ਮੇਰਾ ਸਫ਼ਰ ਨ੍ਹੇਰੇ ਵਿਚ ਰੌਸ਼ਨੀ ਦੀ ਤਲਾਸ਼ ਦਾ ਹੈ : ਬੇਬੀ ਹਾਲਦਾਰ

07/21/2020 12:54:18 PM

ਹਰਪ੍ਰੀਤ ਸਿੰਘ ਕਾਹਲੋਂ

ਜ਼ਿੰਦਾਂ ਮਨ ਸਾਲ ਦਰ ਸਾਲ ਜਸ਼ਨ ਮਨਾਉਂਦੇ ਹਨ। ਸਾਡੇ ਜਗਬਾਣੀ ਦੇ 42 ਸਾਲ ਵੀ ਅਜਿਹੀਆਂ ਮੰਜ਼ਿਲਾਂ ਦੀ ਦਾਸਤਾਨ ਹੈ। ਰੌਸ਼ਨ ਮਨ ਅਤੇ ਸਾਫ ਆਬੋ-ਹਵਾ ਇਸ ਦੌਰ ਦੀ ਸਭ ਤੋਂ ਮੁੱਢਲੀ ਜ਼ਰੂਰਤ ਹੈ। ਇਸ ਯਾਦਗਾਰ ਦਿਨ 'ਤੇ 'ਬੇਬੀ ਹਾਲਦਾਰ' ਨੂੰ ਮਿਲੋ। ਜਗਬਾਣੀ ਦੀ ਵਰ੍ਹੇਗੰਢ ਨੂੰ ਧਿਆਨ ਵਿਚ ਰੱਖਦਿਆਂ 'ਹਰਪ੍ਰੀਤ ਸਿੰਘ ਕਾਹਲੋਂ' ਨੇ ਉਨ੍ਹਾਂ ਨਾਲ ਖਾਸ ਮੁਲਾਕਾਤ ਕੀਤੀ। ਬੇਬੀ ਹਾਲਦਾਰ ਦੀ ਜ਼ਿੰਦਗੀ ਵਿਚ ਸਿੱਖਿਆ ਦਾ ਅਜਿਹਾ ਜਨੂੰਨ ਸੀ ਕਿ ਉਹਨੇ ਆਪਣੀਆਂ ਸਮੁੱਚੀਆਂ ਪਰੇਸ਼ਾਨੀਆਂ ਨੂੰ ਇੱਕ ਪਾਸੇ ਕਰਦਿਆਂ ਖੁਦ ਨੂੰ ਸਿੱਖਿਅਤ ਕੀਤਾ। ਇਸ ਸਿਲਸਿਲੇ ਦੀ ਕਹਾਣੀ ਤੁਹਾਡੀ ਬਰੂਹਾਂ ਤੇ ਇਸ ਉਮੀਦ ਨਾਲ ਦਸਤਕ ਦੇਣ ਆਈ ਹੈ ਕਿ ਤੁਸੀਂ ਤਮਾਮ ਉਦਾਸੀਆਂ ਤੋਂ ਪਾਰ ਖੁਦ ਤੇ ਭਰੋਸਾ ਕਰਦਿਆਂ ਬੋਲ ਉੱਠੋ - ਜ਼ਿੰਦਗੀ ਜ਼ਿੰਦਾਬਾਦ

