Year Ender 2024 : ਖਤਮ ਹੋਇਆ ਭਾਰਤ ਦਾ ICC ਟਰਾਫੀ ਦਾ ਲੰਬਾ ਇੰਤਜ਼ਾਰ, ਨਿਊਜ਼ੀਲੈਂਡ ਤੋਂ ਹਾਰ ਨੇ ਦਿੱਤਾ ਵੱਡਾ ਦਰਦ

Thursday, Dec 26, 2024 - 11:32 AM (IST)

Year Ender 2024 : ਖਤਮ ਹੋਇਆ ਭਾਰਤ ਦਾ ICC ਟਰਾਫੀ ਦਾ ਲੰਬਾ ਇੰਤਜ਼ਾਰ, ਨਿਊਜ਼ੀਲੈਂਡ ਤੋਂ ਹਾਰ ਨੇ ਦਿੱਤਾ ਵੱਡਾ ਦਰਦ

ਨਵੀਂ ਦਿੱਲੀ– ਭਾਰਤੀ ਕ੍ਰਿਕਟ ਲਈ ਸਾਲ 2024 ਉਤਰਾਅ-ਚੜ੍ਹਾਅ ਵਾਲਾ ਰਿਹਾ ਤੇ ਜਿਥੇ ਟੀਮ ਨੇ ਆਈ. ਸੀ. ਸੀ. (ਕੌਮਾਤਰੀ ਕ੍ਰਿਕਟ ਪਰਿਸ਼ਦ) ਟ੍ਰਾਫੀ ਜਿੱਤਣ ਦੇ ਲੰਬੇ ਇੰਤਜ਼ਾਰ ਨੂੰ ਖਤਮ ਕੀਤਾ, ਉਥੇ ਉਸ ਨੂੰ ਘਰੇਲੂ ਲੜੀ ’ਚ ਹਾਰ ਝੱਲਣੀ ਪਈ। ਭਾਰਤੀ ਕ੍ਰਿਕਟ ’ਚ ਇਸ ਸਾਲ ਬਦਲਾਅ ਦਾ ਦੌਰ ਵੀ ਸ਼ੁਰੂ ਹੋਇਆ। ਇਸ ਦੀ ਸ਼ੁਰੂਆਤ ਕੁਝ ਦਿੱਗਜ਼ ਖਿਡਾਰੀਆਂ ਦੇ ਸੰਨਿਆਸ ਨਾਲ ਹੋਈ। ਭਾਰਤੀ ਕ੍ਰਿਕਟ ਟੀਮ ਆਈ. ਸੀ. ਸੀ. ਟ੍ਰਾਫੀ ਜਿੱਤਣ ਲਈ ਬੇਤਾਬ ਸੀ ਕਿਉਂਕਿ ਪਿਛਲੇ ਇਕ ਦਹਾਕੇ ’ਚ ਉਹ ਜ਼ਿਆਦਾਤਰ ਨਾਕਆਊਟ ਦੌਰ ’ਚ ਬਾਹਰ ਹੁੰਦੀ ਰਹੀ। ਇਨ੍ਹਾਂ ’ਚ ਪਿਛਲੇ ਸਾਲ ਵਨ ਡੇ ਵਿਸ਼ਵ ਕੱਪ ਦਾ ਫਾਈਨਲ ਵੀ ਸ਼ਾਮਲ ਹੈ, ਜਿਥੇ ਉਸ ਨੂੰ ਆਸਟ੍ਰੇਲੀਆ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਨੇ ਅਮਰੀਕਾ ਅਤੇ ਵੈਸਟਇੰਡੀਜ਼ ’ਚ ਖੇਡੇ ਗਏ ਟੀ-20 ਵਿਸ਼ਵ ਕੱਪ ’ਚ ਸ਼ੁਰੂ ਤੋਂ ਲੈ ਕੇ ਆਖਿਰ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਟ੍ਰਾਫੀ ਜਿੱਤੀ। ਭਾਰਤ ਨੇ 4 ਸਪਿੰਨਰਾਂ ਨੂੰ ਟੀਮ ’ਚ ਰੱਖਿਆ ਸੀ, ਜਿਨ੍ਹਾਂ ’ਚ ਰਵਿੰਦਰ ਜਡੇਜਾ, ਅਕਸ਼ਰ ਪਟੇਲ ਅਤੇ ਕੁਲਦੀਪ ਯਾਦਵ ਨੂੰ ਹੀ ਖੇਡਣ ਦਾ ਮੌਕਾ ਮਿਲਿਆ। ਜਡੇਜਾ ਨੂੰ ਬੱਲੇਬਾਜ਼ੀ ਅਤੇ ਗੇਂਦਬਾਜ਼ੀ ’ਚ ਆਪਣਾ ਜਲਵਾ ਦਿਖਾਉਣ ਦਾ ਖਾਸ ਮੌਕਾ ਨਹੀਂ ਮਿਲਿਆ ਪਰ ਕੁਲਦੀਪ ਅਤੇ ਅਕਸ਼ਰ ਭਾਰਤ ਲਈ ਟਰੰਪ ਕਾਰਡ ਸਾਬਿਤ ਹੋਏ।

