30 ਦਿਨਾਂ ’ਚ 90 ਘੰਟਿਆ ਦੀ ਮਿਹਨਤ ਨਾਲ ਤਿਆਰ ਕੀਤਾ ਗੁ. ਗੋਸਾਈਂਆਣਾ ਪਾਤਸ਼ਾਹੀ 10ਵੀਂ ਦਾ ਮਾਡਲ

Wednesday, Jun 10, 2020 - 04:22 PM (IST)

30 ਦਿਨਾਂ ’ਚ 90 ਘੰਟਿਆ ਦੀ ਮਿਹਨਤ ਨਾਲ ਤਿਆਰ ਕੀਤਾ ਗੁ. ਗੋਸਾਈਂਆਣਾ ਪਾਤਸ਼ਾਹੀ 10ਵੀਂ ਦਾ ਮਾਡਲ

ਸੂਬੇ 'ਚ ਕੋਰੋਨਾ ਪਾਬੰਦੀਆਂ ਦੀ ਬਦੌਲਤ ਲਾਗੂ ਹੋਇਆ ਕਰਫਿਊ ਜਿੱਥੇ ਬਹੁਗਿਣਤੀ ਲੋਕਾਂ ਲਈ ਮਾਨਸਿਕ ਪਰੇਸ਼ਾਨੀ ਦਾ ਸਬੱਬ ਬਣਿਆ ਰਿਹਾ। ਉੱਥੇ ਕੁੱਝ ਲੋਕ ਅਜਿਹੇ ਵੀ ਹਨ, ਜਿੰਨ੍ਹਾਂ ਨੇ ਇਸ ਸਮੇਂ ਦਾ ਅਜਿਹਾ ਸਦਉਪਯੋਗ ਕੀਤਾ ਕਿ ਉਨ੍ਹਾਂ ਦੀ ਜ਼ਿੰਦਗੀ ਦੀ ਯਾਦਮਈ ਪੁਸਤਕ ਦਾ ਸੁਨਹਿਰਾ ਪੰਨ੍ਹਾ ਹੋ ਨਿੱਬੜਿਆ। ਇਸ ਮੁਸ਼ਕਲ ਭਰੇ ਸਮੇਂ ਨੇ ਬੀਤ ਜਾਣਾ ਹੈ ਅਤੇ ਬਾਕੀ ਰਹਿਣੀਆਂ ਹਨ, ਇਸ ਨਾਲ ਜੁੜੀਆ ਯਾਦਾਂ। ਇਸ ਮੁਸ਼ਕਿਲ ਭਰੇ ਸਮੇਂ ਨੂੰ ਖੂਬਸੂਰਤ ਤਰੀਕੇ ਨਾਲ ਯਾਦਮਈ ਬਾਉਣ ਵਾਲੇ ਬਹੁਤ ਸਾਰੇ ਲੋਕਾਂ ਵਿੱਚੋਂ ਇੱਕ ਨਾਮ ਹੈ ‘ਬਹਾਦਰ ਸਿੰਘ ਸੋਨੀ’।

ਸੂਬੇ 'ਚ ਕਰਫਿਊ ਲਾਗੂ ਹੋਇਆ ਤਾਂ ਚਾਰੇ ਪਾਸੇ ਸੁੰਨ ਪਸਰ ਗਈ। ਸੜਕਾਂ ਉੱਪਰ ਅਤੇ ਬਾਜ਼ਾਰਾਂ ਵਿੱਚ ਬੇਰੌਣਕੀ ਛਾ ਗਈ। ਲੋਕਾਂ ਦੇ ਕੰਮ ਧੰਦੇ ਠੱਪ ਹੋ ਕੇ ਰਹਿ ਗਏ। ਚਾਰੇ ਪਾਸੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਸ਼ਰਾਫਾ ਕਾਰੋਬਾਰ ਕਰਦੇ ਗੁਰਸਿੱਖ ਨੌਜਵਾਨ ਸ੍ਰ. ਬਹਾਦਰ ਸਿੰਘ ਸੋਨੀ ਦਾ ਕੰਮ ਵੀ ਠੱਪ ਹੋ ਕੇ ਰਹਿ ਗਿਆ ਪਰ ਸੋਨੀ ਨੇ ਠੱਪ ਹੋਏ ਕੰਮ ਜਾਂ ਕੋਰੋਨਾ ਦੀ ਦਹਿਸ਼ਤ ਤੋਂ ਖੌਫਜ਼ੁਦਾ ਹੋਣ ਦੀ ਬਜਾਏ ਇਸ ਵਿਹਲੇ ਸਮੇਂ ਦੇ ਸਦਉਪਯੋਗ ਦਾ ਅਜਿਹਾ ਫੁਰਨਾ ਸੋਚਿਆ ਕਿ ਅੱਜ ਉਸ ਵੱਲੋਂ ਕੀਤੇ ਕਾਰਜ ਦੀ ਚੁਫੇਰੇ ਪ੍ਰਸੰਸ਼ਾ ਹੋ ਰਹੀ ਹੈ। ਉਸ ਵੱਲੋਂ ਕੀਤਾ ਕਾਰਜ ਉਸ ਦੀ ਪਛਾਣ ਬਣ ਰਿਹਾ ਹੈ।

