ ਦਰਬਾਰ ਦੇ ਜਰਨੈਲਾਂ ਨੇ ਦੁਬਾਰਾ ਗੱਲਬਾਤ ਸ਼ੁਰੂ ਕੀਤੀ। ਮਈ 1818 ਵਿੱਚ ਦੋਨ੍ਹਾਂ ਪਾਸਿਆਂ ਦੇ ਬੰਦੇ ਸ਼ਰਤਾਂ ਤਹਿ ਕਰਨ ਲਈ ਬੈਠਦੇ ਹਨ। ਮੁਲਤਾਨ ਦੇ ਨਵਾਬ ਵੱਲੋਂ ਜਮੀਅਤ ਰਾਇ, ਮੁਹਸਨ ਸ਼ਾਹ, ਗੁਰਬਖਸ਼ ਰਾਇ, ਅਮੀਨ ਖ਼ਾਨ ਸ਼ਾਮਲ ਹੋਏ। ਨਵਾਬ ਦੇ ਧੜੇ ਦੇ ਬੰਦਿਆਂ ਨੇ ਇਹ ਸ਼ਰਤ ਲਾਜਮ ਕੀਤੀ ਕਿ ਨਵਾਬ ਨੂੰ 'ਮੁਜ਼ੱਫ਼ਰਗੜ੍ਹ' ਕਿਲ੍ਹਾ ਵਾਪਸ ਕੀਤਾ ਜਾਵੇ ਤੇ ਉਸਨੂੰ ਪਰਿਵਾਰ ਸਮੇਤ ਉਸਦੀ ਜਾਗੀਰ ਵਿਚ ਸੁਰੱਖਿਅਤ ਪਹੁੰਚਾਉਣ ਦੀ ਜ਼ਿੰਮੇਵਾਰੀ ਲਾਹੌਰ ਦਰਬਾਰ ਚੁੱਕੇ ਤਾਂ ਨਵਾਬ ਮੁਲਤਾਨ ਦਾ ਕਿਲ੍ਹਾ ਛੱਡ ਦੇਵੇਗਾ।

ਲਾਹੌਰ ਦਰਬਾਰ ਵੱਲੋਂ 16 ਮਈ ਨੂੰ ਪਹਿਲੀ ਬੈਠਕ ਵਿੱਚ ਨਵਾਬ ਦੇ ਧੜੇ ਦੀਆਂ ਸ਼ਰਤਾਂ ਨੂੰ ਤਹਿ ਕਰਨ ਤੇ ਹੋਰ ਵੇਰਵੇ ਲਈ ਉਸ ਵੱਲ ਦੀਵਾਨ ਭਵਾਨੀ ਦਾਸ, ਦੀਵਾਨ ਪੰਜਾਬ ਸਿੰਘ, ਨਵਾਬ ਕੁਤਬੁਦੀਨ ਕਸੂਰੀਆ, ਚੌਧਰੀ ਕਾਦਰ ਬਖ਼ਸ਼ ਨੂੰ ਸਫ਼ੀਰ ਬਣਾ ਕੇ ਮੁਲਤਾਨ ਦੇ ਕਿਲ੍ਹੇ ਭੇਜਿਆ ਗਿਆ। ਨਵਾਬ ਮੁਜ਼ੱਫ਼ਰ ਖ਼ਾਨ ਆਪਣੇ ਹੀ ਕਉਲ ਤੋਂ ਭੱਜ ਗਿਆ। ਉਹ ਅਫ਼ਗਾਨੀਆਂ ਦੀ ਚੁੱਕ ਵਿਚ ਆ ਚੁੱਕਾ ਸੀ, ਜਿਨ੍ਹਾਂ ਨੇ ਉਸਦੇ ਕੰਨ 'ਚ ਫੂਕ ਮਾਰਦਿਆਂ ਕਿਹਾ ਸੀ;-