ਮੇਰਾ ਜਨਮ
ਮੇਰਾ ਜਨਮ ਜੰਮੂ ਕਸ਼ਮੀਰ ਦੀਆਂ ਵਾਦੀਆਂ ਵਿਚ ਹੋਇਆ ਸੀ। ਪਿਤਾ ਭਾਰਤੀ ਫੌਜ ਵਿੱਚ ਸਨ। ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਤੋਂ ਨੌਕਰੀ ਦਾ ਸਿਲਸਿਲਾ ਸ਼੍ਰੀ ਨਗਰ ਤੱਕ ਲੈ ਆਇਆ। ਬਾਕੀ ਦਾ ਬਚਪਨ ਡਲਹੌਜ਼ੀ ਵਿੱਚ ਬਤੀਤ ਹੋਇਆ। ਪਰਿਵਾਰ ਵਿੱਚ ਵੱਡੇ ਤਾਇਆ ਜੀ ਸਨ। ਉਨ੍ਹਾਂ ਨੇ ਹੀ ਮੇਰੇ ਪਿਤਾ ਨੂੰ ਫੌਜ ਵਿੱਚ ਭਰਤੀ ਕਰਵਾਇਆ ਸੀ। ਫੌਜ ਤੋਂ ਛੁੱਟੀ ਮਿਲੀ ਤਾਂ ਮੁੜ ਮੁਰਸ਼ਿਦਾਬਾਦ ਆ ਗਏ। ਪਿਤਾ ਅੱਤ ਦੇ ਸ਼ਰਾਬੀ ਸਨ। ਅਸੀਂ ਪੰਜ ਭੈਣ-ਭਰਾ ਸਾਂ। ਤਿੰਨ ਭਰਾ ਅਤੇ ਅਸੀਂ ਦੋ ਭੈਣਾਂ। 

ਬੇਬੀ ਹਾਲਦਾਰ ਖੁਸ਼ੀ ਭਰੇ ਅੰਦਾਜ਼ ’ਚ

PunjabKesari

ਰਾਮਾ ਨਹੀਂ ਮੁੱਕਦੀ ਫੁਲਕਾਰੀ
ਪਿਤਾ ਦੀ ਸ਼ਰਾਬ ਨੇ ਘਰ ਵੀ ਕਰਜ਼ਾਈ ਕਰ ਦਿੱਤਾ। ਨਿੱਤ ਦੇ ਕਲੇਸ਼ ਤੋਂ ਤੰਗ ਆ ਕੇ ਇਕ ਦਿਨ ਮਾਂ ਮੇਰੇ ਨਿੱਕੇ ਭਰਾ ਨੂੰ ਲੈ ਕੇ ਘਰੋਂ ਤੁਰ ਗਈ। ਫਿਰ ਉਹ ਕਦੀ ਵਾਪਸ ਨਾ ਆਈ। ਬਾਅਦ ਵਿਚ ਮੇਰੀ ਮਾਂ ਮੈਨੂੰ 20 ਸਾਲ ਬਾਅਦ ਮਿਲੀ। ਜਦੋਂ ਮਿਲੀ ਤਾਂ ਉਹਦੀ ਦਿਮਾਗੀ ਹਾਲਤ ਠੀਕ ਨਹੀਂ ਸੀ। ਮਾਂ ਦੇ ਛੱਡ ਜਾਣ ਤੋਂ ਬਾਅਦ ਅਸੀਂ ਚਾਰ ਭੈਣ-ਭਰਾ ਆਪਣੇ ਪਿਉ ਨਾਲ ਰਹੇ। ਤਾਇਆ ਜੀ ਨੇ ਮੇਰੇ ਪਿਤਾ ਦਾ ਦੂਜਾ ਵਿਆਹ ਕਰ ਦਿੱਤਾ। ਕੁਝ ਦਿਨ ਠੀਕ ਰਹੇ ਫਿਰ ਕਲੇਸ਼ ਸ਼ੁਰੂ ਹੋ ਗਿਆ। ਮਤਰੇਈ ਮਾਂ ਨੇ ਲੜਨਾ ਅਤੇ ਪਿਓ ਨੇ ਉਹਨੂੰ ਪੇਕੇ ਛੱਡ ਆਉਣਾ। ਫਿਰ ਸਾਨੂੰ ਬੱਚਿਆਂ ਨੂੰ ਸਾਡੇ ਪਿਤਾ ਧਨਬਾਦ ਭੂਆ ਕੋਲ ਛੱਡਕੇ ਆਪ ਦੁਰਗਾਪੁਰ ਚਲੇ ਗਏ। ਬਾਅਦ ਵਿੱਚ ਪਤਾ ਲੱਗਾ ਕਿ ਉਨ੍ਹਾਂ ਨੇ ਤੀਜਾ ਵਿਆਹ ਕਰਵਾ ਲਿਆ ਹੈ। ਸਾਡੀ ਤੀਜੀ ਮਾਂ ਸੁਭਾਅ ਤੋਂ ਠੀਕ ਸੀ। ਉਨ੍ਹਾਂ ਨੂੰ ਵੀ ਬਾਅਦ ਵਿੱਚ ਪਤਾ ਲੱਗਿਆ ਕਿ ਮੇਰੇ ਪਿਤਾ ਦੇ ਬੱਚੇ ਵੀ ਹਨ। ਤੀਜੀ ਮਾਂ ਦੇ ਕਹਿਣ 'ਤੇ ਉਹ ਸਾਨੂੰ ਇੱਕ ਦਿਨ ਲੈਣ ਆਏ। ਮੈਂ ਸਮਝਿਆ ਕਿ ਮੇਰੀ ਸਗੀ ਮਾਂ ਵਾਪਸ ਆ ਗਈ ਹੈ। ਪਿਤਾ ਤੀਜੀ ਮਾਂ ਵੱਲ ਇਸ਼ਾਰਾ ਕਰਕੇ ਕਹਿੰਦੇ ਕਿ ਇਹ ਤੁਹਾਡੀ ਮਾਂ ਹੈ। 

