ਵਿਸ਼ਵ ਚੈਂਪੀਅਨਸ਼ਿਪ : ਟੇਲਰ ਦੀ ਟ੍ਰਿਪਲ ਜੰਪ ''ਚ ਖਿਤਾਬੀ ਹੈਟ੍ਰਿਕ
Monday, Sep 30, 2019 - 12:14 PM (IST)

ਦੋਹਾ : ਅਮਰੀਕਾ ਦੇ ਕ੍ਰਿਸਟੀਅਨ ਟੇਲਰ ਨੇ ਐਤਵਾਰ ਨੂੰ ਇੱਥੇ ਵਿਸ਼ਵ ਚੈਂਪੀਅਨਸ਼ਿਪ ਦੀ ਟ੍ਰਿਪਲ ਜੰਪ ਮੁਕਾਬਲੇ ਵਿਚ ਖਿਤਾਬੀ ਹੈਟ੍ਰਿਕ ਬਣਾਈ। 2 ਵਾਰ ਦੇ ਓਲੰਪਿਕ ਚੈਂਪੀਅਨ ਅਤੇ ਹੁਣ 4 ਵਾਰ ਦੇ ਵਿਸ਼ਵ ਚੈਂਪੀਅਨ 29 ਸਾਲ ਟੇਲਰ ਨੇ 17.92 ਮੀਟਰ ਦੀ ਕੋਸ਼ਿਸ ਦੇ ਨਾਲ ਸੋਨ ਤਮਗਾ ਆਪਣੇ ਨਾਂ ਕੀਤਾ। ਟੇਲਰ ਨੇ ਹਮਵਤਨ ਵਿਲ ਕਲੇਅ (17.74 ਮੀ.) ਅਤੇ ਬਰੁਕੀਨਾ ਫਾਸੋ ਦੇ ਹਿਊਜ਼ ਜਾਂਗੋ (17.66) ਨੂੰ ਪਛਾੜਿਆ ਜਿਨ੍ਹਾਂ ਨੂੰ ਕ੍ਰਮਵਾਰ :ਚਾਂਦੀ ਅਤੇ ਕਾਂਸੀ ਤਮਗੇ ਮਿਲੇ। ਵਿਸ਼ਵ ਚੈਂਪੀਅਨਸ਼ਿਪ ਵਿਚ 2011, 2015 ਅਤੇ 2017 ਵਿਚ ਖਿਤਾਬ ਜਿੱਤ ਚੁੱਕੇ ਟੇਲਰ 'ਤੇ ਫਾਈਨਲ ਵਿਚ ਪਹਿਲੀਆਂ 2 ਕੋਸ਼ਿਸ਼ਾਂ ਵਿਚ ਫਾਊਲ ਦੇ ਕਾਰਨ ਬਾਹਰ ਹੋਣ ਦਾ ਖਤਰਾ ਮੰਡਰਾ ਰਿਹਾ ਸੀ ਪਰ ਤੀਜੀ ਕੋਸ਼ਿਸ਼ ਵਿਚ 17.42 ਮੀਟਰ ਦੀ ਦੂਰੀ ਦੇ ਨਾਲ ਉਸਨੇ ਇਸ ਖਤਰੇ ਨੂੰ ਟਾਲ ਦਿੱਤਾ। ਉਸਨੇ ਆਪਣੀ ਚੌਥੀ ਕੋਸ਼ਿਸ਼ ਵਿਚ 17.86 ਮੀਟਰ ਅਤੇ ਆਖਰੀ ਕੋਸ਼ਿਸ਼ ਵਿਚ 17.92 ਮੀਟਰ ਦੀ ਦੂਰੀ ਤੈਅ ਕੀਤੀ।