ਹਮ ਹੈ ਪਠਾਨ ਮਾਨੇ ਔਰ ਕੀ ਨਾ ਆਨ,
ਲੜੇਂ ਮਰੇਂ ਜੌ ਲਉ ਪਰਾਨ ਸਦਾ ਆਦਿ ਤੇ ਵਿਹਾਰ ਹੈ।

ਆਖ਼ਰ ਜਦੋਂ ਇਹ ਗੱਲਬਾਤ ਟੁੱਟ ਗਈ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਲਸ਼ਕਰ ਦੇ ਜਰਨੈਲਾਂ ਵੱਲੇ ਜਮਾਂਦਾਰ ਖੁਸ਼ਹਾਲ ਸਿੰਘ ਹੱਥ ਇਹ ਸੁਨੇਹਾ ਭੇਜਿਆ, ਫੌਰਨ ਕਿਲ੍ਹੇ ਅਤੇ ਹੱਲਾ ਬੋਲ ਦੇਣਾ ਚਾਹੀਦਾ ਹੈ। ਇਸ ਨੂੰ ਫ਼ਤਿਹ ਕੀਤੇ ਬਿਨਾਂ ਸਾਡੀ ਲਾਜ ਨਹੀਂ ਰਹੇਗੀ। ਉਧਰ ਗਰਮੀ ਵੀ ਆਪਣਾ ਜ਼ੌਹਰ ਵਿਖਾਉਣ ਲੱਗੀ ਸੀ। ਲਾਹੌਰੀ ਲਸ਼ਕਰ ਦੇ ਕਿਸੇ ਕਿਸੇ ਖੇਮੇ ਵਿਚ ਹੈਜਾ ਵੀ ਦਸਤਕ ਦੇਣ ਲੱਗਾ। ਸਰਦਾਰਾਂ ਨੇ ਆਪਸੀ ਬੈਠਕ ਵਿਚ ਘੇਰੇ ਨੂੰ ਹੋਰ ਤੰਗ ਕਰਨ ’ਤੇ ਤੋਪਖਾਨੇ ਦੀ ਵਰਤੋਂ ਕਰਨ ਦੇ ਲਏ ਫੈਸਲੇ ’ਤੇ ਅਮਲ ਸ਼ੁਰੂ ਕੀਤਾ। ਇਸ ਸਮੇਂ ਤੱਕ 'ਜੰਗ-ਏ-ਬਿਜਲੀ' ਤੇ 'ਜਮਜਮਾ' ਤੋਪ ਵੀ ਮੁਲਤਾਨ ਪਹੁੰਚ ਗਈਆਂ।

PunjabKesari

ਮਿਸਰ ਦੀਵਾਨ ਚੰਦ ਇਸ ਸਾਰੀ ਮੁਹਿੰਮ ਨੂੰ ਦੇਖ ਰਿਹਾ ਸੀ। ਉਸਨੇ ਭਿੰਨ-ਭਿੰਨ ਸਰਦਾਰਾਂ ਨੂੰ ਉਨ੍ਹਾਂ ਦੇ ਘੋੜ ਸਵਾਰਾਂ ਸਮੇਤ ਕਿਲ੍ਹੇ ਦੀ ਖਾਈ ਨਾਲ ਸਬੰਧਤ ਵੱਖੋ-ਵੱਖ ਮੋਰਚਿਆਂ ’ਤੇ ਤਇਨਾਤ ਕੀਤਾ। ਹੁਣ ਮੁਲਤਾਨ ਦੇ ਕਿਲ੍ਹੇ ’ਤੇ ਦਿਨ ਰਾਤ ਬੰਬਾਰੀ ਹੋਣ ਲੱਗੀ, ਇਸ ਨਾਲ ਜਿੱਥੇ ਉਨ੍ਹਾਂ ਗੋਲਿਆਂ ਦੀ ਮਾਰ ਵਿਚ ਆਉਣ ਵਾਲੇ ਗਾਜੀ ਮਰ ਰਹੇ ਸਨ, ਉਥੇ ਹੀ ਕਿਲ੍ਹੇ ਦੀਆਂ ਕੰਧਾਂ ਦਾ ਉਪਰਲਾ ਹਿੱਸਾ ਵੀ ਕਈ ਥਾਵਾਂ ਤੋਂ ਨੁਕਸਾਨਿਆ ਗਿਆ ਸੀ। ਖਿਜਰੀ ਦਰਵਾਜ਼ਾ ਤੋਪਾਂ ਦੇ ਨਿਸ਼ਾਨੇ ’ਤੇ ਸੀ। ਨਵਾਬ ਨੇ ਕਿਲ੍ਹੇ ਦੁਆਲੇ ਜੋ ਖਾਈ ਸੀ, ਉਸਦੇ ਸਾਰੇ ਪੁਲ ਉਡਵਾ ਦਿੱਤੇ ਸਨ। 

