ਜ਼ਿੰਬਾਬਵੇ ਨੇ ਤੋੜ ਦਿੱਤੇ ਵੱਡੇ ਤੋਂ ਵੱਡੇ ਰਿਕਾਰਡ, T20i 'ਚ ਸਭ ਤੋਂ ਵੱਡਾ ਸਕੋਰ ਬਣਾ ਰਚ'ਤਾ ਇਤਿਹਾਸ

Thursday, Oct 24, 2024 - 05:21 AM (IST)

ਜ਼ਿੰਬਾਬਵੇ ਨੇ ਤੋੜ ਦਿੱਤੇ ਵੱਡੇ ਤੋਂ ਵੱਡੇ ਰਿਕਾਰਡ, T20i 'ਚ ਸਭ ਤੋਂ ਵੱਡਾ ਸਕੋਰ ਬਣਾ ਰਚ'ਤਾ ਇਤਿਹਾਸ

ਸਪੋਰਟਸ ਡੈਸਕ- ਜ਼ਿੰਬਾਬਵੇ ਕ੍ਰਿਕਟ ਟੀਮ ਨੇ ਬੁੱਧਵਾਰ ਨੂੰ ਟੀ-20 ਇੰਟਰਨੈਸ਼ਨਲ 'ਚ ਜੋ ਕੰਮ ਕੀਤਾ ਹੈ, ਉਹ ਪਹਿਲਾਂ ਕਦੇ ਦੇਖਣ ਨੂੰ ਨਹੀਂ ਮਿਲਿਆ ਸੀ। ਟੀ-20 ਇੰਟਰਨੈਸ਼ਨਲ 'ਚ ਕਿਸੇ ਟੀਮ ਲਈ 300 ਤੋਂ ਜ਼ਿਆਦਾ ਦੌੜਾਂ ਬਣਾਉਣਾ ਕਿਸੇ ਸੁਪਨੇ ਤੋਂ ਘੱਟ ਨਹੀਂ ਹੈ ਪਰ ਅੱਜ ਜ਼ਿੰਬਾਬਵੇ ਨੇ ਇਸ ਨੂੰ ਹਕੀਕਤ ਕਰ ਦਿੱਤਾ ਹੈ। 

ਦਰਅਸਲ, ਜ਼ਿੰਬਾਬਵੇ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਵੱਡਾ ਸਕੋਰ ਬਣਾਇਆ ਹੈ। ਗਾਂਬੀਆ ਖਿਲਾਫ ਖੇਡੇ ਗਏ ਮੈਚ 'ਚ ਜ਼ਿੰਬਾਬਵੇ ਨੇ 20 ਓਵਰਾਂ 'ਚ ਸਿਰਫ ਚਾਰ ਵਿਕਟਾਂ ਗੁਆ ਕੇ 344 ਦੌੜਾਂ ਬਣਾ ਕੇ ਇਤਿਹਾਸ ਰਚ ਦਿੱਤਾ ਹੈ।

ਗਾਂਬੀਆ ਖਿਲਾਫ ਜ਼ਿੰਬਾਬਵੇ ਨੇ ਟੀ-20 ਅੰਤਰਰਾਸ਼ਟਰੀ ਮੈਚ 'ਚ ਬਣਾਈਆਂ 344 ਦੌੜਾਂ 

ਜ਼ਿੰਬਾਬਵੇ ਅਤੇ ਗਾਂਬੀਆ ਵਿਚਾਲੇ ਮੁਕਾਬਲੇ 'ਚ ਗਜ਼ਬ ਹੀ ਹੋ ਗਿਆ। ਜ਼ਿੰਬਾਬਵੇ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 344 ਦੌੜਾਂ ਬਣਾ ਦਿੱਤੀਆਂ। ਇਸ ਤੋਂ ਪਹਿਲਾਂ ਟੀ-20 ਅੰਤਰਰਾਸ਼ਟਰੀ 'ਚ ਸਿਰਫ ਇਕ ਹੀ ਵਾਰ ਅਜਿਹਾ ਹੋਇਆ ਸੀ, ਜਦੋਂ ਕਿਸੇ ਟੀਮ ਨੇ 300 ਤੋਂ ਵੱਧ ਦੌੜਾਂ ਬਣਾਈਆਂ ਹੋਣ। ਸਾਲ 2023 'ਚ ਨੇਪਾਲ ਦੀ ਟੀਮ ਨੇ ਮੰਗੋਲੀਆ ਖਿਲਾਫ 313 ਦੌੜਾਂ ਬਣਾਈਆਂ ਸਨ। ਉਦੋਂ ਇਹ ਮੰਨਿਆ ਜਾ ਰਿਹਾ ਸੀ ਕਿ ਇਹ ਰਿਕਾਰਡ ਸ਼ਾਇਦ ਕਦੇ ਨਹੀਂ ਟੁੱਟੇਗਾ ਪਰ ਹੁਣ ਇਹ ਵੀ ਟੁੱਟ ਗਿਆ ਹੈ। ਜ਼ਿੰਬਾਬਵੇ ਦੇ ਤਿੰਨ ਬੱਲੇਬਾਜ਼ਾਂ ਨੇ ਮੈਚ ਦੌਰਾਨ ਅਰਧ ਸੈਂਕੜੇ ਲਗਾਏ ਅਤੇ ਇਸ ਤੋਂ ਇਲਾਵਾ ਸਿਕੰਦਰ ਰਜ਼ਾ ਨੇ ਤਾਂ ਸੈਂਕੜਾ ਹੀ ਜੜ ਦਿੱਤਾ। 

