ਕੰਟਰੈਕਟ ਖ਼ਤਮ ਹੋਣ ਦੇ ਬਾਵਜੂਦ ਬੁਪੀਰੋਨਾਰਫਿਨ ਗੋਲੀਆਂ ਦੀ ਹੋ ਰਹੀ ਸਪਲਾਈ

Thursday, Jul 06, 2023 - 05:38 PM (IST)

ਕੰਟਰੈਕਟ ਖ਼ਤਮ ਹੋਣ ਦੇ ਬਾਵਜੂਦ ਬੁਪੀਰੋਨਾਰਫਿਨ ਗੋਲੀਆਂ ਦੀ ਹੋ ਰਹੀ ਸਪਲਾਈ

ਤਰਨਤਾਰਨ (ਰਮਨ) : ਜ਼ਿਲ੍ਹੇ ਵਿਚ ਮੁੜ ਵਸੇਬਾ ਕੇਂਦਰ, ਨਸ਼ਾ ਛੁਡਾਊ ਅਤੇ ਓਟ ਸੈਂਟਰਾਂ ਵਿਚ ਰੱਖੇ ਗਏ ਕੌਂਸਲਰਾਂ, ਡਾਟਾ ਐਂਟਰੀ ਆਪਰੇਟਰਾਂ ਅਤੇ ਹੋਰ ਸਟਾਫ਼ ਵਿਚੋਂ ਕੁਝ ਮੈਂਬਰਾਂ ਵਲੋਂ ਕਥਿਤ ਜਾਅਲੀ ਡਿਗਰੀਆਂ ਦਿੰਦੇ ਹੋਏ ਸਰਕਾਰ ਨਾਲ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹਾ ਮੈਡੀਕਲ ਕਮਿਸ਼ਨਰ ਵਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਜਾਂਚ ਤੋਂ ਬਾਅਦ ਕਈ ਰੈਗੂਲਰ ਕਰਮਚਾਰੀਆ ਦੇ ਨਾਲ-ਨਾਲ ਕੁਝ ਵੱਡੇ ਅਧਿਕਾਰੀਆਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਨਸ਼ਾ ਛੁਡਾਊ ਸੈਂਟਰਾਂ ਵਿਚ ਤੈਨਾਤ ਵੱਖ-ਵੱਖ 40 ਦੇ ਕਰੀਬ ਸਟਾਫ਼ ਵਲੋਂ ਨਵੀਂ ਕੰਪਨੀ ਨਾਲ ਸਹਿਮਤੀ ਜਿਤਾਉਂਦੇ ਹੋਏ ਆਪਣੀ ਡਿਊਟੀ ਜੁਆਇਨ ਕਰ ਲਈ ਗਈ ਹੈ ਜਦ ਕਿ 30 ਜੂਨ ਨੂੰ ਪੁਰਾਣੀ ਕੰਪਨੀ ਦਾ ਠੇਕਾ ਖ਼ਤਮ ਹੋਣ ਦੇ ਬਾਵਜੂਦ ਕੁਝ ਸਿਹਤ ਕਰਮਚਾਰੀ ਨਸ਼ਾ ਛੁਡਾਊ ਕੇਂਦਰਾਂ ਵਿਚ ਤੈਨਾਤ ਹੋ ਬੁਪੀਰੋਨਾਰਫਿਨ ਗੋਲੀਆਂ ਦੀ ਸਪਲਾਈ ਕਰਨ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ ਜੋ ਇਕ ਵੱਡਾ ਸਵਾਲ ਪੈਦਾ ਕਰ ਰਿਹਾ ਹੈ।