ਇਸੇ ਚੱਲ ਰਹੀ ਗੋਲਾਬਾਰੀ ਵਿੱਚ ਇਕ ਤੋਪ ਦਾ ਪਹੀਆ ਟੁੱਟ ਗਿਆ। ਹੁਣ ਉਸ ਨਾਲ ਸਹੀ ਜਗ੍ਹਾ ’ਤੇ ਨਿਸ਼ਾਨਾ ਨਹੀਂ ਲੱਗ ਸਕਦਾ ਸੀ। ਇਸ ਗੱਲ ਦਾ ਪਤਾ ਸਾਧੂ ਸਿੰਘ ਨਿਹੰਗ ਸਿੰਘ ਨੂੰ ਲੱਗਾ ਤਾਂ ਉਸਨੇ ਆਪਣੇ ਦਸਤੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖਾਲਸਾ ਜੀ, ਇਸ ਕਿਲ੍ਹੇ ਦੀ ਫ਼ਤਿਹਯਾਬੀ ਲਈ ਇਸ ਤੋਪ ਦੇ ਗੋਲਿਆਂ ਦਾ ਨਿਸ਼ਾਨੇ ’ਤੇ ਲੱਗਣਾ ਬਹੁਤ ਜਰੂਰੀ ਹੈ। ਸਿੰਘ ਪੁਛਣ ਲੱਗੇ, ਜੱਥੇਦਾਰ ਜੀ! ਕਰੋ ਹੁਕਮ ਫਿਰ ਕੀ ਕੀਤਾ ਜਾਵੇ? ਸਾਧੂ ਸਿੰਘ ਹੁਣੀ ਕਹਿਣ ਲੱਗੇ ਕੇ ਹੁਣ ਇਕੋ ਹੱਲ ਹੈ ਕਿ ਇਸ ਤੋਪ ਥੱਲੇ ਅਸੀਂ ਆਪਣਾ ਮੋਢਾ ਦੇਈਏ।

ਇਹ ਗੱਲ ਸੁਣ ਕੇ ਜਵਾਨਾਂ ਦੇ ਚਿਹਰੇ ਦੀ ਲਾਲੀ ਹੋਰ ਗੂੜ੍ਹੀ ਹੋ ਗਈ। ਉਹ ਇਸ ਗੱਲ ਨੂੰ ਜਾਣਦੇ ਸਨ ਕਿ ਤੋਪ ਥੱਲੇ ਮੋਢਾ ਦੇਣਾ ਸਿੱਧਾ ਮੌਤ ਨੂੰ ਆਵਾਜ਼ ਮਾਰਨੀ ਹੈ, ਅਜੇ ਜੰਗ ਦੇ ਮੈਦਾਨ ਵਿੱਚ ਤਾਂ ਫਿਰ ਵੀ ਜਿਉਂਦੇ ਰਹਿਣ ਦੇ ਆਸਾਰ ਨੇ ਪਰ ਤੋਪ ਦੇ ਝਟਕੇ ਨੇ ਝੱਟ ਧੌਣ ਦਾ ਮਣਕਾ ਤੋੜ ਦੇਣਾ। ਖਾਲਸਾ ਫੌਜਾਂ ਦੀ ਫ਼ਤਿਹ ਖ਼ਾਤਰ ਇਹ ਮਰਜੀਵੜੇ ਨਿਹੰਗ ਕੁੱਝ ਵੀ ਕਰ ਸਕਦੇ ਸਨ। ਸਾਧੂ ਸਿੰਘ ਹੁਣੀ ਕਹਿਣ ਲੱਗੇ ਕਿ ਸਬ ਤੋਂ ਪਹਿਲਾਂ ਮੈਂ ਲੱਗਦਾ ਪਰ ਜੱਥੇ ਦੇ ਸਿੰਘ ਕਹਿਣ ਲੱਗੇ ਕਿ ਨਹੀਂ ਪਹਿਲਾਂ ਅਸੀਂ ਸਾਰੇ ਵਾਰੋ ਵਾਰੀ ਮੋਢਾ ਦੇਵਾਂਗਾ, ਤੁਸੀਂ ਬਸ ਦੇਖੋ। 