ਬੇਬੀ ਹਾਲਦਾਰ ਮੈਨੂੰ ਪੁੱਛਦੇ ਹਨ ਕਿ ਅੰਦਾਜ਼ਾ ਤਾਂ ਲਾਓ ਕਿ ਮਾਸੂਮ ਦਿਲਾਂ 'ਤੇ ਕੀ ਬੀਤੀਆਂ ਹੋਣਗੀਆਂ ?

ਬੇਬੀ ਹਾਲਦਾਰ ਆਪਣੇ ਘਰ ਦੇ ਬਾਹਰ ਖੜ੍ਹੀ ਹੋਈ

PunjabKesari

ਦੇਖ ਧੀਆਂ ਦੇ ਭਾਗ ਨੀ ਮਾਏ 
ਬੇਬੀ ਹਾਲਦਾਰ ਦੱਸਦੇ ਹਨ ਕਿ ਮੈਨੂੰ ਪੜ੍ਹਣ ਦਾ ਸ਼ੌਂਕ ਸੀ ਪਰ 7 ਜਮਾਤਾਂ ਹੀ ਪੜ੍ਹ ਸਕੀ। ਪਿਤਾ ਦੀ ਸ਼ਰਾਬ ਅਤੇ ਤਿੰਨ ਤਿੰਨ ਵਿਆਹਾਂ ਨੇ ਪੈਸੇ ਖੁਣੋਂ ਤੰਗ ਤਾਂ ਕੀਤਾ ਸੀ ਪਰ ਮਾਨਸਿਕ ਤਸ਼ੱਦਦ ਬਹੁਤ ਸਹਿਆ। ਤੀਜੀ ਮਾਂ ਦਾ ਭਰਾ ਯਾਨੀ ਕਿ ਮੇਰੇ ਮਾਮੇ ਦੇ ਦੋਸਤ ਦਾ ਅੱਗੋਂ ਦੋਸਤ ਸੀ। ਉਮਰ 28 ਸਾਲ। ਦੁਰਗਾਪੁਰ ਵਿੱਚ ਰਹਿੰਦਿਆਂ ਮੈਂ ਸਾਢੇ 12 ਸਾਲ ਦੀ ਸੀ। 16 ਸਾਲ ਵੱਡੇ ਬੰਦੇ ਨਾਲ਼ ਬੇਬੀ ਹਾਲਦਾਰ ਦਾ ਵਿਆਹ ਕਰ ਦਿੱਤਾ ਗਿਆ। 

