ਮੇਸੀ ਦੀ ਗੋਦ ''ਚ ਯਾਮਲ, 17 ਸਾਲ ਪੁਰਾਣੀ ਤਸਵੀਰ ਹੁਣ ਹੋ ਰਹੀ ਵਾਇਰਲ
Tuesday, Jul 09, 2024 - 03:49 PM (IST)
ਬਾਰਸੀਲੋਨਾ : ਕਰੀਬ 17 ਸਾਲ ਪਹਿਲਾਂ ਜਦੋਂ ਮਸ਼ਹੂਰ ਫੋਟੋਗ੍ਰਾਫਰ ਜਾਨ ਮੋਨਫੋਰਟ ਨੇ ਚੈਰਿਟੀ ਕੈਲੰਡਰ ਲਈ ਲਿਓਨਲ ਮੇਸੀ ਦੀ ਨਵਜੰਮੇ ਬੱਚੇ ਨਾਲ ਤਸਵੀਰ ਲਈ ਤਾਂ ਉਨ੍ਹਾਂ ਨੂੰ ਅੰਦਾਜ਼ਾ ਨਹੀਂ ਸੀ ਕਿ ਅਰਜਨਟੀਨਾ ਦਾ ਇਹ ਲੰਬੇ ਵਾਲਾਂ ਵਾਲਾ ਨੌਜਵਾਨ ਫੁੱਟਬਾਲ ਦੀ ਦੁਨੀਆ 'ਚ ਵੱਡਾ ਨਾਂ ਬਣ ਜਾਵੇਗਾ। ਹਾਲਾਂਕਿ ਉਨ੍ਹਾਂ ਨੇ ਕਲਪਨਾ ਨਹੀਂ ਕੀਤੀ ਹੋਵੇਗੀ ਕਿ ਮੇਸੀ ਦੁਆਰਾ ਆਪਣੀ ਗੋਦ ਵਿੱਚ ਲਿਆ ਨਵਜੰਮਿਆ ਬੱਚਾ ਛੋਟੀ ਉਮਰ ਵਿੱਚ ਹੀ ਆਪਣੇ ਹੁਨਰ ਨਾਲ ਫੁੱਟਬਾਲ ਜਗਤ ਨੂੰ ਪ੍ਰਭਾਵਿਤ ਕਰੇਗਾ। ਪਿਛਲੇ ਕੁਝ ਦਿਨਾਂ ਤੋਂ ਵਾਇਰਲ ਹੋ ਰਹੀ ਇਸ ਤਸਵੀਰ 'ਚ ਜਿਸ ਬੱਚੇ ਨੂੰ ਮੇਸੀ ਨੇ ਆਪਣੀ ਗੋਦ 'ਚ ਲਿਆ ਹੈ, ਉਹ ਮੌਜੂਦਾ ਸਮੇਂ 'ਚ ਸਭ ਤੋਂ ਤੇਜ਼ੀ ਨਾਲ ਉੱਭਰ ਰਿਹਾ ਖਿਡਾਰੀ ਲੇਮਿਨ ਯਾਮਲ ਹੈ।
ਸਿਰਫ 16 ਸਾਲ ਦੀ ਉਮਰ ਵਿੱਚ ਸਪੇਨ ਲਈ ਆਪਣਾ ਡੈਬਿਊ ਕਰਨ ਵਾਲੇ ਯਾਮਲ ਦੀ ਪਹਿਲਾਂ ਹੀ ਫੁੱਟਬਾਲ ਦੇ ਮਹਾਨ ਖਿਡਾਰੀਆਂ ਨਾਲ ਤੁਲਨਾ ਕੀਤੀ ਜਾ ਰਹੀ ਹੈ। ਉਹ ਜਰਮਨੀ ਵਿੱਚ ਚੱਲ ਰਹੀ ਯੂਰਪੀਅਨ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲੇ ਹੁਣ ਤੱਕ ਦੇ ਸਭ ਤੋਂ ਘੱਟ ਉਮਰ ਦੇ ਖਿਡਾਰੀ ਬਣ ਗਏ ਹਨ। ਯਾਮਲ ਦੇ ਪਿਤਾ ਨੇ 2007 'ਚ ਲਈ ਗਈ ਇਸ ਫੋਟੋ ਨੂੰ ਪਿਛਲੇ ਹਫਤੇ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਅਤੇ ਲਿਖਿਆ, 'ਦੋ ਮਹਾਨ ਖਿਡਾਰੀਆਂ ਦੀ ਸ਼ੁਰੂਆਤ।'