ਮੌਕੇ ਦਾ ਗਵਾਹ ਸਈਅਦ ਗੁਲਾਮ ਜਿਲਾਨੀ, ਜੋ ਜਾਸੂਸ ਬਣ ਕੇ ਵਿਚਰ ਰਿਹਾ ਸੀ, ਜੰਗ-ਏ-ਮੁਲਤਾਨ ਵਿਚ ਇਸ ਗੱਲ ਦਾ ਖ਼ੁਦ ਇਕਬਾਲ ਕਰਦਾ ਹੈ ਸ਼ਹੀਦ ਹੋਣ ਦਾ ਇਨ੍ਹਾਂ ਚਾਅ, ਆਪਣੀ ਕੌਮ ਦੀ ਫ਼ਤਹ ਲਈ ਮੈਂ ਨਹੀਂ ਕਿਤੇ ਦੇਖਿਆ। ਹਰ ਇਕ, ਦੂਜੇ ਨਾਲੋਂ ਪਹਿਲਾਂ ਆਪਣਾ ਮੋਢਾ ਉਸ ਤੋਪ ਥੱਲੇ ਦੇਣ ਲਈ ਉਤਾਵਲਾ ਸੀ। ਇਸ ਬਹਾਦਰੀ ਨੇ ਸਈਅਦ ਨੂੰ ਇੰਨਾ ਮੁਤਾਸਰ ਕੀਤਾ ਕਿ ਇਕ ਵਾਰ ਤਾਂ ਉਹਦੇ ਦਿਲ ਵਿੱਚ ਵੀ ਖਯਾਲ ਆ ਗਿਆ ਕਿ ਮੈਂ ਵੀ ਤੋਪ ਥੱਲੇ ਜਾ ਕੇ ਮੋਢਾ ਦੇ ਦਿਆਂ। ਅਖ਼ੀਰ ਇਨ੍ਹਾਂ ਸ਼ਹਾਦਤਾਂ ਨੇ ਰੰਗ ਲਿਆਂਦਾ ਤੇ ਖਿਜਰੀ ਦਰਵਾਜ਼ੇ ’ਤੇ ਫੁਟਦੇ ਖਾਲਸਾ ਦਰਬਾਰ ਦੇ ਤੋਪਖਾਨੇ ਦੇ ਗੋਲਿਆਂ ਨੇ ਦੋ ਥਾਂਵਾਂ ’ਤੇ ਪਾੜ ਪਾ ਦਿੱਤੇ ਸਨ। ਮਿਸਰ ਦੀਵਾਨ ਚੰਦ ਨੇ ਬੇਲਦਾਰਾਂ ਰਾਹੀਂ ਛਾਂਟਵੇਂ ਮੋਰਚਿਆਂ ਤੋਂ ਸੁਰੰਗਾਂ ਨੂੰ ਖਦਵਾ ਕਿ ਖਾਈ ਤੱਕ ਪਹੁੰਚ ਕਰ ਲਈ ਸੀ। ਖਿਜਰੀ ਦਰਵਾਜ਼ੇ ਵਾਲੀ ਸੁਰੰਗ ਰਾਸਤੇ ਜੰਮਵਾਲ ਰਾਜਪੂਤਾਂ, ਫ਼ਤਿਹ ਸਿੰਘ ਦੱਤ ਤੇ ਅਕਾਲੀ ਸਾਧੂ ਸਿੰਘ ਦਾ ਜੱਥਾ ਧੂਰਕੋਟ ਨੂੰ ਪਾਰ ਕਰਕੇ ਕਿਲ੍ਹੇ ਦੀ ਕੰਧ ਕੋਲ ਜਾ ਪੁੱਜੇ। ਖਿਜਰੀ ਦਰਵਾਜ਼ੇ ਦੇ ਸਨਮੁੱਖ ਵਰ੍ਹਦੀ ਅੱਗ ਵਿੱਚ ਖਾਈ ਨੂੰ ਘਾਹ ਫੂਸ ਅਤੇ ਮਿੱਟੀ ਨਾਲ ਭਰ ਕੇ ਬਾਕੀ ਫ਼ੌਜ ਲਈ ਇਨ੍ਹਾਂ ਰਾਹ ਬਣਾ ਲਿਆ।