ਬੇਬੀ ਹਾਲਦਾਰ ਪੁੱਛਦੇ ਹਨ ਕਿ ਦੱਸੋ ਨਿੱਕੀ ਜਿਹੀ ਕੁੜੀ ਨੂੰ ਕੀ ਪਤਾ ਵਿਆਹ ਕੀ ਹੁੰਦਾ ਹੈ ? ਉਸ ਦਿਨ ਮੈਂ ਖੂਬ ਮਿਠਾਈ ਖਾਧੀ ਅਤੇ ਸੋਹਣੀ ਪੁਸ਼ਾਕ ਪਾਈ ਸੀ। ਖਾਣ ਪਕਵਾਣ ਸੀ। 

ਸਾਰੀ ਖੁਸ਼ੀ ਰਾਤ ਨੂੰ ਫੁਰਰਰਰ ਹੋ ਗਈ। ਇਹ ਹਰ ਰਾਤ ਦੀ ਕਹਾਣੀ ਸੀ। ਮੈਂ ਰੋਣਾ। ਬਾਹਰ ਅਵਾਜ਼ਾਂ ਆਉਣੀਆਂ। ਮੈਂ ਉੱਥੋਂ ਆਪਣੇ ਪੇਕੇ ਆ ਜਾਣਾ। ਸਾਰਿਆਂ ਨੇ ਸਮਝਾਉਣਾ। ਕਹਿਣਾ ਵਿਆਹ ਇਹੋ ਹੁੰਦਾ ਹੈ। ਮੈਂ ਦੁਆ ਕਰਨੀ ਕਿ ਰਾਤ ਨਾ ਆਵੇ। ਇੰਝ 3 ਮਹੀਨਿਆਂ ਬਾਅਦ ਮੇਰੇ ਗਰਭ ਠਹਿਰ ਗਿਆ। 13 ਸਾਲ ਦੀ ਉਮਰ ਵਿਚ ਮੇਰੇ ਪਹਿਲਾ ਬੱਚਾ ਹੋਇਆ। ਗਰਭ ਦੌਰਾਨ ਵੀ ਮੈਨੂੰ ਸਮਝ ਨਹੀਂ ਸੀ। ਮੈਂ ਦਿਨੇ ਖੇਡਣਾ ਪਰ ਲੋਕਾਂ ਨੇ ਸਮਝਾਉਣਾ ਕੇ ਮੈਨੂੰ ਖੇਡਣਾ ਨਹੀਂ ਚਾਹੀਦਾ। 20 ਸਾਲ ਦੀ ਉਮਰ ਵਿਚ ਮੇਰੇ 3 ਬੱਚੇ ਸਨ। ਦੋ ਮੁੰਡੇ ਅਤੇ ਇੱਕ ਕੁੜੀ। 20 ਸਾਲ ਦੀ ਉਮਰ ਵਿੱਚ ਮੈਂ ਮੁਕੰਮਲ ਔਰਤ ਬਣ ਗਈ। 

ਬੇਬੀ ਹਾਲਦਾਰ ਆਪਣੇ ਬੱਚਿਆਂ ਦੇ ਨਾਲ

PunjabKesari

ਰੂ-ਬ-ਰੂ ਰੌਸ਼ਨੀ
ਇਸ ਉਮਰ ਤਕ ਪਹੁੰਚਦਿਆਂ ਤਿੰਨ ਬੱਚਿਆਂ ਦੇ ਨਾਲ ਮੈਂ ਮੁਕੰਮਲ ਜਨਾਨੀ ਸਾਂ। ਮੈਨੂੰ ਇਹ ਸਮਝ ਆ ਗਈ ਸੀ ਕਿ ਜੋ ਮੇਰੇ ਨਾਲ ਹੋਇਆ ਹੈ ਉਹ ਬੱਚਿਆਂ ਨਾਲ ਨਹੀਂ ਹੋਣ ਦਿਆਂਗੀ। ਮੈਂ ਦੂਜੇ ਘਰਾਂ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਬੱਚਿਆਂ ਨੂੰ ਪੜ੍ਹਾਉਣ ਲਈ ਪੈਸੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਪਤੀ ਨੂੰ ਪਤਾ ਲੱਗਿਆ ਅਤੇ ਉਸ ਨੇ ਪੈਸੇ ਖੋਹ ਲੈਣੇ। ਉਹਨੂੰ ਹੋਣਾ ਕਿ ਇਹਦੇ ਕੋਲ ਪੈਸੇ ਹਨ। ਉਹਨੇ ਖਰਚਾ ਨਾ ਦੇਣਾ। 