T20I 'ਚ ਸਭ ਤੋਂ ਵੱਧ ਸਕੋਰ ਬਣਾਉਣ ਵਾਲੀਆਂ ਟੀਮਾਂ

- ਜ਼ਿੰਬਾਬਵੇ- 344 ਬਨਾਮ ਗਾਂਬੀਆ- 2024
- ਨੇਪਾਲ- 314 ਬਨਾਮ ਮੰਗੋਲੀਆ- 2023
- ਭਾਰਤ- 297 ਬਨਾਮ ਬੰਗਲਾਦੇਸ਼- 2024
- ਅਫਗਾਨਿਸਤਾਨ- 278 ਬਨਾਮ ਆਇਰਲੈਂਡ- 2019

ਸਿਕੰਦਰ ਰਜ਼ਾ ਨੇ ਜੜ ਦਿੱਤਾ ਤੂਫਾਨੀ ਸੈਂਕੜਾ

ਸਿਕੰਦਰ ਰਜ਼ਾ ਨੇ ਸਿਰਫ 43 ਗੇਂਦਾਂ 'ਚ 133 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਆਪਣੀ ਪਾਰੀ ਦੌਰਾਨ ਸਿਕੰਦਰ ਨੇ 15 ਛੱਕੇ ਅਤੇ 7 ਚੌਕੇ ਲਗਾਏ। ਉਹ ਅਖੀਰ ਤਕ ਨਾਬਾਦ ਰਹੇ, ਯਾਨੀ ਆਉਟ ਹੀ ਨਹੀਂ ਹੋਏ। ਜ਼ਿੰਬਾਬਵੇ ਦੇ ਬੱਲੇਬਾਜ਼ਾਂ ਨੇ ਕਿਸੇ ਵੀ ਗੇਂਦਬਾਜ਼ਾਂ ਨੂੰ ਬਖਸ਼ਿਆ ਨਹੀਂ, ਜੋ ਵੀ ਆਇਆ, ਉਸ ਦੇ ਛੱਕੇ ਛੁਡਵਾ ਦਿੱਤੇ। ਇਹੀ ਕਾਰਨ ਰਿਹਾ ਕਿ ਟੀਮ ਟੀ-20 ਅੰਤਰਰਾਸ਼ਟਰੀ ਦਾ ਸਭ ਤੋਂ ਵੱਡਾ ਸਕੋਰ ਖੜ੍ਹਾ ਕਰਨ 'ਚ ਕਾਮਯਾਬ ਰਹੀ।

ਮੂਸਾ ਜੋਬਾਰਤੇਹ ਨੇ 4 ਓਵਰਾਂ 'ਚ ਦਿੱਤੀਆਂ 93 ਦੌੜਾਂ

ਹੁਣ ਜ਼ਰਾ ਇਸ ਪਾਰੀ 'ਚ ਹੋਰ ਬਣੇ ਰਿਕਾਰਡ ਬਾਰੇ ਵੀ ਜਾਣ ਲਓ। ਗਾਂਬੀਆ ਦੇ ਗੇਂਦਬਾਜ਼ ਮੂਸਾ ਜੋਬਾਰਤੇਹ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਦਾ ਸਭ ਤੋਂ ਮਹਿੰਗਾ ਸਪੈਲ ਸੁੱਟਿਆ। ਉਨ੍ਹਾਂ ਨੇ ਆਪਣੇ ਚਾਰ ਓਵਰਾਂ 'ਚ ਕੁੱਲ 93 ਦੌੜਾਂ ਦੇਣ ਦਾ ਕੰਮ ਕੀਤਾ ਅਤੇ ਕੋਈ ਵੀ ਵਿਕਟ ਵੀ ਨਹੀਂ ਝਟਕਾਈ। ਜੇਕਰ 7 ਦੌੜਾਂ ਹੋਰ ਬਣ ਜਾਂਦੀਆਂ ਤਾਂ ਅਜਿਹਾ ਪਹਿਲਾ ਵਾਰ ਹੁੰਦਾ ਕਿ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਕਿਸੇ ਗੇਂਦਬਾਜ਼ ਨੇ 100 ਦੌੜਾਂ ਦਿੱਤੀਆਂ ਹੋਣ। ਹਾਲਾਂਕਿ ਫਿਰ ਵੀ ਮੂਸਾ ਜੋਬਾਰਤੇਹ ਦਾ ਨਾਂ ਰਿਕਾਰਡ ਬੁੱਕ 'ਚ ਤਾਂ ਦਰਜ ਹੋ ਹੀ ਗਿਆ ਹੈ। 

