ਸਚਿਨ ਤੋਂ ਲੈ ਕੇ ਰਹਾਨੇ ਤੱਕ ਤਜਰਬੇਕਾਰ ਬੱਲੇਬਾਜ਼ ਸੰਭਾਲਦੇ ਰਹੇ ਵਿਸ਼ਵ ਕੱਪ ''ਚ ਨੰਬਰ-4 ਦੀ ਜ਼ਿੰਮੇਵਾਰੀ

05/16/2019 11:17:54 AM

ਨਵੀਂ ਦਿੱਲੀ— ਭਾਰਤ ਜਦੋਂ 2011 'ਚ ਦੂਜੀ ਵਾਰ ਵਿਸ਼ਵ ਚੈਂਪੀਅਨ ਬਣਿਆ ਤਾਂ ਵਿਰਾਟ ਕੋਹਲੀ ਅਤੇ ਯੁਵਰਾਜ ਸਿੰਘ ਨੇ ਬੱਲੇਬਾਜ਼ੀ ਕ੍ਰਮ ਵਿਚ ਨੰਬਰ-4 'ਤੇ ਅਹਿਮ ਭੂਮਿਕਾ ਨਿਭਾਈ ਸੀ। ਹੁਣ 8 ਸਾਲ ਬਾਅਦ ਵਿਸ਼ਵ ਕੱਪ ਤੋਂ ਠੀਕ ਪਹਿਲਾਂ ਭਾਰਤੀ ਟੀਮ ਮੱਧਕ੍ਰਮ ਦੇ ਇਸ ਮਹੱਤਵਪੂਰਨ ਸਥਾਨ ਨੂੰ ਲੈ ਕੇ ਸ਼ਸ਼ੋਪੰਜ 'ਚ ਹੈ। ਇਸ 'ਤੇ ਕਦੇ ਸਚਿਨ ਨੇ ਵੀ ਆਪਣੀ ਚਮਕ ਬਿਖੇਰੀ ਸੀ। 