ਉਧਰ ਅਫ਼ਗਾਨੀ ਫ਼ੌਜ, ਜੋ ਕਿਲ੍ਹੇ ਵਿੱਚ ਬੁਰੀ ਤਰ੍ਹਾਂ ਘਿਰ ਚੁੱਕੀ ਸੀ, ਇਸਦਾ ਕਾਫੀ ਨੁਕਸਾਨ ਵੀ ਹੋ ਚੁੱਕਾ ਸੀ, ਲਈ ਹੁਣ ਇਸ ਕਿਲ੍ਹੇ ਨੂੰ ਬਚਾਉਣਾ ਜ਼ਿੰਦਗੀ ਮੌਤ ਦਾ ਸਵਾਲ ਬਣ ਚੁੱਕਾ ਸੀ। ਇਹ ਪਠਾਣ ਇਸੇ ਡਟੇ ਕਿ ਇਨ੍ਹਾਂ ਨੇ ਖਾਲਸਾ ਫ਼ੌਜ ਦੇ ਹਰ ਹੱਲੇ ਦਾ ਬੜੀ ਬਹਾਦਰੀ ਨਾਲ ਟਾਕਰਾ ਕੀਤਾ ਤੇ ਕਿਲ੍ਹੇ ਦੀ ਸਰਦਲ ਤੇ ਪੈਰ ਨਹੀਂ ਰੱਖਣ ਦਿੱਤਾ। ਉਧਰ ਜੇਠ ਮਹੀਨੇ ਦੀ ਗਰਮੀ ਨੇ ਜ਼ੁਬਾਨ ਨੂੰ ਤਾਲੂਏ ਨਾਲ ਲਾ ਦਿੱਤਾ ਸੀ। ਖਿਜਰੀ ਦਰਵਾਜ਼ੇ ਕੋਲ ਰੋਜ਼ ਘੰਟਿਆਂ ਬੱਧੀ ਲੋਹਾ ਖੜਕਦਾ, ਭੋਇ ਜਵਾਨਾਂ ਦੇ ਰੱਤ ਨਾਲ ਸੱਜ ਵਿਆਹੀ ਮੁਟਿਆਰ ਦੇ ਸਾਲੂ ਵਾਂਗ ਸੂਹੀ ਭਾ ਮਾਰਦੀ ਪਈ ਸੀ। ਪੌਣੇ ਤਿੰਨ ਮਹੀਨੇ ਘੇਰਾ ਪਏ ਨੂੰ ਹੋ ਚੁੱਕੇ ਸਨ, ਕੋਈ ਨਹੀਂ ਜਾਣਦਾ ਸੀ ਕਿ ਮੈਦਾਨ ਦੀ ਮੱਲ ਕਿਹੜੀ ਧਿਰ ਮਾਰੇਗੀ। ਗਰਮੀ ਕਰਕੇ ਦੁਪਹਿਰੇ ਕੁੱਝ ਸਮੇਂ ਲਈ ਜੰਗ ਬੰਦ ਕਰ ਲਈ ਜਾਂਦੀ ਸੀ।

2 ਜੂਨ ਨੂੰ ਦੁਪਹਿਰੇ ਅਕਾਲੀ ਸਾਧੂ ਸਿੰਘ ਨਿਹੰਗ ਆਪਣੇ ਜੱਥੇ ਨਾਲ ਕਿਲ੍ਹੇ ਦੀ ਕੰਧ ਵਿੱਚ ਪਏ ਹੋਏ ਪਾੜਾਂ ਪਾਸ ਜਾ ਧਮਕਿਆ ਤੇ ਪਹਿਰੇ ’ਤੇ ਖੜ੍ਹੇ ਪਹਿਰੇਦਾਰਾਂ ਨੂੰ ਹੁਕਮ ਸਤਿ ਕਰਕੇ ਕਿਲ੍ਹੇ ਵਿੱਚ ਵੜ ਗਿਆ। ਉਸਨੇ ਜਿਉਂ ਹੀ ਜੈਕਾਰੇ ਗਜਾਏ ਤਾਂ ਖਾਈ ਲਾਗੇ ਮੋਰਚੇ ਬਣਾ ਕੇ ਬੈਠੇ ਸਰਦਾਰ ਹਰੀ ਸਿੰਘ ਨਲਵਾ, ਸਰਦਾਰ ਮਹਾਂ ਸਿੰਘ, ਸਰਦਾਰ ਧੰਨਾ ਸਿੰਘ ਮਲਵਈ, ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਆਦਿ ਵੀ ਆਪਣੇ ਦਸਤਿਆਂ ਨਾਲ ਕਿਲ੍ਹੇ ਵਿੱਚ ਦਾਖਲ ਹੋ ਗਏ।

