ਕੋਰੋਨਾ ਦਹਿਸ਼ਤ ਦੌਰਾਨ ਇਨਸਾਨੀ ਰਿਸ਼ਤਿਆਂ ਤੇ ਭਾਈਚਾਰਕ ਸਾਂਝਾਂ ਦੀ ਸਲਾਮਤੀ ਵੀ ਜ਼ਰੂਰੀ!

Sunday, Jun 07, 2020 - 12:40 PM (IST)

ਬਿੰਦਰ ਸਿੰਘ ਖੁੱਡੀ ਕਲਾਂ

ਮੋਬ-98786-05965

ਆਲਮੀ ਪੱਧਰ 'ਤੇ ਕਹਿਰ ਵਰਸਾ ਰਿਹਾ ਕੋਰੋਨਾ ਵਾਇਰਸ ਸਿਰਫ ਇਨਸਾਨੀ ਜ਼ਿੰਦਗੀਆਂ ਨੂੰ ਹੀ ਨਹੀਂ ਨਿਗਲ ਰਿਹਾ, ਬਲਕਿ ਇਸ ਨੇ ਤਾਂ ਇਨਸਾਨੀ ਰਿਸ਼ਤਿਆਂ ਨੂੰ ਵੀ ਨਿਗਲਣਾ ਸ਼ੁਰੂ ਕਰ ਦਿੱਤਾ ਹੈ। ਕੋਰੋਨਾ ਵਾਇਰਸ ਦੇ ਕਾਲੇ ਪਰਛਾਵੇਂ ਨੇ ਇਨਸਾਨੀ ਰਿਸ਼ਤਿਆਂ ਨੂੰ ਸਿਆਹ ਕਰਨਾ ਸ਼ੁਰੂ ਕਰ ਦਿੱਤਾ ਹੈ। ਇਨਸਾਨੀ ਭਾਵਨਾਵਾਂ ਨੂੰ ਗ੍ਰਹਿਣ ਲੱਗ ਰਿਹਾ ਜਾਪਦਾ ਹੈ। ਇਨਸਾਨ ਜਿਵੇਂ ਪੱਥਰ ਬਣਦਾ ਜਾ ਰਿਹਾ ਹੈ। ਸਮਾਜਿਕ ਦੂਰੀਆਂ ਪਾਉਂਦਾ ਪਾਉਂਦਾ ਇਨਸਾਨ ਮਾਨਸਿਕ ਦੂਰੀਆਂ ਵਿੱਚ ਵੀ ਇਜ਼ਾਫ਼ਾ ਕਰਦਾ ਦਿਸ ਰਿਹਾ ਹੈ। 