ਪੜ੍ਹੋ ਇਹ ਵੀ - ਸਵੇਰ ਦੀ ਸੈਰ ਦਾ ਕੋਈ ਬਦਲ ਨਹੀਂ, ਆਓ ਜਾਣੀਏ ਇਸਦੇ ਹੈਰਾਨੀਜਨਕ ਫਾਇਦੇ

ਬਠਿੰਡਾ ਜ਼ਿਲੇ ਦੇ ਪਿੰਡ ਪਥਰਾਲਾ ਦੇ ਜੰਮਪਲ ਬਹਾਦਰ ਸਿੰਘ ਸੋਨੀ ਦਾ ਪਾਲਣ ਪੋਸ਼ਣ ਸਿੱਖੀ ਮਾਹੌਲ ਵਾਲੇ ਪਰਿਵਾਰ ਵਿੱਚ ਹੋਣ ਕਾਰਨ ਉਸ ਨੂੰ ਸਿੱਖੀ ਨਾਲ ਬਚਪਨ ਤੋਂ ਹੀ ਮੋਹ ਹੈ। ਗੁਰਸਿੱਖ ਸਰੂਪ ਵਾਲੇ ਇਸ ਨੌਜਵਾਨ ਨੂੰ ਸੂਖਮ ਕਲਾ ਦਾ ਸ਼ੌਕ ਬੇਸ਼ੱਕ ਪਿਛਲੇ ਲੰਬੇ ਸਮੇਂ ਤੋਂ ਹੈ ਪਰ ਇਸ ਕਰਫਿਊ ਦੇ ਸਮੇਂ ਨੂੰ ਉਸ ਨੇ ਸਿੱਖੀ ਕਾਰਜ ਦੇ ਲੇਖੇ ਲਾਉਣ ਦੀ ਸੋਚੀ। ਉਸ ਨੇ ਆਪਣੇ ਪਿੰਡ ਦੇ ਗੁਰੂਦੁਆਰਾ ਸਾਹਿਬ ਗੋਸਾਈਂਆਣਾ ਪਾਤਸ਼ਾਹੀ ਦਸਵੀਂ ਪਥਰਾਲਾ ਦਾ ਮਾਡਲ ਤਿਆਰ ਕਰਨਾ ਸ਼ੁਰੂ ਕੀਤਾ। ਮਾਡਲ ਬਣਾਉਣ ਲਈ ਕਾਫੀ ਸਾਰੇ ਸਾਮਾਨ ਦੀ ਜਰੂਰਤ ਸੀ ਜੋ ਕਿ ਘਰ ਵਿੱਚ ਉਲਪਬਧ ਨਹੀਂ ਸੀ ਅਤੇ ਬਾਹਰ ਬਾਜ਼ਾਰ ਬੰਦ ਸੀ। ਆਮ ਲੋਕਾਂ ਦੇ ਘਰੋਂ ਨਿੱਕਲਣ 'ਤੇ ਪੂਰਨ ਪਾਬੰਦੀਆਂ ਸਨ ਪਰ ਜਿਵੇਂ ਕਿਹਾ ਜਾਂਦਾ ਹੈ ਕਿ ਜਿੱਥੇ ਚਾਹ ਉੱਥੇ ਰਾਹ। ਗੁਰੂ ਦਾ ਓਟ ਆਸਰਾ ਲੈ ਕੇ ਵਿਹਲੇ ਸਮੇਂ ਨੂੰ ਗੁਰੂ ਘਰ ਦੇ ਲੇਖੇ ਲਗਾਉਣ ਦਾ ਸੰਕਲਪ ਭਲਾ ਕਿਵੇਂ ਅਧੂਰਾ ਰਹਿ ਸਕਦਾ ਸੀ?

