ਕੋਰੋਨਾ ਪਾਜ਼ੇਟਿਵ ਦੇ ਲੱਛਣ ਨਜ਼ਰ ਨਾ ਆਉਣ ਕਾਰਨ ਲੋਕ ਹੋਏ ਬੇਖੌਫ!

Thursday, Aug 20, 2020 - 12:27 PM (IST)

ਕੋਰੋਨਾ ਪਾਜ਼ੇਟਿਵ ਦੇ ਲੱਛਣ ਨਜ਼ਰ ਨਾ ਆਉਣ ਕਾਰਨ ਲੋਕ ਹੋਏ ਬੇਖੌਫ!

ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਵਾਇਰਸ ਨੂੰ ਮਹਾਮਾਰੀ ਐਲਾਨਿਆਂ ਹੈ, ਕਿਉਂਕਿ ਇਸ ਖਤਰਨਾਕ ਵਾਇਰਸ ਨੇ ਦੁਨੀਆਂ ਭਰ 'ਚ ਆਪਣੇ ਪੈਰ ਪਸਾਰ ਲਏ ਹਨ। ਕੋਵਿਡ-19 ਛੂਤ ਦੀ ਬੀਮਾਰੀ ਨੇ ਲੱਖਾਂ ਜਾਨਾਂ ਨੂੰ ਮੌਤ ਦੇ ਮੂੰਹ ਵਿੱਚ ਧਕੇਲ ਦਿੱਤਾ ਹੈ ਅਤੇ ਇਹ ਬੀਮਾਰੀ ਰੋਜ਼ਾਨਾ ਹੀ ਹਜ਼ਾਰਾਂ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਰਹੀ ਹੈ। ਸਿਹਤ ਵਿਭਾਗ, ਸਰਕਾਰਾਂ ਅਤੇ ਮੈਡੀਕਲ ਖੋਜ ਸੰਸਥਾਵਾਂ ਇਸ ਦੀ ਰੋਕਥਾਮ ਲਈ ਅਨੇਕਾਂ ਹੀ ਹਦਾਇਤਾਂ ਘਰ-ਘਰ ਪਹੁੰਚਾਉਣ ਲਈ ਹਰ ਸੰਭਵ ਉਪਰਾਲੇ ਕਰ ਰਹੀਆਂ ਹਨ। ਇਹ ਠੀਕ ਹੈ ਕਿ ਇਸ ਬੀਮਾਰੀ ਦੇ ਇਲਾਜ ਲਈ ਅਜੇ ਵੈਕਸੀਨ ਤਿਆਰ ਕਰਨ ਵਿੱਚ ਵਿਗਿਆਨੀ ਪ੍ਰਯੋਗਸ਼ਾਲਾਵਾਂ ਵਿੱਚ ਦਿਨ-ਰਾਤ ਜੁਟੇ ਹੋਏ ਹਨ ਪਰ ਅੱਜ ਦੀ ਘੜੀ ਇਸ ਦਾ ਇਲਾਜ ਪਰਹੇਜ਼ ਤੇ ਅਡਵਾਇਜ਼ਰੀਆਂ ਦੀ ਪਾਲਣਾ ਹੀ ਦੱਸਿਆ ਜਾ ਰਿਹਾ ਹੈ। ਹੱਥ ਧੋਣ, ਮਾਸਕ ਲਗਾਉਣ ਅਤੇ ਸਮਾਜਿਕ ਦੂਰੀ ਨੂੰ ਅਜੇ ਵੀ ਲੋਕ ਅੱਖੋਂ-ਪਰੋਖੇ ਕਰਦੇ ਨਜ਼ਰ ਆ ਰਹੇ ਹਨ।

