ਸਰਕਾਰੀ ਸਕੂਲ ਮਾੜੀਮੇਘਾ ਵਿਖੇ ਇਮਾਰਤਾਂ ਦੀ ਉਸਾਰੀ 'ਚ ਚੇਅਰਮੈਨ ਨੇ ਵੱਡੀ ਘਪਲੇਬਾਜ਼ੀ ਦੇ ਲਾਏ ਇਲਜ਼ਾਮ
03/13/2023 5:03:33 PM

ਖਾਲੜਾ (ਭਾਟੀਆ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾੜੀਮੇਘਾ ਵਿਖੇ ਨਵੀਆਂ ਬਣੀਆਂ ਇਮਾਰਤਾਂ ਨੂੰ ਲੈ ਕੇ ਚੇਅਰਮੈਨ ਸੰਦੀਪ ਸਿੰਘ ਨੇ ਵੱਡੀ ਘਪਲੇਬਾਜ਼ੀ ਦੇ ਲਾਏ ਇਲਜ਼ਾਮ ਲਾਏ ਗਏ ਹਨ। ਉਨ੍ਹਾਂ ਨੇ ਇਹ ਇਲਜ਼ਾਮ ਦੋ ਕਲਾਸਰੂਮ ਅਤੇ ਨਿਰਮਾਣ ਅਧੀਨ ਲਾਇਬ੍ਰੇਰੀ ਦੀ ਇਮਾਰਤ ਦੇ ਨਿਰਮਾਣ 'ਚ ਲੱਖਾ ਰੁਪਏ ਦੀ ਘਪਲੇਬਾਜ਼ੀ 'ਚ ਸਕੂਲ ਅਧਿਆਪਕ ਅਤੇ ਪ੍ਰਿੰਸੀਪਲ 'ਤੇ ਲਗਾਏ ਹਨ ।
ਇਸ ਸਬੰਧੀ ਸਕੂਲ ਕਮੇਟੀ ਦੇ ਚੇਅਰਮੈਨ ਸੰਦੀਪ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਦੋ ਕਲਾਸਰੂਮ ਬਣਾਉਣ ਲਈ 13 ਲੱਖ ਰੁਪਏ ਅਤੇ ਲਾਇਬ੍ਰੇਰੀ ਬਣਾਉਣ ਲਈ ਤਕਰੀਬਨ 9 ਲੱਖ 65 ਹਜ਼ਾਰ ਰੁਪਏ ਦੀਆਂ ਗ੍ਰਾਂਟਾਂ ਪੰਜਾਬ ਸਰਕਾਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾੜੀਮੇਘਾ ਨੂੰ ਦਿੱਤੀਆਂ ਗਈਆਂ ਸਨ । ਜਿਸ ਦੀ ਉਸਾਰੀ ਲਈ ਸਕੂਲ ਦੇ ਪ੍ਰਿੰਸੀਪਲ ਨੂੰ ਕਮੇਟੀ ਵੱਲੋਂ ਮਤੇ ਪਾਕੇ ਦਿੱਤੇ ਗਏ ਸਨ। ਇਸਦੇ ਨਾਲ ਹੀ ਵਾਰ-ਵਾਰ ਸਕੂਲ ਪ੍ਰਿੰਸੀਪਲ ਨੂੰ ਕਿਹਾ ਗਿਆ ਸੀ ਕਿ ਉਸਾਰੀ ਲਈ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਹੀ ਮਟੀਰੀਅਲ ਦੀ ਵਰਤੋਂ ਕੀਤੀ ਜਾਵੇ । ਇਸ ਤੋਂ ਇਲਾਵਾ ਸਪੱਸ਼ਟ ਕਿਹਾ ਗਿਆ ਸੀ ਕਿ ਕਿਸੇ ਵੀ ਕਿਸਮ ਦੀ ਹੇਰਾਫੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਪਰ ਇਸਦੇ ਉਲਟ ਸਕੂਲ ਪ੍ਰਿੰਸੀਪਲ ਵੱਲੋਂ ਉਸਾਰੀ ਦਾ ਕੰਮ ਆਪਣੇ ਸਕੂਲ ਦੇ ਇਕ ਅਧਿਆਪਕ ਰਾਹੀਂ ਕਰਵਾਇਆ ਗਿਆ। ਜਿਨ੍ਹਾਂ ਵੱਲੋਂ ਉਸਾਰੀ ਲਈ ਵਰਤਿਆ ਸਾਮਾਨ ਕਿਸੇ ਪੱਖੋਂ ਵੀ ਸਰਕਾਰ ਦੇ ਦਿੱਤੇ ਮਾਪਦੰਡਾਂ ਤੇ ਖ਼ਰਾ ਨਹੀਂ ਉਤਰਿਆ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਦਾ ਗੰਨ ਕਲਚਰ 'ਤੇ ਵਾਰ, ਹਥਿਆਰਾਂ ਦੀ ਸਮੀਖਿਆ ਤੋਂ ਬਾਅਦ ਕੀਤੀ ਸਖ਼ਤ ਕਾਰਵਾਈ
ਉਨ੍ਹਾਂ ਕਿਹਾ ਕਿ ਬੇਨਿਯਮੀਆਂ ਸਕੂਲ ਦੀਆਂ ਨੀਹਾਂ ਤੋਂ ਹੀ ਕਰ ਦਿੱਤੀਆਂ ਗਈਆਂ ਸਨ । ਜਿਸ 'ਚ 8 ਇੰਚ ਗੱਟਕਾ ਪਵਾਉਣ ਦੀ ਬਜਾਏ 2 ਇੰਚ ਨਾਲ ਹੀ ਕੰਮ ਸਾਰ ਦਿੱਤਾ ਗਿਆ ਅਤੇ ਨੀਂਹ ਦੀ ਚੜਾਈ ਵੀ ਘੱਟ ਰੱਖੀ ਗਈ । ਇਸ ਦੇ ਨਾਲ ਲੈਂਟਰ 'ਚ ਪੈਣ ਵਾਲੇ ਸਰੀਏ ਦੀ ਮਾਤਰਾ ਘੱਟ ਅਤੇ ਲੈਂਟਰ 'ਤੇ ਲੱਗਣ ਵਾਲੀਆਂ ਟਾਇਲਾ ਲੁੱਕ ਪਾਉਣ ਦੀ ਬਜਾਏ ਸੁੱਕੀ ਮਿੱਟੀ ਨਾਲ ਹੀ ਲਗਾ ਦਿੱਤੀਆਂ ਗਈਆਂ । ਬਿਜਲੀ ਸਪਲਾਈ ਲਈ ਪਾਈਆਂ ਪਾਇਪਾਂ ਘਟੀਆਂ ਕੁਆਲਟੀ ਦੀਆਂ ਵਰਤੀਆਂ ਗਈਆਂ ਹਨ । ਇਨ੍ਹਾਂ ਇਮਾਰਤਾਂ ਨੂੰ ਲੱਗਣ ਵਾਲੇ ਬੂਹੇ ਬਾਰੀਆਂ ਦੀਆਂ ਚੁਗਾਠਾਂ 'ਚ ਕਰੈਸ਼ਰ ਭਰਨ ਦੀ ਬਜਾਏ ਸਿੱਧੀਆਂ ਹੀ ਲਗਾ ਕੇ ਕੰਮ ਸਾਰਿਆਂ ਗਿਆ ਹੈ ।
ਇਹ ਵੀ ਪੜ੍ਹੋ- ਅੰਮ੍ਰਿਤਸਰ ਹਵਾਈ ਅੱਡੇ ਤੋਂ 86 ਲੱਖ ਦਾ ਸੋਨਾ ਬਰਾਮਦ, ਸ਼ਾਰਜ਼ਾਹ ਤੋਂ ਆਏ ਯਾਤਰੀ ਦੀ ਚਲਾਕੀ ਕਰੇਗੀ ਹੈਰਾਨ
ਚੇਅਰਮੈਨ ਨੇ ਇਲਜ਼ਾਮ ਲਗਾਇਆ ਕਿ ਸਾਡੇ ਵੱਲੋਂ ਵਾਰ-ਵਾਰ ਕਹਿਣ ਦੇ ਬਾਵਜੂਦ ਸਕੂਲ ਪ੍ਰਿੰਸੀਪਲ 'ਤੇ ਕੋਈ ਅਸਰ ਨਹੀਂ ਹੋਇਆ । ਸਗੋਂ ਇਸਦੇ ਉਲਟ ਆਪਣੀ ਇਸ ਕੰਮ ਨੂੰ ਪਰਦੇ ਅੰਦਰ ਰੱਖਣ ਲਈ ਇਮਾਰਤ ਦਾ ਠੇਕਾ ਸਕੂਲ ਅਧਿਆਪਕ ਨੇ ਆਪਣੇ ਪਿੰਡ ਦੇ ਆਪਣੇ ਇੱਕ ਚਹੇਤੇ ਨੂੰ ਦਿੱਤਾ । ਉਨ੍ਹਾਂ ਕਿਹਾ ਕਿ ਅਸੀਂ ਸਕੂਲ ਪ੍ਰਿੰਸੀਪਲ ਪਾਸ ਬੇਨਤੀ ਕੀਤੀ ਸੀ ਕਿ ਇਥੇ ਆਮ ਗਰੀਬ ਘਰਾਂ ਅਤੇ ਮਿਡਲ ਕਲਾਸ ਦੇ ਜੋ ਬੱਚੇ ਸਿੱਖਿਆ ਲੈਣ ਆਉਂਦੇ ਹਨ, ਉਨ੍ਹਾਂ ਦੀ ਜਾਨ ਨੂੰ ਜੋਖ਼ਮ ਵਿੱਚ ਪਾਉਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪਰ ਇਸਦੇ ਬਾਵਜੂਦ ਲਗਾਤਾਰ ਆਪਣੀ ਮਨਮਰਜ਼ੀ ਨਾਲ ਉਨ੍ਹਾਂ ਵੱਲੋਂ ਕੰਮ ਜ਼ਾਰੀ ਰੱਖਿਆ ਗਿਆ । ਚੇਅਰਮੈਨ ਸੰਦੀਪ ਸਿੰਘ ਮਾੜੀਮੇਘਾ ਨੇ ਇਸ ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਦਿਆਂ ਹਲਕਾ ਖੇਮਕਰਨ ਦੇ ਵਿਧਾਇਕ ਸਰਵਨ ਸਿੰਘ ਧੁੰਨ , ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ , ਕੈਬਿਨਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਨਾਲ ਡਿਪਟੀ ਕਮਿਸ਼ਨਰ ਤਰਨਤਾਰਨ ਤੋਂ ਮੰਗ ਕੀਤੀ ਹੈ ਕਿ ਇਸ ਸਾਰੇ ਮਾਮਲੇ ਵਿੱਚ ਹੋਏ ਘਬਲੇਬਾਜ਼ੀ ਦੀ ਜਾਂਚ ਲਈ ਤਕਨੀਕੀ ਟੀਮ ਭੇਜਕੇ ਜਾਂਚ ਕਰਵਾਈ ਜਾਵੇ ਤਾਂ ਜੋ ਬੱਚਿਆਂ ਦੀ ਸੁਰੱਖਿਆ ਨਾਲ ਖਿਲਵਾੜ ਕਰਨ ਵਾਲੇ ਜ਼ਿੰਮੇਵਾਰ ਲੋਕਾਂ ਦੀ ਸਚਾਈ ਸਾਹਮਣੇ ਆ ਸਕੇ ।
ਇਹ ਵੀ ਪੜ੍ਹੋ- ਮਾਮੂਲੀ ਬਹਿਸਬਾਜ਼ੀ ਨੇ ਧਾਰਿਆ ਖ਼ੂਨੀ ਰੂਪ, ਨੌਜਵਾਨ ਦੇ ਸਿਰ ’ਚ ਗੋਲ਼ੀਆਂ ਮਾਰ ਕੇ ਕੀਤਾ ਕਤਲ
ਇਸ ਸਬੰਧੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾੜੀਮੇਘਾ ਦੇ ਪ੍ਰਿੰਸੀਪਲ ਪਰਮਿੰਦਰ ਸਿੰਘ ਚਾਹਲ ਨੇ ਕਿਹਾ ਕਿ ਮਟੀਰੀਅਲ ਦੀ ਖ਼ਰੀਦ ਤਿੰਨ ਮੈਂਬਰੀ ਕਮੇਟੀ ਦੇ ਕਹਿਣ 'ਤੇ ਹੀ ਗਠਿਤ ਕੀਤੀ ਜਾਂਦੀ ਹੈ। ਜੋ ਕਿ ਵਧੀਆ ਮਟੀਰੀਅਲ ਖ਼ਰੀਦ ਕਰਦੇ ਹਨ । ਉਨ੍ਹਾਂ ਨੇ ਕਿਸੇ ਵੀ ਘਪਲੇਬਾਜ਼ੀ ਤੋਂ ਇਨਕਾਰ ਕਰਦਿਆਂ ਕਿਹਾ ਕਿ ਸਾਰਾ ਕੰਮ ਠੀਕ-ਠਾਕ ਹੋਇਆ ਹੈ ਅਤੇ ਠੀਕ-ਠਾਕ ਹੀ ਹੋ ਰਿਹਾ ਹੈ ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।