CDSL ਦੇ ਤਿਮਾਹੀ ਲਾਭ 'ਚ 84 ਫ਼ੀਸਦੀ ਵਾਧਾ, ਡਿਵੀਡੈਂਟ ਦੇਵੇਗੀ ਕੰਪਨੀ

Monday, May 03, 2021 - 04:00 PM (IST)

CDSL ਦੇ ਤਿਮਾਹੀ ਲਾਭ 'ਚ 84 ਫ਼ੀਸਦੀ ਵਾਧਾ, ਡਿਵੀਡੈਂਟ ਦੇਵੇਗੀ ਕੰਪਨੀ

ਨਵੀਂ ਦਿੱਲੀ- ਡਿਪਾਜ਼ਿਟਰੀ ਕੰਪਨੀ ਸੀ. ਡੀ. ਐੱਸ. ਐੱਲ. ਨੇ ਸੋਮਵਾਰ ਨੂੰ ਦੱਸਿਆ ਕਿ ਮਾਰਚ 2021 ਨੂੰ ਸਮਾਪਤ ਤਿਮਾਹੀ ਦੌਰਾਨ ਉਸ ਦਾ ਟੈਕਸ ਬਾਅਦ ਮੁਨਾਫਾ 84 ਫ਼ੀਸਦੀ ਦੇ ਭਾਰੀ ਵਾਧੇ ਨਾਲ 51.64 ਕਰੋੜ ਰੁਪਏ ਹੋ ਗਿਆ। ਇਸ ਦੇ ਨਾਲ ਹੀ ਕੰਪਨੀ ਨੇ ਨਿਵੇਸ਼ਕਾਂ ਨੂੰ ਡਿਵੀਡੈਂਟ ਦੇਣ ਦਾ ਵੀ ਐਲਾਨ ਕੀਤਾ ਹੈ।

ਸੈਂਟਰਲ ਡਿਪਾਜ਼ਟਰੀ ਸਰਵਿਸਿਜ਼ (ਇੰਡੀਆ) ਲਿਮਟਿਡ (ਸੀ. ਡੀ. ਐੱਸ. ਐੱਲ.) ਨੇ ਇਕ ਬਿਆਨ ਵਿਚ ਕਿਹਾ ਕਿ ਪਿਛਲੇ ਵਿੱਤੀ ਵਰ੍ਹੇ ਦੀ ਇਸੇ ਤਿਮਾਹੀ ਵਿਚ ਉਸ ਨੇ 28.14 ਕਰੋੜ ਰੁਪਏ ਦਾ ਟੈਕਸ ਤੋਂ ਬਾਅਦ ਮੁਨਾਫਾ ਕਮਾਇਆ ਸੀ।

ਇਸ ਤਿਮਾਹੀ 'ਚ ਕੰਪਨੀ ਦੀ ਕੁੱਲ ਆਮਦਨ 110.25 ਕਰੋੜ ਰੁਪਏ ਹੋ ਗਈ, ਜੋ ਕਿ ਸਾਲ 2019-20 ਦੀ ਜਨਵਰੀ-ਮਾਰਚ ਦੀ ਤਿਮਾਹੀ ਵਿਚ 72.98 ਕਰੋੜ ਰੁਪਏ ਸੀ। ਟੈਕਸ ਤੋਂ ਬਾਅਦ ਕੰਪਨੀ ਦਾ ਮੁਨਾਫਾ 31 ਮਾਰਚ ਨੂੰ ਸਮਾਪਤ ਪੂਰੇ ਵਿੱਤੀ ਸਾਲ ਵਿਚ 89 ਫ਼ੀਸਦੀ ਵੱਧ ਕੇ 201.27 ਕਰੋੜ ਰੁਪਏ ਹੋ ਗਿਆ, ਵਿੱਤੀ ਸਾਲ 2019-20 ਵਿਚ 106.72 ਕਰੋੜ ਰੁਪਏ ਸੀ। ਸਾਲ 2020-21 ਵਿਚ ਕੰਪਨੀ ਦੀ ਕੁੱਲ ਆਮਦਨੀ ਪਿਛਲੇ ਸਾਲ ਦੇ 284.25 ਕਰੋੜ ਰੁਪਏ ਤੋਂ 41 ਫ਼ੀਸਦੀ ਵੱਧ ਕੇ 400.63 ਕਰੋੜ ਰੁਪਏ ਹੋ ਗਈ। ਉੱਥੇ ਹੀ, ਕੰਪਨੀ ਦੇ ਨਿਰਦੇਸ਼ਕ ਮੰਡਲ ਨੇ ਪ੍ਰਤੀ ਇਕੁਇਟੀ ਸ਼ੇਅਰ ਨੌਂ ਰੁਪਏ ਦਾ ਅੰਤਿਮ ਲਾਭਅੰਸ਼ ਦੇਣ ਦੀ ਸਿਫਾਰਸ਼ ਕੀਤੀ ਹੈ। 


author

Sanjeev

Content Editor

Related News