ਵਿਸ਼ਵ ਕੱਪ ਕੁਆਲੀਫਾਇਰ : ਬ੍ਰਾਜ਼ੀਲ ਨੇ ਤਿੰਨ ਮੈਚ ਗਵਾਉਣ ਤੋਂ ਬਾਅਦ ਕੀਤੀ ਪਹਿਲੀ ਜਿੱਤ ਦਰਜ
Saturday, Sep 07, 2024 - 06:16 PM (IST)
ਬ੍ਰਾਜ਼ੀਲ– ਰੀਅਲ ਮੈਡ੍ਰਿਡ ਦੇ ਸਟਾਰ ਰੋਡ੍ਰਿਗੋ ਦੇ ਪਹਿਲੇ ਹਾਫ ਵਿਚ ਕੀਤੇ ਗਏ ਗੋਲ ਦੀ ਮਦਦ ਨਾਲ ਬ੍ਰਾਜ਼ੀਲ ਵਿਚ ਇਕਵਾਡੋਰ ਨੂੰ 1-0 ਨਾਲ ਹਰਾਇਆ ਜਿਹੜੀ ਉਸਦੀ 2026 ਵਿਚ ਹੋਣ ਵਾਲੇ ਫੁੱਟਬਾਲ ਵਿਸ਼ਵ ਕੱਪ ਦੇ ਦੱਖਣੀ ਅਮਰੀਕੀ ਕੁਆਲੀਫਾਇਰ ਵਿਚ ਤਿੰਨ ਮੈਚਾਂ ਵਿਚ ਹਾਰ ਜਾਣ ਤੋਂ ਬਾਅਦ ਪਹਿਲੀ ਜਿੱਤ ਹੈ। 23 ਸਾਲਾ ਰੋਡ੍ਰਿਗੋ ਨੇ 30ਵੇਂ ਮਿੰਟ ਵਿਚ ਗੋਲ ਕੀਤਾ ਜਿਹੜਾ ਆਖਿਰ ਵਿਚ ਫੈਸਲਾਕੁੰਨ ਸਾਬਤ ਹੋਇਆ ਤੇ ਬ੍ਰਾਜ਼ੀਲ ਪੂਰੇ ਅੰਕ ਹਾਸਲ ਕਰਨ ਵਿਚ ਸਫਲ ਰਿਹਾ। 5 ਵਾਰ ਦਾ ਵਿਸ਼ਵ ਚੈਂਪੀਅਨ ਬ੍ਰਾਜ਼ੀਲ ਪਿਛਲੇ ਸਾਲ ਦੇ ਆਖਿਰ ਵਿਚ ਉਰੂਗਵੇ, ਕੋਲੰਬੀਆ ਤੇ ਅਰਜਨਟੀਨਾ ਹੱਥੋਂ ਲਗਾਤਾਰ ਮੈਚ ਹਾਰ ਗਿਆ ਸੀ। ਇਸ ਨਾਲ ਉਹ ਛੇ ਦੌਰ ਤੋਂ ਬਾਅਦ ਅੰਕ ਸੂਚੀ ਵਿਚ ਛੇਵੇਂ ਸਥਾਨ ’ਤੇ ਸੀ।
ਸੱਤਵੇਂ ਦੌਰ ਵਿਚ ਇਕਵਾਡੋਰ ’ਤੇ ਜਿੱਤ ਤੋਂ ਬਾਅਦ ਉਸਦੇ 10 ਅੰਕ ਹੋ ਗਏ ਹਨ ਤੇ ਉਹ ਚੌਥੇ ਸਥਾਨ ’ਤੇ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਸਟ੍ਰਾਈਕਰ ਲੂਈਸ ਸੂਆਰੇਜ ਉਰੂਗਵੇ ਵੱਲੋਂ ਆਪਣੇ ਆਖਰੀ ਮੈਚ ਵਿਚ ਜਿੱਤ ਨਾਲ ਵਿਦਾਈ ਨਹੀਂ ਲੈ ਸਕਿਆ। ਉਸਦੀ ਟੀਮ ਨੇ ਪੈਰਾਗਵੇ ਵਿਰੁੱਧ ਮੈਚ ਗੋਲ ਰਹਿਤ ਡਰਾਅ ਖੇਡਿਆ। ਸੂਆਰੇਜ ਪਹਿਲਾਂ ਹੀ ਐਲਾਨ ਕਰ ਚੁੱਕਾ ਸੀ ਕਿ ਉਹ ਇਸ ਮੈਚ ਤੋਂ ਬਾਅਦ ਕੌਮਾਂਤਰੀ ਫੁੱਟਬਾਲ ਤੋਂ ਸੰਨਿਆਸ ਲੈ ਲਵੇਗਾ।