Women’s World Cup Final: ਸਾਲਾਂ ਦੀ ਉਡੀਕ ਹੋਵੇਗੀ ਖਤਮ, ਦੁਨੀਆ ਨੂੰ ਅੱਜ ਮਿਲੇਗਾ ਨਵਾਂ ਚੈਂਪੀਅਨ
Sunday, Nov 02, 2025 - 05:35 AM (IST)
ਨਵੀ ਮੁੰਬਈ (ਭਾਸ਼ਾ) - ਆਤਮਵਿਸ਼ਵਾਸ ਨਾਲ ਭਰੀ ਟੀਮ ਮਹਿਲਾ ਵਨ ਡੇ ਵਿਸ਼ਵ ਕੱਪ ਦੇ ਫਾਈਨਲ ਵਿਚ ਐਤਵਾਰ ਨੂੰ ਇੱਥੇ ਜਦੋਂ ਮੈਦਾਨ ’ਤੇ ਉਤਰੇਗੀ ਤਾਂ ਉਸ ਨੂੰ ਪਿਛਲੇ 7 ਵਿਚੋਂ 6 ਮੈਚ ਜਿੱਤ ਕੇ ਪਹਿਲੀ ਵਾਰ ਇਸ ਟੂਰਨਾਮੈਂਟ ਦੇ ਖਿਤਾਬੀ ਮੁਕਾਬਲੇ ਵਿਚ ਪਹੁੰਚੀ ਦੱਖਣੀ ਅਫਰੀਕਾ ਦੀ ਸਖਤ ਚੁਣੌਤੀ ਤੋਂ ਪਾਰ ਪਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾਉਣਾ ਪਵੇਗਾ। ਇਹ ਮੁਕਾਬਲਾ ਸਿਰਫ ਇਕ ਖਿਤਾਬ ਦੇ ਲਈ ਜੰਗ ਨਹੀਂ ਹੈ, ਸਗੋਂ ਮਹਿਲਾ ਕ੍ਰਿਕਟ ਦੇ ਇਤਿਹਾਸ ਵਿਚ ਇਕ ਨਵਾਂ ਅਧਿਆਏ ਲਿਖਣ ਜਾ ਰਿਹਾ ਹੈ ਕਿਉਂਕਿ ਇਸ ਫਾਈਨਲ ਤੋਂ ਨਵਾਂ ਵਿਸ਼ਵ ਚੈਂਪੀਅਨ ਮਿਲਣ ਵਾਲਾ ਹੈ। ਭਾਰਤੀ ਟੀਮ ਤੀਜੀ ਵਾਰ (2005 ਤੇ 2017 ਤੋਂ ਬਾਅਦ) ਇਸ ਵੱਕਾਰੀ ਟੂਰਨਾਮੈਂਟ ਦੇ ਫਾਈਨਲ ਵਿਚ ਪਹੁੰਚੀ ਹੈ ਜਦਕਿ ਦੱਖਣੀ ਅਫਰੀਕਾ ਦੀ ਟੀਮ ਪਹਿਲੀ ਵਾਰ ਖਿਤਾਬੀ ਮੁਕਾਬਲੇ ਵਿਚ ਪੁਹੰਚੀ ਹੈ। ਦੋਵੇਂ ਟੀਮਾਂ ਸ਼ਾਨਦਾਰ ਫਾਰਮ ਵਿਚ ਹਨ ਤੇ ਜ਼ਬਰਦਸਤ ਆਤਮਵਿਸ਼ਵਾਸ ਨਾਲ ਮੈਦਾਨ ’ਤੇ ਉਤਰਨਗੀਆਂ।
ਭਾਰਤ ’ਤੇ ਇਕ ਸਮੇਂ ਲੀਗ ਪੜਾਅ ਤੋਂ ਬਾਹਰ ਜਾਣ ਦਾ ਖਤਰਾ ਮੰਡਰਾ ਰਿਹਾ ਸੀ ਪਰ ਬੱਲੇਬਾਜ਼ਾਂ ਨੇ ਅਹਿਮ ਸਮੇਂ ’ਤੇ ਲੈਅ ਹਾਸਲ ਕਰ ਕੇ ਟੀਮ ਨੂੰ ਖਿਤਾਬੀ ਮੁਕਾਬਲੇ ਵਿਚ ਪਹੁੰਚਾਇਆ ਤਾਂ ਉੱਥੇ ਹੀ, ਦੱਖਣੀ ਅਫਰੀਕਾ ਨੂੰ ਆਪਣੀ ਮੁਹਿੰਮ ਦੌਰਾਨ ਲੀਗ ਪੜਾਅ ਦੇ ਸ਼ੁਰੂਆਤੀ ਮੈਚ ਵਿਚ ਇੰਗਲੈਂਡ ਤੇ ਆਖਰੀ ਮੈਚ ਵਿਚ ਆਸਟ੍ਰੇਲੀਆ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਨ੍ਹਾਂ ਦੋਵਾਂ ਮੈਚਾਂ ਤੋਂ ਇਲਾਵਾ ਉਸ ਨੇ ਹਰ ਮੁਕਾਬਲੇ ਵਿਚ ਦਬਦਬੇ ਵਾਲਾ ਪ੍ਰਦਰਸ਼ਨ ਕੀਤਾ।