ਐਸੋਸੀਏਟਿਡ ਪ੍ਰੈਸ ਅਤੇ ਕੁਝ ਹੋਰ ਸੰਸਥਾਵਾਂ ਲਈ ਇੱਕ ਫ੍ਰੀਲਾਂਸ ਫੋਟੋਗ੍ਰਾਫਰ ਵਜੋਂ ਕੰਮ ਕਰਨ ਵਾਲੇ 56 ਸਾਲਾਂ ਮੋਨਫੋਰਟ ਨੇ ਕਿਹਾ ਕਿ ਇਹ ਫੋਟੋਸ਼ੂਟ 2007 ਵਿੱਚ ਬਾਰਸੀਲੋਨਾ ਦੇ ਕੈਂਪ ਨੋਊ ਵਿਖੇ ਵਿਜ਼ਟਰਾਂ ਦੇ ਲਾਕਰ ਰੂਮ ਵਿੱਚ ਹੋਇਆ ਸੀ। ਉਸ ਸਮੇਂ ਯਾਮਲ ਦੀ ਉਮਰ ਕੁਝ ਹੀ ਮਹੀਨਿਆਂ ਦੀ ਸੀ। ਬਾਰਸੀਲੋਨਾ ਦੇ ਖਿਡਾਰੀ ਸਥਾਨਕ ਅਖਬਾਰ ਡਾਇਰੀਓ ਸਪੋਰਟ ਅਤੇ ਯੂਨੀਸੈਫ ਲਈ ਸਾਲਾਨਾ ਚੈਰਿਟੀ ਮੁਹਿੰਮ ਦੇ ਹਿੱਸੇ ਵਜੋਂ ਕੈਲੰਡਰ ਲਈ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਪੋਜ਼ ਦਿੰਦੇ ਹਨ।
ਉਸ ਸਮੇਂ ਨੂੰ ਯਾਦ ਕਰਦੇ ਹੋਏ, ਮੋਨਫੋਰਟ ਨੇ ਕਿਹਾ ਕਿ ਇਹ ਕੋਈ ਆਸਾਨ ਕੰਮ ਨਹੀਂ ਸੀ ਕਿਉਂਕਿ ਮੇਸੀ ਨੂੰ ਇਹ ਨਹੀਂ ਪਤਾ ਸੀ ਕਿ ਕੁਝ ਮਹੀਨਿਆਂ ਦੇ ਬੱਚੇ ਯਮਲ ਨਾਲ ਕਿਵੇਂ ਗੱਲਬਾਤ ਕਰਨੀ ਹੈ। ਉਸ ਨੇ ਕਿਹਾ, 'ਮੇਸੀ ਬਹੁਤ ਹੀ ਅੰਤਰਮੁਖੀ ਵਿਅਕਤੀ ਹੈ, ਉਹ ਸ਼ਰਮੀਲਾ ਹੈ।' ਮੇਸੀ ਦੀ ਤਰ੍ਹਾਂ ਸਿਰਫ਼ ਯਾਮਲ ਨੇ ਵੀ ਬਾਰਸੀਲੋਨਾ ਦੀ ਯੁਵਾ ਅਕੈਡਮੀ ਤੋਂ ਮੁੱਖ ਟੀਮ ਤੱਕ ਦਾ ਸਫਰ ਤੈਅ ਕੀਤਾ ਹੈ। ਇੰਨੀ ਛੋਟੀ ਉਮਰ ਵਿੱਚ ਵੀ ਉਹ ਯੂਰੋ ਵਿੱਚ ਸਪੇਨ ਦਾ ਸਰਵੋਤਮ ਖਿਡਾਰੀ ਬਣ ਕੇ ਉਭਰਿਆ ਹੈ।