PunjabKesari

ਭਾਰਤ ਵਲੋਂ 30 ਮਈ ਤੋਂ ਬ੍ਰਿਟੇਨ ਵਿਚ ਹੋਣ ਵਾਲੇ ਵਿਸ਼ਵ ਕੱਪ 'ਚ ਨੰਬਰ-4 'ਤੇ ਕਿਹੜਾ ਬੱਲੇਬਾਜ਼ ਉਤਰੇਗਾ, ਇਹ ਟੀਮ ਦੀ ਚੋਣ ਤੋਂ ਬਾਅਦ ਹੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਚੋਣਕਰਤਾਵਾਂ ਨੇ ਵਿਜੇ ਸ਼ੰਕਰ ਨੂੰ ਇਸ ਸਥਾਨ ਲਈ ਚੁਣਿਆ ਪਰ ਉਹ ਆਈ. ਪੀ. ਐੱਲ. ਵਿਚ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕਿਆ। ਲੋਕੇਸ਼ ਰਾਹੁਲ ਨੇ ਚੰਗੀ ਫਾਰਮ ਦਿਖਾ ਕੇ ਆਪਣਾ ਦਾਅਵਾ ਮਜ਼ਬੂਤ ਕੀਤਾ ਹੈ, ਜਦਕਿ ਦਿਨੇਸ਼ ਕਾਰਤਿਕ ਅਤੇ ਮਹਿੰਦਰ ਸਿੰਘ ਧੋਨੀ ਨੂੰ ਵੀ ਇਸ ਸਥਾਨ 'ਤੇ ਭੇਜਿਆ ਜਾ ਸਕਦਾ ਹੈ। ਇਨ੍ਹਾਂ 'ਚੋਂ ਸ਼ੰਕਰ, ਰਾਹੁਲ ਅਤੇ ਕਾਰਤਿਕ ਨੂੰ ਵਿਸ਼ਵ ਕੱਪ ਦਾ ਤਜਰਬਾ ਨਹੀਂ ਹੈ। ਧੋਨੀ 3 ਵਿਸ਼ਵ ਕੱਪ ਖੇਡਿਆ ਹੈ ਪਰ ਉਹ ਸਿਰਫ 1 ਵਾਰ 2007 ਵਿਚ ਨੰਬਰ-4 'ਤੇ ਬੱਲੇਬਾਜ਼ੀ ਲਈ ਉਤਰਿਆ, ਜਿਥੇ ਉਸ ਨੇ 29 ਦੌੜਾਂ ਬਣਾਈਆਂ ਸਨ। ਤਾਂ ਕੀ ਕੋਹਲੀ ਤੀਜੇ ਨੰਬਰ ਦੀ ਬਜਾਏ ਚੌਥੇ ਨੰਬਰ 'ਤੇ ਉਤਰਨਾ ਪਸੰਦ ਕਰੇਗਾ? ਵਿਸ਼ਵ ਕੱਪ 2011 ਵਿਚ ਉਹ ਇਸ ਭੂਮਿਕਾ 'ਚ ਖਰਾ ਉਤਰਿਆ ਸੀ। ਮੌਜੂਦਾ ਭਾਰਤੀ ਕਪਤਾਨ ਉਦੋਂ 5 ਮੈਚਾਂ ਵਿਚ ਨੰਬਰ-4 'ਤੇ ਉਤਰਿਆ ਸੀ, ਜਿਥੇ ਉਸ ਨੇ 1 ਸੈਂਕੜੇ ਦੀ ਮਦਦ ਨਾਲ 202 ਦੌੜਾਂ ਬਣਾਈਆਂ ਸਨ। ਯੁਵਰਾਜ ਨੇ ਵੀ 2 ਮੈਚਾਂ ਵਿਚ ਇਸ ਸਥਾਨ ਦੀ ਜ਼ਿੰਮੇਵਾਰੀ ਸੰਭਾਲੀ ਸੀ, ਜਿਥੇ ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ 1 ਸੈਂਕੜੇ ਦੀ ਮਦਦ ਨਾਲ 171 ਦੌੜਾਂ ਬਣਾਈਆਂ ਸਨ। ਤੇਂਦੁਲਕਰ ਨੇ ਵਿਸ਼ਵ ਕੱਪ ਵਿਚ ਭਾਰਤ ਵਲੋਂ ਨੰਬਰ-4 'ਤੇ ਸਭ ਤੋਂ ਵੱਧ 12 ਮੈਚ ਖੇਡੇ ਹਨ। ਇਨ੍ਹਾਂ 'ਚ ਉਸ ਦੇ ਨਾਂ 'ਤੇ 400 ਦੌੜਾਂ ਦਰਜ ਹਨ। ਕੋਹਲੀ ਨੇ ਵਿਸ਼ਵ ਕੱਪ 2011 ਤੋਂ ਬਾਅਦ ਨੰਬਰ-3 'ਤੇ ਚੰਗੀ ਜ਼ਿੰਮੇਵਾਰੀ ਨਿਭਾਈ। ਇਹੀ ਵਜ੍ਹਾ ਹੈ ਕਿ ਵਿਸ਼ਵ ਕੱਪ 2015 ਵਿਚ ਅਜਿੰਕਯ ਰਹਾਨੇ 7 ਮੈਚਾਂ ਵਿਚ ਇਸ ਸਥਾਨ 'ਤੇ ਬੱਲੇਬਾਜ਼ੀ ਲਈ ਉਤਰਿਆ, ਜਿਥੇ ਉਸ ਨੇ 208 ਦੌੜਾਂ ਬਣਾਈਆਂ। ਇਕ ਮੈਚ ਵਿਚ ਸੁਰੇਸ਼ ਰੈਨਾ ਨੇ ਇਹ ਜ਼ਿੰਮੇਵਾਰੀ ਸੰਭਾਲੀ ਅਤੇ 74 ਦੌੜਾਂ ਦੀ ਪਾਰੀ ਖੇਡੀ। ਇਹ ਦੋਵੇਂ ਇਸ ਸਮੇਂ ਵਿਸ਼ਵ ਕੱਪ ਟੀਮ 'ਚ ਨਹੀਂ ਹਨ।

PunjabKesari

1983 ਵਿਸ਼ਵ ਕੱਪ 'ਚ ਯਸ਼ਪਾਲ-ਸੰਦੀਪ ਨੇ ਦਿੱਤਾ ਸੀ ਨੰਬਰ-4 'ਤੇ ਯੋਗਦਾਨ
PunjabKesari
ਭਾਰਤ ਜਦੋਂ 1983 ਵਿਚ ਵਿਸ਼ਵ ਚੈਂਪੀਅਨ ਬਣਿਆ, ਉਦੋਂ ਯਸ਼ਪਾਲ ਸ਼ਰਮਾ (3 ਮੈਚਾਂ 'ਚ 112 ਦੌੜਾਂ) ਅਤੇ ਸੰਦੀਪ ਪਾਟਿਲ (3 ਮੈਚਾਂ 'ਚ 87 ਦੌੜਾਂ) ਨੇ ਨੰਬਰ-4 'ਤੇ ਯੋਗਦਾਨ ਦਿੱਤਾ ਸੀ। ਦਿਲੀਪ ਵੈਂਗਸਰਕਰ 2 ਮੈਚਾਂ ਵਿਚ ਇਸ ਸਥਾਨ 'ਤੇ ਉਤਰਿਆ ਸੀ, ਜਿਥੇ ਉਸ ਨੇ 37 ਦੌੜਾਂ ਬਣਾਈਆਂ ਸਨ। ਵੈਂਗਸਰਕਰ 1987 'ਚ 5 ਮੈਚਾਂ ਵਿਚ ਨੰਬਰ-4 ਬੱਲੇਬਾਜ਼ ਦੇ ਰੂਪ 'ਚ ਖੇਡਿਆ ਸੀ, ਜਿਥੇ ਉਸ ਦੇ ਨਾਂ 'ਤੇ 171 ਦੌੜਾਂ ਦਰਜ ਹਨ।