ਬੇਬੀ ਹਾਲਦਾਰ ਦੱਸਦੇ ਹਨ ਕਿ ਅਖੀਰ 1999 ਵਿਚ ਉਨ੍ਹਾਂ ਨੇ ਘਰ ਛੱਡ ਦਿੱਤਾ। ਗੁੜਗਾਓਂ ਉਨ੍ਹਾਂ ਦਾ ਭਰਾ ਰਹਿੰਦਾ ਸੀ। ਬੇਬੀ ਆਪਣੇ ਬੱਚਿਆਂ ਨੂੰ ਲੈ ਕੇ ਗੁੜਗਾਓਂ ਆ ਗਏ। ਮਨ ਵਿੱਚ ਇੱਕੋ ਜਜ਼ਬਾ ਸੀ ਕਿ ਬੱਚਿਆਂ ਨੂੰ ਪੜ੍ਹਾਉਣਾ ਹੈ। ਪੜ੍ਹੇ-ਲਿਖੇ ਦੀ ਹੀ ਜ਼ਿੰਦਗੀ ਹੈ। ਏਥੇ ਇੱਕ ਘਰ ਤੋਂ ਦੂਜੇ ਘਰ, ਦੂਜੇ ਘਰ ਤੋਂ ਤੀਜੇ ਘਰ, ਘਰ ਦਰ ਘਰ ਝਾੜੂ ਪੋਚੇ ਦਾ ਕੰਮ ਕਰਦਿਆਂ ਸਫਾਈਆਂ ਕਰਦੀ ਰਹੀ। ਮੈਂ ਸਭ ਨੂੰ ਕਹਿਣਾ ਕਿ ਮੈਂ ਕੰਮ ਤਾਂ ਕਰਾਂਗੀ ਬੱਸ ਮੇਰੇ ਬੱਚਿਆਂ ਨੂੰ ਪੜ੍ਹਾ ਦਿਓ। ਉਨ੍ਹਾਂ ਨੇ ਕਹਿਣਾ ਕਿ ਏਦਾਂ ਨਹੀਂ ਹੁੰਦਾ। 

ਪ੍ਰਬੋਧ ਕੁਮਾਰ ਦੇ ਨਾਲ ਬੇਬੀ ਹਾਲਦਾਰ

PunjabKesari

ਆਲੋ ਅੰਧੇਰੀ ! ਅਤੇ ਮੁਨਸ਼ੀ ਪ੍ਰੇਮ ਚੰਦ ਦੇ ਦੋਹਤੇ ਪ੍ਰਬੋਧ ਕੁਮਾਰ
ਏਨੀ ਜ਼ਿੰਦਗੀ ਹਨੇਰਾ ਹੀ ਰਹੀ। ਮੇਰੇ ਭਰਾ ਦੇ ਦੋਸਤ ਨੇ ਦੱਸ ਪਾਈ ਕਿ ਗੁੜਗਾਉਂ ਵਿੱਚ ਪ੍ਰਬੋਧ ਕੁਮਾਰ ਹਨ। ਉਨ੍ਹਾਂ ਨੂੰ ਘਰ ਵਿੱਚ ਨੌਕਰਾਣੀ ਚਾਹੀਦੀ ਸੀ। ਪ੍ਰਬੋਧ ਕੁਮਾਰ ਕਹਿੰਦੇ ਕਿ ਤੁਹਾਡੇ ਬੱਚਿਆਂ ਨੂੰ ਸਕੂਲ ਭਰਤੀ ਕਰਵਾ ਲਵਾਂਗੇ। 

