ਯੋ-ਯੋ ਟੈਸਟ ਦੀ ਵਾਪਸੀ, ਡੇਕਸਾ ਵੀ ਭਾਰਤੀ ਟੀਮ ਦੇ ਚੋਣ ਮਾਪਦੰਡਾਂ ’ਚ ਸ਼ਾਮਲ
Monday, Jan 02, 2023 - 12:14 PM (IST)
ਮੁੰਬਈ– ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੀ ਉੱਚ ਪੱਧਰੀ ਸਮੀਖਿਆ ਮੀਟਿੰਗ ਵਿਚ ਰਾਸ਼ਟਰੀ ਟੀਮ ਵਿਚ ਚੋਣ ਦੇ ਮਾਪਦੰਡਾਂ ਵਿਚ ਯੋ ਯੋ ਫਿਟਨੈੱਸ ਟੈਸਟ ਫਿਰ ਤੋਂ ਸ਼ਾਮਲ ਕੀਤਾ ਗਿਆ ਹੈ। ਨਵੰਬਰ ਵਿਚ ਟੀ-20 ਵਿਸ਼ਵ ਕੱਪ ਵਿਚ ਭਾਰਤ ਦੇ ਸੈਮੀਫਾਈਨਲ ਵਿਚੋਂ ਬਾਹਰ ਹੋਣ ਤੋਂ ਬਾਅਦ ਤੋਂ ਇਹ ਮੀਟਿੰਗ ਹੋਣੀ ਸੀ। ਆਖ਼ਰਕਾਰ ਇਹ ਮੀਟਿੰਗ ਐਤਵਾਰ ਨੂੰ ਹੋਈ, ਜਿਸ ਵਿਚ ਬੀ. ਸੀ. ਸੀ. ਆਈ. ਸਕੱਤਰ ਜੈ ਸ਼ਾਹ, ਮੁਖੀ ਰੋਜਰ ਬਿੰਨੀ, ਕਪਤਾਨ ਰੋਹਿਤ ਸ਼ਰਮਾ, ਕੋਚ ਰਾਹੁਲ ਦ੍ਰਾਵਿੜ, ਐੱਨ. ਸੀ. ਏ. ਪ੍ਰਮੁੱਖ ਵੀ. ਵੀ. ਐੱਸ. ਲਕਸ਼ਮਣ ਅਤੇ ਚੋਣਕਾਰ ਚੇਤਨਾ ਸ਼ਰਮਾ ਨੇ ਹਿੱਸਾ ਲਿਆ। ਯੋ ਯੋ ਟੈਸਟ ਤੋਂ ਇਲਾਵਾ ਡੇਕਸਾ (ਹੱਡੀ ਦਾ ਸਕੈਨ ਟੈਸਟ) ਵੀ ਚੋਣ ਦੇ ਮਾਪਦੰਡਾਂ ਵਿਚ ਸ਼ਾਮਲ ਕੀਤਾ ਗਿਆ ਹੈ।
ਇਹ ਵੀ ਤੈਅ ਕੀਤਾ ਗਿਆ ਹੈ ਕਿ ਆਈ. ਪੀ. ਐੱਲ. ਲਈ ਲਾਲ ਗੇਂਦ ਦੀ ਕ੍ਰਿਕਟ ’ਤੇ ਸਫੈਦ ਗੇਂਦ ਦੇ ਕ੍ਰਿਕਟ ਨੂੰ ਤਰਜੀਹ ਦੇਣ ਵਾਲੇ ਉੱਭਰਦੇ ਕ੍ਰਿਕਟਰਾਂ ਨੂੰ ਰਾਸ਼ਟਰੀ ਟੀਮ ਵਿਚ ਚੋਣ ਲਈ ਘਰੇਲੂ ਕ੍ਰਿਕਟ ਖੇਡਣੀ ਪਵੇਗੀ। ਸ਼ਾਹ ਨੇ ਬੀ. ਸੀ. ਸੀ. ਆਈ. ਵਲੋਂ ਬਿਆਨ ਵਿਚ ਕਿਹਾ, ‘‘ਉੱਭਰਦੇ ਕ੍ਰਿਕਟਰਾਂ ਨੂੰ ਰਾਸ਼ਟਰੀ ਟੀਮ ਵਿਚ ਚੋਣ ਦੀ ਪਾਤਰਤਾ ਹਾਸਲ ਕਰਨ ਲਈ ਘਰੇਲੂ ਕ੍ਰਿਕਟ ਖੇਡਣੀ ਪਵੇਗੀ।’’ ਉਸ ਨੇ ਕਿਹਾ, ‘‘ਯੋ ਯੋ ਟੈਸਟ ਤੇ ਡੈਕਸਾ ਹੁਣ ਚੋਣ ਦੇ ਆਧਾਰ ਵਿਚ ਸ਼ਾਮਲ ਹੋਣਗੇ।’’
