ਕ੍ਰਿਕਟ ਤੋਂ ਸੰਨਿਆਸ ਲੈਣ ਦੇ ਬਾਰੇ ''ਚ ਯੁਵਰਾਜ ਨੇ ਦਿੱਤਾ ਇਹ ਵੱਡਾ ਬਿਆਨ

02/28/2018 3:04:53 PM

ਨਵੀਂ ਦਿੱਲੀ, (ਬਿਊਰੋ)— ਲੰਬੇ ਸਮੇਂ ਤੋਂ ਭਾਰਤੀ ਟੀਮ ਦਾ ਮਹੱਤਵਪੁਰਣ ਹਿੱਸਾ ਰਹੇ ਯੁਵਰਾਜ ਸਿੰਘ ਨੇ ਆਪਣੇ ਸੰਨਿਆਸ ਨੂੰ ਲੈ ਕੇ ਇਕ ਵੱਡਾ ਬਿਆਨ ਦਿੱਤਾ ਹੈ। ਪੱਤਰਕਾਰਾਂ ਵੱਲੋਂ ਸੰਨਿਆਸ ਲੈਣ ਬਾਰੇ ਪੁੱਛੇ ਜਾਣ 'ਤੇ ਯੁਵਰਾਜ ਨੇ ਕਿਹਾ ਕਿ ਉਹ ਅਜੇ 2019 ਤੱਕ ਕ੍ਰਿਕਟ ਖੇਡਦੇ ਰਹਿਣਗੇ ਅਤੇ ਉਸ ਤੋਂ ਬਾਅਦ ਸੰਨਿਆਸ ਦਾ ਫੈਸਲਾ ਲੈਣਗੇ।

ਯੁਵਰਾਜ ਨੇ ਭਾਰਤੀ ਟੀਮ ਵੱਲੋਂ ਆਖਰੀ ਵਨਡੇ ਜੂਨ 2017 'ਚ ਖੇਡਿਆ ਸੀ। ਉਸ ਨੇ ਕਿਹਾ ਕਿ ਆਈ.ਪੀ.ਐਲ. ਦਾ ਇਹ ਸੀਜ਼ਨ ਉਸ ਲਈ ਬਹੁਤ ਮਹੱਤਵਪੂਰਨ ਹੈ ਅਤੇ ਆਈ.ਪੀ.ਐਲ. 'ਚ ਚੰਗਾ ਪ੍ਰਦਰਸ਼ਨ ਕਰਨ ਨਾਲ ਉਸ ਦਾ ਵਿਸ਼ਵ ਕੱਪ 2019 'ਚ ਖੇਡਣ ਦਾ ਦਾਅਵਾ ਮਜ਼ਬੁਤ ਹੋਵੇਗਾ। ਉਸ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਮੈਂ ਆਈ.ਪੀ.ਐਲ. 'ਚ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦਾ ਹਾਂ। ਮੇਰੇ ਲਈ ਇਹ ਬਹੁਤ ਜ਼ਰੂਰੀ ਟੂਰਨਾਮੈਂਟ ਹੈ। ਕਿਉਂਕਿ ਆਈ.ਪੀ.ਐਲ. ਮੇਰੇ 2019 ਵਿਸ਼ਵ ਕੱਪ 'ਚ ਖੇਡਣ ਦੀ ਦਿਸ਼ਾ ਤੈਅ ਕਰੇਗਾ।

ਵਿਸ਼ਵ ਕੱਪ 2011 ਦੀ ਜਿੱਤ 'ਚ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਉਣ ਅਤੇ ਵਿਸ਼ਵ ਕੱਪ 2011 'ਚ 'ਮੈਨ ਆਫ ਦ ਟੂਰਨਾਮੈਂਟ' ਰਹਿਣ ਵਾਲੇ ਯੁਵਰਾਜ ਕੈਂਸਰ ਤੋਂ ਜੰਗ ਜਿੱਤ ਕੇ ਮੈਦਾਨ 'ਤੇ ਵਾਪਸ ਆਏ। ਯੁਵਰਾਜ ਨੇ ਕਿਹਾ ਕਿ ਉਸ ਨੂੰ ਇਕ ਹੀ ਅਫਸੋਸ ਰਹੇਗਾ ਕਿ ਉਹ ਟੈਸਟ ਟੀਮ 'ਚ ਆਪਣੀ ਜਗ੍ਹਾ ਪੱਕੀ ਨਹੀਂ ਕਰ ਸਕੇ। 

ਉਸ ਨੇ ਕਿਹਾ ਕਿ ਮੇਰੇ ਕਰੀਅਰ ਦੇ ਪਹਿਲੇ 6-7 ਸਾਲਾਂ 'ਚ ਮੈਨੂੰ ਜ਼ਿਆਦਾ ਮੌਕੇ ਨਹੀਂ ਮਿਲ ਸਕੇ, ਕਿਉਂਕਿ ਉਸ ਸਮੇਂ ਟੈਸਟ ਟੀਮ 'ਚ ਬਿਹਤਰੀਨ ਖਿਡਾਰੀ ਸਨ। ਜਦੋਂ ਮੌਕਾ ਮਿਲਿਆ ਤਾਂ ਮੈਨੂੰ ਕੈਂਸਰ ਹੋ ਗਿਆ। ਇਹ ਅਫਸੋਸ ਹਮੇਸ਼ਾ ਰਹੇਗਾ ਪਰ ਹਾਲਾਤ ਤੁਹਾਡੇ ਹੱਥ 'ਚ ਨਹੀਂ ਹੁੰਦੇ। 

ਯੁਵਰਾਜ ਨੇ ਭਾਰਤੀ ਟੀਮ ਦੇ ਮੌਜੂਦਾ ਕਪਤਾਨ ਵਿਰਾਟ ਕੋਹਲੀ ਨੂੰ ਦੱਖਣੀ ਅਫਰੀਕਾ 'ਚ ਵਨਡੇ ਅਤੇ ਟੀ-20 ਸੀਰੀਜ਼ ਜਿੱਤਣ 'ਤੇ ਵਧਾਈਆਂ ਦਿੱਤੀਆਂ। ਉਸ ਨੇ ਕਿਹਾ ਕਿ ਟੈਸਟ ਸੀਰੀਜ਼ ਹਾਰਨ ਤੋਂ ਬਾਅਦ ਭਾਰਤ ਨੇ ਸ਼ਾਨਦਾਰ ਵਾਪਸੀ ਕੀਤੀ ਹੈ। ਕੋਹਲੀ ਨੇ ਹਰ ਮੋਰਚੇ 'ਤੇ ਭਾਰਤੀ ਟੀਮ ਦੀ ਸ਼ਾਨਦਾਰ ਤਰੀਕੇ ਨਾਲ ਅਗਵਾਈ ਕੀਤੀ ਹੈ।


Related News