WPL ਨਿਲਾਮੀ: ਸੋਫੀ ਮੋਲਿਨਿਊ ਵਿਕੀ ਸਭ ਤੋਂ ਮਹਿੰਗੀ ਖਿਡਾਰਨ ਵਜੋਂ; ਜਾਣੋ ਕਿਹੜੀ ਟੀਮ ''ਚ ਸ਼ਾਮਲ ਹੋਈਆਂ ਪ੍ਰਮੁੱਖ ਖਿਡਾਰਨਾਂ
Thursday, Oct 29, 2026 - 12:55 PM (IST)
ਕੋਚੀ : ਵੀਮੈਂਸ ਪ੍ਰੀਮੀਅਰ ਲੀਗ ਦੀ ਤਾਜ਼ਾ ਨਿਲਾਮੀ ਵਿੱਚ ਆਸਟ੍ਰੇਲੀਆਈ ਕਪਤਾਨ ਸੋਫੀ ਮੋਲਿਨਿਊ ਸਭ ਤੋਂ ਮਹਿੰਗੀ ਖਿਡਾਰਨ ਵਜੋਂ ਉੱਭਰੀ ਹੈ। ਯੂ.ਪੀ. ਵਾਰੀਅਰਜ਼ ਨੇ 50 ਲੱਖ ਰੁਪਏ ਦੇ ਅਧਾਰ ਮੁੱਲ ਵਾਲੀ ਇਸ ਅਨੁਭਵੀ ਸਪਿਨਰ ਅਤੇ ਆਲਰਾਊਂਡਰ ਨੂੰ 1.1 ਕਰੋੜ ਰੁਪਏ ਵਿੱਚ ਖਰੀਦ ਕੇ ਆਪਣੀ ਟੀਮ ਵਿੱਚ ਸ਼ਾਮਲ ਕੀਤਾ। ਇਸ ਤੋਂ ਇਲਾਵਾ ਯੂ.ਪੀ. ਵਾਰੀਅਰਜ਼ ਨੇ ਭਾਰਤੀ ਆਲਰਾਊਂਡਰ ਸਨੇਹ ਰਾਣਾ (30 ਲੱਖ ਰੁਪਏ), ਵਿਕਟਕੀਪਰ-ਬੱਲੇਬਾਜ਼ ਸੁਸ਼ਮਾ ਵਰਮਾ (30 ਲੱਖ ਰੁਪਏ), ਆਸਟ੍ਰੇਲੀਆਈ ਆਲਰਾਊਂਡਰ ਗ੍ਰੇਸ ਹੈਰਿਸ (30 ਲੱਖ ਰੁਪਏ) ਅਤੇ ਆਸ਼ਾ ਸ਼ੋਭਨਾ (30 ਲੱਖ ਰੁਪਏ) ਨੂੰ ਵੀ ਟੀਮ ਵਿੱਚ ਸ਼ਾਮਲ ਕੀਤਾ। ਯੂ.ਪੀ. ਵਾਰੀਅਰਜ਼ ਨੇ ਸਕੌਟਲੈਂਡ ਦੀ ਕੈਥਰੀਨ ਬ੍ਰਾਈਸ ਨੂੰ 10 ਲੱਖ ਰੁਪਏ ਵਿੱਚ ਖਰੀਦਿਆ, ਜੋ ਨਿਲਾਮੀ ਵਿੱਚ ਵਿਕਣ ਵਾਲੀ ਕਿਸੇ ਐਸੋਸੀਏਟ ਦੇਸ਼ ਦੀ ਪਹਿਲੀ ਖਿਡਾਰਨ ਬਣੀ।