ਉਧਰ ਮੁਜ਼ੱਫ਼ਰ ਖ਼ਾਨ ਵੀ ਮੁਕਾਬਲੇ ਲਈ ਤਿਆਰ ਸੀ। ਉਹਦਾ ਪਠਾਨੀ ਖ਼ੂਨ ਉਬਾਲੇ ਮਾਰਦਾ ਪਿਆ ਸੀ। ਆਪਣੇ ਸੱਤ ਪੁੱਤਾਂ ਤੇ ਭਰਾਵਾਂ ਭਤੀਜਿਆਂ ਨਾਲ ਇਹ ਬੁੱਢਾ ਨਵਾਬ ਹਰੇ ਕੱਪੜੇ ਪਾਈ, ਨੰਗੀ ਤਲਵਾਰ ਹੱਥ ਫੜੀ ਰਣ ਤੱਤੇ ਵਿੱਚ ਆਪਣੇ ਬੰਦਿਆਂ ਦਾ ਹੌਂਸਲਾ ਵਧਾ ਰਿਹਾ ਸੀ। ਦੋਨੋਂ ਪਾਸੇ ਤੋਂ ਸਿਰ ਧੜ ਦੀ ਬਾਜ਼ੀ ਲੱਗੀ ਹੋਈ ਸੀ। ਅੰਤ ਖਿਜਰੀ ਦਰਵਾਜ਼ੇ ਕੋਲ, ਮੁਲਤਾਨ ਦੀ ਨਵੀਂ ਹਦਬੰਦੀ ਦਾ ਫ਼ੈਸਲਾ ਤਲਵਾਰ ਨੇ ਕੀਤਾ। ਨਵਾਬ ਮੁਜ਼ੱਫ਼ਰ ਖ਼ਾਨ ਆਪਣੇ ਪੰਜ ਪੁਤਰਾਂ, ਸ਼ਾਹ ਨਵਾਜ਼ ਖ਼ਾਨ, ਮੁਮਤਾਜ਼ ਖ਼ਾਨ, ਐਜਾਜ਼ ਖ਼ਾਨ, ਹਕਨਵਾਜ਼ ਖ਼ਾਨ ਤੇ ਬਾਜ਼ ਖ਼ਾਨ, ਭਤੀਜੇ ਖੈਰੁੱਲਾ ਖ਼ਾਨ ਸਮੇਤ ਕੰਮ ਆਇਆ। ਉਸਦੇ ਜਰਨੈਲ ਨਸਰੁੱਲਾ ਖ਼ਾਨ, ਜਾਨ ਮੁਹੰਮਦ ਖ਼ਾਨ ਬਾਦੋਜ਼ਈ, ਖੁਦਾ ਯਾਰ ਖ਼ਾਨ ਗਲਜ਼ੇਈ ਤੇ ਸਾਹਿਬ ਦਾਦ ਖ਼ਾਨ ਆਦਿ ਇਸ ਲੜਾਈ ਵਿੱਚ ਕੰਮ ਆਏ।