ਜਸਪ੍ਰੀਤ ਬੁਮਰਾਹ ਅਤੇ ਅਰਸ਼ਦੀਪ ਸਿੰਘ ਦੀ ਤੇਜ਼ ਗੇਂਦਬਾਜ਼ੀ ਜੋੜੀ ਨੇ ਵੀ ਕ੍ਰਮਵਾਰ 15 ਅਤੇ 17 ਵਿਕਟਾਂ ਲੈ ਕੇ ਆਪਣੀ ਭੂਮਿਕਾ ਨਿਭਾਈ। ਬੱਲੇਬਾਜ਼ੀ ’ਚ ਰੋਹਿਤ ਨੇ ਅੱਗੇ ਵਧ ਕੇ ਅਗਵਾਈ ਕੀਤੀ। ਉਨ੍ਹਾਂ ਨੇ ਆਪਣੀ ਬੇਬਾਕ ਬੱਲੇਬਾਜ਼ੀ ਨਾਲ ਵਿਰੋਧੀ ਟੀਮਾਂ ਦੇ ਹਮਲੇ ਨੂੰ ਤੋੜਣ ’ਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਦੇ ਸਲਾਮੀ ਜੋੜੀਦਾਰ ਕੋਹਲੀ ਸ਼ੁਰੂਆਤੀ ਮੈਚਾਂ ’ਚ ਖਾਸ ਯੋਗਦਾਨ ਨਹੀਂ ਦੇ ਸਕੇ ਪਰ ਫਾਈਨਲ ’ਚ ਉਨ੍ਹਾਂ ਨੇ ਉਦੋਂ 76 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਜਦ ਟੀਮ ਖਰਾਬ ਸ਼ੁਰੂਆਤ ਦੇ ਕਾਰਨ ਸੰਕਟ ’ਚ ਦਿਸ ਰਹੀ ਸੀ। ਆਲ ਰਾਊਂਡਰ ਹਾਰਦਿਕ ਪੰਡਯਾ, ਇਸ ਟੂਰਨਾਮੈਂਟ ਤੋਂ ਬਾਅਦ ਕਪਤਾਨ ਨਿਯੁਕਤ ਕੀਤੇ ਗਏ ਸੂਰਿਆਕੁਮਾਰ ਯਾਦਵ ਅਤੇ ਕਾਰ ਹਾਦਸੇ ’ਚ ਜ਼ਖਮੀ ਹੋਣ ਤੋਂ ਬਾਅਦ ਵਾਪਸੀ ਕਰਨ ਵਾਲੇ ਰਿਸ਼ਭ ਪੰਤ ਨੇ ਵੀ ਜ਼ਿਕਰਯੋਗ ਯੋਗਦਾਨ ਦਿੱਤਾ।

