ਅਮਰੀਕਾ ਨੂੰ ਕੋਰੋਨਾ ਦੇ ਨਾਲ-ਨਾਲ ਨਸਲੀ ਵਿਤਕਰਿਆਂ ਖ਼ਿਲਾਫ਼ ਅੰਦੋਲਨਾਂ ਨੇ ਚੁਤਰਫ਼ਾ ਘੇਰਿਆ !

Tuesday, Jun 09, 2020 - 11:03 AM (IST)

ਅਮਰੀਕਾ ਨੂੰ ਕੋਰੋਨਾ ਦੇ ਨਾਲ-ਨਾਲ ਨਸਲੀ ਵਿਤਕਰਿਆਂ ਖ਼ਿਲਾਫ਼ ਅੰਦੋਲਨਾਂ ਨੇ ਚੁਤਰਫ਼ਾ ਘੇਰਿਆ !

ਬਿੰਦਰ ਸਿੰਘ ਖੁੱਡੀ ਕਲਾਂ
ਮੋਬ:98786-05965

ਵਿਸ਼ਵ ਪੱਧਰ 'ਤੇ ਚੁਣੌਤੀ ਬਣੇ ਕੋਰੋਨਾ ਵਾਇਰਸ ਦੀ ਮਾਰ ਦੇ ਅੰਕੜੇ 'ਤੇ ਨਜ਼ਰ ਮਾਰਦਿਆਂ ਸਪੱਸ਼ਟ ਪਤਾ ਚੱਲਦਾ ਹੈ ਕਿ ਇਸ ਦਾ ਸਭ ਤੋਂ ਜ਼ਿਆਦਾ ਕਹਿਰ ਅਮਰੀਕਾ 'ਚ ਬਰਸ ਰਿਹਾ ਹੈ। ਦੁਨੀਆਂ ਭਰ ਦੇ ਤਕਰੀਬਨ ਦੋ ਸੌ ਤੇਰਾਂ ਮੁਲਕਾਂ 'ਚ ਉਨੱਤਰ ਲੱਖ ਬਿਆਸੀ ਹਜ਼ਾਰ ਨੌ ਸੌ ਪੈਂਹਟ ਦੇ ਕਰੀਬ ਲੋਕ ਕੋਰੋਨਾ ਵਾਇਰਸ ਲਾਗ (ਮਹਾਮਾਰੀ) ਤੋਂ ਪੀੜਤ ਹਨ। ਇਹ ਮਹਾਮਾਰੀ ਦੀ ਬਦੌਲਤ ਹੁਣ ਤੱਕ ਚਾਰ ਲੱਖ ਤੋਂ ਜ਼ਿਆਦਾ ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਇਸ ਸਬੰਧ ਵਿਚ ਜੇਕਰ ਮੁਲਕਵਾਰ ਅੰਕੜੇ 'ਤੇ ਨਜ਼ਰ ਮਾਰੀ ਜਾਵੇ ਤਾਂ ਉੱਨੀ ਲੱਖ ਅਠਾਸੀ ਹਜ਼ਾਰ ਪੰਜ ਸੌ ਪੰਤਾਲੀ ਕੇਸਾਂ ਨਾਲ ਅਮਰੀਕਾ 'ਚ ਸਭ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹਨ। ਇਸੇ ਕਰਕੇ ਇਥੇ ਇੱਕ ਲੱਖ ਤੋਂ ਜ਼ਿਆਦਾ ਲੋਕ ਇਸ ਵਾਇਰਸ ਦੇ ਕਾਰਨ ਮੌਤ ਦੇ ਮੂੰਹ ਜਾ ਚੁੱਕੇ ਹਨ। 

ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਮੁੱਦੇ 'ਤੇ ਅਮਰੀਕਾ ਅਤੇ ਚੀਨ ਆਹਮੋ ਸਾਹਮਣੇ ਹੋ ਚੁੱਕੇ ਹਨ। ਇੱਕ ਦੂਜੇ ਵੱਲੋਂ ਵਾਇਰਸ ਦਾ ਜਨਮ ਦਾਤਾ ਹੋਣ ਦੇ ਦੋਸ਼ ਸ਼ਰੇਆਮ ਲਗਾਏ ਜਾ ਚੁੱਕੇ ਹਨ। ਹੋਰ ਤਾਂ ਹੋਰ ਅਮਰੀਕਾ ਵੱਲੋਂ ਤਾਂ ਵਿਸ਼ਵ ਸਿਹਤ ਸੰਗਠਨ 'ਤੇ ਪੱਖਪਾਤੀ ਰਵੱਈਏ ਦੇ ਦੋਸ਼ ਲਗਾਉਂਦਿਆਂ ਇਸ ਸੰਗਠਨ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਰਾਸ਼ੀ ਰੋਕ ਕੇ ਇਸ ਨਾਲੋਂ ਵੀ ਤਕਰੀਬਨ ਨਾਤਾ ਤੋੜ ਲਿਆ ਗਿਆ ਹੈ। ਅਮਰੀਕਾ ਵੱਲੋਂ ਚੀਨ ਨਾਲੋਂ ਵਪਾਰਿਕ ਸੰਬੰਧ ਤੋੜ ਲੈਣ ਦੀਆਂ ਖਬਰਾਂ ਪੜ੍ਹਨ ਅਤੇ ਸੁਣਨ ਨੂੰ ਆਮ ਹੀ ਮਿਲਦੀਆਂ ਰਹਿੰਦੀਆਂ ਹਨ। ਉੱਚ ਪੱਧਰੀ ਸਿਹਤ ਸਹੂਲਤਾਂ ਦਾ ਦਮ ਭਰਨ ਵਾਲੀ ਮਹਾਸ਼ਕਤੀ ਨੂੰ ਕੋਰੋਨਾ ਵਾਇਰਸ ਨੇ ਇੱਕ ਤਰ੍ਹਾਂ ਨਾਲ ਝੰਜੋੜ ਕੇ ਰੱਖ ਦਿੱਤਾ ਹੈ।

ਪੜ੍ਹੋ ਇਹ ਵੀ ਖਬਰ - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਿਆਰਾ ‘ਪੀਰ ਦਰਗਾਰੀ ਸ਼ਾਹ’

