ਵਿਸ਼ਵ ਕੱਪ : ਨਹੀਂ ਟੁੱਟ ਸਕਿਆ ਸਚਿਨ ਦਾ 16 ਸਾਲ ਪੁਰਾਣਾ ਰਿਕਾਰਡ
Monday, Jul 15, 2019 - 12:41 AM (IST)

ਲੰਡਨ- ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦਾ ਇਕ ਵਿਸ਼ਵ ਕੱਪ ਵਿਚ ਸਭ ਤੋਂ ਵੱਧ 673 ਦੌੜਾਂ ਬਣਾਉਣ ਦਾ 16 ਸਾਲ ਪੁਰਾਣਾ ਰਿਕਾਰਡ ਇਸ ਵਿਸ਼ਵ ਕੱਪ ਵਿਚ ਵੀ ਬਚਿਆ ਰਹਿ ਗਿਆ। ਲੀਗ ਮੈਚਾਂ ਦੀ ਸਮਾਪਤੀ ਤੋਂ ਬਾਅਦ ਅਜਹਾ ਲੱਗ ਰਿਹਾ ਸੀ ਕਿ ਸਚਿਨ ਦਾ ਇਹ ਰਿਕਾਰਡ ਟੁੱਟ ਜਾਵੇਗਾ ਪਰ ਸਚਿਨ ਹੀ ਨਹੀਂ 2007 ਵਿਚ ਆਸਟਰੇਲੀਆ ਦੇ ਮੈਥਿਊ ਹੈਡਿਨ ਦੀਆਂ 659 ਦੌੜਾਂ ਵੀ ਬਚ ਗਈਆਂ।
ਸਚਿਨ ਨੇ 2003 ਦੇ ਵਿਸ਼ਵ ਕੱਪ ਵਿਚ 11 ਮੈਚਾਂ ਵਿਚ 673 ਦੌੜਾਂ ਬਣਾਈਆਂ ਸਨ, ਜਦਕਿ ਹੈਡਿਨ ਨੇ 2007 ਦੇ ਵਿਸ਼ਵ ਕੱਪ ਵਿਚ 11 ਮੈਚਾਂ ਵਿਚ 659 ਦੌੜਾਂ ਬਣਾਈਆਂ ਸਨ। ਭਾਰਤ ਦੇ ਰੋਹਿਤ ਸ਼ਰਮਾ ਤੇ ਆਸਟਰੇਲੀਆ ਦੇ ਡੇਵਿਡ ਵਾਰਨਰ ਕੋਲ ਅੱਗੇ ਜਾਣ ਦਾ ਪੂਰਾ ਮੌਕਾ ਸੀ ਪਰ ਇਹ ਦੋਵੇਂ ਹੀ ਬੱਲੇਬਾਜ਼ ਸੈਮੀਫਾਈਨਲ ਵਿਚ ਸਸਤੇ ਵਿਚ ਆਊਟ ਹੋ ਕੇ ਆਪਣੀ-ਆਪਣੀ ਟੀਮ ਨੂੰ ਨਿਰਾਸ਼ ਕਰ ਗਏ।
ਰੋਹਿਤ ਨੇ ਸੈਮੀਫਾਈਨਲ ਵਿਚ ਨਿਊਜ਼ੀਲੈਂਡ ਵਿਰੁੱਧ ਸਿਰਫ 1 ਦੌੜ ਬਣਾਈ, ਜਦਕਿ ਵਾਰਨਰ ਨੇ ਇੰਗਲੈਂਡ ਵਿਰੁੱਧ ਸੈਮੀਫਾਈਨਲ ਵਿਚ 9 ਦੌੜਾਂ ਬਣਾਈਆਂ। ਰੋਹਿਤ ਨੇ ਇਸ ਵਿਸ਼ਵ ਕੱਪ ਦੇ 9 ਮੈਚਾਂ ਵਿਚ 648 ਦੌੜਾਂ ਤੇ ਵਾਰਨਰ ਨੇ 10 ਮੈਚਾਂ ਵਿਚ 647 ਦੌੜਾਂ ਬਣਾਈਆਂ। ਰੋਹਿਤ ਦੀਆਂ ਇਸ ਵਿਸ਼ਵ ਕੱਪ ਵਿਚ ਸਭ ਤੋਂ ਵੱਧ ਦੌੜਾਂ ਰਹੀਆਂ। ਸਚਿਨ ਦੇ ਰਿਕਾਰਡ ਨੂੰ ਆਖਿਰ ਵਿਚ ਇੰਗਲੈਂਡ ਦੇ ਓਪਨਰ ਜਾਨੀ ਬੇਅਰਸਟੋ ਤੋਂ ਹੀ ਖਤਰਾ ਸੀ ਪਰ ਉਹ ਫਾਈਨਲ ਵਿਚ 36 ਦੌੜਾਂ ਬਣਾ ਸਕਿਆ ਤੇ ਸਚਿਨ ਦੇ ਰਿਕਾਰਡ ਤੋਂ ਮੀਲਾਂ ਦੂਰ ਰਹਿ ਗਿਆ। ਬੇਅਰਸਟੋ ਨੇ 11 ਮੈਚਾਂ ਵਿਚ 532 ਦੌੜਾਂ ਬਣਾਈਆਂ।