ਇਹ ਵੀ ਪੜ੍ਹੋ : ਅਕਾਲੀ ਦਲ-ਭਾਜਪਾ ਗਠਜੋੜ 'ਤੇ ਸੁਖਬੀਰ ਸਿੰਘ ਬਾਦਲ ਦਾ ਵੱਡਾ ਬਿਆਨ

ਜ਼ਿਲ੍ਹੇ ਵਿਚ ਖੁੱਲ੍ਹੇ ਸੈਂਟਰਾਂ ਅੰਦਰ ਇਕ ਨਿੱਜੀ ਕੰਪਨੀ ਰਾਹੀਂ ਭਰਤੀ ਕੀਤੇ ਗਏ ਕੌਂਸਲਰਾਂ, ਡਾਟਾ ਐਂਟਰੀ ਆਪਰੇਟਰਾਂ ਵਲੋਂ ਡਿਊਟੀ ਕਰਦੇ ਹੋਏ ਆਪਣੇ ਪਰਿਵਾਰ ਦਾ ਗੁਜ਼ਾਰਾ ਕੀਤਾ ਜਾ ਰਿਹਾ ਸੀ ਪ੍ਰੰਤੂ ਇਸ ਨਿੱਜੀ ਕੰਪਨੀ ਦਾ ਬੀਤੀ 30 ਜੂਨ ਨੂੰ ਠੇਕਾ ਖ਼ਤਮ ਹੋਣ ਤੋਂ ਬਾਅਦ ਹੋਂਦ ਵਿਚ ਆਈ ਨਵੀਂ ਕੰਪਨੀ ਵਲੋਂ ਜਦੋਂ ਸਬੰਧਿਤ ਕਰਮਚਾਰੀਆਂ ਪਾਸੋਂ ਨਵੇਂ ਦਸਤਾਵੇਜ਼ ਮੁੜ ਤੋਂ ਮੰਗੇ ਗਏ ਤਾਂ ਕੁਝ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਇਸ ਦੌਰਾਨ ਕਰਮਚਾਰੀਆਂ ਵਲੋਂ ਰੋਸ ਪ੍ਰਦਰਸ਼ਨ ਕਰਦੇ ਹੋਏ ਨਵੀਂ ਕੰਪਨੀ ਦੀਆਂ ਸ਼ਰਤਾਂ ਨੂੰ ਇਕ ਪਾਸੇ ਰੱਖ 6 ਹਜ਼ਾਰ ਰੁਪਏ ਪ੍ਰਤੀ ਵਿਅਕਤੀ ਵੈਰੀਫਿਕੇਸ਼ਨ ਕਰਵਾਉਣ ਦਾ ਇਲਜ਼ਾਮ ਲਗਾ ਦਿੱਤਾ ਗਿਆ। ਏਨਾ ਹੀ ਨਹੀਂ ਕਰਮਚਾਰੀਆਂ ਵਲੋਂ ਨਵੀਂ ਕੰਪਨੀ ਖ਼ਿਲਾਫ਼ ਹੋਰ ਵੀ ਕਈ ਇਲਜ਼ਾਮ ਲਗਾਏ ਗਏ ਹਨ।