ਮਹਾਸ਼ਕਤੀ ਨੂੰ ਕੋਰੋਨਾ ਵਾਇਰਸ ਦੇ ਨਾਲ-ਨਾਲ ਨਸਲੀ ਵਿਤਕਰਿਆਂ ਖਿਲਾਫ ਅੰਦੋਲਨਾਂ ਨੇ ਅਜਿਹਾ ਘੇਰਾ ਪਾਇਆ ਹੈ ਕਿ ਅੰਦੋਲਨਕਾਰੀ ਗਲੀਆਂ ਅਤੇ ਸੜਕਾਂ ਤੋਂ ਹੁੰਦੇ ਹੋਏ ਵਿਸ਼ਵ ਦੀ ਸਭ ਤੋਂ ਤਾਕਤਵਰ ਇਮਾਰਤ ਵਾਈਟ ਹਾਊਸ ਤੱਕ ਪਹੁੰਚ ਗਏ। ਖਬਰਾਂ ਤਾਂ ਡੋਨਲਡ ਟਰੰਪ ਵੱਲੋਂ ਬੰਕਰ 'ਚ ਲੁਕ ਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਸੁਰੱਖਿਅਤ ਕੀਤੇ ਜਾਣ ਦੀਆਂ ਵੀ ਆਈਆਂ ਹਨ। ਮੀਡੀਆ ਹਵਾਲੇ ਤੋਂ ਟਰੰਪ ਦੇ ਕਈ ਪਰਿਵਾਰਕ ਮੈਂਬਰਾਂ ਵੱਲੋਂ ਵੀ ਇਨ੍ਹਾਂ ਅੰਦੋਲਨਾਂ 'ਚ ਸ਼ਿਰਕਤ ਕੀਤੇ ਜਾਣ ਦੀਆਂ ਖਬਰਾਂ ਹਨ। ਨਸਲ਼ੀ ਵਿਤਕਰਿਆਂ ਖਿਲਾਫ ਉੱਤਰੀ ਅਮਰੀਕਾ ਤੋਂ ਸ਼ੁਰੂ ਹੋਇਆ ਅੰਦੋਲਨ ਦੱਖਣੀ ਅਮਰੀਕਾ, ਯੂਰਪ ਅਤੇ ਆਸਟ੍ਰੇਲੀਆ ਤੱਕ ਵੀ ਪੁੱਜ ਗਿਆ ਹੈ। ਯੂਰਪ ਦੇ ਵੱਖ-ਵੱਖ ਮੁਲਕਾਂ 'ਚ ਨਸਲੀ ਵਿਤਕਰਿਆਂ ਖਿਲਾਫ ਰੋਸ ਮੁਜ਼ਾਹਰਿਆਂ ਉਪਰੰਤ ਬੀਤੇ ਦਿਨ ਆਸਟ੍ਰੇਲੀਆ 'ਚ ਵੀ ਲੋਕਾਂ ਸੜਕਾਂ 'ਤੇ ਉੱਤਰ ਆਏ, ਜਿਨ੍ਹਾਂ ਨੇ ਨਸਲੀ ਵਿਤਕਰਿਆਂ ਖਿਲਾਫ ਆਪਣੀ ਆਵਾਜ਼ ਬੁਲੰਦ ਕੀਤੀ। ਮੀਡੀਆ ਦੀਆਂ ਮਿਲ ਰਹੀਆਂ ਰਿਪੋਰਟਾਂ ਅਨੁਸਾਰ ਆਸਟ੍ਰੇਲੀਆ 'ਚ ਲੋਕਾਂ ਦੇ ਰੋਹ ਨੂੰ ਵੇਖਦਿਆਂ ਸਰਕਾਰ ਨੇ ਕੋਰੋਨਾ ਪਾਬੰਦੀਆਂ ਦੇ ਬਾਵਜੂਦ ਮੁਜ਼ਾਹਰੇ ਕਰਨ ਦੀ ਇਜ਼ਾਜਤ ਦੇ ਦਿੱਤੀ ਹੈ।

ਪੜ੍ਹੋ ਇਹ ਵੀ ਖਬਰ - ATM ਕੈਸ਼ ਦੇ ਰੱਖ-ਰਖਾਅ ਲਈ ਨਿਯੁਕਤ ਕੀਤੀਆਂ ਦੇਸ਼ ਦੀਆਂ ਪਹਿਲੀਆਂ ਤਿੰਨ ਔਰਤਾਂ (ਵੀਡੀਓ)

