ਕਸ਼ਮੀਰ ’ਚ ਤਾਜ਼ਾ ਬਰਫਬਾਰੀ, ਸ਼ਨੀਵਾਰ ਨੂੰ ਵੀ ਹਲਕੀ ਬਾਰਿਸ਼ ਦੇ ਆਸਾਰ
Saturday, Nov 23, 2019 - 08:16 AM (IST)

ਸ਼੍ਰੀਨਗਰ, (ਭਾਸ਼ਾ)- ਕਸ਼ਮੀਰ ’ਚ ਉਚਾਈ ਵਾਲੇ ਸਥਾਨਾਂ ’ਤੇ ਸ਼ੁੱਕਰਵਾਰ ਨੂੰ ਤਾਜ਼ਾ ਬਰਫਬਾਰੀ ਹੋਈ। ਬਰਫਬਾਰੀ ਨਾਲ ਬੇਸ਼ੱਕ ਸਥਾਨਕ ਜਨਜੀਵਨ ਪ੍ਰਭਾਵਿਤ ਹੋਇਆ ਪਰ ਉਕਤ ਬਰਫਬਾਰੀ ਨੇ ਅੱਤਵਾਦ ਦੀ ਮਾਰ ਸਹਿ ਰਹੇ ਉਕਤ ਸੈਲਾਨੀ ਖੇਤਰ ਨੂੰ ਫਿਰ ਤੋਂ ਪਟੜੀ ’ਤੇ ਲੈ ਆਂਦਾ ਹੈ। ਘਾਟੀ ’ਚ 4 ਦਿਨਾਂ ’ਚ 5,000 ਸੈਲਾਨੀ ਪੁੱਜੇ। ਜਾਣਕਾਰੀ ਅਨੁਸਾਰ ਉੱਤਰ ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ’ਚ ਸਥਿਤ ਗੁਲਮਰਗ ’ਚ ਰਾਤ ਦੌਰਾਨ ਰਿਕਾਰਡ ਕਰੀਬ 4 ਇੰਚ ਬਰਫ ਪਈ।
ਘਾਟੀ ਦੇ ਜੋਜਿਲਾ ਦੱਰੇ, ਅਮਰਨਾਥ ਗੁਫਾ, ਸੋਨਮਰਗ, ਗੁਲਮਰਗ ਅਤੇ ਗੁਰੇਜ਼ ਸਣੇ ਉਚਾਈ ਵਾਲੇ ਹੋਰਨਾਂ ਖੇਤਰਾਂ ’ਚ ਵੀ ਬਰਫ ਪੈਣ ਦੀ ਰਿਪੋਰਟ ਹੈ। ਸੈਲਾਨੀ ਵਾਦੀਆਂ ’ਚ ਚਾਰੇ ਪਾਸੇ ਬਰਫ ਦੇਖ ਕੇ ਰੋਮਾਂਚਿਤ ਹੋ ਰਹੇ ਹਨ। ਕਈ ਸੈਲਾਨੀ ਬਰਫ ’ਚ ਸਕੀਇੰਗ ਦਾ ਵੀ ਮਜ਼ਾ ਲੈ ਰਹੇ ਹਨ ਅਤੇ ਕਈ ਪਹਾੜੀਆਂ ਦੀਆਂ ਚੋਟੀਆਂ ਤੋਂ ਸਲੇਜ਼ਿੰਗ ਕਰਦੇ ਹੋਏ ਹੇਠਾਂ ਆ ਰਹੇ ਹਨ। ਜ਼ਿਆਦਾਤਰ ਸੈਲਾਨੀ ਰਾਤ ਨੂੰ ਗੁਲਮਰਗ ’ਚ ਰੁਕਣ ਦੀ ਬਜਾਏ ਸ਼੍ਰੀਨਗਰ ’ਚ ਰੁਕਣਾ ਪਸੰਦ ਕਰਦੇ ਹਨ। ਸ਼੍ਰੀਨਗਰ ਤੋਂ ਹਰ ਰੋਜ਼ 100 ਟੈਕਸੀਆਂ ਸੈਲਾਨੀਆਂ ਨੂੰ ਲੈ ਕੇ ਗੁਲਮਰਗ ਪੁੱਜ ਰਹੀਆਂ ਹਨ।
ਸਨਸ਼ਾਈਨ ਹੋਟਲ ਦੇ ਪ੍ਰਬੰਧਕ ਗੁਲਜ਼ਾਰ ਅਹਿਮਦ ਨੇ ਕਿਹਾ ਕਿ 10 ਨਵੰਬਰ ਤੋਂ ਬਾਅਦ ਤੋਂ ਹੀ ਸੈਲਾਨੀਆਂ ’ਚ ਤੇਜ਼ੀ ਆਈ ਹੈ। ਸ਼੍ਰੀਨਗਰ ਸਣੇ ਘਾਟੀ ਦੇ ਮੈਦਾਨੀ ਖੇਤਰਾਂ ’ਚ ਭਾਰੀ ਬਾਰਿਸ਼ ਹੋਣ ਨਾਲ ਠੰਡ ਵਧ ਗਈ ਹੈ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ’ਚ ਜੰਮੂ ਅਤੇ ਲੱਦਾਖ ਖੇਤਰਾਂ ’ਚ ਬਰਫਬਾਰੀ ਜਾਂ ਹਲਕੀ ਬਾਰਿਸ਼ ਅਤੇ ਕਸ਼ਮੀਰ ’ਚ ਮੱਧਮ ਬਾਰਿਸ਼ ਜਾਂ ਬਰਫਬਾਰੀ ਦਾ ਅੰਦਾਜ਼ਾ ਲਾਇਆ ਹੈ। ਸ਼ਨੀਵਾਰ ਨੂੰ ਵੀ ਛਿੱਟਪੁੱਟ ਹਲਕੀ ਬਾਰਿਸ਼ ਹੋਣ ਅਤੇ ਮੰਗਲਵਾਰ ਤਕ ਮੌਸਮ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ ਹੈ।