ਹੋਂਦ ਵਿਚ ਆਈ ਨਵੀਂ ਕੰਪਨੀ ਨੂੰ ਸ਼ੱਕ ਹੈ ਕਿ ਬੀਤੇ ਸਾਲਾਂ ਦੌਰਾਨ ਕਈ ਕਰਮਚਾਰੀਆਂ ਵਲੋਂ ਸਬੰਧਿਤ ਉਸ ਵੇਲੇ ਵੱਡੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਸਰਕਾਰ ਨੇ ਗੁੰਮਰਾਹ ਕਰਦੇ ਹੋਏ ਨੌਕਰੀਆਂ ਹਾਸਲ ਕਰ ਲਈਆਂ ਗਈਆਂ ਸਨ, ਜਿਸ ਦੀ ਮੁੜ ਤੋਂ ਬਰੀਕੀ ਨਾਲ ਜਾਂਚ ਕਰਵਾਉਣ ਲਈ ਸਬੰਧਿਤ ਕਰਮਚਾਰੀਆਂ ਪਾਸੋਂ ਅਸਲੀ ਦਸਤਾਵੇਜ਼ ਦੀ ਮੰਗ ਕੀਤੀ ਜਾ ਰਹੀ ਹੈ। ਏਸ਼ੀਆ ਅਡਵਾਂਸ ਡਿਵੈਲਪਮੈਂਟ ਪ੍ਰਾਈਵੇਟ ਲਿਮਟਿਡ ਕੰਪਨੀ ਵਲੋਂ ਆਪਣਾ ਕੰਮਕਾਜ ਸ਼ੁਰੂ ਕਰਨ ਦੌਰਾਨ ਜਦੋਂ ਸੈਂਟਰਾਂ ਵਿਚ ਤਾਇਨਾਤ ਕੌਂਸਲਰਾਂ ਦੀਆਂ ਡਿਗਰੀਆਂ ਅਤੇ ਵੈਰੀਫਿਕੇਸ਼ਨ ਮੁੜ ਤੋਂ ਸ਼ੁਰੂ ਕੀਤੀ ਗਈ ਤਾਂ ਇਕ ਮੁਲਾਜ਼ਮ ਵਲੋਂ ਐੱਮ.ਐੱਸ.ਸੀ ਸ਼ਸ਼ੋਲੋਜੀ ਦੀ ਇਕ ਸਾਲ ਦੌਰਾਨ ਦੋ ਯੂਨੀਵਰਸਿਟੀਆਂ ਵਲੋਂ ਜਾਰੀ ਕੀਤੀਆਂ ਡਿਗਰੀਆਂ ਪੇਸ਼ ਕਰ ਦਿੱਤੀਆਂ ਗਈਆਂ। ਜ਼ਿਲ੍ਹੇ ਅਧੀਨ ਪੁਰਾਣੀ ਕੰਪਨੀ ਵਲੋਂ ਕਰੀਬ ਸੌ ਕਰਮਚਾਰੀਆਂ ਦੀ ਭਰਤੀ ਕੀਤੀ ਗਈ ਸੀ। ਜਿਸ ਵਿਚੋਂ ਨਵੀਂ ਕੰਪਨੀ ਵਲੋਂ ਹੁਣ ਤੱਕ ਕਰੀਬ 40 ਕਰਮਚਾਰੀਆਂ ਨੂੰ ਆਫਰ ਲੈਟਰ ਜਾਰੀ ਕਰ ਦਿੱਤਾ ਗਿਆ ਹੈ ਜਦ ਕਿ 60 ਕਰਮਚਾਰੀ ਅਸਲੀ ਦਸਤਾਵੇਜ਼ ਕੰਪਨੀ ਨੂੰ ਦੇਣ ਤੋਂ ਕੰਨੀ ਕਤਰਾ ਰਹੇ ਹਨ। ਇਸ ਦੌਰਾਨ ਹੈਰਾਨੀ ਦੀ ਗੱਲ ਸਾਹਮਣੇ ਆ ਰਹੀ ਹੈ ਕਿ ਕੰਪਨੀ ਨਾਲ ਟਕਰਾ ਖ਼ਤਮ ਹੋਣ ਦੇ ਬਾਵਜੂਦ ਕੁਝ ਕਰਮਚਾਰੀ ਨਸ਼ੇ ਦੇ ਆਦੀ ਮਰੀਜ਼ਾਂ ਨੂੰ ਠੀਕ ਕਰਨ ਲਈ ਵਰਤੀ ਜਾਣ ਵਾਲੀ ਬੁਪੀਰੋਨਾਰਫਿਨ ਨਾਮਕ ਗੋਲੀ ਦੀ ਸਪਲਾਈ ਮਰੀਜ਼ਾਂ ਤੱਕ ਨਿਯਮਾਂ ਦੇ ਉਲਟ ਹੋ ਕੇ ਕਰ ਰਹੇ ਹਨ।

ਇਹ ਵੀ ਪੜ੍ਹੋ :  ਦੁਖਦਾਇਕ ਖ਼ਬਰ : ਰਿਸ਼ਤੇਦਾਰਾਂ ਤੋਂ ਤੰਗ ਆ ਕੇ ਪੰਜਾਬੀ ਗਾਇਕ ਨੇ ਕੀਤੀ ਖ਼ੁਦਕੁਸ਼ੀ

