ਪਾਕਿਸਤਾਨ ਦਾ ਕੋਚ ਬਣਨਾ ਚਾਹੁੰਦੇ ਨੇ ਯੋਗਰਾਜ ਸਿੰਘ! ਟੀਮ ਬਾਰੇ ਕਰ'ਤਾ ਵੱਡਾ ਦਾਅਵਾ
Wednesday, Feb 26, 2025 - 08:01 PM (IST)

ਸਪੋਰਟਸ ਡੈਸਕ- ਪਾਕਿਸਤਾਨੀ ਕ੍ਰਿਕਟ ਟੀਮ ਦੀ ਹਾਲਤ ਪਿਛਲੇ 3 ਆਈਸੀਸੀ ਟੂਰਨਾਮੈਂਟ 'ਚ ਬਹੁਤ ਹੀ ਘਟੀਆ ਰਹੀ ਹੈ ਕਿਉਂਕਿ ਟੀਮ ਪਹਿਲੇ ਦੌਰ 'ਚੋਂ ਹੀ ਬਾਹਰ ਹੋ ਗਈ। ਆਈਸੀਸੀ ਚੈਂਪੀਅਨਜ਼ ਟਰਾਫੀ 2025 'ਚ ਵੀ ਪਾਕਿਸਤਾਨ ਦਾ ਇਹੀ ਹਾਲ ਹੋਇਆ ਹੈ।
ਇਸ ਟੂਰਨਾਮੈਂਟ ਦਾ ਤਾਂ ਮੇਜ਼ਬਾਨ ਹੀ ਪਾਕਿਸਤਾਨ ਹੈ। ਅਜਿਹੇ 'ਚ ਟੀਮ ਦੀ ਹੋਰ ਵੀ ਜ਼ਿਆਦਾ ਆਲੋਚਨਾ ਹੋ ਰਹੀ ਹੈ। ਇਕ ਰਿਪੋਰਟ 'ਚ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਦੀ ਟੀਮ ਦੇ ਸਪੋਰਟ ਸਟਾਫ 'ਤੇ ਗਾਜ ਡਿੱਗਣ ਵਾਲੀ ਹੈ। ਇਸ ਵਿਚਕਾਰ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਕ ਸਾਲ ਲਈ ਪਾਕਿਸਤਾਨੀ ਟੀਮ ਦਾ ਕੋਚ ਬਣਾ ਦਿਓ, ਉਹ ਉਸ ਨੂੰ ਬੈਸਟ ਟੀਮ ਬਣਾ ਦੇਣਗੇ।
ਸਾਬਕਾ ਭਾਰਤੀ ਕ੍ਰਿਕਟਰ ਯੋਗਰਾਜ ਸਿੰਘ ਆਪਣੇ ਪੁੱਠੇ-ਸਿੱਧੇ ਬਿਆਨਾਂ ਲਈ ਜਾਣੇ ਜਾਂਦੇ ਹਨ। ਹਾਲਾਂਕਿ, ਉਹ ਕ੍ਰਿਕਟ 'ਤੇ ਪੈਨੀ ਨਜ਼ਰ ਰੱਖਦੇ ਹਨ ਅਤੇ ਖੁਦ ਵੀ ਇਕ ਅਕੈਡਮੀ ਚਲਾਉਂਦੇ ਹਨ। ਪਾਕਿਸਤਾਨ ਦੀ ਇਸ ਮਾਲੀ ਹਾਲਤ ਦੀ ਆਲੋਚਨਾ ਸਾਬਕਾ ਕ੍ਰਿਕਟਰਾਂ ਨੇ ਕੀਤੀ, ਜਿਸ 'ਤੇ ਯੋਗਰਾਜ ਨੇ ਪ੍ਰਤੀਕਿਰਿਆ ਦਿੱਤੀ ਹੈ ਅਤੇ ਕਿਹਾ ਕਿ ਉਨ੍ਹਾਂ ਨੂੰ ਅਜਿਹਾ ਨਹੀਂ ਕਹਿਣਾ ਚਾਹੀਦਾ। ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਨੇ ਪਾਕਿਸਤਾਨ ਦੀ ਕੋਚਿੰਗ 'ਤੇ ਵੀ ਰੂਚੀ ਦਿਖਾਈ ਅਤੇ ਕਿਹਾ ਕਿ ਉਹ ਇਕ ਸਾਲ 'ਚ ਇਸ ਟੀਮ ਨੂੰ ਬਿਹਤਰ ਤਰੀਕੇ ਨਾਲ ਤਿਆਰ ਕਰ ਸਕਦੇ ਹਨ।