ਮੇਜ਼ਬਾਨ ਭਾਰਤ ਨੇ ਸੈਮੀਫਾਈਨਲ ਵਿਚ 7 ਵਾਰ ਦੀ ਚੈਂਪੀਅਨ ਆਸਟ੍ਰੇਲੀਆ ’ਤੇ ਇਤਿਹਾਸਕ ਜਿੱਤ ਦੇ ਨਾਲ ਫਾਈਨਲ ਵਿਚ ਪ੍ਰਵੇਸ਼ ਕੀਤਾ ਹੈ। ਟੀਮ ਨੇ ਜਿੱਤ ਲਈ ਮਿਲੇ 339 ਦੌੜਾਂ ਦੇ ਵੱਡੇ ਟੀਚੇ ਨੂੰ ਸਫਲਤਾਪੂਰਵਕ ਹਾਸਲ ਕਰ ਕੇ ਆਪਣੇ ਮਨੋਬਲ ਤੇ ਬੱਲੇਬਾਜ਼ੀ ਵਿਚ ਆਸਾਧਾਰਨ ਪ੍ਰਤਿਭਾ ਦਾ ਨਮੂਨਾ ਪੇਸ਼ ਕੀਤਾ। ਟੀਮ ਦੀਆਂ ਜ਼ਿਆਦਾਤਰ ਬੱਲੇਬਾਜ਼ ਲੈਅ ਵਿਚ ਹਨ ਤੇ ਡੀ. ਵਾਈ. ਪਾਟਿਲ ਸਟੇਡੀਅਮ ਦੀ ਬੱਲੇਬਾਜ਼ਾਂ ਦੇ ਮੁਤਾਬਕ ਪਿੱਚ ’ਤੇ ਿਕਸੇ ਵੀ ਗੇਂਦਬਾਜ਼ੀ ਹਮਲੇ ਦੀਆਂ ਧੱਜੀਆਂ ਉਡਾਉਣ ਦੀ ਸਮਰੱਥਾ ਰੱਖਦੀਆਂ ਹਨ। ਟੀਮ ਨੇ ਲੀਗ ਪੜਾਅ ਦੇ ਅਹਿਮ ਮੈਚ ਵਿਚ ਨਿਊਜ਼ੀਲੈਂਡ ਤੇ ਫਿਰ ਸੈਮੀਫਾਈਨਲ ਵਿਚ ਆਸਟ੍ਰੇਲੀਆ ਵਿਰੱੁਧ ਕ੍ਰਮਵਾਰ 3 ਵਿਕਟਾਂ ’ਤੇ 340 ਤੇ 5 ਵਿਕਟਾਂ ’ਤੇ 341 ਦੌੜਾਂ ਬਣਾ ਕੇ ਇਸ ਨੂੰ ਸਾਬਤ ਵੀ ਕੀਤਾ ਹੈ।
ਸੈਮੀਫਾਈਨਲ ਵਿਚ ਭਾਰਤੀ ਿਜੱਤ ਦੀ ਨਾਇਕਾ ਰਹੀ ਜੇਮਿਮਾ ਰੋਡ੍ਰਿਗਜ਼ (ਅਜੇਤੂ 127) ਤੇ ਕਪਤਾਨ ਹਰਮਨਪ੍ਰੀਤ ਕੌਰ (89) ਤੋਂ ਟੀਮ ਇਸ ਤਰ੍ਹਾਂ ਦੀ ਇਕ ਹੋਰ ਪਾਰੀ ਦੀ ਉਮੀਦ ਕਰੇਗੀ ਤਾਂ ਉੱਥੇ ਹੀ, ਚੋਟੀਕ੍ਰਮ ਵਿਚ ਸਮ੍ਰਿਤੀ ਮੰਧਾਨਾ ਵੀ ਸ਼ਾਨਦਾਰ ਲੈਅ ਵਿਚ ਹੈ। ਉਹ ਟੂਰਨਾਮੈਂਟ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀਆਂ ਬੱਲੇਬਾਜ਼ਾਂ ਦੀ ਸੂਚੀ ਵਿਚ ਦੱਖਣੀ ਅਫਰੀਕਾ ਦੀ ਕਪਤਾਨ ਲੌਰਾ ਵੁਲਵਾਰਟ (470 