ਨੌਜਵਾਨ ਆਲਰਾਊਂਡਰ ਵਤਸ ਨੇ ਫਿਰ ਚਮਕ ਬਿਖੇਰੀ, ਹਰਿਆਣਾ ਨੂੰ ਦਿਵਾਈ ਲਗਾਤਾਰ ਦੂਜੀ ਜਿੱਤ

Monday, Oct 27, 2025 - 12:16 AM (IST)

ਨੌਜਵਾਨ ਆਲਰਾਊਂਡਰ ਵਤਸ ਨੇ ਫਿਰ ਚਮਕ ਬਿਖੇਰੀ, ਹਰਿਆਣਾ ਨੂੰ ਦਿਵਾਈ ਲਗਾਤਾਰ ਦੂਜੀ ਜਿੱਤ

ਰੋਹਤਕ– ਖੱਬੇ ਹੱਥ ਦੇ ਸਪਿੰਨ ਆਲਰਾਊਂਡਰ ਪਾਰਥ ਵਤਸ ਨੇ ਇਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 5 ਵਿਕਟਾਂ ਲਈਆਂ ਤੇ ਹਰਿਆਣਾ ਨੂੰ ਐਤਵਾਰ ਨੂੰ ਇੱਥੇ ਗਰੁੱਪ-ਸੀ ਰਣਜੀ ਟਰਾਫੀ ਮੈਚ ਵਿਚ ਤ੍ਰਿਪੁਰਾ ’ਤੇ 9 ਵਿਕਟਾਂ ਨਾਲ ਸ਼ਾਨਦਾਰ ਜਿੱਤ ਦਿਵਾਈ।21 ਸਾਲਾ ਇਸ ਆਲਰਾਊਂਡਰ ਨੇ ਲਗਾਤਾਰ ਦੂਜੀ ਵਾਰ ‘ਪਲੇਅਰ ਆਫ ਦਿ ਮੈਚ’ ਦਾ ਖਿਤਾਬ ਜਿੱਤਿਆ। ਇਸ ਵਾਰ ਉਸ ਨੇ 8 ਵਿਕਟਾਂ ਲਈਆਂ, ਜਿਸ ਨਾਲ ਤ੍ਰਿਪੁਰਾ ਦੀ ਟੀਮ ਦੂਜੀ ਪਾਰੀ ਵਿਚ ਸਿਰਫ 47 ਦੌੜਾਂ ’ਤੇ ਢੇਰ ਹੋ ਗਈ। ਇਸ ਨਾਲ ਮੇਜ਼ਬਾਨ ਟੀਮ ਨੂੰ ਜਿੱਤ ਲਈ 16 ਦੌੜਾਂ ਦਾ ਆਸਾਨ ਟੀਚਾ ਮਿਲਿਆ।
ਹਰਿਆਣਾ ਨੇ 4.3 ਓਵਰਾਂ ਵਿਚ ਟੀਚਾ ਹਾਸਲ ਕਰ ਲਿਆ ਤੇ ਹੁਣ ਉਸਦੇ 2 ਮੈਚਾਂ ਵਿਚੋਂ 12 ਅੰਕ ਹਨ। ਪਹਿਲੀ ਪਾਰੀ ਵਿਚ 14 ਦੌੜਾਂ ਦੇ ਕੇ 3 ਵਿਕਟਾਂ ਲੈਣ ਵਾਲੇ ਵਤਸ ਨੇ ਪਹਿਲੀ ਸ਼੍ਰੇਣੀ ਕ੍ਰਿਕਟ ਵਿਚ ਪਹਿਲੀ ਵਾਰ 5 ਵਿਕਟਾਂ ਲਈਆਂ। ਉਸ ਨੇ ਦੂਜੀ ਪਾਰੀ 'ਚ 14 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਤ੍ਰਿਪੁਰਾ ਦੀ ਦੂਜੀ ਪਾਰੀ 19.1 ਓਵਰਾਂ ਵਿਚ ਹੀ ਖਤਮ ਹੋ ਗਈ ਤੇ ਉਸਦੇ ਲਈ ਸਿਰਫ ਦੋ ਬੱਲੇਬਾਜ਼ ਹੀ ਦਹਾਈ ਦੇ ਅੰਕ ਤੱਕ ਪਹੁੰਚ ਸਕੇ।
ਇਸ ਤੋਂ ਪਹਿਲਾਂ ਤ੍ਰਿਪੁਰਾ ਦੇ ਖੱਬੇ ਹੱਥ ਦੇ ਸਪਿੰਨਰ ਸਵਪਨਿਲ ਸਿੰਘ ਨੇ ਹਰਿਆਣਾ ਦੀ ਪਹਿਲੀ ਪਾਰੀ ਵਿਚ ਕਰੀਅਰ ਦਾ ਸਰਵੋਤਮ ਪ੍ਰਦਰਸ਼ਨ ਕਰਦੇ ਹੋਏ 66 ਦੌੜਾਂ ਦੇ ਕੇ 7 ਵਿਕਟਾਂ ਲਈਆਂ ਪਰ ਉਸਦੀ ਇਹ ਕੋਸ਼ਿਸ਼ ਹਰਿਆਣਾ ਨੂੰ ਪਹਿਲੀ ਪਾਰੀ ਵਿਚ 32 ਦੌੜਾਂ ਦੀ ਬੜ੍ਹਤ ਲੈਣ ਤੋਂ ਨਹੀਂ ਰੋਕ ਸਕੀ। ਤ੍ਰਿਪੁਰਾ ਨੇ ਪਹਿਲੀ ਪਾਰੀ ਵਿਚ 126 ਦੌੜਾਂ ਬਣਾਈਆਂ ਸਨ।
ਵਤਸ ਨੇ ਰੇਲਵੇ ਵਿਰੁੱਧ ਡੈਬਿਊ ਕਰਦੇ ਹੋਏ 52 ਦੌੜਾਂ ਤੇ ਅਜੇਤੂ 110 ਦੌੜਾਂ ਦੀ ਪਾਰੀ ਖੇਡੀ ਸੀ। ਸੂਰਤ ਵਿਚ 96 ਦੌੜਾਂ ਦੀ ਜਿੱਤ ਵਿਚ ਉਸ ਨੂੰ ਸਰਵੋਤਮ ਖਿਡਾਰੀ ਚੁਣਿਆ ਗਿਆ ਸੀ।


author

Hardeep Kumar

Content Editor

Related News