ਪੜ੍ਹੋ ਇਹ ਵੀ - ਰੋਜ਼ਾਨਾ 20 ਮਿੰਟ ਰੱਸੀ ਟੱਪਣ ਨਾਲ ਸਰੀਰ ਨੂੰ ਹੁੰਦੇ ਹਨ ਹੈਰਾਨੀਜਨਕ ਫ਼ਾਇਦੇ 

PunjabKesari

ਹਿੰਮਤ ਕਰਕੇ ਦੁਕਾਨ ਵਾਲੇ ਨੂੰ ਫੋਨ 'ਤੇ ਲੋੜੀਂਦੇ ਸਾਮਾਨ ਦੀ ਸੂਚੀ ਨੋਟ ਕਰਵਾਈ ਅਤੇ ਕਰਫਿਊ ਦੌਰਾਨ ਮਿਲੀ ਥੋੜ੍ਹੇ ਸਮੇਂ ਦੀ ਢਿੱਲ ਦੌਰਾਨ ਸਾਰਾ ਸਾਮਾਨ ਥਰਮੋਕੋਲ, ਫੈਵੀਕੋਲ, ਵਾਟਰ ਕਲਰ, ਪਿੰਨਾਂ ਅਤੇ ਕਟਰ ਆਦਿ ਲਿਆ ਕੇ ਆਪਣਾ ਕਾਰਜ ਸ਼ੁਰੂ ਕਰ ਦਿੱਤਾ। ਮਾਡਲ ਬਣਾਉਣ ਲਈ ਰੋਜ਼ਾਨਾ ਘੱਟੋ ਘੱਟ ਤਿੰਨ ਘੰਟੇ ਕੰਮ ਕਰਨਾ ਪੈਂਦਾ ਸੀ। ਕੁੱਲ ਤੀਹ ਦਿਨਾਂ ਅਤੇ ਨੱਬੇ ਘੰਟਿਆਂ ਦੀ ਕਰੜੀ ਅਣਥੱਕ ਮਿਹਨਤ ਉਪਰੰਤ ਗੁਰੂ ਘਰ ਦਾ ਸੁੰਦਰ ਮਾਡਲ ਤਿਆਰ ਹੋ ਗਿਆ। ਮਾਡਲ ਤਿਆਰ ਕਰਨ ਦੌਰਾਨ ਫੈਵੀਕੋਲ ਨਾਲ ਕੀਤੇ ਇੱਕ ਦਿਨ ਦੇ ਕੰਮ ਨੂੰ ਸੁੱਕਣ ਲਈ ਕਾਫੀ ਸਮਾਂ ਇੰਤਜ਼ਾਰ ਕਰਨਾ ਪੈਂਦਾ ਸੀ। ਇਹੋ ਕਾਰਨ ਸੀ ਕਿ ਉਸ ਨੂੰ ਆਪਣਾ ਕਾਰਜ ਲਗਾਤਾਰ ਮਹੀਨਾ ਭਰ ਜਾਰੀ ਰੱਖਣਾ ਪਿਆ। ਮਾਡਲ ਤਿਆਰ ਕਰਨ ਸਮੇਂ ਗੁਰੂ ਘਰ 'ਚ ਅਸਲ ਵਿੱਚ ਸ਼ਸੋਭਿਤ ਹਰ ਵਸਤ ਨੂੰ ਬਹੁਤ ਕਾਰੀਗਰੀ ਨਾਲ ਵਿਖਾਏ ਜਾਣ ਕਾਰਨ ਕਾਰਜ ਬਹੁਤ ਹੀ ਬਾਰੀਕੀ ਭਰਪੂਰ ਸੀ। ਚਾਰ ਬਾਈ ਚਾਰ ਫੁੱਟ ਲੰਬੀ ਅਤੇ ਚੌੜੀ ਥਰਮੋਕੋਲ ਸ਼ੀਟ 'ਤੇ ਚਾਰ ਫੁੱਟ ਦੀ ਉਚਾਈ ਵਾਲੇ ਮਾਡਲ 'ਚ ਗੁਰੂਦੁਆਰਾ ਸਾਹਿਬ 'ਚ ਸ਼ਸੋਭਿਤ ਸ੍ਰੀ ਦਰਬਾਰ ਸਾਹਿਬ, ਪਾਲਕੀ ਸਾਹਿਬ, ਗੋਲਕ, ਪ੍ਰਸ਼ਾਦ ਲਈ ਸਟੂਲ, ਮੁੱਖ ਦੁਆਰ, ਪੌੜੀ, ਸਰੋਵਰ, ਲੰਗਰ ਹਾਲ, ਸ੍ਰੀ ਨਿਸ਼ਾਨ ਸਾਹਿਬ ਅਤੇ ਪੁਰਾਤਨ ਖੂਹ ਨੂੰ ਇੰਨ੍ਹੀ ਕਲਾਕਾਰੀ ਨਾਲ ਵਿਖਾਇਆ ਗਿਆ ਹੈ ਕਿ ਮਾਡਲ ਵੇਖਦਿਆਂ ਗੁਰੂਦੁਆਰਾ ਸਾਹਿਬ ਦੀ ਹੂਬਹੂ ਇਮਾਰਤ ਦਾ ਭੁਲੇਖਾ ਪੈਂਦਾ ਹੈ।