ਇਹੋ ਤਾਂ ਸੁਪਨਾ ਸੀ। ਕੋਲਕਾਤਾ ਤੋਂ ਗੁੜਗਾਓਂ ਤੱਕ ਦਾ ਸਫ਼ਰ ਏਸੇ ਕਰਕੇ ਤਾਂ ਕੀਤਾ ਸੀ। ਹਨੇਰੇ ਤੋਂ ਬਾਅਦ ਜ਼ਿੰਦਗੀ ਚ 'ਆਲੋ' (ਰੌਸ਼ਨੀ) ਸੀ। ਜ਼ਿੰਦਗੀ 'ਆਲੋ ਅੰਧੇਰੀ' ਹੀ ਤਾਂ ਹੈਂ। ਪ੍ਰਬੋਧ ਕੁਮਾਰ ਮੁਨਸ਼ੀ ਪ੍ਰੇਮ ਚੰਦ ਦੀ ਧੀ ਦੇ ਪੁੱਤਰ ਸਨ। ਮੁਨਸ਼ੀ ਪ੍ਰੇਮ ਚੰਦ ਹਿੰਦੀ ਸਾਹਿਤ ਦੇ ਸ਼ਾਹਕਾਰ ਅਦੀਬ ਹੋਏ ਹਨ। ਉਨ੍ਹਾਂ ਦੇ ਦੋਹਤੇ ਪ੍ਰਬੋਧ ਕੁਮਾਰ ਆਪ ਪ੍ਰੋਫੈਸਰ ਸਨ। ਗੱਲਾਂ ਗੱਲਾਂ ਵਿੱਚ ਉਨ੍ਹਾਂ ਨੂੰ ਇਹ ਮਹਿਸੂਸ ਹੋਇਆ ਕਿ ਮੈਨੂੰ ਪੜ੍ਹਨ ਦਾ ਸ਼ੌਂਕ ਹੈ। ਉਨ੍ਹਾਂ ਨੇ ਮੈਨੂੰ ਤਸਲੀਮਾ ਨਸਰੀਨ ਦੀ ਕਿਤਾਬ ਦਿੱਤੀ। ਮੈਂ ਪੜ੍ਹ ਕੇ ਕਿਹਾ ਕਿ ਇਹ ਤਾਂ ਮੇਰੀ ਕਹਾਣੀ ਹੈ। 

ਪ੍ਰਬੋਧ ਕੁਮਾਰ ਕਹਿੰਦੇ ਕਿ ਤੂੰ ਲਿਖਿਆ ਕਰ। ਮੈਂ ਲਿਖਣ ਬੈਠੀ ਤਾਂ ਲਿਖਿਆ ਨਾ ਗਿਆ। ਉਨ੍ਹਾਂ ਮੈਨੂੰ ਆਪਣੀ ਜ਼ਿੰਦਗੀ ਬਾਰੇ ਲਿਖਣ ਨੂੰ ਕਿਹਾ। ਮੈਂ ਆਪਣੀ ਬੰਗਾਲੀ ਜ਼ੁਬਾਨ ਵਿਚ ਆਪਣੀ ਜ਼ਿੰਦਗੀ ਲਿਖ ਦਿੱਤੀ। ਪ੍ਰਬੋਧ ਜੀ ਨੇ ਉਹਦਾ ਉਲੱਥਾ ਹਿੰਦੀ ਵਿਚ ਕਰ ਦਿੱਤਾ। ਸੰਜੇ ਭਾਰਤੀ ਰੋਸ਼ਨਾਈ ਪਬਲਿਸ਼ਿੰਗ ਹਾਊਸ ਵਾਲੇ ਉਨ੍ਹਾਂ ਦੇ ਮਿੱਤਰ ਸਨ। ਦਸੰਬਰ 2002 ਵਿਚ ਮੇਰੀ ਪਹਿਲੀ ਕਿਤਾਬ 'ਆਲੋ ਅੰਧੇਰੀ' ਆਈ। ਪ੍ਰਬੋਧ ਕੁਮਾਰ ਜੀ ਨੇ ਨੂੰ ਪੜ੍ਹਾਇਆ ਲਿਖਾਇਆ ਉਨ੍ਹਾਂ ਦੀ ਬਦੌਲਤ ਮੈਂ ਝਾੜੂ ਪੋਚੇ ਦਾ ਕੰਮ ਕਰਨ ਵਾਲੀ ਨੌਕਰਾਣੀ ਲਿਖਾਰੀ ਬਣ ਗਈ। 