ਰੋਹਿਤ, ਕੋਹਲੀ ਅਤੇ ਜਡੇਜਾ ਨੇ ਭਾਰਤੀ ਟੀਮ ਦੇ ਚੈਂਪੀਅਨ ਬਨਣ ਤੋਂ ਬਾਅਦ ਟੀ-20 ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ। ਇਹ ਮੁੱਖ ਕੋਚ ਰਾਹੁਲ ਦ੍ਰਾਵਿੜ ਲਈ ਵੀ ਸ਼ਾਨਦਾਰ ਵਿਦਾਈ ਸੀ, ਜਿਨ੍ਹਾਂ ਦਾ ਕਾਰਜਕਾਲ ਟੀ-20 ’ਚ ਭਾਰਤ ਦੇ ਬੈਸਟ ਬੱਲੇਬਾਜ਼ ਸੂਰਿਆਕੁਮਾਰ ਯਾਦਵ ਨੂੰ ਕਪਤਾਨ ਬਣਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਈ। ਭਾਰਤ ਨੇ ਟੀ-20 ਲੜੀ ਲਈ ਦੱਖਣੀ ਅਫਰੀਕਾ ਦੌਰੇ ’ਚ ਸ਼ਾਮਲ ਕੀਤੇ ਤਿਲਕ ਵਰਮਾ ਅਤੇ ਸੰਜੂ ਸੈਮਸਨ ਨੇ ਬੱਲੇਬਾਜ਼ੀ ’ਚ ਜਦਕਿ ਵਰੁਣ ਚੱਕਰਵਰਤੀ ਨੇ ਗੇਂਦਬਾਜ਼ੀ ’ਚ ਆਪਣਾ ਕਮਾਲ ਦਿਖਾਇਆ।

ਭਾਰਤ ਨੂੰ ਹਾਲਾਂਕਿ ਨਿਊਜ਼ੀਲੈਂਡ ਵਿਰੁੱਧ 3 ਟੈਸਟ ਮੈਚਾਂ ਦੀ ਘਰੇਲੂ ਲੜੀ ’ਚ 0-3 ਨਾਲ ਹੈਰਾਨਕੁੰਨ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਆਪਣੇ ਹਮਲਾਵਰ ਤੇਵਰ ਦਿਖਾ ਕੇ ਬੰਗਲਾਦੇਸ਼ ਨੂੰ ਦੋਵੇਂ ਟੈਸਟ ਮੈਚਾਂ ’ਚ ਹਰਾਇਆ ਸੀ। ਉਮੀਦ ਕੀਤੀ ਜਾ ਰਹੀ ਸੀ ਕਿ ਭਾਰਤੀ ਟੀਮ ਨਿਊਜ਼ੀਲੈਂਡ ਵਿਰੁੱਧ ਵੀ ਇਸੇ ਤਰ੍ਹਾਂ ਦਾ ਰਵੱਈਆ ਅਪਨਾਏਗੀ ਪਰ ਹਾਲਾਤ ਇਕਦਮ ਬਦਲ ਗਏ ਅਤੇ ਨਿਊਜ਼ੀਲੈਂਡ ਨੇ ਉਸ ਨੂੰ 3 ਮੈਚਾਂ ’ਚ ਕਰਾਰੀ ਹਾਰ ਦਾ ਮਜ਼ਾ ਚਖਾਇਆ। ਇਸ ਤੋਂ ਬਾਅਦ ਕੁਝ ਸੀਨੀਅਰ ਖਿਡਾਰੀਆਂ ਦੇ ਭਵਿੱਖ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਤੇ ਹਾਲ ਹੀ ’ਚ ਰਵੀਚੰਦਰਨ ਅਸ਼ਵਿਨ ਦਾ ਅਚਾਨਕ ਸੰਨਿਆਸ ਲੈਣਾ ਵੀ ਇਸ ਦਾ ਨਤੀਜਾ ਮੰਨਿਆ ਜਾ ਰਿਹਾ ਹੈ।