ਕੋਰੋਨਾ ਕਹਿਰ ਤੋਂ ਖੌਫਜ਼ੁਦਾ ਹੋਏ ਇਨਸਾਨਾਂ ਦਾ ਖ਼ੂਨ ਹੀ ਸਫ਼ੈਦ ਹੋਣ ਲੱਗਿਆ ਹੈ। ਇਨਸਾਨ ਕੋਰੋਨਾ ਕਹਿਰ ਤੋਂ ਇੰਨਾ ਜ਼ਿਆਦਾ ਸਹਿਮ ਗਿਆ ਲੱਗਦਾ ਹੈ ਕਿ ਉਸ ਨੇ ਆਪਣਿਆਂ ਦਾ ਮੋਹ ਹੀ ਤਿਆਗ ਦਿੱਤਾ ਹੈ। ਬੀਤੇ ਕੱਲ ਫਿਰ ਬਹੁਤ ਹੀ ਦੁਖਦ ਖਬਰ ਸਾਹਮਣੇ ਆਈ ਹੈ ਕਿ ਪਰਿਵਾਰ ਵਾਲਿਆਂ ਨੇ ਕੋਰੋਨਾ ਵਾਇਰਸ ਨਾਲ ਮੌਤ ਦੇ ਮੂੰਹ ਗਈ ਔਰਤ ਦੀ ਲਾਸ਼ ਲੈਣ ਤੋਂ ਇਨਕਾਰ ਕਰਦਿਆਂ ਉਸਦੇ ਦੇ ਨੇੜੇ ਆਉਣ ਤੋਂ ਵੀ ਇਨਕਾਰ ਕਰ ਦਿੱਤਾ। ਕੋਰੋਨਾ ਵਾਇਰਸ ਨਾਲ ਮੌਤ ਦੇ ਮੂੰਹ ਗਏ ਇਨਸਾਨ ਦਾ ਮੂੰਹ ਵੇਖਣ ਦੀ ਇਜ਼ਾਜਤ ਤਾਂ ਪ੍ਰਸ਼ਾਸਨ ਹੀ ਨਹੀਂ ਦਿੰਦਾ ਪਰ ਪਰਿਵਾਰ ਵਾਲੇ ਤਾਂ ਨਜ਼ਦੀਕ ਆਉਣ ਤੋਂ ਵੀ ਇਨਕਾਰ ਕਰਨ ਲੱਗੇ ਹਨ। ਮੀਡੀਆ ਰਿਪੋਰਟਾਂ ਅਨੁਸਾਰ ਪ੍ਰਸ਼ਾਸਨ ਨੇ ਖੁਦ ਸੰਸਕਾਰ ਕਰਨ ਦਾਫੈਸਲਾ ਕੀਤਾ।

ਪੜ੍ਹੋ ਇਹ ਵੀ - ਜਾਣੋ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਦੇ ਨਾਮ, ਸ਼ੁਰੁਆਤ ਤੇ ਉਨ੍ਹਾਂ ਦਾ ਪਿਛੋਕੜ (ਵੀਡੀਓ)

ਕਿਹਾ ਜਾ ਰਿਹਾ ਹੈ ਕਿ ਇਸ ਦੌਰਾਨ ਪਰਿਵਾਰ ਵਾਲੇ ਕਾਫੀ ਦੂਰ ਖ਼ੜੇ ਵੇਖਦੇ ਰਹੇ। ਪਰਿਵਾਰ ਵਿਚ ਕੋਰੋਨਾ ਨੂੰ ਲੈ ਕੇ ਇੰਨਾ ਜ਼ਿਆਦਾ ਖੌਫ਼ ਦੱਸਿਆ ਗਿਆ ਹੈ ਕਿ ਉਹ ਮ੍ਰਿਤਕ ਦੀ ਦੇਹ ਨੂੰ ਅਗਨੀ ਵਿਖਾਉਣ ਵੀ ਨੇੜੇ ਨਹੀਂ ਆਏ ਜਦਕਿ ਸਿਹਤ ਵਿਭਾਗ ਵੱਲੋਂ ਪੂਰੀ ਕਿੱਟ ਪਹਿਨਾ ਕੇ ਸੁਰੱਖਿਅਤ ਤਰੀਕੇ ਨਾਲ ਮ੍ਰਿਤਕ ਦੇਹ ਕੋਲ ਭੇਜਣ ਦੀ ਗੱਲ ਕਹੀ ਗਈ ਦੱਸੀ ਜਾ ਰਹੀ ਹੈ। ਸਿਹਤ ਵਿਭਾਗ ਵੱਲੋਂ ਸੁਰੱਖਿਅਤ ਕਿੱਟ ਪਹਿਨਾਉਣ ਦੇ ਨਾਲ-ਨਾਲ ਦਸ ਪੰਦਰਾਂ ਫੁੱਟ ਲੰਬਾਈ ਦੀ ਛੋਟੀ ਨਾਲ ਦੂਰੋਂ ਅਗਨੀ ਵਿਖਾਉਣ ਦਾ ਸੁਝਾਅ ਵੀ ਪਰਿਵਾਰ ਵਾਲਿਆਂ ਵੱਲੋਂ ਦਰਕਿਨਾਰ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ। ਰਿਪੋਰਟਾਂ ਅਨੁਸਾਰ ਇਸ ਮ੍ਰਿਤਕ ਔਰਤ ਦੀਆਂ ਅੰਤਿਮ ਰਸਮਾਂ ਵੀ ਪ੍ਰਸ਼ਾਸਨ ਵੱਲੋਂ ਹੀ ਪੂਰੀਆਂ ਕੀਤੀਆਂ ਜਾਣੀਆਂ ਹਨ।

ਇਸ ਤੋਂ ਪਹਿਲਾਂ ਵੀ ਇੱਕ ਕੋਰੋਨਾ ਮ੍ਰਿਤਕ ਨੂੰ ਅੰਤਿਮ ਸਮੇਂ ਚਾਰ ਕਾਨੀ ਵੀ ਨਾਂ ਨਸੀਬ ਹੋਣ ਦੀ ਗੱਲ ਸਾਹਮਣੇ ਆਈ ਸੀ। ਜਦੋਂ ਸਿਹਤ ਵਿਭਾਗ ਦੀ ਟੀਮ ਇਸ ਮ੍ਰਿਤਕ ਦੀ ਦੇਹ ਲੈ ਕੇ ਸ਼ਮਸ਼ਾਨਘਾਟ ਪੁੱਜੀ ਤਾਂ ਨਾਲ ਆਏ ਉਸਦੇ ਪੁੱਤਰ ਨੂੰ ਪਿਤਾ ਦੀ ਮ੍ਰਿਤਕ ਦੇਹ ਅਗਨੀ ਸਥਾਨ ਤੱਕ ਲਿਜਾਣ ਲਈ ਬਹੁਤ ਤਰੱਦਦ ਕਰਨਾ ਪਿਆ। ਦੱਸਿਆ ਜਾ ਰਿਹਾ ਹੈ ਕਿ ਨਾਲ ਆਏ ਅਧਿਕਾਰੀਆਂ ਨੇ ਵੀ ਆਪਣੇ ਸ਼ੀਸੇ ਬੰਦ ਕਰ ਲਏ ਅਤੇ ਪੁੱਤਰ ਨੇ ਮਸਾਂ ਮਿੰਨਤਾਂ ਨਾਲ ਸ਼ਮਸ਼ਾਨਘਾਟ ਦੇ ਹੀ ਦੋ ਬੰਦਿਆਂ ਨੂੰ ਸਹਾਰਾ ਦੇਣ ਲਈ ਮਨਾਇਆ ਪਰ ਫਿਰ ਵੀ ਇੱਕ ਬੰਦਾ ਘਟਦਾ ਸੀ। ਦੱਸਿਆ ਜਾ ਰਿਹਾ ਹੈ ਕਿ ਲੋਕ ਇਹ ਸਾਰਾ ਆਲਮ ਦੂਰ ਖ਼ੜੇ ਤੱਕਦੇ ਰਹੇ ਪਰ ਕਿਸੇ ਨੇ ਇਸ ਬਿਪਤਾ ਸਮੇਂ ਸਹਾਰਾ ਬਣਨ ਦੀ ਹਿੰਮਤ ਨਹੀਂ ਵਿਖਾਈ। ਹੋਇਆ ਇਹ ਕਿ ਲਾਚਾਰ ਪੁੱਤਰ ਨੂੰ ਆਪਣੇ ਪਿਤਾ ਦੀ ਅਰਥੀ ਖੁਦ ਪਿੱਛੇ ਲੱਗਕੇ ਅਤੇ ਦੋ ਬੰਦਿਆਂ ਨੂੰ ਅੱਗੇ ਲਗਾ ਕੇ ਤਿੰਨ ਜਣਿਆ ਦੇ ਸਹਾਰੇ ਹੀ ਅਗਨੀ ਸਥਾਨ 'ਤੇ ਲਿਜਾਣੀ ਪਈ।