ਕੋਰੋਨਾ ਦੀ ਸੈਂਪਲਿੰਗ ਵਿੱਚ ਪਾਜ਼ੇਟਿਵ ਆ ਰਹੇ ਕੇਸਾਂ ਵਿੱਚ ਫਲੂ ਵਰਗੇ ਲੱਛਣ ਨਜ਼ਰ ਨਾ ਆਉਣਾ ਵੀ ਲੋਕਾਂ ਵਿੱਚ ਜਿਥੇ ਇੱਕ ਵੱਡਾ ਪ੍ਰਸ਼ਨ ਬਣਿਆ ਹੋਇਆ ਹੈ, ਉਥੇ ਲੋਕਾਂ ਵਿੱਚ ਡਰ ਖਤਮ ਹੋਣ ਦਾ ਅਹਿਮ ਕਾਰਨ ਵੀ ਲੱਗ ਰਿਹਾ ਹੈ। ਜੇਕਰ ਆਈਆਂ ਰਿਪੋਰਟਾਂ ’ਤੇ ਝਾਤ ਮਾਰੀਏ ਤਾਂ ਇੱਕ ਗੱਲ ਨਿੱਕਲ ਕੇ ਸਾਹਮਣੇ ਆਉਂਦੀ ਹੈ ਕਿ ਕੋਰੋਨਾ ਵਾਇਰਸ ਫੈਲਣ ਪਿੱਛੇ ਲੱਛਣ ਰਹਿਤ ਕੈਰੀਅਰ ਭਾਵ ਉਹ ਵਿਅਕਤੀ ਜੋ ਕੋਰੋਨਾ ਵਾਇਰਸ ਨਾਲ ਪਾਜ਼ੇਟਿਵ ਹਨ ਪਰ ਉਨ੍ਹਾਂ ਵਿੱਚ ਕੋਰੋਨਾ ਦੇ ਕੋਈ ਲੱਛਣ ਨਜ਼ਰ ਨਹੀਂ ਆਉਂਦੇ ਅਤੇ ਉਹ ਰੋਜ਼ ਵਾਂਗ ਆਪਣੇ ਕੰਮ-ਕਾਜ ’ਤੇ ਜਾ ਰਹੇ ਹਨ। ਇਹ ਲੋਕ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਨਾਲ ਮਿਲ ਰਹੇ ਹਨ ਪਰ ਉਹ ਇਸ ਗੱਲ ਤੋਂ ਅਣਜਾਨ ਹਨ ਕਿ ਉਹ ਦੂਰ-ਨੇੜੇ ਮੇਲ-ਮਿਲਾਪ ਕਰਕੇ ਵਾਇਰਸ ਫੈਲਾਉਣ ਦਾ ਜ਼ਰੀਆ ਬਣ ਰਹੇ ਹਨ।

ਇਸ ਨਾਲ ਇਸ ਵਾਇਰਸ ਦੇ ਕਮਿਊਨਟੀ ਵਿੱਚ ਸਪਰੈਡ ਹੋਣ ਦੀ ਸੰਭਾਵਨਾ ਵਧਦੀ ਜਾ ਰਹੀ ਹੈ। ਸਿਹਤ ਮਾਹਿਰਾਂ ਵੱਲੋਂ ਕੀਤੀਆਂ ਖੋਜਾਂ ’ਤੇ ਅਧਿਅਨਾਂ ਅਨੁਸਾਰ ਚੁੱਪ-ਚਪੀਤੇ ਕੋਵਿਡ-19 ਵਾਇਰਸ ਫੈਲਾਉਣ ਵਾਲਿਆਂ ਦੀਆਂ 3 ਕਿਸਮਾਂ ਜਿੰਨਾਂ ਵਿੱਚ ਮਾਮੂਲੀ ਲੱਛਣ-ਉਹ ਲੋਕ ਜਿੰਨਾਂ ਵਿੱਚ ਕੋਰੋਨਾ ਪਾਜ਼ੇਟਿਵ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਬੜੇ ਮਾਮੂਲੀ ਜਿਹੇ ਲੱਛਣ ਜਿਵੇਂ ਥੋੜੀ ਜਿਹੀ ਖਾਂਸੀ-ਜ਼ੁਕਾਮ ਜਾਂ ਕਦੇ ਬੁਖਾਰ ਦਾ ਘਟਣਾ-ਵੱਧਣਾ, ਮੁਢਲੇ ਲੱਛਣ-ਉਹ ਲੋਕ ਜਿੰਨਾਂ ਵਿੱਚ ਕੋਰੋਨਾ ਪਾਜ਼ੇਟਿਵ ਦੇ ਸੰਪਰਕ 'ਚ ਆਉਣ ’ਤੇ 1 ਹਫਤੇ ਜਾਂ ਉਸ ਤੋਂ ਵੀ ਦੇਰੀ ਨਾਲ ਕੋਰੋਨਾ ਦੇ ਲੱਛਣ ਜਿਵੇਂ ਸਾਹ ਟੁੱਟਣਾ,ਖੰਘ-ਜ਼ੁਕਾਮ ਅਤੇ ਥਕਾਵਟ ਨਜ਼ਰ ਆਉਂਦੇ ਹਨ।

