Women T20i CWC : ਦੱਖਣੀ ਅਫਰੀਕਾ ਹੱਥੋਂ ਵਿੰਡੀਜ਼ ਨੂੰ ਮਿਲੀ ਕਰਾਰੀ ਹਾਰ, 10 ਵਿਕਟਾਂ ਨਾਲ ਚਟਾਈ ਧੂੜ
Friday, Oct 04, 2024 - 07:51 PM (IST)

ਸਪੋਰਟਸ ਡੈਸਕ- ਦੱਖਣੀ ਅਫਰੀਕਾ ਨੇ ਆਈ.ਸੀ.ਸੀ. ਮਹਿਲਾ ਟੀ20 ਵਿਸ਼ਵ ਕੱਪ ਦੇ ਇਕਤਰਫਾ ਮੈਚ 'ਚ ਸ਼ੁੱਕਰਵਾਰ ਨੂੰ ਵੈਸਟਇੰਡੀਜ਼ ਨੂੰ 10 ਵਿਕਟਾਂ ਨਾਲ ਹਰਾ ਕੇ ਆਪਣੀ ਸ਼ਾਨਦਾਰ ਜੇਤੂ ਸ਼ੁਰੂਆਤ ਕੀਤੀ ਹੈ।
ਪਹਿਲਾਂ ਬੱਲੇਬਾਜ਼ੀ ਲਈ ਭੇਜੇ ਜਾਣ 'ਤੇ ਵੈਸਟਇੰਡੀਜ਼ ਨੇ 6 ਵਿਕਟਾਂ ਦੇ ਨੁਕਸਾਨ 'ਤੇ 118 ਦੌੜਾਂ ਬਣਾਈਆਂ। ਸਟੀਫਾਨੀ ਟੇਲਰ ਨੇ 41 ਦੌੜਾਂ 'ਤੇ ਨਾਬਾਦ 44 ਦੌੜਾਂ ਬਣਾਈਆਂ।
ਦੱਖਣੀ ਅਫਰੀਕਾ ਲਈ ਖੱਬੇ ਹੱਥ ਦੀ ਸਪਿਨਰ ਨੋਂਕੁਲੁਲੇਕੋ ਐਮਲਾਬਾ ਨੇ ਕੈਰੀਅਰ ਦਾ ਸਭ ਤੋਂ ਬਿਹਤਰ ਪ੍ਰਦਰਸ਼ਨ ਕਰਦੇ ਹੋਏ 29 ਦੌੜਾਂ ਦੇ ਕੇ 4 ਵਿਕਟਾਂ ਲਈਆਂ ਜਦੋਂਕਿ ਮਰੀਆਨੇ ਕਾਪ ਨੇ 14 ਦੌੜਾਂ ਦੇ ਕੇ 2 ਵਿਕਟਾਂ ਚਟਕਾਈਆਂ।
ਜਵਾਬ 'ਚ ਦੱਖਣੀ ਅਫਰੀਕਾ ਨੇ 13 ਗੇਂਦਾਂ ਬਾਕੀ ਰਹਿੰਦਿਆਂ ਟੀਚਾ ਹਾਸਲ ਕਰ ਲਿਆ। ਕਪਤਾਨ ਲੌਰਾ ਵੋਲਵਾਰਟ ਨੇ 55 ਗੇਂਦਾਂ 'ਚ 59 ਦੌੜਾਂ ਬਣਾਈਆਂ ਜਦੋਂਕਿ ਤਾਜਮਿਨ ਬ੍ਰਿਟਜ ਨੇ 52 ਗੇਂਦਾਂ 'ਚ 57 ਦੌੜਾਂ ਜੋੜੀਆਂ।
ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਦੇ ਗੇਂਦਬਾਜ਼ਾਂ ਨੇ ਅਨੁਸ਼ਾਸਿਤ ਪ੍ਰਦਰਸ਼ਨ ਕਰਦੇ ਹੋਏ ਵੈਸਟਇੰਡੀਜ਼ ਦੇ ਬੱਲੇਬਾਜ਼ਾਂ ਨੂੰ ਦਬਾਅ 'ਚ ਰੱਖਿਆ। ਕਾਪ ਨੇ ਹੀਲੀ ਮੈਥਿਊਜ਼ (10 ਦੌੜਾਂ) ਨੂੰ ਵਿਕਟ ਦੇ ਪਿੱਛੇ ਕੈਚ ਆਊਟ ਕਰਵਾਇਾ। ਕਿਆਨਾ ਜੋਸੇਫ ਨੂੰ ਖੱਬੇ ਹੱਥ ਦੀ ਸਪਿਨਰ ਐਮਲਾਬਾ ਨੇ 5ਵੇਂ ਓਵਰ 'ਚ ਬੋਲਡ ਕੀਤਾ। ਵੈਸਟਇੰਡੀਜ਼ ਦੀਆਂ 3 ਵਿਕਟਾਂ 32 ਦੌੜਾਂ 'ਤੇ ਡਿੱਗ ਗਈਆਂ ਸਨ ਜਦੋਂ ਕਾਪ ਨੇ ਡਿਐਂਡਰਾ ਡੋਟਿਨ (13 ਦੌੜਾਂ) ਨੂੰ ਆਊਟ ਕੀਤਾ। ਇਸ ਤੋਂ ਬਾਅਦ ਕੈਰੇਬਿਆਈ ਟੀਮ ਵੱਡਾ ਵੱਡਾ ਸਕੋਰ ਬਣਾਉਣ 'ਚ ਨਾਕਾਮ ਰਹੀ।