ਸਿਕੰਦਰ ਰਜ਼ਾ ਨੇ ਆਪਣਾ ਸੈਂਕੜਾ 33 ਗੇਂਦਾਂ 'ਚ ਹੀ ਪੂਰਾ ਕਰ ਲਿਆ ਸੀ। ਇਸ ਤਰ੍ਹਾਂ ਉਹ ਟੀ-20 ਅੰਤਰਰਾਸ਼ਟਰੀ ਮੈਚ 'ਚ ਸਭ ਤੋਂ ਤੇਜ਼ ਸੈਂਕੜਾ ਲਗਾਉਣ ਵਾਲੇ ਦੂਜੇ ਨੰਬਰ ਦੇ ਸਾਂਝੇ ਬੱਲੇਬਾਜ਼ ਵੀ ਬਣ ਗਏ ਹਨ। ਪਾਰੀ ਦੌਰਾਨ ਜ਼ਿੰਬਾਬਵੇ ਵੱਲੋਂ ਕੁੱਲ 27 ਛੱਕੇ ਲੱਗੇ, ਜੋ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਪਹਿਲੀ ਵਾਰ ਹੋਇਆ ਹੈ। 

ਗਾਂਬੀਆ : 54/10 (14.4 ਓਵਰ)

344 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਗਾਂਬੀਆ ਦੀ ਟੀਮ ਇਕ ਪਲ ਵੀ ਇਸ ਵਿਸ਼ਾਲ ਸਕੋਲ ਦਾ ਮਜਬੂਤੀ ਨਾਲ ਪਿੱਛਾ ਕਰਦੀ ਨਹੀਂ ਦਿਸੀ। ਜ਼ਿੰਬਾਬਵੇ ਦੇ ਤੇਜ਼ ਗੇਂਦਬਾਜ਼ ਰਿਚਰਡ ਨਗਾਰਵਾ ਨੇ ਪਹਿਲੇ ਹੀ ਓਵਰ 'ਚ ਮੁਹੰਮਦ ਮੰਗਾ ਨੂੰ 0 ਦੇ ਸਕੋਰ 'ਤੇ ਆਊਟ ਕਰ ਦਿੱਤਾ। ਤੀਜੇ ਓਵਰ 'ਚ ਉਨ੍ਹਾਂ ਨੇ ਸਟ੍ਰਾਈਕ ਕਰਦੇ ਹੋਏ ਕਪਤਾਨ ਟੇਂਬਾ ਨੂੰ 5 ਦੌੜਾਂ 'ਤੇ ਆਊਟ ਕਰ ਦਿੱਤਾ। ਇਸ ਤੋਂ ਬਾਅਦ ਅਸਿਮ ਅਸ਼ਰਫ ਨੇ 26 ਗੇਂਦਾਂ 'ਚ 7, ਰਾਜਪੁਰੋਹਿਤ ਨੇ 4, ਫ੍ਰੈਂਕ ਕੈਂਪਬੇਲ ਨੇ 7 ਅਤੇ ਮੁਸਤਫਾ ਸੁਵਾਰੇਹ 1 ਹੀ ਦੌੜ ਬਣਾ ਸਕਿਆ। 

37 ਦੌੜਾਂ 'ਤੇ ਹੀ ਗਾਂਬੀਆ ਦੀ ਅੱਧੀ ਟੀਮ ਢੇਰ ਹੋ ਗਈ ਸੀ। ਇਸ ਤੋਂ ਬਾਅਦ ਵੀ ਵਿਕਟਾਂ ਡਿੱਗਣ ਦਾ ਸਿਲਸਿਲਾ ਨਹੀਂ ਰੁਕਿਆ। ਅਬੁਬਕਰ ਕੁਯਾਤੇਹ 2, ਰਿਲੇ ਨੇ 2, ਮੂਸਾ 0 'ਤੇ ਹੀ ਆਊਟ ਹੋ ਗਿਆ। ਆਖਰੀ ਓਵਰਾਂ 'ਚ ਜਾਰਜੂ ਨੇ ਬੱਲਾ ਚਲਾਇਆ ਪਰ ਉਦੋਂ ਤਕ ਕਾਫੀ ਦੇਰ ਹੋ ਚੁੱਕੀ ਸੀ। ਜ਼ਿੰਬਾਬਵੇ ਲਈ ਰਿਚਰਡ ਨਗਾਰਵਾ ਨੇ 13 ਦੌੜਾਂ ਦੇ ਕੇ 3, ਬ੍ਰੈਂਡਨ ਮਾਵੁਤਾ ਨੇ 10 ਦੌੜਾਂ ਦੇ ਕੇ 3 ਅਤੇ ਵੇਸਲੀ ਨੇ ਵੀ 2 ਵਿਕਟਾਂ ਝਟਕਾਈਆਂ। 


author

Rakesh

Content Editor

Related News