500 ਦੇ ਕਰੀਬ ਕਿਲ੍ਹੇ ਦੇ ਜਵਾਨਾਂ ਨੇ ਆਪਣੇ ਹਥਿਆਰ ਸਿੱਖ ਜਰਨੈਲਾਂ ਸਾਹਮਣੇ ਸੁਟ ਦਿੱਤੇ। ਨਵਾਬ ਮੁਜ਼ੱਫ਼ਰ ਖ਼ਾਨ ਦੇ ਤਿੰਨ ਪੁਤ ਜ਼ੁਲਿਫ਼ਕਾਰ ਖ਼ਾਨ, ਸਰ ਫਰਾਜ ਖ਼ਾਨ ਤੇ ਅਮੀਰ ਬੇਗ ਖ਼ਾਨ ਆਦਿ ਜਖ਼ਮੀ ਹਾਲਤ ਵਿੱਚ ਖਾਲਸੇ ਦੀ ਸ਼ਰਣ ਵਿੱਚ ਆ ਗਏ। ਜਿੱਥੇ ਕਿਲ੍ਹੇ ਵਿਚੋਂ ਕਾਫੀ ਸੋਨਾ, ਚਾਂਦੀ ਤੇ ਨਕਦੀ ਮਿਲੀ, ਉਥੇ ਹੀ 7000 ਬੰਦੂਕਾਂ, 9 ਤੋਪਾਂ, ਕਈ ਹਜ਼ਾਰ ਤਲਵਾਰਾਂ ਅਤੇ ਹੋਰ ਜੰਗੀ ਸਾਜੋ ਸਮਾਨ ਵੀ ਮਿਲਿਆ। ਮਹਾਰਾਜਾ ਰਣਜੀਤ ਸਿੰਘ ਦੇ ਹੁਕਮ ਅਨੁਸਾਰੀ ਖਾਲਸਾ ਫੌਜਾਂ ਦੇ ਜਰਨੈਲਾਂ ਨੇ ਆਪਣੇ ਆਪਣੇ ਜੱਥਿਆਂ ਨੂੰ ਹੁਕਮ ਕੀਤਾ ਕਿ ਕੋਈ ਵੀ ਲੁੱਟ ਮਾਰ ਨਹੀਂ ਕਰੇਗਾ। ਕੰਵਰ ਖੜਕ ਸਿੰਘ ਨੇ ਆਪਣੀ ਨਿਗਰਾਨੀ ਥੱਲੇ ਪੂਰੀ ਸ਼ਾਨੋ ਸ਼ੌਕਤ ਨਾਲ ਬਹਾਦਰ ਮੁਜ਼ੱਫ਼ਰ ਖ਼ਾਨ ਤੇ ਉਸਦੇ ਪੁਤ ਭਤੀਜਿਆਂ ਨੂੰ ਪੀਰ ਬਾਵਲ ਹੱਕ ਦੇ ਮਕਬਰੇ ਦੀ ਹਦੂਦ ਅੰਦਰ ਦਫ਼ਨਾਇਆ। ਦੋਨਾਂ ਦਲਾਂ ਦੇ ਹੀ ਜੰਗ ਵਿੱਚ ਕੰਮ ਆਏ ਜਵਾਨਾਂ ਦੀਆਂ ਉਨ੍ਹਾਂ ਦੇ ਧਰਮ ਮੂਜਬ ਅੰਤਮ ਰਸਮਾਂ ਕੀਤੀਆਂ ਗਈਆਂ ਅਤੇ ਨਾਲ ਹੀ ਜਖ਼ਮੀਆਂ ਦੇ ਇਲਾਜ ਦਾ ਇੰਤਜ਼ਾਮ ਕੀਤਾ ਗਿਆ।

ਫ਼ਤਿਹ ਸਿੰਘ ਆਹਲੂਵਾਲੀਆ ਦਾ ਏਲਚੀ ਸਾਹਿਬ ਸਿੰਘ, ਮੁਲਤਾਨ ਦੀ ਫ਼ਤਹ ਦੀ ਖ਼ਬਰ ਲੈ ਕੇ ਲਾਹੌਰ ਪੁਜਾ ਤਾਂ ਮਹਾਰਾਜਾ ਸਾਹਿਬ ਅੰਮ੍ਰਿਤ ਵੇਲੇ ਇਸ਼ਨਾਨ ਕਰ ਰਹੇ ਸਨ। ਫ਼ਤਿਹ ਦੀ ਖ਼ਬਰ ਸੁਣਦਿਆਂ ਹੀ ਮਹਾਰਾਜਾ ਸਾਹਿਬ ਜੀ ਗੱਦ-ਗੱਦ ਹੋ ਉੱਠੇ ਅਤੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਗੁਰੂ ਮਹਾਰਾਜ ਸਨਮੁਖੁ ਅਰਦਾਸਾਂ ਸੋਧਣ ਉਪਰੰਤ ਫ਼ਤਿਹ ਦੀ ਖ਼ਬਰ ਲੈ ਕੇ ਆਏ ਹਰਕਾਰੇ ਨੂੰ ਭਾਰੀ  ਸੋਨੇ ਦੇ ਕੜਿਆਂ ਦੀ ਜੋੜੀ, ਇੱਕ ਸੋਨੇ ਦਾ ਕੈਂਠਾ, 500 ਨਕਦੀ ਅਤੇ ਹੋਰ ਵੀ ਕਈ ਤੋਹਫ਼ੇ ਬਖ਼ਸ਼ਿਸ਼ ਕੀਤੇ। ਲਾਹੌਰ ਦੇ ਕਿਲ੍ਹੇ ਤੋਂ ਤੋਪਾਂ ਦਾਗੀਆਂ ਗਈਆਂ ਤਾਂ ਕਿ ਸਾਰੇ ਲਾਹੌਰ ਨੂੰ ਮੁਲਤਾਨ ਫ਼ਤਿਹ ਹੋ ਗਿਆ ਹੈ।

