ਵਿਸ਼ਵ ਤੀਰਅੰਦਾਜ਼ੀ ਨੇ AAI ਚੋਣਾਂ ਨੂੰ ਮਾਨਤਾ ਦੇਣ ਤੋਂ ਕੀਤਾ ਇਨਕਾਰ
Thursday, Jan 17, 2019 - 05:30 PM (IST)

ਨਵੀਂ ਦਿੱਲੀ— ਤੀਰਅੰਦਾਜ਼ੀ ਦੀ ਵਿਸ਼ਵ ਸੰਚਾਲਨ ਸੰਸਥਾ ਨੇ ਭਾਰਤੀ ਤੀਰਅੰਦਾਜ਼ੀ ਸੰਘ (ਏ.ਏ.ਆਈ.) ਦੀਆਂ ਹਾਲ ਹੀ 'ਚ ਹੋਈਆਂ ਚੋਣਾਂ ਨੂੰ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਇਸ ਨਾਲ ਏ.ਏ.ਆਈ. 'ਤੇ ਬੈਨ ਵੀ ਲਗ ਸਕਦਾ ਹੈ। ਵਿਸ਼ਵ ਤੀਰਅੰਦਾਜ਼ੀ ਨੇ ਬੀ.ਵੀ.ਪੀ. ਰਾਵ ਨੂੰ ਸੂਚਿਤ ਕੀਤਾ ਕਿ ਉਹ ਹਾਲ ਹੀ 'ਚ ਹੋਈਆਂ ਚੋਣਾਂ ਨੂੰ ਸਵੀਕਾਰ ਨਹੀਂ ਕਰਦੀ ਕਿਉਂਕਿ ਉਹ ਆਮ ਸਭਾ ਦੀ ਮਨਜ਼ੂਰੀ ਦੇ ਬਿਨਾ ਆਯੋਜਿਤ ਕੀਤੀਆਂ ਗਈਆਂ ਸਨ। 22 ਦਸੰਬਰ ਨੂੰ ਏ.ਏ.ਆਈ. ਦੀ ਚੋਣ 'ਚ ਰਾਵ ਨੂੰ ਪ੍ਰਧਾਨ ਚੁਣਿਆ ਗਿਆ ਸੀ।
ਵਿਸ਼ਵ ਸੰਸਥਾ ਨੇ ਇਕ ਚਿੱਠੀ 'ਚ ਕਿਹਾ, ''ਸਾਨੂੰ ਦੁੱਖ ਹੈ ਕਿ ਤੁਹਾਨੂੰ ਸੂਚਿਤ ਕਰਨਾ ਪੈ ਰਿਹਾ ਹੈ ਕਿ ਵਿਸ਼ਵ ਤੀਰਅੰਦਾਜ਼ੀ ਕਾਰਜਕਾਰੀ ਬੋਰਡ ਇਸ ਸਾਲ 22 ਦਸੰਬਰ ਨੂੰ ਹੋਈਆਂ ਆਮ ਚੋਣਾਂ ਦੇ ਨਤੀਜਿਆਂ ਨੂੰ ਸਵੀਕਾਰ ਨਹੀਂ ਕਰ ਸਕਦੇ, ਨਾਲ ਹੀ ਪ੍ਰਧਾਨ ਦੇ ਤੌਰ 'ਤੇ ਤੁਹਾਡੀ ਚੋਣ ਅਤੇ ਬੋਰਡ ਦੇ ਸਾਰੇ ਮੈਂਬਰਾਂ ਨੂੰ ਸਵੀਕਾਰ ਨਹੀਂ ਕਰ ਸਕਦੇ।'' ਵਿਸ਼ਵ ਤੀਰਅੰਦਾਜ਼ੀ ਨੇ ਕਿਹਾ ਕਿ ਇਹ ਫੈਸਲਾ ਇਸ ਲਈ ਲਿਆ ਗਿਆ ਕਿਉਂਕਿ ਚੋਣਾਂ ਕਰਵਾਉਣ ਲਈ ਜਿਸ ਸੰਵਿਧਾਨ ਦਾ ਇਸਤੇਮਲ ਕੀਤਾ ਗਿਆ ਹੈ, ਉਸ ਨੂੰ ਕਦੀ ਵੀ ਅਧਿਕਾਰਤ ਤੌਰ 'ਤੇ ਮਨਜ਼ੂਰੀ ਨਹੀਂ ਦਿੱਤੀ ਗਈ ਸੀ ਅਤੇ ਇਸ ਨੂੰ ਸਿਰਫ ਚੋਣ ਅਧਿਕਾਰੀ ਨੇ ਹੀ ਸਵੀਕਾਰ ਕੀਤਾ ਸੀ।