ਰਵੀ ਸ਼ਾਸਤਰੀ ਨੇ ਕੀਤੀ ਯਸ਼ਸਵੀ ਅਤੇ ਰਿੰਕੂ ਨੂੰ ਭਾਰਤ ਦੀ ਟੀ-20 ਟੀਮ ''ਚ ਸ਼ਾਮਲ ਕਰਨ ਦੀ ਵਕਾਲਤ
Friday, May 12, 2023 - 05:04 PM (IST)
ਕੋਲਕਾਤਾ (ਵਾਰਤਾ)- ਭਾਰਤੀ ਟੀਮ ਦੇ ਸਾਬਕਾ ਮੁੱਖ ਕੋਚ ਰਵੀ ਸ਼ਾਸਤਰੀ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਯਸ਼ਸਵੀ ਜਾਇਸਵਾਲ ਅਤੇ ਰਿੰਕੂ ਸਿੰਘ ਨੂੰ ਬਿਨਾਂ ਦੇਰੀ ਭਾਰਤ ਦੀ ਟੀ-20 ਟੀਮ ਵਿਚ ਜਗ੍ਹਾ ਦਿੱਤੇ ਜਾਣ ਦੀ ਵਕਾਲਤ ਕੀਤੀ ਹੈ। ਸ਼ਾਸਤਰੀ ਨੇ ਕਿਹਾ ਕਿ ਜੇਕਰ ਟੀਮ ਇੰਡੀਆ ਵਨਡੇ ਵਰਲਡ ਕੱਪ 'ਤੇ ਫੋਕਸ ਕਰ ਰਹੀ ਹੈ ਤਾਂ ਚੋਣਕਰਤਾਵਾਂ ਨੂੰ ਯਸ਼ਸਵੀ ਅਤੇ ਰਿੰਕੂ ਵਰਗੇ ਨੌਜਵਾਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਮੌਕੇ ਦੇਣ 'ਤੇ ਧਿਆਨ ਦੇਣਾ ਚਾਹੀਦਾ ਹੈ।
ਇਨ੍ਹਾਂ ਖ਼ਿਡਾਰੀਆਂ ਨੂੰ ਫਾਸਟ ਟਰੈਕ ਕੀਤਾ ਜਾਣਾ ਚਾਹੀਦਾ ਹੈ ਅਤੇ ਅਗਲੇ ਸਾਲ ਵੈਸਟਇੰਡੀਜ਼ ਵਿਚ ਹੋਣ ਵਾਲੇ ਟੀ20 ਵਰਲਡ ਕੱਪ ਲਈ ਇਨ੍ਹਾਂ ਨੂੰ ਤਿਆਰ ਕੀਤਾ ਜਾ ਸਕਦਾ ਹੈ। ਜੇਕਰ ਚੋਣਕਾਰ ਹੁਣ ਉਨ੍ਹਾਂ ਨੂੰ ਨਹੀਂ ਚੁਣਦੇ, ਤਾਂ ਮੈਨੂੰ ਨਹੀਂ ਪਤਾ ਕਿ ਉਹ ਹੋਰ ਕੀ ਲੱਭ ਰਹੇ ਹਨ। ਮੁੰਬਈ ਦੇ ਯਸ਼ਸਵੀ ਜਾਇਸਵਾਲ ਆਈ.ਪੀ.ਐੱਲ. ਵਿਚ ਰਾਜਸਥਾਨ ਰਾਇਲਜ਼ ਵੱਲੋਂ ਖੇਡਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। 21 ਸਾਲ ਦੇ ਯਸ਼ਸਵੀ ਨੇ ਆਈ.ਪੀ.ਐੱਲ. ਦੇ ਇਤਿਹਾਸ ਵਿਚ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾ ਕੇ ਇਕ ਵੱਡਾ ਰਿਕਾਰਡ ਬਣਾਇਆ ਹੈ। ਕੇ.ਕੇ.ਆਰ. ਖ਼ਿਲਾਫ਼ ਖੱਬੇ ਹੱਥ ਦੇ ਬੱਲੇਬਾਜ਼ ਨੇ ਸਿਰਫ਼ 13 ਗੇਂਦਾਂ 'ਤੇ ਅਰਧ ਸੈਂਕੜਾ ਲਗਾਇਆ, ਜੋ ਹੁਣ ਤੱਕ ਦਾ ਦੂਜਾ ਸਭ ਤੋਂ ਤੇਜ਼ ਟੀ20 ਅਰਧ ਸੈਂਕੜਾ ਹੈ।