ਇਹ ਵੀ ਪੜ੍ਹੋ- ਪਾਕਿਸਤਾਨੀ ਟੀਮ ਨੂੰ ਵੱਡਾ ਝਟਕਾ! ਵਨਡੇ 'ਚ ਦੋਹਰਾ ਸੈਂਕੜਾ ਲਗਾ ਚੁੱਕਾ ਸਟਾਰ ਕ੍ਰਿਕਟਰ ਲੈਣ ਜਾ ਰਿਹਾ ਸੰਨਿਆਸ
ਯੋਗਰਾਜ ਸਿੰਘ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਵਸੀਮ ਜੀ ਤੁਸੀਂ ਉਥੇ ਕੀ ਕਰ ਰਹੇ ਹੋ? ਕਮੈਂਟਰੀ ਕਰਕੇ ਪੈਸੇ ਕਮਾ ਰਹੇ ਹੋ। ਆਪਣੇ ਦੇਸ਼ ਵਾਪਸ ਜਾਓ ਅਤੇ ਇਨ੍ਹਾਂ ਖਿਡਾਰੀਆਂ ਦਾ ਇਕ ਕੈਂਪ ਲਗਾਓ। ਮੈਂ ਦੇਖਣਾ ਚਾਹੁੰਦਾ ਹਾਂ ਕਿ ਤੁਹਾਡੇ 'ਚੋਂ ਕੌਣ ਪਾਕਿਸਤਾਨ ਨੂੰ ਵਿਸ਼ਵ ਕੱਪ ਜਿਤਾ ਸਕਦਾ ਹੈ। ਮੈਂ ਜਾਂਦਾ ਹਾਂ, ਇਕ ਸਾਲ 'ਚ ਟੀਮ ਖੜ੍ਹੀ ਕਰਕੇ ਦਿਖਾਵਾਂਗਾ, ਤੁਸੀਂ ਯਾਦ ਰੱਖੋਗੇ।'
ਤੁਹਾਨੂੰ ਦੱਸ ਦੇਈਏ ਕਿ ਯੋਗਰਾਜ ਸਿੰਘ ਇਕ ਕੋਚ ਹਨ ਅਤੇ ਆਪਣੀ ਅਕੈਡਮੀ 'ਚ ਖਿਡਾਰੀਆਂ ਨੂੰ ਟ੍ਰੇਨਿੰਗ ਦਿੰਦੇ ਹਨ। ਕੁਝ ਸਾਲ ਪਹਿਲਾਂ, ਅਰਜੁਨ ਤੇਂਦੁਲਕਰ ਨੇ ਯੋਗਰਾਜ ਦੇ ਮਾਰਗਦਰਸ਼ਨ 'ਚ ਟ੍ਰੇਨਿੰਗ ਲਈ ਸੀ ਅਤੇ ਗੇਂਦਬਾਜ਼ ਆਲਰਾਊਂਡਰ ਨੇ ਰਣਜੀ ਟਰਾਫੀ 'ਚ ਯਾਦਗਾਰ ਸ਼ੁਰੂਆਤ ਕਰਦੇ ਹੋਏ ਆਪਣੀ ਪਹਿਲੀ ਪਾਰੀ 'ਚ ਹੀ ਗੋਆ ਲਈ ਸੈਂਕੜਾ ਜੜ ਦਿੱਤਾ ਸੀ। ਯੋਗਰਾਜ ਨੇ ਭਾਰਤ ਲਈ ਇਕ ਟੈਸਟ ਅਤੇ 6 ਵਨਡੇ ਇੰਟਰਨੈਸ਼ਨਲ ਮੈਚ ਖੇਡੇ ਹਨ।
ਇਹ ਵੀ ਪੜ੍ਹੋ- ਭਾਰਤ ਨੇ ਲਿਆ 2017 ਦਾ ਬਦਲਾ, ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾ ਕੇ ਚੈਂਪੀਅਨਜ਼ ਟਰਾਫੀ 'ਚੋਂ ਕੀਤਾ OUT