ਬੰਗਲਾਦੇਸ਼ ਵਿਰੁੱਧ ਵਾਪਸੀ ''ਤੇ ਦੱਖਣੀ ਅਫਰੀਕਾ ਦੀਆਂ ਨਜ਼ਰਾਂ

Sunday, Jun 02, 2019 - 12:46 AM (IST)

ਬੰਗਲਾਦੇਸ਼ ਵਿਰੁੱਧ ਵਾਪਸੀ ''ਤੇ ਦੱਖਣੀ ਅਫਰੀਕਾ ਦੀਆਂ ਨਜ਼ਰਾਂ

ਲੰਡਨ—ਆਈ. ਸੀ. ਸੀ. ਵਿਸ਼ਵ ਕੱਪ-2019 ਵਿਚ ਨਿਰਾਸ਼ਾਜਨਕ ਸ਼ੁਰੂਆਤ ਤੋਂ ਦੁਖੀ ਦੱਖਣੀ ਅਫਰੀਕਾ ਐਤਵਾਰ ਨੂੰ ਇੱਥੇ ਬੰਗਲਾਦੇਸ਼ ਵਿਰੁੱਧ ਜਿੱਤ ਦੇ ਨਾਲ ਟੂਰਨਾਮੈਂਟ ਵਿਚ ਵਾਪਸ ਲੈਅ ਹਾਸਲ ਕਰਨ ਦੇ ਟੀਚੇ ਨਾਲ ਉਤਰੇਗੀ।
ਦੱਖਣੀ ਅਫਰੀਕਾ ਨੂੰ ਇੰਗਲੈਂਡ ਵਿਰੁੱਧ ਵਿਸ਼ਵ ਕੱਪ ਦੇ ਪਹਿਲੇ ਹੀ ਮੁਕਾਬਲੇ ਵਿਚ 104 ਦੌੜਾਂ ਦੇ ਵੱਡੇ ਫਰਕ ਨਾਲ ਹਾਰ ਝੱਲਣੀ ਪਈ ਸੀ। ਟੀਮ ਦੇ ਕਪਤਾਨ ਫਾਫ ਡੂ ਪਲੇਸਿਸ ਨੇ ਵੀ ਆਪਣੀ ਟੀਮ ਨੂੰ ਵਾਪਸੀ ਲਈ ਹਰ ਹਾਲ ਵਿਚ ਮਿਹਨਤ ਕਰਨ ਦੀ ਹਦਾਇਤ ਦਿੱਤੀ ਹੈ, ਅਜਿਹੀ ਹਾਲਤ ਵਿਚ ਬੰਗਲਾਦੇਸ਼ ਵਿਰੁੱਧ ਉਸ ਦੇ ਖਿਡਾਰੀ ਆਪਣੇ ਵਲੋਂ ਜਿੱਤ ਲਈ ਪੂਰੀ ਕੋਸ਼ਿਸ਼ ਕਰਨਗੇ। 
ਦਿ ਓਵਲ ਵਿਚ ਹੋਏ ਪਿਛਲੇ ਮੁਕਾਬਲੇ ਵਿਚ ਦੱਖਣੀ ਅਫਰੀਕੀ ਗੇਂਦਬਾਜ਼ਾਂ ਨੇ ਚੰਗੀ ਸ਼ੁਰੂਆਤ ਤੋਂ ਬਾਅਦ ਲੈਅ ਗੁਆ ਦਿੱਤੀ ਅਤੇ ਮੇਜ਼ਬਾਨ ਇੰਗਲੈਂਡ ਨੇ 8 ਵਿਕਟਾਂ 'ਤੇ 311 ਦੌੜਾਂ ਦਾ ਵੱਡਾ ਸਕੋਰ ਬਣਾ ਲਿਆ, ਜਿਸ ਦੇ ਜਵਾਬ ਵਿਚ ਵਿਰੋਧੀ ਟੀਮ 207 ਦੌੜਾਂ 'ਤੇ ਆਲ ਆਊਟ ਹੋ ਗਈ ਸੀ। ਸਾਫ ਹੈ ਕਿ ਅਗਲੇ ਮੁਕਾਬਲੇ ਵਿਚ ਟੀਮ ਨੂੰ ਆਪਣੀ ਗੇਂਦਬਾਜ਼ੀ 'ਤੇ ਕਾਫੀ ਧਿਆਨ ਦੇਣਾ ਪਵੇਗਾ। ਇੰਗਲਿਸ਼ ਪਿੱਚਾਂ 'ਤੇ ਪਹਿਲਾਂ ਹੀ ਵੱਡੇ ਸਕੋਰ ਵਾਲੇ ਮੁਕਾਬਲਿਆਂ ਦੀ ਭਵਿੱਖਬਾਣੀ ਕੀਤੀ ਗਈ ਹੈ, ਜਿਸ ਨਾਲ ਸਾਰੀਆਂ ਟੀਮਾਂ ਦੇ ਗੇਂਦਬਾਜ਼ਾਂ 'ਤੇ ਦਬਾਅ ਵੱਧ ਹੈ।