ਪੜ੍ਹੋ ਇਹ ਵੀ - ਵਿਸ਼ਵ ਭੋਜਨ ਸੁਰੱਖਿਆ ਦਿਹਾੜੇ ’ਤੇ ਵਿਸ਼ੇਸ਼ : ‘ਜਾਣੋ ਕੁੱਝ ਰੌਚਕ ਤੱਥ’

ਗੁਰੂ ਘਰ ਦੇ ਮਹਾਨ ਕੀਰਤਨਈਏ ਭਾਈ ਨਿਰਮਾਲ ਸਿੰਘ ਖਾਲਸਾ ਦੇ ਅੰਤਿਮ ਸੰਸਕਾਰ ਮੌਕੇ ਖੜਾ ਹੋਇਆ ਵਿਵਾਦ ਵੀ ਸਾਡੇ ਸਭ ਦੇ ਸਾਹਮਣੇ ਹੈ। ਕੋਰੋਨਾ ਦਹਿਸ਼ਤ ਦੇ ਚੱਲਦਿਆਂ ਪਿੰਡ ਵਾਲਿਆਂ ਨੇ ਭਾਈ ਸਾਹਿਬ ਦੇ ਅੰਤਿਮ ਸੰਸਕਾਰ ਲਈ ਸਮਸ਼ਾਨਘਾਟ ਦੇ ਦਰਵਾਜ਼ੇ ਹੀ ਬੰਦ ਕਰ ਲਏ। ਇਹ ਕੋਰੋਨਾ ਦਹਿਸ਼ਤ ਹੀ ਸੀ ਕਿ ਭਾਈ ਸਾਹਿਬ ਦੀ ਮ੍ਰਿਤਕ ਦੇਹ ਨੂੰ ਅੰਤਿਮ ਸੰਸਕਾਰ ਲਈ ਇਸ ਤਰ੍ਹਾਂ ਦੀ ਖੁਆਰੀ ਝੱਲਣੀ ਪਈ। ਇੱਥੇ ਵੀ ਅਖੀਰ ਪ੍ਰਸ਼ਾਸਨ ਦੀ ਦਖਲਅੰਦਾਜ਼ੀ ਨਾਲ ਹੀ ਮਾਮਲਾ ਨਿੱਬੜਿਆ। ਮੀਡੀਆ ਰਿਪੋਰਟਾਂ ਅਨੁਸਾਰ ਇੱਕ ਨੌਜਵਾਨ ਦੀ ਮ੍ਰਿਤਕ ਦੇਹ ਵੀ ਆਪਣਿਆਂ ਨੂੰ ਉਡੀਕਦੀ ਰਹੀ ਪਰ ਅਫਸੋਸ ਇਸ ਨੌਜਵਾਨ ਦੇ ਅੰਤਿਮ ਸੰਸਕਾਰ ਲਈ ਵੀ ਕਈ ਸ਼ਮਸ਼ਾਨਘਾਟਾਂ ਦੇ ਬੂਹੇ ਬੰਦ ਹੋਣ ਦੀਆਂ ਖਬਰਾਂ ਮੀਡੀਆ 'ਚ ਨਸ਼ਰ ਹੋਈਆਂ ਸਨ। ਇੱਥੇ ਸਭ ਤੋਂ ਮੰਦਭਾਗਾ ਇਹ ਰਿਹਾ ਕਿ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਰਿਪੋਰਟ ਅਨੁਸਾਰ ਇਸ ਨੌਜਵਾਨ ਦੀ ਮੌਤ ਕੋਰੋਨਾ ਨਾਲ ਹੋਈ ਹੀ ਨਹੀਂ ਸੀ ਪਰ ਇਹ ਕੋਰੋਨਾ ਦਹਿਸ਼ਤ ਸੀ ਕਿ ਲੋਕਾਂ ਨੇ ਪਾਸਾ ਵੱਟ ਲਿਆ।

