ਗੁਰੂ ਨਗਰੀ ਅੰਮ੍ਰਿਤਸਰ ਤੋਂ ਬਾਅਦ ਹੁਣ ਗੋਇੰਦਵਾਲ ਸਾਹਿਬ ਵਿਖੇ ਨਸ਼ੇ ਤੋਂ 'ਦੁਖੀ ਪਰਿਵਾਰ' ਨੇ ਲਾਏ ਪੋਸਟਰ
Saturday, Nov 05, 2022 - 01:51 PM (IST)

ਸ੍ਰੀ ਗੋਇੰਦਵਾਲ ਸਾਹਿਬ (ਪੰਛੀ) : ਗੁਰੂ ਨਗਰੀ ਅੰਮ੍ਰਿਤਸਰ ਤੋਂ ਬਾਅਦ ਹੁਣ ਕਸਬਾ ਗੋਇੰਦਵਾਲ ਸਾਹਿਬ ਵਿਖੇ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਦੇ ਨਾਲ ਸਥਿਤ ਨਿੰਮ ਵਾਲੀ ਘਾਟੀ ਨੂੰ ਜਾਣ ਵਾਲੇ ਰਸਤਿਆਂ ਉੱਪਰ ਨਸ਼ੇ ਦੇ ਕਾਰਨ ਦੁਖੀ ਪਰਿਵਾਰਾਂ ਵੱਲੋਂ ਚਿੱਟਾ ਇਥੇ ਮਿਲਦਾ ਹੈ, ਦੇ ਪੋਸਟਰ ਲਗਾ ਦਿੱਤੇ ਗਏ ਹਨ। ਇਨ੍ਹਾਂ ਪੋਸਟਰਾਂ ਉੱਪਰ ਤੀਰ ਦੇ ਨਿਸ਼ਾਨ ਨਾਲ ਨਿੰਮ ਵਾਲੀ ਘਾਟੀ ਇਧਰ ਹੈ, ਜਿੱਥੇ ਸ਼ਰਾਬ ਤੇ ਚਿੱਟਾ ਸ਼ਰੇਆਮ ਮਿਲਦਾ ਹੈ, ਲਿਖਿਆ ਹੋਇਆ ਹੈ। ਇਹ ਪੋਸਟਰ ਗੁਰਦਵਾਰਾ ਸ੍ਰੀ ਬਾਉਲੀ ਸਾਹਿਬ ਦੀਆਂ ਕੰਧਾਂ ਤੇ ਨਿੰਮ ਵਾਲੀ ਘਾਟੀ ਵੱਲੋਂ ਆਉਣ ਵਾਲੇ ਸਾਰੇ ਰਸਤਿਆਂ ਉੱਪਰ ਲਾਏ ਹੋਏ ਮਿਲੇ। ਪੋਸਟਰਾਂ ਉੱਪਰ ਲਾਉਣ ਵਾਲੇ ਦੁਖੀ ਪਰਿਵਾਰ ਲਿਖਿਆ ਗਿਆ ਹੈ।
ਇਹ ਵੀ ਪੜ੍ਹੋ : 1000 ਰੁਪਏ ਦੀ ਉਡੀਕ 'ਚ ਬੈਠੀਆਂ ਔਰਤਾਂ ਨੂੰ ਪੰਜਾਬ ਸਰਕਾਰ ਦੇਣ ਜਾ ਰਹੀ ਵੱਡੀ ਖ਼ੁਸ਼ਖ਼ਬਰੀ, ਖਰੜਾ ਤਿਆਰ
ਜ਼ਿਕਰਯੋਗ ਹੈ ਕਿ ਬਾਜ਼ਾਰ ’ਚ ਲੱਗੇ ਪੋਸਟਰਾਂ ਨੂੰ ਇਕ ਧਾਰਮਿਕ ਸੰਸਥਾ ਦੇ ਸੇਵਾਦਾਰ ਸੋਨੀ, ਦੁਕਾਨਦਾਰ ਦੇ ਇਕ ਕਰਿੰਦੇ ਤੇ ਨਸ਼ੇੜੀਆਂ ਵੱਲੋਂ ਸ਼ਰੇਆਮ ਪਾੜਿਆ ਜਾ ਰਿਹਾ ਸੀ। ਪੱਤਰਕਾਰਾਂ ਵੱਲੋਂ ਇਨ੍ਹਾਂ ਪਾੜੇ ਜਾ ਰਹੇ ਪੋਸਟਰਾਂ ਸਬੰਧੀ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਆਪਣੇ ਇਲਾਕੇ ਦੀ ਬਦਨਾਮੀ ਹੋ ਰਹੀ ਹੈ, ਉਨ੍ਹਾਂ ਨੇ ਪੱਤਰਕਾਰਾਂ ਕੋਲ ਪਹੁੰਚ ਕੇ ਪਾੜੇ ਪੋਸਟਰਾਂ ਦੀ ਗਲਤੀ ਮੰਨੀ ਤੇ ਅੱਗੇ ਤੋਂ ਅਜਿਹਾ ਨਾ ਕਰਨ ਸਬੰਧੀ ਗੱਲ ਕਹੀ। ਇਸ ਲੱਗੇ ਪੋਸਟਰਾਂ ਦੀ ਸ਼ਹਿਰ ਵਿੱਚ ਕਾਫ਼ੀ ਚਰਚਾ ਹੋ ਰਹੀ ਹੈ ਕਿਉਂਕਿ ਸਰਕਾਰ ਨਿੱਤ ਪੰਜਾਬ 'ਚ ਨਸ਼ਾ ਤਸਕਰਾਂ ਨੂੰ ਨਕੇਲ ਪਾਉਣ ਦੀ ਗੱਲ ਕਹਿ ਰਹੀ ਹੈ ਪਰ ਨਸ਼ਾ ਰੁਕਣ ਦਾ ਨਾਮ ਨਹੀਂ ਲੈ ਰਿਹਾ।