ਸੈਂਟਰਾਂ ਵਿਚ ਤਾਇਨਾਤ ਕੁਝ ਕਰਮਚਾਰੀਆਂ ਨੇ ਨਵੀਂ ਕੰਪਨੀ ਨਾਲ ਜਤਾਈ ਸਹਿਮਤੀ

ਵੱਖ-ਵੱਖ ਸੈਂਟਰਾਂ ਵਿਚ ਤਾਇਨਾਤ ਕਈ ਕਰਮਚਾਰੀਆਂ ਵਲੋਂ ਨਵੀਂ ਕੰਪਨੀ ਖ਼ਿਲਾਫ਼ ਰੋਸ ਜ਼ਾਹਿਰ ਕਰਦੇ ਹੋਏ ਵੱਖ-ਵੱਖ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਦਿੱਤੇ ਗਏ ਸਨ। ਇਸ ਦੌਰਾਨ ਗੱਲਬਾਤ ਕਰਦੇ ਹੋਏ ਸਟਾਫ਼ ਨਰਸ ਪ੍ਰਭਦੀਪ ਕੌਰ, ਮਨਪ੍ਰੀਤ ਕੌਰ, ਰਜਿੰਦਰ ਕੌਰ ਅਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਨਵੀਂ ਕੰਪਨੀ ਦੀਆਂ ਸ਼ਰਤਾਂ ਨਾਲ ਸਹਿਮਤ ਹਨ ਅਤੇ ਉਨ੍ਹਾਂ ਨੂੰ ਨਵੀਂ ਕੰਪਨੀ ਪਾਸੋਂ ਕੋਈ ਵੀ ਇਤਰਾਜ਼ ਨਹੀਂ ਹੈ, ਜਿਸਦੇ ਚੱਲਦੇ ਉਨ੍ਹਾਂ ਨੇ ਆਪਣੀ ਡਿਊਟੀ ਜੁਆਇਨ ਕਰ ਲਈ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਮੈਡੀਕਲ ਕਮਿਸ਼ਨਰ ਡਾਕਟਰ ਰਮਨਦੀਪ ਸਿੰਘ ਪੱਡਾ ਨੇ ਦੱਸਿਆ ਕਿ ਨਸ਼ਾ ਛੁਡਾਊ, ਓਟ ਸੈਂਟਰ ਅਤੇ ਮੁੜ ਵਸੇਬਾ ਸੈਂਟਰਾਂ ਵਿਚ ਤੈਨਾਤ ਕਰਮਚਾਰੀਆਂ ਵਲੋਂ ਪੇਸ਼ ਕੀਤੇ ਗਏ ਦਸਤਾਵੇਜ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਾਰੇ ਮਾਮਲੇ ਦੀ ਜਾਂਚ ਮੁਕੰਮਲ ਹੋਣ ਤੋਂ ਬਾਅਦ ਸਿਵਲ ਸਰਜਨ ਨੂੰ ਪੇਸ਼ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੁਰਾਣੀ ਕੰਪਨੀ ਨਾਲ ਕੰਟ੍ਰੈਕਟ ਖਤਮ ਹੋਣ ਤੋਂ ਬਾਅਦ ਬਿਨਾਂ ਆਫਰ ਲੈਟਰ ਲਏ ਡਿਊਟੀ ਕਰ ਰਹੇ ਕਰਮਚਾਰੀਆਂ ਨੂੰ ਜਲਦ ਤੋਂ ਜਲਦ ਅਪਣੇ ਦਸਤਾਵੇਜ਼ ਨਵੀਂ ਕੰਪਨੀ ਅੱਗੇ ਪੇਸ਼ ਕਰਨ ਲਈ ਕਿਹਾ ਜਾ ਰਿਹਾ ਹੈ।


author

Harnek Seechewal

Content Editor

Related News