ਪੜ੍ਹੋ ਇਹ ਵੀ - ਖੇਡ ਰਤਨ ਪੰਜਾਬ ਦੇ : ਅੱਵਲ ਖ਼ਿਡਾਰੀ ਤੇ ਆਹਲਾ ਕੋਚ ‘ਰਾਜਿੰਦਰ ਸਿੰਘ ਸੀਨੀਅਰ’

ਪਿੰਡਾਂ ਦੇ ਲੋਕਾਂ ਵੱਲੋਂ ਆਪੋ ਆਪਣੇ ਪਿੰਡਾਂ ਦੀ ਨਾਕਾਬੰਦੀ ਕਰਕੇ ਪਿੰਡਾਂ ਨੂੰ ਸੁਰੱਖਿਅਤ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਉਪਰਾਲੇ ਦੀ ਜਿੰਨੀ ਪ੍ਰਸੰਸਾ ਕੀਤੀ ਜਾਵੇ ਥੋੜ੍ਹੀ ਹੈ। ਇਸ ਉਪਰਾਲੇ ਨਾਲ ਪ੍ਰਸ਼ਾਸਨ ਨੂੰ ਕਰਫਿਊ ਅਤੇ ਲਾਕਡਾਊਨ ਲਾਗੂ ਕਰਨ 'ਚ ਬਹੁਤ ਮਦਦ ਮਿਲਦੀ ਹੈ ਪਰ ਮੀਡੀਆ ਰਿਪੋਰਟਾਂ ਅਨੁਸਾਰ ਸੰਜ਼ੀਦਗੀ ਦੀ ਕਮੀ ਦੇ ਚੱਲਦਿਆਂ ਇਹ ਨਾਕੇ ਪ੍ਰੇਸ਼ਾਨੀ ਅਤੇ ਵਿਵਾਦ ਦਾ ਸਬੱਬ ਬਣਨ ਲੱਗੇ ਹਨ। ਨਾਕੇ 'ਤੇ ਖੜੇ ਲੋਕਾਂ ਵੱਲੋਂ ਹਰ ਗੁਜ਼ਰਨ ਵਾਲੇ ਦੀ ਤਕੜੀ ਪੁੱਛਗਿੱਛ ਕੀਤੇ ਜਾਣ ਦੀਆਂ ਖਬਰਾਂ ਹਨ। ਆਪਣੇ ਪਿੰਡ ਜਾਂ ਮੁਹੱਲੇ ਆਦਿ ਨੂੰ ਸੁਰੱਖਿਅਤ ਕਰਨਾ ਬਹੁਤ ਹੀ ਵਧੀਆ ਗੱਲ ਹੈ ਹਾਂ ਪਰ ਕਿਸੇ ਜਰੂਰਤਮੰਦ ਨੂੰ ਗੁਜ਼ਰਨ ਸਮੇਂ ਹੈਰਾਨ ਕਰਨਾ ਤਾਂ ਭਾਈਚਾਰਕ ਸਾਂਝਾਂ ਦੀਆਂ ਜੜ੍ਹਾਂ 'ਚ ਤੇਲ ਦੇਣ ਵਾਲੀ ਗੱਲ ਹੈ। ਪੰਜਾਬੀ ਤਾਂ ਲੋੜਵੰਦਾਂ ਦੀ ਮਦਦ ਕਰਨ 'ਚ ਵਿਸ਼ਵ ਪੱਧਰ 'ਤੇ ਮਸ਼ਹੂਰ ਹਨ ਫਿਰ ਇਸ ਤਰ੍ਹਾਂ ਆਪਣਿਆਂ ਨੂੰ ਖੁਆਰ ਕਰਨ ਦੇ ਕੀ ਅਰਥ ਸਮਝੇ ਜਾਣ? ਵੈਸੇ ਵੀ ਪਿੰਡ ਦੀਆਂ ਸੜਕਾਂ ਤੋਂ ਗੁਜ਼ਰਨ ਨਾਲ ਤਾਂ ਕੋਰੋਨਾ ਦਾ ਕੋਈ ਖਤਰਾ ਨਹੀਂ ਬਣਦਾ। ਇਹ ਨਾਕੇ ਇਸ ਤਰ੍ਹਾਂ ਲਾਏ ਜਾਣ ਕਿ ਪਿੰਡ ਦੇ ਅੰਦਰ ਵੜ੍ਹਨ 'ਤੇ ਪੁੱਛਗਿੱਛ ਕੀਤੀ ਜਾ ਸਕੇ ਪਰ ਬਾਹਰੀ ਸੜਕ ਤੋਂ ਕੋਈ ਵੀ ਆਸਾਨੀ ਨਾਲ ਗੁਜ਼ਰ ਸਕੇ। 