ਇਸ ਸਾਲ ਦੇ ਆਖਿਰ ’ਚ ਜੈਸ਼ਾਹ ਆਈ. ਸੀ. ਸੀ. ਦੇ ਨਵੇਂ ਪ੍ਰਧਾਨ ਬਣੇ, ਜਿਸ ਨਾਲ ਵਿਸ਼ਵ ਕ੍ਰਿਕਟ ’ਚ ਭਾਰਤ ਦੇ ਪ੍ਰਭਾਵ ਦਾ ਵੀ ਪਤਾ ਲੱਗਦਾ ਹੈ। ਉਹ ਜਗਮੋਹਨ ਡਾਲਮੀਆ, ਸ਼ਰਦ ਪਵਾਰ, ਐੱਨ. ਸ਼੍ਰੀਨਿਵਾਸਨ ਅਤੇ ਸ਼ਸ਼ਾਂਕ ਮਨੋਹਰ ਤੋਂ ਬਾਅਦ ਇਸ ਅਹੁਦੇ ’ਤੇ ਕਾਬਜ਼ ਹੋਣ ਵਾਲੇ 5ਵੇਂ ਭਾਰਤੀ ਹਨ। ਸ਼ਾਹ ਨੇ ਪਾਕਿਸਤਾਨ ਦੀ ਮੇਜ਼ਬਾਨੀ ’ਚ ਹੋਣ ਵਾਲੀ ਚੈਂਪੀਅਨਜ਼ ਟ੍ਰਾਫੀ ’ਤੇ ਮੰਡਰਾ ਰਹੇ ਖਤਰੇ ਦੇ ਬੱਦਲਾਂ ਨੂੰ ਦੂਰ ਕਰ ਕੇ ਤੁਰੰਤ ਹੀ ਆਪਣੀ ਜੀਵੰਤ ਮੌਜੂਦਗੀ ਦਰਜ ਕਰਵਾਈ। ਭਾਰਤ ਨੂੰ ਚੈਂਪੀਅਨਜ਼ ਟ੍ਰਾਫੀ ਲਈ ਪਾਕਿਸਤਾਨ ਦਾ ਦੌਰਾ ਕਰਨ ਦੀ ਲੋੜ ਨਹੀਂ ਹੈ ਅਤੇ ਉਹ ਆਪਣੇ ਮੈਚ ਦੁਬਈ ’ਚ ਖੇਡੇਗਾ। ਇਸੇ ਤਰ੍ਹਾਂ ਨਾਲ ਭਾਰਤ ’ਚ ਹੋਣ ਵਾਲੇ ਟੂਰਨਾਮੈਂਟ ਦੇ ਆਪਣੇ ਮੈਚ ਪਾਕਿਸਤਾਨ ਕਿਸੇ ਨਿਰਪੱਖ ਸਥਾਨ ’ਤੇ ਖੇਡੇਗਾ।

ਇਸ ਸਾਲ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਨਿਲਾਮੀ ਸਾਊਦੀ ਅਰਬ ਦੇ ਜੇਦਾ ’ਚ ਆਯੋਜਿਤ ਕੀਤੀ ਗਈ, ਜਿਸ ’ਚ ਰਿਸ਼ਭ ਪੰਤ (27 ਕਰੋੜ ਰੁਪਏ) ਅਤੇ ਸ਼੍ਰੇਅਸ ਅਈਅਰ (26.75 ਕਰੋੜ) ਸਭ ਤੋਂ ਮਹਿੰਗੇ ਵਿਕਣ ਵਾਲੇ ਖਿਡਾਰੀ ਰਹੇ। ਜੇ ਭਾਰਤੀ ਮਹਿਲਾ ਟੀਮ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਉਹ ਟੀ-20 ਵਿਸ਼ਵ ਕੱਪ ’ਚ ਸ਼ੁਰੂਆਤ ’ਚ ਹੀ ਬਾਹਰ ਹੋ ਗਈ ਸੀ ਪਰ ਉਸ ਨੇ ਹਾਲ ’ਚ ਵੈਸਟਇੰਡੀਜ਼ ਨੂੰ ਘਰੇਲੂ ਟੀ-20 ਲੜੀ ’ਚ ਹਰਾ ਕੇ ਇਸ ਦੀ ਕੁਝ ਭਰਪਾਈ ਕੀਤੀ। ਇਹ ਪਿਛਲੇ 5 ਸਾਲਾਂ ’ਚ ਪਹਿਲਾ ਮੌਕਾ ਹੈ ਜਦਕਿ ਭਾਰਤੀ ਟੀਮ ਨੇ ਘਰੇਲੂ ਲੜੀ ਜਿੱਤੀ।


author

Tarsem Singh

Content Editor

Related News