ਯੁਵਰਾਜ ਦੀ ਲੈਅ ਅਤੇ ਮੀਂਹ ''ਤੇ ਰਹਿਣਗੀਆਂ ਦੂਜੇ ਵਨਡੇ ''ਚ ਨਜ਼ਰਾਂ

06/24/2017 3:25:02 PM

ਪੋਰਟ ਆਫ ਸਪੇਨ— ਪਹਿਲਾ ਵਨਡੇ ਮੀਂਹ ਦੀ ਭੇਟ ਚੜ੍ਹ ਜਾਣ ਦੇ ਬਾਅਦ ਭਾਰਤ ਕੱਲ ਇੱਥੇ ਜਦੋਂ ਦੂਜੇ ਇਕ ਰੋਜ਼ਾ ਕੌਮਾਂਤਰੀ ਮੈਚ 'ਚ ਵੈਸਟ ਇੰਡੀਜ਼ ਨਾਲ ਭਿੜੇਗਾ ਤਾਂ ਨਜ਼ਰਾਂ ਯੁਵਰਾਜ ਸਿੰਘ ਦੀ ਲੈਅ ਅਤੇ ਮੌਸਮ 'ਤੇ ਟਿੱਕੀਆਂ ਰਹਿਣਗੀਆਂ। ਪਹਿਲਾ ਵਨਡੇ ਮੀਂਹ ਦੀ ਭੇਟ ਚੜ੍ਹ ਗਿਆ ਸੀ। ਭਾਰਤ ਨੇ 39.2 ਓਵਰ 'ਚ ਜਦੋਂ ਤਿੰਨ ਵਿਕਟਾਂ 'ਤੇ 199 ਦੌੜਾਂ ਬਣਾਈਆਂ ਸਨ ਉਸੇ ਸਮੇਂ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ ਅਤੇ ਇਸ ਤੋਂ ਬਾਅਦ ਖੇਡ ਸ਼ੁਰੂ ਨਹੀਂ ਸਕੀ। ਸਿਖਰ ਧਵਨ ਦੀ 87 ਦੌੜਾਂ ਦੀ ਪਾਰੀ ਅਤੇ ਵਾਪਸੀ ਕਰਨ ਵਾਲੇ ਅਜਿੰਕਯ ਰਹਾਨੇ 62 ਦੌੜਾਂ ਨਾਲ ਭਾਰਤੀ ਪਾਰੀ ਦੇ ਆਕਰਸ਼ਣ ਰਹੇ।

ਮੌਸਮ 'ਤੇ ਕਿਸੇ ਦਾ ਵਸ ਨਹੀਂ ਚਲਦਾ। ਪਰ ਵਿਰਾਟ ਕੋਹਲੀ ਜੇਕਰ ਕਿਸੇ ਖਿਡਾਰੀ ਦੀ ਲੈਅ ਤੋਂ ਫਿਕਰਮੰਦ ਹੋਣਗੇ ਤਾਂ ਉਹ ਯੁਵਰਾਜ ਹੈ ਜੋ ਪਿਛਲੇ ਕੁਝ ਮੈਚਾਂ 'ਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਹਨ। ਚੈਂਪੀਅਨਸ ਟਰਾਫੀ 'ਚ ਪਾਕਿਸਤਾਨ ਖਿਲਾਫ ਅਰਧ ਸੈਂਕੜਾ ਲਗਾਉਣ ਦੇ ਬਾਅਦ ਉਨ੍ਹਾਂ ਸ਼੍ਰੀਲੰਕਾ ਦੇ ਖਿਲਾਫ 7, ਦੱਖਣੀ ਅਫਰੀਕਾ ਦੇ ਖਿਲਾਫ ਅਜੇਤੂ 23, ਪਾਕਿਸਤਾਨ ਦੇ ਖਿਲਾਫ ਚੈਂਪੀਅਨਸ ਟਰਾਫੀ ਦੇ ਫਾਈਨਲ 'ਚ 22 ਅਤੇ ਵੈਸਟ ਇੰਡੀਜ਼ ਦੇ ਖਿਲਾਫ ਪਹਿਲੇ ਵਨਡੇ ਮੈਚ 'ਚ ਚਾਰ ਦੌੜਾਂ ਬਣਾਈਆਂ। ਯੁਵਰਾਜ ਦੇ ਕੌਸ਼ਲ ਅਤੇ ਤਜਰਬੇ 'ਤੇ ਕਿਸੇ ਨੂੰ ਸ਼ੱਕ ਨਹੀਂ ਪਰ ਉਹ 35 ਸਾਲਾਂ ਤੋਂ ਵੱਧ ਉਮਰ ਦੇ ਹੋ ਗਏ ਹਨ ਅਤੇ ਯਕੀਨੀ ਤੌਰ 'ਤੇ ਉਮਰ ਹੁਣ ਉਨ੍ਹਾਂ 'ਤੇ ਹਾਵੀ ਹੋ ਰਹੀ ਹੈ। ਉਨ੍ਹਾਂ ਦੀ ਫੀਲਡਿੰਗ ਚੰਗੀ ਨਹੀਂ ਹੈ ਅਤੇ ਕਪਤਾਨ ਕੋਹਲੀ ਉਨ੍ਹਾਂ ਨੂੰ ਖੱਬੇ ਹੱਥ ਦੇ ਸਪਿਨਰ ਦੇ ਤੌਰ 'ਤੇ ਉਪਯੋਗ ਕਰਨ ਦੀ ਜ਼ਰੂਰਤ ਨਹੀਂ ਸਮਝਦੇ ਹਨ।

ਸਾਬਕਾ ਕਪਤਾਨ ਅਤੇ ਅੰਡਰ-19 ਟੀਮ ਦੇ ਕੋਚ ਰਾਹੁਲ ਦ੍ਰਵਿੜ ਨੇ ਹਾਲ ਹੀ 'ਚ ਕਿਹਾ ਸੀ ਕਿ ਟੀਮ ਪ੍ਰਬੰਧਨ ਦੀ ਸਪੱਸ਼ਟ ਨੀਤੀ ਹੋਣੀ ਚਾਹੀਦੀ ਹੈ ਕਿ ਯੁਵਰਾਜ 2019 ਵਿਸ਼ਵ ਕੱਪ 'ਚ ਖੇਡਣਗੇ ਜਾਂ ਨਹੀਂ। ਹੁਣ ਜਦੋਂਕਿ ਇਸ 'ਚ 2 ਸਾਲ ਬਚੇ ਹਨ ਤੱਦ ਕੋਹਲੀ ਨੂੰ ਯੁਵਰਾਜ ਦੇ ਬਾਰੇ 'ਚ ਛੇਤੀ ਹੀ ਕੋਈ ਫੈਸਲਾ ਕਰਨਾ ਹੋਵੇਗਾ।


Related News