ਬਿਆਨ ਵਿਚ ਅੱਗੇ ਕਿਹਾ ਗਿਆ, ‘‘ਪੁਰਸ਼ ਟੀਮ ਦਾ ਐੱਫ. ਟੀ. ਪੀ. (ਭਵਿੱਖ ਦਾ ਦੌਰਾ ਪ੍ਰੋਗਰਾਮ) ਤੇ ਆਈ. ਸੀ.ਸੀ. 2023 ਵਿਸ਼ਵ ਕੱਪ ਨੂੰ ਧਿਆਨ ਵਿਚ ਰੱਖ ਕੇ ਐੱਨ. ਸੀ. ਏ. ਆਈ. ਪੀ. ਐੱਲ. ਟੀਮਾਂ ਦੇ ਨਾਲ ਮਿਲ ਕੇ ਆਈ. ਪੀ. ਐੱਲ. 2023 ਵਿਚ ਹਿੱਸਾ ਲੈ ਰਹੇ ਭਾਰਤੀ ਖਿਡਾਰੀਆਂ ਦੀ ਮਾਨਿਟਰਿੰਗ ਕਰੇਗਾ।’’ ਯੋ ਯੋ ਟੈਸਟ ਐਰੋਬਿਕ ਫਿਟਨੈੱਸ ਟੈਸਟ ਹੈ, ਜਿਸ ਨਾਲ ਦਮਖਮ ਦਾ ਮੁਲਾਂਕਣ ਕੀਤਾ ਜਾਂਦਾ ਹੈ। ਇਸ ਵਿਚ 20-20 ਮੀਟਰ ਦੀ ਦੂਰੀ ’ਤੇ ਰੱਖ ਗਏ ਮਾਰਕਾਂ ਵਿਚਾਲੇ ਵਧਦੀ ਹੋਈ ਗਤੀ ਨਾਲ ਦੌੜਨਾ ਹੁੰਦਾ ਹੈ।
ਵਿਰਾਟ ਕੋਹਲੀ ਦੇ ਭਾਰਤੀ ਟੀਮ ਦਾ ਕਪਤਾਨ ਰਹਿੰਦੇ ਹੋਏ ਇਹ ਟੈਸਟ ਸ਼ੁਰੂ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਪਾਸ ਹੋਣ ਲਈ 16.1 ਸਕੋਰ ਜ਼ਰੂਰੀ ਸੀ, ਜਿਹੜਾ ਬਾਅਦ ਵਿਚ 16.5 ਕਰ ਦਿੱਤਾ ਗਿਆ। ਵਿਸ਼ਵ ਕੱਪ ਤੋਂ ਬਾਅਦ ਪੂਰੀ ਚੋਣ ਕਮੇਟੀ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ ਪਰ ਚੇਤਨ ਸ਼ਰਮਾ ਨੇ ਐਤਵਾਰ ਨੂੰ ਮੀਟਿੰਗ ਵਿਚ ਹਿੱਸਾ ਲਿਆ। ਉਸ ਨੇ ਹਰਵਿੰਦਰ ਸਿੰਘ ਦੇ ਨਾਲ ਚੋਣਕਾਰ ਅਹੁਦੇ ਲਈ ਫਿਰ ਤੋਂ ਅਪਲਾਈ ਕੀਤਾ ਹੈ। ਬਿਆਨ ਵਿਚ ਬੋਰਡ ਨੇ ਕਿਹਾ ਕਿ 2023 ਵਿਚ ਭਾਰਤ ਵਿਚ ਹੋਣ ਵਾਲੇ ਵਿਸ਼ਵ ਕੱਪ ਦੇ ਰੋਡਮੈਪ ’ਤੇ ਵੀ ਚਰਚਾ ਕੀਤੀ ਗਈ। ਇਸ ਵਿਚ ਕਿਹਾ ਗਿਆ, ‘‘ਖਿਡਾਰੀਆਂ ਦੀ ਉਪਲੱਬਧਤਾ, ਕਾਰਜਭਾਰ ਪ੍ਰਬੰਧਨ, ਫਿਟਨੈੱਸ ਮਾਪਦੰਡਾਂ ’ਤੇ ਵਿਸਥਾਰਪੂਰਵਕ ਗੱਲਬਾਤ ਕੀਤੀ ਗਈ।’’
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।