ਨਸਲੀ ਵਿਤਕਰਿਆਂ ਖਿਲਾਫ ਅੰਦੋਲਨ ਦੀ ਸ਼ੁਰੂਆਤ ਇੱਕ ਅਫਰੀਕਨ ਅਮਰੀਕੀ ਵਿਅਕਤੀ ਦੀ ਪੁਲਸ ਜ਼ਬਰ ਦੌਰਾਨ ਹੋਈ ਮੌਤ ਨਾਲ ਹੋਈ। ਅਮਰੀਕਾ ਦੇ ਸੂਬੇ ਮਿਨੀਸੋਟਾ ਦੇ ਸ਼ਹਿਰ ਮਿਨੇਪੋਲਿਸ ਵਿਖੇ ਅਫਰੀਕਨ ਅਮਰੀਕੀ ਨੂੰ ਪੁਲਸ ਨੇ ਨਕਲੀ ਵੀਹ ਡਾਲਰ ਦੀ ਸਿਗਰਟ ਖਰੀਦਣ ਦੇ ਕਥਿਤ ਦੋਸ਼ 'ਚ ਗ੍ਰਿਫਤਾਰ ਕਰਕੇ ਗੋਰੇ ਪੁਲਸ ਅਧਿਕਾਰੀ ਵੱਲੋਂ ਖੁਦ ਹੀ ਸਜ਼ਾ ਦੇਣ ਤੋਂ ਲੋਕਾਂ ਦਾ ਗੁੱਸਾ ਅਜਿਹਾ ਭੜਕਿਆ ਕਿ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ। ਗੋਰੇ ਪੁਲਸ ਅਧਿਕਾਰੀ ਦੇ ਮਨ 'ਚ ਅਫਰੀਕਨ ਅਮਰੀਕੀ ਵਿਅਕਤੀ ਪ੍ਰਤੀ ਭਰੀ ਨਫਰਤ ਉਸ ਵੇਲੇ ਜੱਗ ਜ਼ਾਹਰ ਹੋ ਗਈ, ਜਦੋਂ ਉਸ ਨੇ ਕਾਲੇ ਵਿਅਕਤੀ ਦੀ ਧੌਣ 'ਤੇ ਗੋਡਾ ਰੱਖ ਲਿਆ ਅਤੇ ਸੜਕ 'ਤੇ ਪਿਆ ਕਾਲਾ ਵਿਅਕਤੀ ਸਾਹ ਨਾਂ ਆਉਣ ਬਾਰੇ ਕੁਰਲਾਉਂਦਾ ਰਿਹਾ। ਪਰ ਨਫਰਤ ਦੇ ਸ਼ੋਰ 'ਚ ਗੋਰਾ ਅਧਿਕਾਰੀ ਇਹ ਸਭ ਕੁੱਝ ਸੁਣਨ ਤੋਂ ਅਸਮਰਥ ਰਿਹਾ। ਆਖਿਰਕਾਰ ਤਕਰੀਬਨ ਸਾਢੇ ਅੱਠ ਮਿੰਟ ਦੇ ਸਮੇਂ ਤੱਕ ਧੌਣ 'ਤੇ ਗੋਡਾ ਟਿਕਿਆ ਰਹਿਣ ਉਪਰੰਤ ਉਸ ਕਾਲੇ ਵਿਅਕਤੀ ਨੇ ਉੱਥੇ ਹੀ ਦਮ ਤੋੜ ਦਿੱਤਾ। ਕਾਲੇ ਵਿਅਕਤੀ ਨੂੰ ਇਸ ਤਰ੍ਹਾਂ ਨਸਲੀ ਵਿਤਕਰੇ ਦਾ ਸ਼ਿਕਾਰ ਬਣਾਉਣ ਦੀ ਇਹ ਕੋਈ ਪਹਿਲੀ ਘਟਨਾ ਨਹੀਂ। ਅੰਦੋਲਨਕਾਰੀਆਂ ਦੇ ਨਿਸ਼ਾਨੇ ਵਾਲੇ ਖੇਤਰਾਂ 'ਚ ਪਹਿਲਾਂ ਵੀ ਕਾਲੇ ਅਤੇ ਕਈ ਹੋਰ ਨਸਲਾਂ ਨੂੰ ਗੋਰਿਆਂ ਹੱਥੋਂ ਵਿਤਕਰੇ ਦਾ ਸ਼ਿਕਾਰ ਹੋਣਾ ਪਿਆ ਹੈ।