ਦੱਖਣੀ ਅਫਰੀਕੀ ਟੀਮ ਮੈਚ ਵਿਚ ਭਾਵੇਂ ਹੀ ਜਿੱਤ ਦੀ ਦਾਅਵੇਦਾਰ ਦੇ ਰੂਪ ਵਿਚ ਉਤਰੇਗੀ ਪਰ ਬੰਗਲਾਦੇਸ਼ ਕੋਲ ਕਈ ਬਿਹਤਰੀਨ ਖਿਡਾਰੀ ਹਨ ਤੇ ਖਾਸ ਕਰਕੇ ਮਜ਼ਬੂਤ ਗੇਂਦਬਾਜ਼ੀ ਕ੍ਰਮ ਹੈ। ਸਟਾਰ ਆਲਰਾਊਂਡਰ ਸ਼ਾਕਿਬ ਅਲ ਹਸਨ, ਮੁਸਤਾਫਿਜ਼ੁਰ ਰਹਿਮਾਨ, ਮਸ਼ਰਫੀ ਮੁਰਤਜ਼ਾ, ਰੂਬੇਲ ਹੁਸੈਨ ਇਨ੍ਹਾਂ ਵਿਚ ਪ੍ਰਮੁੱਖ ਹਨ, ਜਿਹੜੇ ਅਫਰੀਕੀ ਬੱਲੇਬਾਜ਼ਾਂ ਨੂੰ ਦਬਾਅ ਵਿਚ ਲਿਆ ਸਕਦੇ ਹਨ। 
ਬੰਗਲਾਦੇਸ਼ੀ ਟੀਮ ਭਾਵੇਂ ਹੀ ਵਿਸ਼ਵ ਕੱਪ ਦੀਆਂ ਮਜ਼ਬੂਤ ਟੀਮਾਂ ਵਿਚ ਸ਼ਾਮਲ ਨਾ ਹੋਵੇ ਪਰ 2015 ਵਿਸ਼ਵ ਕੱਪ ਵਿਚ ਉਹ ਇੰਗਲੈਂਡ ਨੂੰ ਟੂਰਨਾਮੈਂਟ ਵਿਚੋਂ ਬਾਹਰ ਕਰਵਾ ਚੁੱਕੀ ਹੈ, ਜਦਕਿ ਅਜਿਹਾ ਹੀ ਉਸ ਨੇ 2007 ਵਿਚ ਭਾਰਤ ਦੇ ਨਾਲ ਕੀਤਾ ਸੀ। ਇਹ ਟੀਮ ਆਈ. ਸੀ. ਸੀ. ਟੂਰਨਾਮੈਂਟ ਵਿਚ ਵੱਡੀਆਂ ਟੀਮਾਂ ਨੂੰ ਨੁਕਸਾਨ ਪਹੁੰਚਾਉਣ ਲਈ ਮੰਨੀ ਜਾਂਦੀ ਹੈ, ਇਸ ਲਈ ਦੱਖਣੀ ਅਫਰੀਕਾ ਨੂੰ ਇਸ ਨੂੰ ਹਲਕੇ ਵਿਚ ਲੈਣਾ ਮੁਸੀਬਤ ਦਾ ਸਬੱਬ ਬਣ ਸਕਦਾ ਹੈ।
ਵੈਸੇ ਦੋਵਾਂ ਟੀਮਾਂ ਵਿਚਾਲੇ ਵਿਸ਼ਵ ਕੱਪ ਵਿਚ ਹੁਣ ਤਕ ਤਿੰਨ ਮੈਚ ਹੀ ਖੇਡੇ ਗਏ ਹਨ, ਜਿਨ੍ਹਾਂ ਵਿਚ ਦੋ ਵਾਰ ਦੱਖਣੀ ਅਫਰੀਕਾ ਜਿੱਤੀ ਹੈ ਤੇ ਇਕ ਵਾਰ ਬੰਗਲਾਦੇਸ਼ ਜਿੱਤ ਦਰਜ ਕਰ ਚੁੱਕੀ ਹੈ। ਆਪਣੇ ਦਿਨ ਬੰਗਲਾਦੇਸ਼ ਵੱਡਾ ਉਲਟਫੇਰ ਕਰਨ ਵਿਚ ਮਾਹਿਰ ਹੈ ਤੇ ਵਿਸ਼ਵ ਕੱਪ ਦੇ ਪਹਿਲੇ ਮੁਕਾਬਲੇ ਵਿਚ ਉਹ ਸਫਲ ਸ਼ੁਰੂਆਤ ਲਈ ਪੂਰੀ ਕੋਸ਼ਿਸ਼ ਕਰੇਗੀ, ਜਦਕਿ ਦੱਖਣੀ ਅਫਰੀਕਾ 'ਤੇ ਮਨੋਵਿਗਿਆਨਿਕ ਦਬਾਅ ਰਹੇਗਾ।
 


author

satpal klair

Content Editor

Related News