ਨਵਾਬ ਮੁਜ਼ੱਫ਼ਰ ਖ਼ਾਨ ਦਾ ਪਰਿਵਾਰ ਕੁੰਵਰ ਖੜਕ ਸਿੰਘ ਦੀ ਸਰਪ੍ਰਸਤੀ ਥੱਲੇ ਲਾਹੌਰ ਪੁਜਾ। ਮਹਾਰਾਜਾ ਸਾਹਿਬ ਨੇ ਇਨ੍ਹਾਂ ਨੂੰ ਪੂਰਾ ਸਤਿਕਾਰ ਕੀਤਾ। ਸ਼ਰਕਪੁਰ ’ਤੇ ਨੌ ਲੱਖੇ ਵਿੱਚ ਇਨ੍ਹਾਂ ਨੂੰ ਜਾਗੀਰਾਂ ਬਖ਼ਸ਼ੀਆਂ ਤਾਂ ਕੇ ਉਹ ਤੇ ਉਨ੍ਹਾਂ ਦੇ ਵਾਰਸ ਸੁਖਮਈ ਜੀਵਨ ਬਤੀਤ ਕਰ ਸਕਣ। ਮਹਾਰਾਜਾ ਸਾਹਿਬ ਨੇ ਦੀਵਾਨ ਚੰਦ ਨੂੰ 'ਜ਼ੱਫ਼ਰ ਜੰਗ' ਦਾ ਖਿਤਾਬ ਬਖਸ਼ਿਆ, ਉਥੇ ਹੀ ਆਪਣੇ ਜਵਾਨਾਂ ਤੋਬੁਤਕੀਆਂ ਵਾਰੀਆਂ ਅਤੇ ਜਾਗੀਰਾਂ ਵੀ ਬਖ਼ਸ਼ੀਆਂ। ਸਰਦਾਰ ਹਰੀ ਸਿੰਘ ਨਲਵੇ ਦੀ ਜਾਗੀਰ ਵੀ ਦੁਗਣੀ ਕੀਤੀ ਗਈ।

ਮੁਲਤਾਨ ਦੇ ਇਲਾਕੇ ਦਾ ਪ੍ਰਬੰਧ ਕਰਨ ’ਤੇ ਕਿਲ੍ਹੇ ਦੀ ਮੁਰੰਮਤ ਲਈ ਸਰਦਾਰ ਦਲ ਸਿੰਘ ਨਹੇਰਨਾ, ਸਰਦਾਰ ਜੋਧ ਸਿੰਘ ਕਲਸੀਆਂ ਅਤੇ ਦੇਵਾ ਸਿੰਘ ਦੁਆਬੀਆ ਨਿਯੁਕਤ ਕੀਤਾ ਗਿਆ। ਇਸ ਦਿਨ ਤੋਂ ਮੁਲਤਾਨ ਪੱਕੇ ਤੌਰ ’ਤੇ ਫਿਰ ਤੋਂ ਪੰਜਾਬ ਦਾ ਹਿੱਸਾ ਬਣ ਗਿਆ। ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਵੱਡੀਆਂ ਜੰਗੀ ਮੁਹਿੰਮਾਂ ਵਿਚੋਂ ਇੱਕ ਵੱਡੀ ਜੰਗੀ ਮੁਹਿੰਮ ਮੁਲਤਾਨ ਫ਼ਤਿਹ ਸੀ।


rajwinder kaur

Content Editor

Related News