ਪੜ੍ਹੋ ਇਹ ਵੀ - ਕਦੇ ਨਾ ਬਣੋ ਨਿੰਮ ਨਾਲੋਂ ਜ਼ਿਆਦਾ ਕੌੜੇ ਤੇ ਗੁੜ ਨਾਲੋਂ ਜ਼ਿਆਦਾ ਮਿੱਠੇ

ਗੁਰਦੁਆਰਾ ਸਾਹਿਬ ਦੇ ਤਿਆਰ ਮਾਡਲ ਨੂੰ ਗੁਰੂਦੁਆਰਾ ਸਾਹਿਬ ਵਿਖੇ ਹੀ ਬਹੁਤ ਹੀ ਸੁਰੱਖਿਅਤ ਅਤੇ ਸਤਿਕਾਰਤ ਤਰੀਕੇ ਨਾਲ ਸ਼ਸੋਭਿਤ ਕੀਤਾ ਗਿਆ ਹੈ। ਸੂਖਮ ਕਲਾਕਾਰੀ ਨਾਲ ਜੁੜੇ ਇਸ ਨੌਜਵਾਨ ਵੱਲੋਂ ਪਹਿਲਾਂ ਵੀ ਬਹੁਤ ਸਾਰੇ ਮਾਡਲ ਤਿਆਰ ਕੀਤੇ ਜਾ ਚੁੱਕੇ ਹਨ। ਉਸ ਵੱਲੋਂ ਥਰਮੋਕੋਲ ਦੇ ਦੋ ਅਤੇ ਬਾਰਾਂ ਵਰਕਿੰਗ ਮਾਡਲ ਤਿਆਰ ਕਰਕੇ ਆਪਣੀ ਕਲਾ ਦਾ ਲੋਹਾ ਮਨਵਾਇਆ ਜਾ ਚੁੱਕਿਆ ਹੈ। ਉਸ ਵੱਲੋਂ ਪ੍ਰੋ. ਕਰਮ ਸਿੰਘ ਦੀ ਹਵੇਲੀ ਦਾ ਬਣਾਇਆ ਮਾਡਲ ਬਹੁਤ ਪਸੰਦ ਕੀਤਾ ਗਿਆ। ਮਾਡਲ ਕਲਾ ਦੇ ਬਦੌਲਤ ਉਸ ਨੂੰ ਬਹੁਤ ਸਾਰੀਆਂ ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਅਤੇ ਜਥੇਬੰਦੀਆਂ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਬਹਾਦਰ ਸਿੰਘ ਨੂੰ ਵੱਖ ਵੱਖ ਸਮਿਆਂ 'ਤੇ ਨਿਯੁਕਤ ਰਹੇ ਬਠਿੰਡਾ ਜ਼ਿਲੇ ਦੇ ਪੰਜ ਡਿਪਟੀ ਕਮਿਸ਼ਨਰਾਂ ਵੱਲੋਂ ਸਨਮਾਨਿਤ ਪੱਤਰ ਨਾਲ ਸਨਮਾਨਿਤ ਕਰਨ ਤੋਂ ਇਲਾਵਾ ਐਸ.ਐਸ.ਪੀ ਬਠਿੰਡਾ ਅਤੇ ਰਾਜਸੀ ਆਗੂ ਸਰੂਪ ਚੰਦ ਸਿੰਗਲਾ ਵੱਲੋਂ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਬਹਾਦਰ ਸਿੰਘ ਅਨੁਸਾਰ ਬਠਿੰਡਾ ਵਿਖੇ ਹੈਰੀਟੇਜ਼ ਮੇਲੇ ਦੌਰਾਨ ਉਸ ਵੱਲੋਂ ਲਗਾਈ ਪ੍ਰਦਰਸ਼ਨੀ ਨੂੰ ਆਮ ਲੋਕਾਂ ਦਾ ਇੰਨ੍ਹਾਂ ਜ਼ਿਆਦਾ ਪਿਆਰ ਮਿਲਿਆ ਕਿ ਮਾਲਵਾ ਹੈਰੀਟੇਜ਼ ਅਤੇ ਸਭਿਆਚਾਰਕ ਫਾਊਂਡੇਸ਼ਨ ਬਠਿੰਡਾ ਵੱਲੋਂ ਉਸ ਨੂੰ ਸਨਮਾਨਿਤ ਕਰਨ ਦੇ ਨਾਲ ਨਾਲ ਮੁੱਖ ਪ੍ਰਬੰਧਕ ਕਮੇਟੀ 'ਚ ਵੀ ਲਿਆ ਗਿਆ।