ਬੇਬੀ ਹਾਲਦਾਰ ਦੀ ਕਿਤਾਬ  'ਏ ਲਾਈਫ ਲੈੱਸ ਆਰਡਨਰੀ'

PunjabKesari

ਏ ਲਾਈਫ ਲੈੱਸ ਆਰਡਨਰੀ 
ਹਿੰਮਤ ਰੱਖੋ ਤਾਂ ਜ਼ਿੰਦਗੀ ਬਹੁਤ ਕਮਾਲ ਦੀ ਅਤੇ ਪਿਆਰੀ ਹੈ। ਆਲੋ ਅੰਧੇਰੀ ਤੋਂ ਬਾਅਦ ਮੇਰੀ ਦੂਜੀ ਜ਼ਿੰਦਗੀ ਸ਼ੁਰੂ ਹੋ ਗਈ। 2006 ਵਿਚ ਮੇਰੀ ਕਿਤਾਬ ਨੂੰ 'ਜ਼ੁਬਾਨ ਅਤੇ ਪੈਂਗੁਇਨ ਪਬਲਸ਼ਿੰਗ' ਨੇ ਅੰਗਰੇਜ਼ੀ ਵਿੱਚ ਛਾਪਿਆ। ਇਸ ਕਿਤਾਬ ਦਾ ਨਾਮ 'ਏ ਲਾਈਫ ਲੈੱਸ ਆਰਡਨਰੀ' ਸੀ। ਇਹ ਕਿਤਾਬ ਪੂਰੀ ਦੁਨੀਆਂ ਵਿਚ 21 ਜ਼ੁਬਾਨਾਂ ਵਿਚ ਅਨੁਵਾਦ ਹੋਈ। ਇਸ ਤੋਂ ਬਾਅਦ 2010 ਵਿੱਚ ਦੂਜੀ ਕਿਤਾਬ ਕਹਾਣੀਆਂ ਦੀ ਅਤੇ ਤੀਜੀ ਕਿਤਾਬ 'ਘਰੇ ਫਿਰਾਰ ਪੱਥ' 2015 ਵਿੱਚ ਆਈ। ਕਿਤਾਬਾਂ ਦੀ ਰਿਆਲਿਟੀ ਆਉਂਦੀ ਰਹੀ। 2016 ਵਿਚ ਮੈਂ ਪ੍ਰਬੋਧ ਕੁਮਾਰ ਜੀ ਤੋਂ ਵਿਦਾਈ ਲੈ ਕੇ ਕੋਲਕਾਤਾ ਆ ਗਈ। 