ਤੀਸਰੀ ਕਿਸਮ ਲੱਛਣ ਰਹਿਤ-ਉਹ ਲੋਕ ਜਿੰਨਾਂ ਅੰਦਰ ਕੋਰੋਨਾ ਵਾਇਰਸ ਪ੍ਰਫੂਲਿਤ ਹੋ ਜਾਂਦਾ ਹੈ ਪਰ ਉਹ ਕਿਸੇ ਵੀ ਕਿਸਮ ਦਾ ਕੋਈ ਲੱਛਣ ਜਾਂ ਸੰਕੇਤ ਨਹੀਂ ਦਰਸਾਉਂਦੇ। ਉਹ ਇਹ ਵਾਇਰਸ ਕੈਰੀਅਰ ਬਣ ਅੱਗੇ ਦੀ ਅੱਗੇ ਕਈ ਲੋਕਾਂ ਤੱਕ ਵਾਇਰਸ ਪ੍ਰਸਾਰਿਤ ਕਰ ਦਿੰਦੇ ਹਨ, ਜੋ ਇਸ ਮਹਾਮਾਰੀ ਨੂੰ ਡਰਾਉਣੇ ਢੰਗ ਨਾਲ ਵਧਾ ਸਕਦਾ ਹੈ, ਜੋ ਬਹੁਤ ਵੱਡੀ ਚਣੌਤੀ ਹੈ। ਇਸੇ ਲਈ ਸਿਆਣਪ ਵਰਤਦਿਆਂ ਜ਼ਿਆਦਾਤਰ ਦੇਸ਼ਾਂ ਨੇ ਸਖਤੀ ਨਾਲ ਲਾਕਡਾਊਨ, ਇਕਾਂਤਵਾਸ ਅਤੇ ਸਮਾਜਿਕ ਦੂਰੀ ਦਾ ਰਸਤਾ ਅਪਨਾਇਆ ਸੀ ਤਾਂ ਜੋ ਕੋਵਿਡ-19 ਦੀ ਇਸ ਚੇਨ ਨੂੰ ਤੋੜਿਆ ਜਾ ਸਕੇ। ਪਰ ਇਨੀ ਮੁਸ਼ੱਕਤ ਤੋਂ ਬਾਅਦ ਵੀ ਇਸ ਵਾਇਰਸ ਦਾ ਫਲਾਅ ਨਹੀਂ ਰੁੱਕ ਰਿਹਾ।

ਕੋਰੋਨਾ ਨੂੰ ਮਾਤ ਦੇਣ ਲਈ ਜ਼ਰੂਰੀ ਹੈ ਲੱਛਣ ਰਹਿਤ ਕੈਰੀਅਰ ਨੂੰ ਸਮਝਣਾ ਅਤੇ ਦੂਸਰਿਆਂ ਨੂੰ ਸਮਝਾਉਣਾ। ਜੇ ਤੁਹਾਨੂੰ ਲੱਗ ਰਿਹਾ ਹੈ ਕਿ ਤੁਸੀ ਵੀ ਕਿਸੇ ਕੋਰੋਨਾ ਲੱਛਣ ਰਹਿਤ ਕੈਰੀਅਰ ਦੇ ਸੰਪਰਕ ਵਿੱਚ ਆਏ ਹੋ ਤਾਂ ਤੁਰੰਤ ਬਿਨਾ ਕਿਸੇ ਦੇਰੀ ਤੋਂ ਸ਼ੱਕ ਦੂਰ ਕਰਨ ਲਈ ਨੇੜੇ ਦੇ ਫਲੂ ਕਾਰਨਰ ’ਤੇ ਜਾ ਕੇ ਕੋਰੋਨਾ ਦੀ ਜਾਂਚ ਲਈ ਬਿਨਾਂ ਡਰ ਸੈਂਪਲ ਦਿਓ। ਆਪਣੇ ਆਪ ਨੂੰ ਘਰ ਇਕਾਂਤਵਾਸ ਕਰ ਲੈਣਾ ਚਾਹੀਦਾ ਹੈ ਤਾਂ ਜੋ ਤੁਹਾਡੇ ਆਲੇ-ਦੁਆਲੇ ਦੇ ਲੋਕ ਤੇ ਤੁਹਾਡੇ ਕਰੀਬੀ ਵਿਅਕਤੀ ਤੁਹਾਡੇ ਤੋਂ ਸੰਕਰਮਿਤ ਹੋਣੋ ਬਚ ਜਾਣ।