ਪੜ੍ਹੋ ਇਹ ਵੀ ਖਬਰ - ਦੁਆਬੇ ਦੀ ਹੂਕ : ਮਾਲਟਾ ਕਿਸ਼ਤੀ ਕਾਂਡ

ਨਸਲੀ ਵਿਤਕਰੇ ਖਿਲਾਫ ਗੁੱਸੇ ਦੀ ਅੱਗ ਇੰਨ੍ਹੀ ਜ਼ਬਰਦਸਤ ਸੀ ਕਿ ਲੋਕਾਂ ਨੇ ਬਿਨਾਂ ਕੋਰੋਨਾ ਪਾਬੰਦੀਆਂ ਦੀ ਪਰਵਾਹ ਕੀਤੇ, ਜਿੱਥੇ ਹਰ ਗਲੀ, ਸੜਕ ਅਤੇ ਸਰਕਾਰੀ ਅਦਾਰਿਆਂ ਸਾਹਮਣੇ ਆਪਣੀ ਆਵਾਜ਼ ਬੁਲੰਦ ਕੀਤੀ, ਉੱਥੇ ਹੀ ਇਹ ਅੰਦੋਲਨ ਹਿੰਸਕ ਹੋਣੋ ਵੀ ਬਚ ਨਾ ਸਕਿਆ। ਅੰਦੋਲਨਕਾਰੀਆਂ ਨੇ ਵਾਹਨਾਂ ਅਤੇ ਹੋਰ ਸਥਾਨਾਂ ਦੀ ਰੱਜ ਕੇ ਸਾੜ-ਫੂਕ ਅਤੇ ਭੰਨਤੋੜ ਕੀਤੀ। ਹਾਲਾਤ ਇਸ ਕਦਰ ਬਦਤਰ ਅਤੇ ਬੇਕਾਬੂ ਹੋ ਗਏ ਕਿ ਅੰਦੋਲਨਕਾਰੀਆਂ ਨੇ ਇੱਕ ਹਫਤੇ ਦੀ ਹਿੰਸਾ ਦੌਰਾਨ ਲਾਂਸ ਏਂਜਲਸ, ਨਿਊਯਾਰਕ, ਵਾਸ਼ਿੰਗਟਨ ਆਦਿ ਸਮੇਤ ਤਕਰੀਬਨ ਚਾਲੀ ਸ਼ਹਿਰਾਂ 'ਚ ਖੂਬ ਹੰਗਾਮਾ ਕੀਤਾ ਅਤੇ ਸਾੜ ਫੂਕ ਕਰਦਿਆਂ ਵਾਹਨਾਂ ਅਤੇ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ। ਲੋਕਾਂ ਦੇ ਰੋਹ ਨੂੰ ਵੇਖਦਿਆਂ ਅਮਰੀਕੀ ਪੁਲਸ ਨੇ ਵਾਰ-ਵਾਰ ਗੋਡਿਆਂ ਭਾਰ ਹੋ ਕੇ ਆਪਣੀ ਗਲਤੀ ਸਵੀਕਾਰ ਕੀਤੀ ਪਰ ਪੁਲਸ ਦੀ ਇਹ ਕਾਰਵਾਈ ਅੰਦੋਲਨਕਾਰੀਆਂ ਨੂੰ ਕੁੱਝ ਸਮੇਂ ਤੱਕ ਹੀ ਸ਼ਾਂਤ ਰੱਖ ਸਕੀ। ਆਖਿਰਕਾਰ ਪ੍ਰਸ਼ਾਸਨ ਨੂੰ ਅੰਦੋਲਨ ਪ੍ਰਭਾਵਿਤ ਖੇਤਰਾਂ 'ਚ ਕਰਫਿਊ ਲਗਾਉਣਾ ਪਿਆ। ਹਾਲਾਤਾਂ ਨੂੰ ਕਾਬੂ ਕਰਨ ਲਈ ਰਾਸ਼ਟਰਪਤੀ ਨੂੰ ਖੁਦ ਫੌਜ਼ ਦੀ ਤਾਇਨਾਤੀ ਬਾਰੇ ਬਿਆਨ ਦੇਣਾ ਪਿਆ।

ਪੜ੍ਹੋ ਇਹ ਵੀ ਖਬਰ - ਆਪਣੇ ਹੀ ਬੱਚੇ ਦੇ ਅਗਵਾ ਹੋਣ ਦਾ ਡਰਾਮਾ ਰਚਣ ਵਾਲੇ ਪਿਓ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ

ਅਮਰੀਕਾ ਅਤੇ ਯੂਰਪ ਸਮੇਤ ਆਸਟ੍ਰੇਲੀਆ 'ਚ ਹੋਏ ਜ਼ਬਰਦਸਤ ਅੰਦੋਲਨ ਇਸ ਗੱਲ ਦਾ ਸਪੱਸ਼ਟ ਸੰਕੇਤ ਹਨ ਕਿ ਨਸਲੀ ਵਿਤਕਰੇ ਦੇ ਮਾਮਲੇ 'ਚ ਲੋਕਾਂ ਦੇ ਸਬਰ ਦਾ ਪਿਆਲਾ ਭਰ ਚੁੱਕਿਆ ਹੈ। ਕੋਰੋਨਾ ਦੀ ਜ਼ਬਰਦਸਤ ਮਾਰ ਹੇਠ ਆਏ ਇਨ੍ਹਾਂ ਮੁਲਕਾਂ ਖਾਸ ਕਰਕੇ ਅਮਰੀਕਾ ਲਈ ਇਹ ਅੰਦੋਲਨ ਜ਼ਬਰਦਸਤ ਝਟਕਾ ਹਨ। ਜੇਕਰ ਕਹਿ ਲਿਆ ਜਾਵੇ ਕਿ ਨਸਲੀ ਵਿਤਕਰਿਆਂ ਖਿਲਾਫ ਅੰਦੋਲਨਾਂ ਨੇ ਅਮਰੀਕਾ ਦਾ ਕੋਰੋਨਾ ਨਾਲੋਂ ਵੀ ਜ਼ਿਆਦਾ ਆਰਥਿਕ ਨੁਕਸਾਨ ਕੀਤਾ ਹੈ ਤਾਂ ਕੋਈ ਅਤਿਕਥਨੀ ਨਹੀਂ। ਵਾਇਰਸ ਮੁੱਦੇ 'ਤੇ ਚੀਨ ਨਾਲ ਵਪਾਰਿਕ ਯੁੱਧ ਵਰਗੇ ਹਾਲਾਤਾਂ ਨਾਲ ਜੂਝਦੇ ਅਮਰੀਕਾ ਲਈ ਇਹ ਅੰਦੋਲਨ ਬਹੁਤ ਮਹਿੰਗੇ ਪੈਣ ਦੀਆਂ ਸੰਭਾਵਨਾਵਾਂ ਹਨ। ਵਿਸ਼ਵ ਮਹਾਂਸ਼ਕਤੀ ਦੀਆਂ ਸੜਕਾਂ ਤਕਰੀਬਨ ਹਫਤੇ ਭਰ ਲਈ ਪੂਰੀ ਤਰ੍ਹਾਂ ਜਾਮ ਰਹੀਆਂ ਉਦਯੋਗਿਕ ਇਕਾਈਆਂ 'ਚ ਕੰਮ ਨਾਂਹ ਦੇ ਬਰਾਬਰ ਹੋਇਆ। ਜਨਜੀਵਨ ਪੂਰੀ ਤਰ੍ਹਾਂ ਲੀਹ ਤੋਂ ਲਹਿ ਗਿਆ ਅਤੇ ਲੋਕਾਂ ਦੇ ਮਨਾਂ 'ਚ ਕੋਰੋਨਾ ਤੋਂ ਕਿਤੇ ਜ਼ਿਆਦਾ ਸਹਿਮ ਦਾ ਮਾਹੌਲ ਵੇਖਿਆ ਗਿਆ। ਵੇਖਣਾ ਹੋਵੇਗਾ ਕਿ ਮਹਾਂਸ਼ਕਤੀ ਕੋਰੋਨਾ ਅਤੇ ਪ੍ਰਦਰਸ਼ਨਾਂ ਦੀਆਂ ਚੁਣੌਤੀਆਂ ਨਾਲ ਕਿਵੇਂ ਨਿਪਟਦੀ ਹੈ?

ਪੜ੍ਹੋ ਇਹ ਵੀ ਖਬਰ - ਗਰਮੀਆਂ ’ਚ ਪੀਓ ‘ਬੇਲ ਦਾ ਸ਼ਰਬਤ’, ਥਕਾਵਟ ਦੇ ਨਾਲ ਮੂੰਹ ਦੇ ਛਾਲਿਆਂ ਨੂੰ ਵੀ ਕਰੇ ਦੂਰ

 


author

rajwinder kaur

Content Editor

Related News