ਪਹਿਲੇ 2 ਵਿਸ਼ਵ ਕੱਪ ਟੂਰਨਾਮੈਂਟਾਂ 'ਚ ਗੁੰਡੱਪਾ ਵਿਸ਼ਵਨਾਥ ਨੇ ਨਿਭਾਈ ਸੀ ਭੂਮਿਕਾ
PunjabKesari

ਪਹਿਲੇ 2 ਵਿਸ਼ਵ ਕੱਪ ਟੂਰਨਾਮੈਂਟਾਂ 'ਚ ਗੁੰਡੱਪਾ ਵਿਸ਼ਵਨਾਥ (ਕੁਲ 7 ਮੈਚਾਂ 'ਚ 145 ਦੌੜਾਂ) ਨੇ ਇਹ ਭੂਮਿਕਾ ਬਾਖੂਬੀ ਨਿਭਾਈ ਸੀ, ਜਦਕਿ 1992 ਵਿਚ ਤੇਂਦੁਲਕਰ (7 ਮੈਚਾਂ 'ਚ 229 ਦੌੜਾਂ) ਲਈ ਇਹ ਨੰਬਰ ਤੈਅ ਸੀ। ਉਸ ਤੋਂ ਬਾਅਦ ਮੁਹੰਮਦ ਅਜ਼ਹਰੂਦੀਨ (9 ਮੈਚਾਂ ਵਿਚ 238 ਦੌੜਾਂ) ਦਾ ਨੰਬਰ ਆਉਂਦਾ ਹੈ। ਉਹ 1996 ਵਿਚ 6 ਮੈਚਾਂ ਵਿਚ ਨੰਬਰ 4 'ਤੇ ਉਤਰਿਆ ਸੀ ਪਰ ਅਜੇਤੂ 72 ਦੌੜਾਂ ਦੀ ਪਾਰੀ ਤੋਂ ਇਲਾਵਾ ਕੋਈ ਕਮਾਲ ਨਹੀਂ ਦਿਖਾ ਸਕਿਆ ਸੀ। ਇੰਗਲੈਂਡ 'ਚ ਪਿਛਲਾ ਵਿਸ਼ਵ ਕੱਪ 1999 ਵਿਚ ਖੇਡਿਆ ਗਿਆ ਸੀ, ਉਦੋਂ ਅਜੇ ਜਡੇਜਾ (3 ਮੈਚਾਂ 'ਚ 182 ਦੌੜਾਂ), ਤੇਂਦੁਲਕਰ (3 ਮੈਚਾਂ 'ਚ 164 ਦੌੜਾਂ) ਅਤੇ ਅਜ਼ਹਰ (2 ਮੈਚਾਂ 'ਚ 31 ਦੌੜਾਂ) ਨੇ ਇਸ ਨੰਬਰ ਦੀ ਜ਼ਿੰਮੇਵਾਰੀ ਸੰਭਾਲੀ ਸੀ। ਇਸ ਦੇ 4 ਸਾਲ ਦੱਖਣੀ ਅਫਰੀਕਾ 'ਚ ਖੇਡੇ ਗਏ ਵਿਸ਼ਵ ਕੱਪ ਵਿਚ ਮੁਹੰਮਦ ਕੈਫ ਸਭ ਤੋਂ ਵੱਧ 6 ਮੈਚਾਂ 'ਚ ਨੰਬਰ 4 'ਤੇ ਉਤਰਿਆ ਸੀ। ਇਸ 'ਚ ਉਸ ਨੇ 142 ਦੌੜਾਂ ਬਣਾਈਆਂ। ਉਸ ਤੋਂ ਇਲਾਵਾ ਰਾਹੁਲ ਦ੍ਰਾਵਿੜ, ਸੌਰਭ ਗਾਂਗੁਲੀ, ਯੁਵਰਾਜ ਅਤੇ ਨਯਨ ਮੋਂਗੀਆ ਨੂੰ ਵੀ ਇਸ ਸਥਾਨ 'ਤੇ ਅਜ਼ਮਾਇਆ ਗਿਆ ਸੀ।


Related News