ਮੌਰਿਸ਼ਸ ਤੋਂ ਆਉਣ ਵਾਲੇ ਪੈਸੇ ਦੀ ਹੁਣ ਦੇਣੀ ਹੋਵੇਗੀ ਪੂਰੀ ਜਾਣਕਾਰੀ

01/09/2021 3:29:38 PM

ਨਵੀਂ ਦਿੱਲੀ- ਭਾਰਤ ਵਿਚ ਮੌਰਿਸ਼ਸ ਤੋਂ ਆਉਣ ਵਾਲੇ ਪੈਸੇ ਦੀ ਹੁਣ ਪੂਰੀ ਜਾਣਕਾਰੀ ਦੇਣਾ ਜ਼ਰੂਰੀ ਹੋ ਸਕਦਾ ਹੈ। ਅਮਰੀਕਾ ਤੋਂ ਬਾਅਦ ਹੁਣ ਭਾਰਤ ਵੱਲੋਂ ਕਾਲੇ ਧਨ 'ਤੇ ਲਗਾਮ ਲਾਉਣ ਲਈ ਇਹ ਕਦਮ ਚੁੱਕਣ ਦੀ ਤਿਆਰੀ ਹੈ। ਮੌਰਿਸ਼ਸ ਤੋਂ ਪੈਸੇ ਭੇਜਣ ਵਾਲਾ ਕੌਣ ਹੈ, ਉਸ ਦਾ ਨਾਮ, ਪਤਾ, ਪਾਸਪੋਰਟ ਨੰਬਰ ਵਗੈਰਾ ਦੱਸਣਾ ਹੋਵੇਗਾ। ਰਿਪੋਰਟਾਂ ਮੁਤਾਬਕ, ਸੀ. ਬੀ. ਡੀ. ਟੀ. ਜਲਦ ਹੀ ਇਸ ਦਾ ਸਰਕੂਲਰ ਜਾਰੀ ਕਰ ਸਕਦਾ ਹੈ।

ਹੁਣ ਤੱਕ ਮੌਰਿਸ਼ਸ ਜ਼ਰੀਏ ਭਾਰਤ ਵਿਚ ਨਿਵੇਸ਼ ਕਰਨ 'ਤੇ ਤੁਹਾਨੂੰ ਸਿਰਫ਼ ਕੰਪਨੀ ਦੇ ਡਾਇਰੈਕਟਰ, ਕੰਪਨੀ ਦਾ ਪਤਾ ਤੇ ਕੰਪਨੀ ਕਦੋਂ ਬਣੀ ਹੈ, ਇਹ ਜਾਣਕਾਰੀ ਦੇਣੀ ਹੁੰਦੀ ਸੀ ਪਰ ਇਸ ਜਾਣਕਾਰੀ ਨਾਲ ਇਹ ਨਹੀਂ ਪਤਾ ਲੱਗਦਾ ਸੀ ਕਿ ਪੈਸਿਆਂ ਦਾ ਅਸਲ ਮਾਲਕ ਕੌਣ ਹੈ ਕਿਉਂਕਿ ਡਾਇਰੈਕਟਰ ਕੰਪਨੀ ਦਾ ਮਾਲਕ ਵੀ ਹੋ ਸਕਦਾ ਹੈ ਅਤੇ ਨਹੀਂ ਵੀ ਹੋ ਸਕਦਾ। ਹੁਣ ਕੰਪਨੀ ਜਾਂ ਫੰਡ ਵਿਚ ਘੱਟੋ-ਘੱਟ 25 ਫ਼ੀਸਦੀ ਹਿੱਸੇਦਾਰੀ ਰੱਖਣ ਵਾਲੇ ਦੀ ਵੀ ਜਾਣਕਾਰੀ ਦੇਣੀ ਹੋਵੇਗੀ।

ਭਾਰਤ ਵਿਚ ਦਰਅਸਲ, ਤੁਸੀਂ ਕਿਸੇ ਬੈਂਕ ਤੋਂ ਕਿਤੇ ਵੀ ਪੈਸੇ ਭੇਜਦੇ ਹੋ ਤਾਂ ਅਸਲ ਰੂਟ ਦਾ ਪਤਾ ਲੱਗਦਾ ਹੈ ਕਿ ਪੈਸਾ ਕਿੱਥੋਂ ਆਉਂਦਾ ਹੈ, ਕਿੱਥੇ ਜਾਂਦਾ ਹੈ ਸਭ ਪਤਾ ਲੱਗਦਾ ਹੈ ਪਰ ਮੌਰਿਸ਼ਸ ਵਿਚ ਇਹ ਸਿਸਟਮ ਨਹੀਂ ਹੈ। ਹੁਣ ਫਰਜ਼ੀ ਦਰਾਮਦ-ਬਰਾਮਦ ਬਿੱਲਾਂ ਜ਼ਰੀਏ ਪੈਸਾ ਬਾਹਰ ਭੇਜ ਕੇ ਅਤੇ ਫਿਰ ਮੌਰਿਸ਼ਸ ਜ਼ਰੀਏ ਐੱਫ. ਡੀ. ਆਈ. ਦੇ ਰੂਪ ਵਿਚ ਭਾਰਤ ਵਿਚ ਨਿਵੇਸ਼ ਕਰਨ ਵਾਲੇ ਫੜੇ ਜਾਣਗੇ, ਯਾਨੀ ਇਸ ਤਰ੍ਹਾਂ ਰਾਊਂਡ ਟ੍ਰਿਪਿੰਗ ਨਹੀਂ ਹੋ ਸਕੇਗੀ। ਭਾਰਤ ਸਰਕਾਰ ਲਗਾਤਾਰ ਫਰਜ਼ੀ ਕੰਪਨੀਆਂ ਦਾ ਪਤਾ ਲਾ ਕੇ ਉਨ੍ਹਾਂ 'ਤੇ ਕਾਰਵਾਈ ਕਰ ਰਹੀ ਹੈ।
 


Sanjeev

Content Editor

Related News