ਦਿੱਲੀ ਕੈਪੀਟਲਜ਼ (Delhi Capitals) ਨੇ ਆਕ੍ਰਾਮਕ ਬੱਲੇਬਾਜ਼ ਕਿਰਨ ਨਵਗਿਰੇ 'ਤੇ ਵੱਡਾ ਦਾਅ ਲਗਾਉਂਦਿਆਂ ਉਨ੍ਹਾਂ ਨੂੰ 75 ਲੱਖ ਰੁਪਏ ਵਿੱਚ ਖਰੀਦਿਆ। ਦਿੱਲੀ ਨੇ ਸਕੌਟਲੈਂਡ ਦੀ ਸਪਿਨਰ ਕ੍ਰਿਸਟੀ ਗੌਰਡਨ (10 ਲੱਖ ਰੁਪਏ) ਅਤੇ 15 ਸਾਲਾ ਆਲਰਾਊਂਡਰ ਉਮਾ ਕਾਸ਼ਵੀ (10 ਲੱਖ ਰੁਪਏ) ਨੂੰ ਵੀ ਆਪਣੇ ਨਾਲ ਜੋੜਿਆ। ਦੂਜੇ ਪਾਸੇ, ਗੁਜਰਾਤ ਜਾਇੰਟਸ ਨੇ ਭਾਰਤੀ ਵਿਕਟਕੀਪਰ-ਬੱਲੇਬਾਜ਼ ਜੀ. ਕਮਾਲਿਨੀ ਨੂੰ 40 ਲੱਖ ਰੁਪਏ, ਆਇਰਲੈਂਡ ਦੀ ਆਲਰਾਊਂਡਰ ਓਰਲਾ ਪ੍ਰੈਂਡਰਗਾਸਟ ਨੂੰ 30 ਲੱਖ ਰੁਪਏ ਅਤੇ 16 ਸਾਲਾ ਸਮਰੀਆ ਰਾਘਵ ਨੂੰ 10 ਲੱਖ ਰੁਪਏ ਵਿੱਚ ਖਰੀਦਿਆ।
ਦੋ ਵਾਰ ਦੀ ਚੈਂਪੀਅਨ ਰੌਇਲ ਚੈਲੇਂਜਰਜ਼ ਬੈਂਗਲੁਰੂ (RCB) ਨੇ ਆਸਟ੍ਰੇਲੀਆਈ ਆਲਰਾਊਂਡਰ ਜੇਸ ਜੋਨਾਸਨ ਨੂੰ 40 ਲੱਖ ਰੁਪਏ ਵਿੱਚ ਖਰੀਦਿਆ, ਜਦਕਿ ਤੇਜਲ ਹਸਬਨਿਸ ਅਤੇ ਦੱਖਣੀ ਅਫ਼ਰੀਕਾ ਦੀ ਕਲੋਏ ਟ੍ਰਾਇਓਨ ਨੂੰ 30-30 ਲੱਖ ਰੁਪਏ ਵਿੱਚ ਟੀਮ 'ਚ ਸ਼ਾਮਲ ਕੀਤਾ। ਮੁੰਬਈ ਇੰਡੀਅਨਜ਼ ਨੇ ਦਿਸ਼ਾ ਕਾਸਤ (10 ਲੱਖ ਰੁਪਏ), ਸ਼ਵੇਤਾ ਸਹਿਰਾਵਤ (20 ਲੱਖ ਰੁਪਏ) ਅਤੇ ਅਕਸ਼ਤਾ ਭਗਤ (10 ਲੱਖ ਰੁਪਏ) ਸਮੇਤ ਕੁਝ ਨਵੇਂ ਚਿਹਰਿਆਂ ਨੂੰ ਖਰੀਦਿਆ। ਹਾਲਾਂਕਿ, ਭਾਰਤੀ ਤੇਜ਼ ਗੇਂਦਬਾਜ਼ ਟਿਟਾਸ ਸਾਧੂ, ਸਪਿਨਰ ਸਾਇਕਾ ਇਸ਼ਾਕ, ਤਾਨੀਆ ਭਾਟੀਆ, ਉਮਾ ਛੇਤਰੀ ਅਤੇ ਇੰਗਲੈਂਡ ਦੀ ਸੋਫੀਆ ਡੰਕਲੀ ਵਰਗੀਆਂ ਖਿਡਾਰਨਾਂ ਨੂੰ ਨਿਲਾਮੀ ਵਿੱਚ ਕੋਈ ਖਰੀਦਦਾਰ ਨਹੀਂ ਮਿਲਿਆ।