ਦੌੜਾਂ) ਤੋਂ ਬਾਅਦ 389 ਦੌੜਾਂ ਨਾਲ ਪਿੱਛੇ ਹੈ। ਮੰਧਾਨਾ ਨੂੰ ਹਾਲਾਂਕਿ ਚੋਟੀ ਕ੍ਰਮ ’ਚ ਪ੍ਰਤਿਕਾ ਰਾਵਲ (308 ਦੌੜਾਂ) ਦੀ ਕਮੀ ਮਹਿਸੂਸ ਹੋਵੇਗੀ ਜਿਹੜੀ ਜ਼ਖ਼ਮੀ ਹੋਣ ਕਾਰਨ ਟੂਰਨਾਮੈਂਟ ’ਚੋਂ ਬਾਹਰ ਹੋ ਗਈ ਹੈ। ਉਸਦੀ ਜਗ੍ਹਾ ਟੀਮ ਵਿਚ ਸ਼ਾਮਲ ਹੋਈ ਨੌਜਵਾਨ ਸ਼ੈਫਾਲੀ ਵਰਮਾ ਸੈਮੀਫਾਈਨਲ ਵਿਚ ਬੱਲੇ ਨਾਲ ਉਪਯੋਗੀ ਯੋਗਦਾਨ ਦੇਣ ਵਿਚ ਅਸਫਲ ਰਹੀ ਪਰ ਉਹ ਕਿਸੇ ਵੀ ਗੇਂਦਬਾਜ਼ੀ ਵਿਰੱੁਧ ਤੇਜ਼ੀ ਨਾਲ ਦੌੜਾਂ ਬਣਾ ਸਕਦੀ ਹੈ।
ਸ਼ੈਫਾਲੀ ਵਿਸ਼ਵ ਕੱਪ ਲਈ ਰਿਜ਼ਰਵ ਖਿਡਾਰੀਆਂ ਦੀ ਸੂਚੀ ਵਿਚ ਵੀ ਨਹੀਂ ਸੀ, ਅਜਿਹੇ ਵਿਚ ਉਹ ਇਸ ਚੋਣ ਨੂੰ ਸਹੀ ਸਾਬਤ ਕਰਨ ਦੀ ਪੂੂਰੀ ਕੋਸ਼ਿਸ਼ ਕਰੇਗੀ। ਆਲਰਾਊਂਡਰ ਦੀਪਤੀ ਸ਼ਰਮਾ, ਵਿਕਟਕੀਪਰ ਰਿਚਾ ਘੋਸ਼ ਤੇ ਅਮਨਜੋਤ ਕੌਰ ਨੇ ਟੂਰਨਾਮੈਂਟ ਵਿਚ ਕਈ ਮੌਕਿਆਂ ’ਤੇ ਤੇਜ਼ੀ ਨਾਲ ਦੌੜਾਂ ਬਣਾਈਆਂ ਹਨ ਤੇ ਫਾਈਨਲ ਵਿਚ ਵੀ ਉਨ੍ਹਾਂ ਨੂੰ ਇਸ ਨੂੰ ਜਾਰੀ ਰੱਖਣਾ ਪਵੇਗਾ। ਦੱਖਣੀ ਅਫਰੀਕਾ ਨੂੰ ਆਸਟ੍ਰੇਲੀਆ ਦੀਆਂ ਸਪਿੰਨਰਾਂ ਨੇ ਪ੍ਰੇਸ਼ਾਨ ਕੀਤਾ ਸੀ, ਅਜਿਹੇ ਵਿਚ ਭਾਰਤੀ ਟੀਮ ਨੂੰ ਉਸਦੀ ਇਸ ਕਮਜ਼ੋਰੀ ਦਾ ਫਾਇਦਾ ਚੁੱਕਣ ਦਾ ਤਰੀਕਾ ਲੱਭਣਾ ਪਵੇਗਾ। ਭਾਰਤ ਨੂੰ ਘਰੇਲੂ ਮੈਦਾਨ ਦਾ ਫਾਇਦਾ ਮਿਲੇਗਾ ਤੇ ਦਰਸ਼ਕਾਂ ਦਾ ਰੌਲਾ ਟੀਮ ਲਈ ‘12ਵੀਂ ਖਿਡਾਰਨ’ ਦਾ ਕੰਮ ਕਰੇਗਾ। ਦੱਖਣੀ ਅਫਰੀਕਾ ਨੇ ਸੈਮੀਫਾਈਨਲ ਵਿਚ ਇੰਗਲੈਂਡ ਦੀ ਮਜ਼ਬੂਤ ਟੀਮ ਨੂੰ 125 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਆਪਣੀ ਸਮਰੱਥਾ ਸਾਬਤ ਕੀਤੀ ਹੈ। ਉਸਦੀ ਇਹ ਜਿੱਤ ਦੱਸਦੀ ਹੈ ਕਿ ਉਹ ਕਿਸੇ ਵੀ ਟੀਮ ਨੂੰ ਪਛਾੜਨ ਦੀ ਤਾਕਤ ਰੱਖਦੀ ਹੈ।