ਘਰ ਤੋਂ ਬਾਹਰ ਜਾਣ ਲੱਗਿਆ ਹਰ ਸਾਵਧਾਨੀ ਨੂੰ ਆਪਣੀਆਂ ਆਦਤਾਂ ਵਿੱਚ ਸ਼ਾਮਲ ਕਰ ਲਓ। ਮਾਸਕ ਨਾਲ ਨੱਕ ਅਤੇ ਮੂੰਹ ਢੱਕ ਕੇ ਰੱਖਣਾ, ਸਮਾਜਿਕ ਦੂਰੀ ਬਣਾ ਕੇ ਰੱਖਣਾ ਵਾਰ-ਵਾਰ ਹੱਥ ਧੋਣਾ ਜਾਂ ਸੈਨੇਟਾਈਜ਼ਰ ਦਾ ਪ੍ਰਯੋਗ ਕਰਨਾ ਨਾ ਭੁੱਲੋ। ਜੇ ਤੁਹਾਨੂੰ ਲੱਗ ਰਿਹਾ ਹੈ ਕਿ ਮਾਸਕ ਨਾ ਪਹਿਨਣ, ਜਨਤਕ ਸਥਾਨਾਂ ’ਤੇ ਥੁੱਕਣ ਅਤੇ ਇਕਾਂਤਵਾਸ ਦੀ ਉਲੰਘਣਾ ਕਰਨ ’ਤੇ ਲਗਾਏ ਵੱਡੇ ਜ਼ੁਰਮਾਨੇ ਜਾਂ ਚਲਾਣ ਸਰਕਾਰੀ ਖਜਾਨਾ ਭਰਨ ਲਈ ਹਨ ਜਾਂ ਜਨਤਾ ਨੂੰ ਤੰਗ ਪ੍ਰੇਸ਼ਾਨ ਕਰਨ ਲਈ ਹਨ ਤਾਂ ਤੁਸੀ ਗਲਤ ਸੋਚ ਰਹੇ ਹੋ। ਇਹ ਤਾਂ ਇੱਕ ਇਸ਼ਾਰਾ ਹੈ-ਢੰਗ ਹੈ ਤਾਂ ਕਿ ਲੱਛਣ ਰਹਿਤ ਕੈਰੀਅਰ ਪੈਦਾ ਹੋਣ ਦੀ ਖੇਡ ਹੀ ਖਤਮ ਹੋ ਜਾਵੇ।

ਇਸ ਮਹਾਮਾਰੀ ਵਿੱਚ ਅਫਵਾਹਾਂ ਦੇ ਦੌਰ ਵਿਚੋਂ ਬਾਹਰ ਨਿਕਲੋ, ਸੇਧ ਲਓ ਹੋਰਾਂ ਦੇਸ਼ਾਂ ਤੋਂ ਅਤੇ ਸਿਹਤ ਵਿਭਾਗ ਅਤੇ ਸਰਕਾਰ ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰੋ। ਅਫਵਾਹਾਂ ਤੇ ਗਲਤ ਧਾਰਨਾਵਾਂ ਨੂੰ ਅਣਸੁਣਿਆਂ-ਅਣਦੇਖਿਆ ਕਰੋ ਅਤੇ ਸਹੀ ਜਾਣਕਾਰੀ ਹਾਸਲ ਕਰ ਦੂਸਰਿਆਂ ਨੂੰ ਵੀ ਦੱਸੋ। ਕੋਰੋਨਾ ਯੋਧਿਆਂ ਦੁਆਰਾ ਪਿਛਲੇ ਕਈ ਮਹੀਨਿਆਂ ਤੋਂ ਦਿਨ-ਰਾਤ ਕੀਤੀ ਮਿਹਨਤ ਦਾ ਮੁੱਲ ਪਹਿਚਾਣੋ। ਕਦਰ ਕਰੋ ਅਤੇ ਸਹਿਯੋਗ ਦਿਓ।

ਡਾ.ਪ੍ਰਭਦੀਪ ਸਿੰਘ ਚਾਵਲਾ,ਬੀ.ਈ.ਈ
ਮੀਡੀਆ ਇੰਚਾਰਜ ਕੋਵਿਡ-19


author

rajwinder kaur

Content Editor

Related News