ਕੋਲਕਾਤਾ ਘਰ ਅਤੇ ਬੱਚੇ
ਕਿਤਾਬਾਂ ਦੀ ਰਿਆਲਟੀ ਤੋਂ ਮੈਂ ਕੋਲਕਾਤਾ ਆ ਕੇ ਆਪਣਾ ਘਰ ਬਣਾਇਆ। ਸਾਰੀ ਜ਼ਿੰਦਗੀ ਦੀਆਂ ਠੋਕਰਾਂ ਇਸ ਮੁਕਾਮ ’ਤੇ ਆ ਕੇ ਭੁੱਲ ਜਾਂਦੀਆਂ ਹਨ। ਇਹ ਸੰਭਵ ਤਾਂ ਹੀ ਹੁੰਦਾ ਹੈ ਜੇ ਖੁਦ ਉੱਤੇ ਵਿਸ਼ਵਾਸ ਕਰਦਿਆਂ ਤੁਰਦੇ ਰਹੋ। ਜ਼ਿੰਦਗੀ ਤਾਂ ਹਨੇਰੀ ਅਤੇ ਰੌਸ਼ਨੀਆਂ ਦਾ ਸੰਗਮ ਹੈ। 

ਬੇਬੀ ਹਾਲਦਾਰ ਦੀ ਛੱਪੀ ਹੋਈ ਇਕ ਹੋਰ ਕਿਤਾਬ

PunjabKesari

ਤਸੱਲੀ ਹੈ ਕਿ ਮੈਂ ਖੁਦ ਪੜ੍ਹ ਲਿਖ ਸਕੀ। ਮੇਰੇ ਤਿੰਨੋਂ ਬੱਚੇ ਗ੍ਰੈਜੁਏਟ ਹਨ। ਕੋਰੋਨਾ ਦੇ ਇਸ ਸਮੇਂ ਅਸੀਂ ਘਰ ਬੈਠੇ ਹਾਂ। ਮੇਰੇ ਬੱਚੇ ਨੌਕਰੀ ਦੀ ਤਲਾਸ਼ ਵਿਚ ਹਨ। ਬੇਟੀ ਦਿੱਲੀ ਰਹਿੰਦੀ ਹੈ। ਮੇਰਾ ਕੰਮ ਉਨ੍ਹਾਂ ਨੂੰ ਪੜ੍ਹਾਉਣਾ ਸੀ। ਮੇਰਾ ਸੰਘਰਸ਼ ਮੇਰਾ ਸੀ। ਮੇਰੇ ਬੱਚਿਆਂ ਦਾ ਸੰਘਰਸ਼ ਉਨ੍ਹਾਂ ਦਾ ਆਪਣਾ ਹੈ। ਅਸੀਂ ਸਭ ਨੇ ਆਪੋ-ਆਪਣੀ ਜੰਗ ਲੜਨੀ ਹੈ। ਸੁਬੋਧ-ਕਾਪੋਸ਼ ਅਤੇ ਪਿਯਾ ਮੇਰੇ ਬੱਚੇ। ਕਹਾਂ ਸੇ ਕਹਾਂ ਆ ਗਏ, ਬਹੁਤ ਅੱਛਾ ਲੱਗਤਾ ਹੈ ਅਬ ਤੋ....

"ਮੇਰੀ ਦੁਆ ਹੈ ਕਿ ਤੁਹਾਨੂੰ ਸਭ ਨੂੰ ਆਪੋ ਆਪਣੀ ਮੰਜ਼ਿਲ ਮਿਲੇ। ਜ਼ਿੰਦਗੀ ਨੇ ਕਦੀ ਤੁਹਾਡੇ ਨਾਲ ਇਹ ਵਾਅਦਾ ਨਹੀਂ ਕੀਤਾ ਕਿ ਤੁਹਾਨੂੰ ਹਮੇਸ਼ਾ ਸੁਖਾਲੇ ਰਾਹ ਹੀ ਮਿਲਣਗੇ। ਖੁਦ ’ਤੇ ਭਰੋਸਾ ਰੱਖੋ। ਮੇਰਾ ਸਫ਼ਰ ਨ੍ਹੇਰੇ ਵਿਚ ਰੌਸ਼ਨੀ ਦੀ ਤਲਾਸ਼ ਦਾ ਹੈ।" - ਬੇਬੀ ਹਾਲਦਾਰ

PunjabKesari


rajwinder kaur

Content Editor

Related News