ਪੜ੍ਹੋ ਇਹ ਵੀ - 3300 ਰੁਪਏ ਪ੍ਰਤੀ ਏਕੜ ਮਜ਼ਦੂਰੀ ’ਤੇ ਕਿਸਾਨ ਲਿਆਏ ਪ੍ਰਵਾਸੀ ਮਜ਼ਦੂਰ

PunjabKesari

ਕੋਰੋਨਾ ਦੀ ਦਹਿਸ਼ਤ ਦੌਰਾਨ ਗੁਰੂ ਘਰ ਦਾ ਸੁੰਦਰ ਅਤੇ ਆਕਰਸ਼ਿਕ ਮਾਡਲ ਤਿਆਰ ਕਰਕੇ ਬਹਾਦਰ ਸਿੰਘ ਨੇ ਜਿੱਥੇ ਆਮ ਲੋਕਾਂ ਲਈ ਸਮੇਂ ਦੇ ਸਦਉਪਯੋਗ ਦੀ ਮਿਸ਼ਾਲ ਪੈਦਾ ਕੀਤੀ ਹੈ ਉੱਥੇ ਹੀ ਉਸ ਦੇ ਮਨ੍ਹ ਅੰਦਰ ਸਿੱਖ ਗੁਰੂਧਾਮਾਂ ਪ੍ਰਤੀ ਵਸੇ ਪਿਆਰ ਦਾ ਵੀ ਪ੍ਰਗਟਾਵਾ ਹੋਇਆ ਹੈ। ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਹ ਨੌਜਵਾਨ ਸਿੱਖੀ ਸਿਧਾਤਾਂ ਨਾਲ ਜੁੜ ਆਪਣੀ ਸੂਖਮ ਕਲਾ ਨੂੰ ਲਗਾਤਾਰ ਅੱਗੇ ਵਧਾਉਂਦਿਆਂ ਮਾਣ ਮੱਤੀਆਂ ਪ੍ਰਾਪਤੀਆਂ ਕਰਦਾ ਰਹੇ।

ਬਿੰਦਰ ਸਿੰਘ ਖੁੱਡੀ ਕਲਾਂ
ਮੋਬ:98786-05965


author

rajwinder kaur

Content Editor

Related News