ਪੰਜਾਬੀਆਂ ਦੀ ਮਹਿਮਾਨ ਨਿਵਾਜ਼ੀ ਅਤੇ ਭਾਈਚਾਰਕ ਸਾਂਝਾਂ ਨਿਭਾਉਣ ਤੋਂ ਲੈ ਕੇ ਦੂਜਿਆਂ ਦੀ ਮਦਦ ਕਰਨ ਦੇ ਸੁਭਾਅ ਦਾ ਤਾਂ ਪੂਰੀ ਦੁਨੀਆਂ ਲੋਹਾ ਮੰਨਦੀ ਹੈ। ਇਹ ਪੰਜਾਬੀ ਹੀ ਹਨ, ਜੋ ਭਾਈਚਾਰਕ ਸਾਂਝਾਂ ਲਈ ਜਾਨਾਂ ਨਿਸ਼ਾਵਰ ਕਰ ਦਿੰਦੇ ਹਨ। ਇਹ ਪੰਜਾਬੀ ਭਾਈਚਾਰਾ ਹੀ ਹੈ, ਜੋ ਕੋਰੋਨਾ ਆਫਤ ਦੌਰਾਨ ਵਿਸ਼ਵ ਪੱਧਰ 'ਤੇ ਲੋੜਵੰਦਾਂ ਦਾ ਪੇਟ ਭਰ ਰਿਹਾ ਹੈ। ਪੰਜਾਬ 'ਚ ਵੀ ਸਮਾਜ ਸੇਵੀ ਲੋਕਾਂ ਵੱਲੋਂ ਜਾਨ ਤਲੀ 'ਤੇ ਧਰ ਹਰ ਲੋੜਵੰਦ ਤੱਕ ਖਾਣਾ ਅਤੇ ਹੋਰ ਜਰੂਰਤ ਦੀਆਂ ਵਸਤਾਂ ਪਹੁੰਚਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।

ਪੜ੍ਹੋ ਇਹ ਵੀ - ‘ਕੋਰੋਨਾ ਜਾਂਚ ਲਈ ਨਮੂਨੇ ਇਕੱਤਰ ਕਰਨ ’ਚ ਲਗਦਾ ਹੈ 60 ਸੈਕਿੰਟ ਤੋਂ ਘੱਟ ਦਾ ਸਮਾਂ’

