ਦੁਨੀਆ ਦੀ ਕਿਸੇ ਵੀ ਟੀਮ ਨੂੰ ਹਰਾ ਸਕਦੈ ਭਾਰਤ : ਪੁਜਾਰਾ

Thursday, May 20, 2021 - 07:58 PM (IST)

ਸਪੋਰਟਸ ਡੈਸਕ : ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੁਕਾਬਲਾ ਅਗਲੇ ਮਹੀਨੇ 18 ਤੋਂ 22 ਜੂਨ ਵਿਚਾਲੇ ਇੰਗਲੈਂਡ ਦੇ ਸਾਊਥੰਪਟਨ ’ਚ ਖੇਡਿਆ ਜਾਵੇਗਾ। ਇਸ ਲਈ ਭਾਰਤੀ ਟੀਮ ਅਗਲੇ ਮਹੀਨੇ ਦੀ ਸ਼ੁਰੂਆਤ ’ਚ ਲੰਡਨ ਲਈ ਰਵਾਨਾ ਹੋਵੇਗੀ। ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਨੂੰ ਲੈ ਕੇ ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਨੇ ਨਿਊਜ਼ੀਲੈਂਡ ਦੇ ਜਿੱਤਣ ਦੀ ਭਵਿੱਖਬਾਣੀ ਕੀਤੀ ਹੈ। ਉਥੇ ਹੀ ਇਸ ਬਾਰੇ ਟੀਮ ਦੇ ਮੁੱਖ ਖਿਡਾਰੀ ਚੇਤੇਸ਼ਵਰ ਪੁਜਾਰਾ ਦਾ ਕਹਿਣਾ ਹੈ ਕਿ ਅਸੀਂ ਕਿਸੇ ਵੀ ਟੀਮ ਨੂੰ ਕਿਤੇ ਵੀ ਹਰਾ ਸਕਦੇ ਹਾਂ। ਇਕ ਮੀਡੀਆ ਹਾਊਸ ਨਾਲ ਗੱਲਬਾਤ ਦੌਰਾਨ ਪੁਜਾਰਾ ਨੇ ਕਿਹਾ ਕਿ ਦੁਨੀਆ ਲਈ ਬਹੁਤ ਮੁਸ਼ਕਿਲ ਸਮਾਂ (ਕੋਰੋਨਾ) ਤੇ 100 ਸਾਲ ਜਾਂ ਇਸ ਤੋਂ ਜ਼ਿਆਦਾ ਸਮੇਂ ਤੋਂ ਬਾਅਦ ਇਸ ਤਰ੍ਹਾਂ ਦੀ ਸਥਿਤੀ ਪੈਦਾ ਹੋਈ ਹੈ। ਚੰਗੀ ਗੱਲ ਹੈ ਕਿ ਵਰਲਡ ਟੈਸਟ ਚੈਂਪੀਅਨਸ਼ਿਪ ਸਮੇਂ ’ਤੇ ਹੋ ਰਹੀ ਹੈ। ਮੈਨੂੰ ਲੱਗਦਾ ਹੈ ਕਿ ਸਾਡੇ ਖਿਡਾਰੀ ਚੰਗਾ ਪ੍ਰਦਰਸ਼ਨ ਕਰਨ ਦੇ ਸਮਰੱਥ ਹਨ।

ਇਹ ਵੀ ਪੜ੍ਹੋ : ਕ੍ਰਿਕਟਰ ਭੁਵਨੇਸ਼ਵਰ ਕੁਮਾਰ ਦੇ ਪਿਤਾ ਦਾ ਹੋਇਆ ਦੇਹਾਂਤ

ਸਾਡੀ ਟੀਮ ਹਰ ਤਰ੍ਹਾਂ ਦੀ ਪਿੱਚ ’ਤੇ ਜਿੱਤਣ ਦੇ ਸਮਰੱਥ ਹੈ ਤੇ ਹੁਣ ਨਿਊਜ਼ੀਲੈਂਡ ਖਿਲਾਫ ਫਾਈਨਲ ਤੇ ਇੰਗਲੈਂਡ ਖਿਲਾਫ ਟੈਸਟ ਸੀਰੀਜ਼ ਨੂੰ ਲੈ ਕੇ ਆਤਮਵਿਸ਼ਵਾਸ ਨਾਲ ਭਰੇ ਹਾਂ। ਪੁਜਾਰਾ ਨੇ ਕੁਆਰੰਟਾਈਨ ਦੀਆਂ ਚੁਣੌਤੀਆਂ ਤੇ ਟਰੇਨਿੰਗ ਸ਼ਡਿਊਲ ’ਤੇ ਅਸਰ ਦੀ ਗੱਲ ਕਰਦਿਆਂ ਕਿਹਾ ਕਿ ਹਰ ਸੀਰੀਜ਼ ’ਚ ਕੁਆਰੰਟਾਈਨ ਚੁਣੌਤੀਆਂ ਹੁੰਦੀਆਂ ਹਨ ਤੇ ਕੋਰੋਨਾ ਕਾਰਨ ਟਰੇਨਿੰਗ ਸ਼ਡਿਊਲ ’ਤੇ ਅਸਰ ਪਿਆ ਹੈ। ਕੁਆਰੰਟਾਈਨ ’ਚ ਰਹਿੰਦੇ ਹੋਏ ਟਰੇਨਰ ਨਾਲ ਸੰਪਰਕ ਤੇ ਖੁਦ ਨੂੰ ਫਿੱਟ ਰੱਖਣਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਖਿਡਾਰੀ ਟਰੇਨਿੰਗ ਲਈ ਉਤਸ਼ਾਹਿਤ ਹਨ, ਜੋ ਟੀਮ ਨੂੰ ਮਦਦ ਕਰੇਗਾ।

ਇਹ ਵੀ ਪੜ੍ਹੋ : ਕੋਹਲੀ ਜਾਂ ਬਾਬਰ : ਕਿਸ ਦਾ ਕਵਰ ਡ੍ਰਾਈਵ ਹੈ ਬੈਸਟ, ਇਆਨ ਬੈੱਲ ਨਹੀਂ ਕਹੀ ਵੱਡੀ ਗੱਲ

ਭਾਰਤ ਨੂੰ 2019 ਵਨਡੇ ਵਰਲਡ ਕੱਪ ਦੇ ਸੈਮੀਫਾਈਨਲ ਮੈਚ ’ਚ ਨਿਊਜ਼ੀਲੈਂਡ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ’ਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਮੈਨੂੰ ਨਹੀਂ ਲੱਗਦਾ ਇਸ ਦਾ ਕੋਈ ਅਸਰ ਹੋਵੇਗਾ। ਉਨ੍ਹਾਂ ਕਿਹਾ ਕਿ ਦੋਵਾਂ ਹੀ ਟੀਮਾਂ ਨੂੰ ਘਰੇਲੂ ਮੈਦਾਨ ’ਤੇ ਖੇਡਣ ਦਾ ਫਾਇਦਾ ਨਹੀਂ ਮਿਲਣ ਵਾਲਾ। ਉਨ੍ਹਾਂ ਕਿਹਾ ਜੇਕਰ ਅਸੀਂ ਆਪਣੀ ਸਮਰੱਥਾ ਦੇ ਮੁਤਾਬਕ ਖੇਡਾਂਗੇ ਤਾਂ ਦੁਨੀਆ ਦੀ ਕਿਸੇ ਵੀ ਟੀਮ ਨੂੰ ਹਰਾ ਸਕਦੇ ਹਾਂ।


Manoj

Content Editor

Related News