‘ਮੋਦੀ ਸਰਕਾਰੇ ਕਾਲਾ ਧਨ ਵਾਪਸ ਲਿਆਉਣ ਦੇ ਕਿਥੇ ਗਏ ਤੇਰੇ ਲਾਰੇ’
Sunday, Nov 11, 2018 - 04:37 PM (IST)

ਤਰਨਤਾਰਨ (ਸੋਨੀਆ) - ਮੋਦੀ ਸਰਕਾਰ ਦੇ ਨੋਟਬੰਦੀ ਦੇ ਘਟੀਆ ਫੈਸਲੇ ਨੇ ਪਿਛਲੇ ਦੋ ਸਾਲਾਂ ਤੋਂ ਲੋਕਾਂ ਦਾ ਲੱਕ ਤੋਡ਼ਿਆ ਹੈ। ਜੇਕਰ ਮੋਦੀ ਸਰਕਾਰ ਨੂੰ ਗਰੀਬ ਜਨਤਾ ਤੇ ਕਾਰੋਬਾਰੀਆਂ ਦੀ ਇੰਨੀ ਹੀ ਚਿੰਤਾ ਸੀ ਤਾਂ ਪਹਿਲਾਂ ਦੋ ਹਜ਼ਾਰ ਦੀ ਜਗ੍ਹਾ ਦੋ ਸੌ ਦੇ ਨੋਟ ਜਾਰੀ ਕਰਦੇ ਤਾਂ ਕਿ ਜਨਤਾ ਨੂੰ ਝਟਕਾ ਨਾ ਲੱਗਦਾ। ਰਾਤੋ-ਰਾਤ ਨੋਟਬੰਦੀ ਦਾ ਹੁਕਮ ਆਮ ਜਨਤਾ ਲਈ ਇਕ ਜ਼ਾਲਮ ਹਾਕਮ ਦੇ ਫਰਮਾਨ ਦੀ ਤਰ੍ਹਾਂ ਸਾਬਤ ਹੋਇਆ ਤੇ ਜਨਤਾ ਨੂੰ ਕਾਲੇ ਪਾਣੀ ਦੀ ਸਜ਼ਾ ਦੇ ਬਰਾਬਰ ਦਾ ਅਹਿਸਾਸ ਕਰਵਾਇਆ। ਇਸ ਘਟੀਆ ਫੈਸਲੇ ਨੇ ਘਰਾਂ ਦੇ ਘਰ ਤਬਾਹ ਕਰ ਦਿੱਤੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸੀ ਆਗੂ ਪ੍ਰੀਤਮ ਸਿੰਘ ਭੁੱਲਰ ਲਾਡੀ ਨੇ ‘ਜਗ ਬਾਣੀ’ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਜਿਹਡ਼ਾ ਕਾਲਾ ਧਨ ਵਾਪਸ ਲਿਆਉਣ ਦੀ ਗੱਲ ਮੋਦੀ ਵੱਲੋਂ ਕੀਤੀ ਗਈ ਸੀ, ਉਹ ਹੁਣ ਤਕ ਨੀਂਦ ’ਚ ਵੇਖਿਆ ਸੁਪਨਾ ਲੱਗ ਰਹੀ ਹੈ। ਕਿਉਂਕਿ ਉਸ ਦੇ ਇਸ ਤੁਗਲਕੀ ਫਰਮਾਨ ਨੇ ਗਰੀਬ ਭੋਲੀ-ਭਾਲੀ ਜਨਤਾ ਨਾਲ ਤਾਂ ਖਿਲਵਾਡ਼ ਕੀਤਾ ਹੀ ਹੈ, ਸਗੋਂ ਸਾਡੀ ਕਰੰਸੀ ਰੁਪਏ ਨੂੰ ਵੀ ਮਿੱਟੀ ਕਰਕੇ ਰੱਖ ਦਿੱਤਾ ਹੈ। ਇਸ ਦੀ ਕੀਮਤ ਡਾਲਰ, ਯੂਰੋ ਤੇ ਹੋਰ ਵਿਦੇਸ਼ੀ ਕਰੰਸੀ ਦੇ ਮੁਤਾਬਿਕ ਕਾਫੀ ਡਿੱਗ ਗਈ ਹੈ।