ਜਿਉਂਦਿਆਂ ਦੀ ਹਰ ਸੰਭਵ ਮਦਦ ਕਰਨਾ ਵਾਲਾ ਪੰਜਾਬੀ ਭਾਈਚਾਰਾ ਕੋਰੋਨਾ ਦੇ ਮਰੀਜਾਂ ਅਤੇ ਮ੍ਰਿਤਕਾਂ ਤੋਂ ਇਸ ਤਰ੍ਹਾਂ ਮੂੰਹ ਕਿਉਂ ਮੋੜਨ ਲੱਗ ਪਿਆ ਹੈ? ਕੋਰੋਨਾ ਦਾ ਮਰੀਜ਼ ਹੋਣਾ ਜਾਂ ਕੋਰੋਨਾ ਬਦੌਲਤ ਮੌਤ ਦੇ ਮੂੰਹ ਜਾਣਾ ਕਿਸੇ ਦਾ ਕੋਈ ਦੋਸ਼ ਨਹੀਂ। ਹਾਂ ਕੋਰੋਨਾ ਦੇ ਮਰੀਜ਼ ਅਤੇ ਕੋਰੋਨਾ ਮ੍ਰਿਤਕ ਤੋਂ ਬਚਾਅ ਰੱਖਣਾ ਸਾਡਾ ਸਭ ਦਾ ਫਰਜ਼ ਹੈ। ਪਰ ਕੋਰੋਨਾ ਬਦੌਲਤ ਮੌਤ ਦੇ ਮੂੰਹ ਗਏ ਇਨਸਾਨਾਂ ਤੋਂ ਇਸ ਤਰ੍ਹਾਂ ਪਾਸਾ ਵੱਟ ਕੇ ਖੂਨ ਸਫੈਦ ਕਰਨਾ ਕਲੰਕ ਤੋਂ ਘੱਟ ਨਹੀਂ ਹੈ। ਕੁਦਰਤ ਦਾ ਅਸੂਲ ਹੈ, ਜੋ ਉਪਜਿਆ ਹੈ, ਉਸਦਾ ਵਿਨਾਸ ਵੀ ਲਾਜ਼ਮੀ ਹੈ। ਇਸ ਕੋਰੋਨਾ ਕਹਿਰ ਦੇ ਬੱਦਲ ਵੀ ਛਟ ਜਾਣੇ ਹਨ। ਡਾਕਟਰੀ ਵਿਗਿਆਨ ਨੇ ਇਸ 'ਤੇ ਕਾਬੂ ਪਾ ਲੈਣਾ ਹੈ। ਇਹ ਕੋਈ ਪਹਿਲੀ ਮਹਾਮਾਰੀ ਨਹੀਂ ਹੈ। ਇਸ ਤੋਂ ਪਹਿਲਾਂ ਵੀ ਬਹੁਤ ਮਹਾਮਾਰੀਆਂ ਆਈਆਂ ਹਨ ਅਤੇ ਗਈਆਂ ਹਨ। ਅਜਿਹੀਆਂ ਮਹਾਮਾਰੀਆਂ ਤੋਂ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਸੁਰੱਖਿਅਤ ਕਰਨਾ ਸਾਡਾ ਸਭ ਦਾ ਫਰਜ਼ ਬਣਦਾ ਹੈ ਪਰ ਇਸ ਨਾਲ ਸਾਡਾ ਸਭ ਦਾ ਫਰਜ਼ ਇਹ ਵੀ ਬਣਦਾ ਹੈ ਕਿ ਇਸ ਦੌਰਾਨ ਆਪਣੀਆਂ ਭਾਈਚਾਰਕ ਸਾਂਝਾਂ ਅਤੇ ਰਿਸ਼ਤਿਆਂ ਦੀ ਮਿਠਾਸ ਨੂੰ ਵੀ ਸਿਆਹ ਹੋਣ ਤੋਂ ਸੁਰੱਖਿਅਤ ਰੱਖਿਆ ਜਾਵੇ।

ਪੜ੍ਹੋ ਇਹ ਵੀ - ਜੋੜਾਂ ਦੇ ਦਰਦ ਨੂੰ ਠੀਕ ਕਰਦੀ ਹੈ ‘ਇਮਲੀ’, ਸ਼ੂਗਰ ਲਈ ਵੀ ਹੁੰਦੀ ਹੈ ਫਾਇਦੇਮੰਦ


rajwinder kaur

Content Editor

Related News