ਆਸਟਰੇਲੀਆਈ ਓਪਨ ਤੋਂ ਬਾਅਦ ਸੰਨਿਆਸ ਲਵੇਗੀ ਵੋਜਨਿਆਕੀ
Friday, Dec 06, 2019 - 10:04 PM (IST)

ਪੈਰਿਸ— ਵਿਸ਼ਵ ਦੀ ਸਾਬਕਾ ਨੰਬਰ ਇਕ ਖਿਡਾਰੀ ਕਾਰੋਲਿਨ ਵੋਜਨਿਆਕੀ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਹ ਅਗਲੇ ਮਹੀਨੇ ਆਸਟਰੇਲੀਆਈ ਓਪਨ ਤੋਂ ਬਾਅਦ ਟੈਨਿਸ ਨੂੰ ਅਲਵਿਦਾ ਕਹਿ ਦੇਵੇਗੀ। ਡੈਨਮਾਰਕ ਦੀ 29 ਸਾਲਾ ਖਿਡਾਰੀ ਨੇ ਪਿਛਲੇ ਸਾਲ ਆਸਟਰੇਲੀਆਈ ਓਪਨ ਦੇ ਰੂਪ 'ਚ ਆਪਣਾ ਇਕਮਾਤਰ ਗ੍ਰੈਂਡ ਸਲੈਮ ਸਿੰਗਲ ਖਿਤਾਬ ਜਿੱਤਿਆ ਸੀ। ਉਸ ਨੇ ਇੰਸਟਾਗ੍ਰਾਮ ਪੋਸਟ 'ਚ ਲਿਖਿਆ ਮੈਂ ਕੋਰਟ 'ਤੇ ਜੋ ਕੁਝ ਹਾਸਲ ਕਰਨ ਦਾ ਸੁਪਨਾ ਦੇਖਿਆ ਸੀ ਉਸ ਨੂੰ ਹਾਸਲ ਕੀਤਾ।
ਵੋਜਨਿਆਕੀ 2005 'ਚ 15 ਸਾਲ ਦੀ ਉਮਰ 'ਚ ਪੇਸ਼ੇਵਰ ਬਣੀ ਸੀ ਤੇ ਅਕਤੂਬਰ 2010 'ਚ ਵਿਸ਼ਵ ਰੈਂਕਿੰਗ 'ਚ ਨੰਬਰ ਇਕ 'ਤੇ ਪਹੁੰਚੀ ਸੀ। ਉਸ ਨੇ ਹੁਣ ਤਕ 30 ਡਬਲਯੂ. ਟੀ. ਏ. ਖਿਤਾਬ ਜਿੱਤੇ ਹਨ, ਜਿਸ 'ਚ 2017 ਦਾ ਟੂਰ ਫਾਈਨਲ ਵੀ ਸ਼ਾਮਲ ਹੈ।