ਬੈਡਮਿੰਟਨ ''ਤੇ ਬਣੀ ਦੁਨੀਆ ਦੀ ਪਹਿਲੀ ਫਿਲਮ ''ਚਿੜੀ ਬੱਲਾ''

05/12/2019 12:27:16 PM

ਸਪੋਰਟਸ ਡੈਸਕ- ਰਾਜਸਥਾਨ ਦੇ ਸੀਕਰ ਜ਼ਿਲੇ ਦੇ ਸ਼ੇਖਾਵਾਤੀ ਖੇਤਰ ਦੇ ਨੌਜਵਾਨ ਫਿਲਮ ਨਿਰਮਾਤਾ ਰਾਧੇਸ਼ਿਆਮ ਪੀਪਲਵਾ ਨੇ ਬੈਡਮਿੰਟਨ 'ਤੇ ਦੁਨੀਆ ਦੀ ਪਹਿਲੀ ਫਿਲਮ 'ਚਿੜੀ ਬੱਲਾ' ਬਣਾਈ ਹੈ। ਸ਼ੇਖਾਵਤੀ ਵਿਚ ਫਤਿਹਪੁਰ ਨਿਵਾਸੀ ਰਾਧੇਸ਼ਿਆਮ ਪੀਪਲਵਾ ਦੀ ਬੈਡਮਿੰਟਨ 'ਤੇ ਬਣੀ ਫਿਲਮ 'ਚਿੜੀ ਬੱਲਾ' ਦੇ ਪੋਸਟਰ ਦੀ ਮੁੰਬਈ ਵਿਚ ਘੁੰਡ ਚੁਕਾਈ ਹੋਈ। ਫਿਲਮ ਦਾ ਨਿਰਮਾਣ ਰਾਜਸਥਾਨੀ ਤੇ ਹਿੰਦੀ ਭਾਸ਼ਾ ਵਿਚ ਕੀਤਾ ਗਿਆ ਹੈ। ਰਾਜਸਥਾਨ ਦੀ ਕਲਾ, ਸੰਸਕ੍ਰਿਤੀ ਤੇ ਹੈਰੀਟੇਜ 'ਤੇ ਆਧਾਰਿਤ ਫਿਲਮ ਦਾ ਜਲਦ ਹੀ ਸਿਨੇਮਾਘਰਾਂ ਵਿਚ ਪ੍ਰਦਰਸ਼ਨ ਕੀਤਾ ਜਾਵੇਗਾ। 

ਇਸ ਤੋਂ ਪਹਿਲਾਂ ਵੀ ਪੀਪਲਵਾ 300 ਤੋਂ ਵੱਧ ਫਿਲਮਾਂ ਦਾ ਨਿਰਮਾਣ ਕਰ ਚੁੱਕਾ ਹੈ। ਉਸਦੀਆਂ ਕਈ ਫਿਲਮਾਂ ਨੂੰ ਰਾਸ਼ਟਰੀ ਤੇ ਕੌਮਾਂਤਰੀ ਐਵਾਰਡ ਮਿਲ ਚੁੱਕੇ ਹਨ। ਪੀਪਲਵਾ ਮੁੰਬਈ ਰਹਿੰਦਾ ਹੈ ਤੇ ਉਸਦਾ ਪਰਿਵਾਰ ਫਤਿਹਪੁਰ ਰਹਿੰਦਾ ਹੈ। ਪੀਪਲਵਾ ਦੀ ਪੜ੍ਹਾਈ ਵੀ ਫਤਿਹਪੁਰ ਕਸਬੇ ਵਿਚ ਹੋਈ ਹੈ।
ਪੀਪਲਵਾ ਖੁਦ ਵੀ ਬੈਡਮਿੰਟਨ ਦਾ ਰਾਸ਼ਟਰੀ ਪੱਧਰ ਦਾ ਖਿਡਾਰੀ ਰਿਹਾ ਹੈ। ਫਿਲਮ ਵਿਚ ਉਸ ਨੇ ਆਪਣੇ ਚੰਗੇ ਤੇ ਖਰਾਬ ਤਜਰਬਿਆਂ ਨੂੰ ਸਾਂਝਾ ਕੀਤਾ ਹੈ। ਇਸ ਫਿਲਮ ਦੀ ਕਹਾਣੀ ਇਕ ਨੌਜਵਾਨ ਲੜਕੇ ਦੀ ਸੱਚੀ ਕਹਾਣੀ 'ਤੇ ਆਧਾਰਿਤ ਹੈ, ਜਿਸ ਨੇ ਸਿਰਫ ਖੇਡ ਦੇ ਦਮ 'ਤੇ ਸਕੂਲ ਨੂੰ ਬੰਦ ਹੋਣ ਤੋਂ ਬਚਾਇਆ, ਜਦਕਿ ਇਸ ਦੌਰਾਨ ਉਸ ਕੋਲ ਵਿਸ਼ੇਸ਼ ਕੋਚ ਤੇ ਖੇਡ ਦੀਆਂ ਪੂਰੀਆਂ ਸਹੂਲਤਾਂ ਉਪਲੱਬਧ ਨਹੀਂ ਸਨ।


Related News